Search

ਪੀਐੱਮਇੰਡੀਆਪੀਐੱਮਇੰਡੀਆ

ਸ੍ਰੀ ਚਰਨ ਸਿੰਘ

July 28, 1979 - January 14, 1980 | Janata Party

ਸ੍ਰੀ ਚਰਨ ਸਿੰਘ


ਸ਼੍ਰੀ ਚਰਨ ਸਿੰਘ ਦਾ ਜਨਮ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਇੱਕ ਮੱਧ-ਵਰਗੀ ਕਿਸਾਨ ਪਰਿਵਾਰ ਵਿੱਚ 1902 ਵਿੱਚ ਨੂਰਪੁਰ ਵਿਖੇ ਹੋਇਆ। ਉਨ੍ਹਾਂ ਨੇ 1923 ਦੌਰਾਨ ਸਾਇੰਸ ਵਿੱਚ ਗਰੈਜੂਏਸ਼ਨ ਕੀਤੀ। ਇਸ ਤੋਂ ਬਾਅਦ 1925 ਵਿੱਚ ਆਗਰਾ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕੀਤੀ। ਕਾਨੂੰਨ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਗਾਜ਼ੀਆਬਾਦ ਵਿੱਚ ਵਕਾਲਤ ਸ਼ੁਰੂ ਕੀਤੀ। 1929 ਵਿੱਚ ਉਹ ਮੇਰਠ ਰਹਿਣ ਲੱਗ ਪਏ ਅਤੇ ਬਾਅਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਉਹ ਪਹਿਲੀ ਵਾਰ 1937 ਵਿੱਚ ਛਪਰੌਲੀ ਤੋਂ ਯੂਪੀ ਅਸੈਂਬਲੀ ਲਈ ਚੁਣੇ ਗਏ ਅਤੇ ਉਨ੍ਹਾਂ ਨੇ 1946, 1952, 1962 ਅਤੇ 1967 ਵਿੱਚ ਇਸ ਦੀ ਨੁਮਾਇੰਦਗੀ ਕੀਤੀ। ਉਹ 1946 ਵਿੱਚ ਪੰਡਿਤ ਗੋਬਿੰਦ ਵੱਲਭ ਪੰਤ ਦੀ ਸਰਕਾਰ ਵਿੱਚ ਸੰਸਦੀ ਸਕੱਤਰ ਬਣੇ ਅਤੇ ਮਾਲ, ਜਨ-ਸਿਹਤ, ਮੈਡੀਕਲ, ਨਿਆਂ, ਸੂਚਨਾ ਆਦਿ ਵਿਭਾਗਾਂ ਵਿੱਚ ਕੰਮ ਕੀਤਾ। ਜੂਨ 1951 ਵਿੱਚ ਉਨ੍ਹਾਂ ਨੂੰ ਸੂਬੇ ਦਾ ਕੈਬਨਿਟ ਮੰਤਰੀ ਬਣਾਇਆ ਗਿਆ ਅਤੇ ਨਿਆਂ ਤੇ ਸੂਚਨਾ ਵਿਭਾਗਾਂ ਦਾ ਚਾਰਜ ਦਿੱਤਾ ਗਿਆ। ਬਾਅਦ ਵਿੱਚ ਉਹ 1954 ਵਿੱਚ ਡਾਕਟਰ ਸੰਪੂਰਨ ਆਨੰਦ ਦੀ ਕੈਬਨਿਟ ਵਿੱਚ ਮਾਲ ਅਤੇ ਖੇਤੀ ਮੰਤਰੀ ਬਣੇ। ਜਦੋਂ ਅਪ੍ਰੈਲ 1959 ਵਿੱਚ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਉਦੋਂ ਉਨ੍ਹਾਂ ਕੋਲ ਮਾਲ ਅਤੇ ਟਰਾਂਸਪੋਰਟ ਮਹਿਕਮੇ ਦਾ ਚਾਰਜ ਸੀ।

