Search

ਪੀਐੱਮਇੰਡੀਆਪੀਐੱਮਇੰਡੀਆ

ਸ੍ਰੀ ਐੱਚ.ਡੀ. ਦੇਵੇਗੌੜਾ

June 1, 1996 - April 21, 1997 | Janata Dal

ਸ੍ਰੀ ਐੱਚ.ਡੀ. ਦੇਵੇਗੌੜਾ


ਸ਼੍ਰੀ  ਐੱਚ ਡੀ ਦੇਵੇਗੌੜਾ  ਸਮਾਜਕ ਆਰਥਿਕ ਵਿਕਾਸ ਦੇ ਉਪਾਸਕ ਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ  ਤਕੜੇ  ਪ੍ਰਸ਼ੰਸਕ ਹਨ।ਕਰਨਾਟਕਾ ਸੂਬੇ ਦੇ ਹਸਨ ਜ਼ਿਲ੍ਹੇ ਦੇ   ਹੋਲਨਰਸੀਪੁਰਾ ਤਾਲੂਕਾ ਦੇ ਪਿੰਡ ਹਰਦਨਾਹਲੀ ਵਿੱਚ ਉਨ੍ਹਾਂ ਦਾ ਜਨਮ 18 ਮਈ 1933 ਨੂੰ ਹੋਇਆ।

ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਹੋਲਡਰ ਸ਼੍ਰੀ ਦੇਵੇਗੌੜਾ ਆਪਣੀ ਵਿਦਿਆ ਪੂਰੀ ਕਰਨ ਮਗਰੋਂ ਹੀ 20 ਵਰ੍ਹਿਆਂ ਦੀ ਉਮਰ ਵਿੱਚ ਹੀ ਸਰਗਰਮ ਰਾਜਨੀਤੀ ਵਿੱਚ ਆ ਗਏ ਸਨ। ਉਹ 1953 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 1962 ਤੱਕ ਇਸ ਦੇ ਮੈਂਬਰ ਰਹੇ। ਇੱਕ  ਦਰਮਿਆਨੇ ਦਰਜੇ ਦੇ ਕਿਸਾਨੀ ਪਿਛੋਕੜ ਵਾਲੇ ਪਰਿਵਾਰ ਤੋਂ ਆਏ ਸ਼੍ਰੀ ਦੇਵੇਗੌੜਾ ਨੂੰ ਕਿਸਾਨੀ ਦੀ ਜ਼ਿੰਦਗੀ ਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨੌਜਵਾਨ ਗੌੜਾ ਨੇ ਇੱਕ ਯੋਧਾ ਬਣਨ ਦਾ ਨਿਸ਼ਚਾ ਕੀਤਾ, ਜੋ  ਗ਼ਰੀਬ   ਕਿਸਾਨਾਂ, ਅਧਿਕਾਰਾਂ ਤੋਂ ਵਾਂਝੇ ਅਤੇ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਠਾ ਸਕੇ।

ਇੱਕ  ਨੀਵੇਂ ਖੇਤਰ ਦੇ ਲੋਕਰਾਜੀ ਢਾਂਚੇ ਤੋਂ ਸ਼੍ਰੀ ਗੌੜਾ ਨੇ ਹੌਲੀ-ਹੌਲੀ ਸਿਆਸੀ ਬੁਲੰਦੀਆਂ ਵੱਲ ਵਧਣਾ ਸ਼ੁਰੂ ਕੀਤਾ। ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਅੰਜਾਨਿਆ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਵਜੋਂ ਸੇਵਾ ਕਰਦਿਆਂ ਆਪਣੇ ਲਈ ਜਗ੍ਹਾ ਬਣਾਈ। ਬਾਅਦ ਵਿੱਚ ਉਹ ਹੋਰ ਨਰਸੀਪੁਰਾ ਦੇ ਤਾਲੂਕਾ ਵਿਕਾਸ ਬੋਰਡ ਦੇ ਮੈਂਬਰ ਬਣੇ।