ਸ਼੍ਰੀ ਸੀ.ਬੀ. ਗੁਪਤਾ ਦੀ ਸਰਕਾਰ (1960) ਵਿੱਚ ਉਹ ਗ੍ਰਹਿ ਅਤੇ ਖੇਤੀ ਮੰਤਰੀ ਸਨ। ਸ਼੍ਰੀਮਤੀ ਸੁਚੇਤਾ ਕ੍ਰਿਪਲਾਨੀ (1962-63) ਦੀ ਸਰਕਾਰ ਵਿੱਚ ਉਨ੍ਹਾਂ ਨੇ ਖੇਤੀ ਅਤੇ ਜੰਗਲਾਤ ਮੰਤਰੀ ਵਜੋਂ ਕੰਮ ਕੀਤਾ। ਉਨ੍ਹਾਂ ਨੇ 1965 ਵਿੱਚ ਖੇਤੀ ਵਿਭਾਗ ਛੱਡ ਦਿੱਤਾ ਅਤੇ 1966 ਵਿੱਚ ਸਥਾਨਕ ਸਰਕਾਰਾਂ ਵਿਭਾਗ ਦਾ ਚਾਰਜ ਸੰਭਾਲ ਲਿਆ।

ਕਾਂਗਰਸ ਦੇ ਦੋਫਾੜ ਹੋਣ ਤੋਂ ਬਾਅਦ ਉਹ ਕਾਂਗਰਸ ਪਾਰਟੀ ਦੀ ਹਮਾਇਤ ਨਾਲ ਫਰਵਰੀ 1970 ਵਿੱਚ ਦੂਜੀ ਵਾਰ ਯੂਪੀ ਦੇ ਮੁੱਖ ਮੰਤਰੀ ਬਣੇ, ਪਰ ਇਸ ਤੋਂ ਬਾਅਦ 2 ਅਕਤੂਬਰ 1970 ਨੂੰ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ।

ਸ਼੍ਰੀ ਚਰਨ ਸਿੰਘ ਨੇ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਅਹੁਦਿਆਂ ਉਤੇ ਕੰਮ ਕੀਤਾ ਅਤੇ ਇੱਕ  ਅਜਿਹੇ ਸਖ਼ਤ ਆਗੂ ਦਾ ਕਿਰਦਾਰ ਬਣਾਇਆ ਜਿਸ ਨੂੰ ਪ੍ਰਸ਼ਾਸਨ ਵਿੱਚ ਨਾਕਾਬਲੀਅਤ, ਭਾਈ ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਸੀ। ਉਹ ਇੱਕ ਸੁਲਝੇ ਹੋਏ ਸੰਸਦ ਨੇਤਾ ਅਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਸਨ ਅਤੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਵਿੱਚ ਦ੍ਰਿੜ ਵਿਸ਼ਵਾਸ ਅਤੇ ਉਨ੍ਹਾਂ ਨੂੰ ਪ੍ਰਗਟਾਉਣ ਦੀ ਕਲਾ ਲਈ ਜਾਣਿਆ ਜਾਂਦਾ ਸੀ।

ਉਹ ਯੂ.ਪੀ. ਵਿੱਚ ਜ਼ਮੀਨੀ ਸੁਧਾਰਾਂ ਦੇ ਮੁੱਖ ਕਰਤਾ-ਧਰਤਾ ਸਨ। ਉਨ੍ਹਾਂ ਨੇ 1939 ਦੇ ਡਿਪਾਰਟਮੈਂਟ ਰਿਡੈਂਪਸ਼ਨ ਬਿੱਲ ਨੂੰ ਬਣਾਉਣ ਅਤੇ ਅੰਤਮ ਸ਼ਕਲ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਜਿਸ ਨਾਲ ਪੇਂਡੂ ਕਰਜ਼ਦਾਰਾਂ ਨੂੰ ਵੱਡੀ ਰਾਹਤ ਮਿਲੀ। ਇਹ ਵੀ ਉਨ੍ਹਾਂ ਦਾ ਹੀ ਉਪਰਾਲਾ ਸੀ ਕਿ ਯੂਪੀ ਦੇ ਮੰਤਰੀਆਂ ਦੀਆਂ ਤਨਖ਼ਾਹਾਂ ਅਤੇ ਹੋਰ ਭੱਤਿਆਂ ਵਿੱਚ ਵੱਡੀ ਕਟੌਤੀ ਕੀਤੀ ਗਈ। ਮੁੱਖ ਮੰਤਰੀ ਵਜੋਂ ਉਨ੍ਹਾਂ ਨੇ 1960 ਦੇ ਲੈਂਡ ਹੋਲਡਿੰਗ ਐਕਟ ਨੂੰ ਲਾਗੂ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ, ਜਿਸ ਦਾ ਮੁੱਖ ਉਦੇਸ਼ ਜ਼ਮੀ ਨਾਂਅ ਦੀ ਸੀਲਿੰਗ ਦੀ ਹੱਦ ਘਟਾਉਣ ਅਤੇ ਸਮੁੱਚੇ ਸੂਬੇ ਵਿੱਚ ਇੱਕਸਾਰ ਲਾਗੂ ਕਰਨਾ ਸੀ।

ਦੇਸ਼ ਦੇ ਗਿਣੇ ਚੁਣੇ ਆਗੂ ਹੀ ਸ਼੍ਰੀ ਚਰਨ ਸਿੰਘ ਦੀ ਜ਼ਮੀਨੀ ਪੱਧਰ ਉੱਤੇ ਪ੍ਰਸਿੱਧੀ ਦਾ ਮੁਕਾਬਲਾ ਕਰ ਸਕਦੇ ਹਨ। ਉਹ ਇੱਕ  ਸਮਰਪਿਤ ਲੋਕ ਕਾਰਕੁੰਨ ਅਤੇ  ਸਮਾਜਕ ਨਿਆਂ ਵਿੱਚ ਵਿਸ਼ਵਾਸ਼ ਰੱਖਣ ਵਾਲੇ ਸੀ। ਲੱਖਾਂ  ਕਿਸਾਨਾਂ ਦਾ ਉਨ੍ਹਾਂ ਵਿੱਚ ਭਰੋਸਾ, ਉਨ੍ਹਾਂ ਦੀ ਤਾਕਤ ਸੀ।

ਚੌਧਰੀ ਚਰਨ ਸਿੰਘ ਆਮ ਜੀਵਨ ਜਿਉਂਦੇ ਸਨ ਅਤੇ ਆਪਣੇ ਵਿਹਲੇ ਸਮੇਂ ਵਿੱਚ ਪੜ੍ਹਦੇ ਅਤੇ ਲਿਖਦੇ ਸਨ। ਉਹ ਕਈ ਕਿਤਾਬਾਂ ਅਤੇ ਦਸਤਾਵੇਜ਼ਾਂ ਦੇ ਲੇਖਕ ਸਨ, ਜਿਨ੍ਹਾਂ ਵਿੱਚ ਅਬੌਲੇਸ਼ਨ  ਆਵ੍ ਜਿਮੀਂਦਾਰੀ, ਕੋ-ਆਪਰੇਟਿਵ ਫਾਰਮਿੰਗ ਐਕਸ-ਰੇਡ, ਇੰਡੀਆਜ਼ ਪਾਵਰਟੀ ਐਂਡ ਇਟਸ ਸੋਲਿਊਸ਼ਨ, ਪੀਜੈਂਟ ਪ੍ਰੋਪਰਾਈਟਰਸ਼ਿਪ ਔਰ ਲੈਂਡ ਟੂ ਦਾ ਵਰਕਰਜ਼ ਅਤੇ ਪ੍ਰੋਬੈਂਸ਼ਨ ਆਫ ਡਿਵੀਜ਼ਨ  ਆਵ੍ ਹੋਲਡਿੰਗਜ਼ ਬਿਲੋ ਏ ਸਰਟਨ ਮਿਨੀਮਮ ਸ਼ਾਮਲ ਹਨ।