ਸਮਾਜ ਵਿੱਚ ਪ੍ਰਚਲਤ ਅਸਮਾਨਤਾਵਾਂ ਨੂੰ ਠੀਕ ਕਰਨ ਦੀ ਆਸ ਨਾਲ ਉਨ੍ਹਾਂ ਹਮੇਸ਼ਾ ਇੱਕ ਆਦਰਸ਼ ਰਾਜ ਦੀ ਸਥਾਪਨਾ ਦਾ ਸੁਪਨਾ ਵੇਖਿਆ। ਜਦੋਂ ਉਹ ਸਿਰਫ਼ 28 ਵਰ੍ਹਿਆਂ ਦੇ ਸਨ ਤਾਂ ਨੌਜਵਾਨ ਗੌੜਾ ਨੇ ਕਰਨਾਟਕਾ ਵਿਧਾਨ ਸਭਾ ਦੀ ਚੋਣ ਇੱਕ ਅਜ਼ਾਦ ਮੈਂਬਰ ਵਜੋਂ ਲੜੀ ਅਤੇ ਪਹਿਲੇ ਦਿਨ ਤੋਂ ਹੀ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਉਹ 1962 ਵਿੱਚ ਵਿਧਾਨ ਸਭਾ ਦੇ ਮੈਂਬਰ ਬਣ ਗਏ। ਵਿਧਾਨਸਭਾ ਵਿੱਚ ਇੱਕ ਪ੍ਰਭਾਵਸ਼ਾਲੀ ਵਕਤਾ ਹੋਣ ਨਾਤੇ ਉਨ੍ਹਾਂ ਨੂੰ ਆਪਣੇ ਸੀਨੀਅਰ ਨੇਤਾਵਾਂ ਸਮੇਤ ਹਰ ਪਾਸਿਓਂ ਹੱਲਾਸ਼ੇਰੀ ਮਿਲੀ। ਹੋਰਨਰਸੀਪੁਰ ਵਿਧਾਨਸਭਾ ਖੇਤਰ ਨੇ ਉਨ੍ਹਾਂ ਨੂੰ ਤਿੰਨ ਵਾਰ ਲਗਾਤਾਰ ਵਿਧਾਨ ਸਭਾ ਵਿੱਚ ਭੇਜਿਆ। ਇਸ ਤੋਂ ਇਲਾਵਾ ਉਹ ਚੌਥੀ ਵਾਰ 1967 ਤੋਂ 1971, ਪੰਜਵੀਂ ਵਾਰ 1972 ਤੋਂ 1977 ਅਤੇ 6ਵੀਂ ਵਾਰ 1978 ਤੋਂ 1983 ਤੱਕ ਵਿਧਾਨਸਭਾ ਦੇ ਮੈਂਬਰ ਰਹੇ।

ਵਿਧਾਨ ਸਭਾ ਵਿੱਚ ਮਾਰਚ 1972 ਤੋਂ ਮਾਰਚ 1976 ਤੇ ਫਿਰ ਨਵੰਬਰ 1976 ਤੋਂ ਦਸੰਬਰ 1977 ਤੱਕ ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਨੂੰ ਵਧੇਰੇ ਸਨਮਾਨ ਮਿਲਿਆ।

ਸ਼੍ਰੀ ਦੇਵੇਗੌੜਾ ਨੇ 22 ਨਵੰਬਰ 1982 ਨੂੰ ਕਰਨਾਟਕਾ ਦੀ 6ਵੀਂ ਵਿਧਾਨਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ। 7ਵੀਂ ਅਤੇ 8ਵੀਂ ਵਿਧਾਨਸਭਾ ਦੇ ਮੈਂਬਰ ਵਜੋਂ ਉਨ੍ਹਾਂ ਸੂਬੇ ਦੇ ਲੋਕ ਉਸਾਰੀ ਅਤੇ ਸਿੰਚਾਈ ਮੰਤਰੀ ਵਜੋਂ ਕੰਮ ਕੀਤਾ। ਸਿੰਚਾਈ ਮੰਤਰੀ ਦੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਕਈ ਸਿੰਚਾਈ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ। 1987 ਵਿੱਚ ਸਿੰਚਾਈ ਮਹਿਕਮੇ ਵਾਸਤੇ ਘੱਟ ਫੰਡ ਰੱਖੇ ਜਾਣ ਦੇ ਰੋਸ ਵਜੋਂ ਉਨ੍ਹਾਂ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ।

ਅਜ਼ਾਦੀ ਅਤੇ ਸਮਾਨਤਾ ਦੇ ਮੋਢੀ ਸ਼੍ਰੀ ਦੇਵੇਗੌੜਾ ਨੂੰ 1975-76 ਵਿੱਚ ਕੇਂਦਰ ਸਰਕਾਰ ਦੀਆਂ ਤਾਕਤਾਂ ਦਾ ਖਮਿਆਜ਼ਾ  ਭੁਗਤਣਾ ਪਿਆ ਅਤੇ ਐੱਮਰਜੈਂਸੀ ਦੇ ਦਿਨਾਂ ਦੌਰਾਨ ਉਨ੍ਹਾਂ ਨੂੰ ਜੇਲ੍ਹ ਵਿਚ ਧੱਕ ਦਿੱਤਾ ਗਿਆ। ਸ਼੍ਰੀ ਦੇਵੇਗੌੜਾ ਨੇ ਜ਼ਬਰਦਸਤੀ ਦਿੱਤੇ ਗਏ ਇਸ ਆਰਾਮਦੇਹ ਸਮੇਂ ਨੂੰ ਬਹੁਤ ਜ਼ਿਆਦਾ  ਕਿਤਾਬਾਂ ਪੜ੍ਹ ਕੇ ਆਪਣਾ ਗਿਆਨ ਵਧਾਉਣ ਲਈ ਇਸਤੇਮਾਲ ਕੀਤਾ, ਜਿਸ ਨਾਲ ਦੇਸ਼ ਦੀ ਰਾਜਨੀਤੀ ਦੇ ਦੂਜੇ ਸੂਝਵਾਨ ਅਤੇ ਵੱਡੇ ਨੇਤਾਵਾਂ ਵਿਚਾਲੇ ਉਨ੍ਹਾਂ ਦੀ ਗੱਲਬਾਤ ਹੁੰਦੀ ਰਹੀ। ਜਿਨ੍ਹਾਂ ਨੂੰ ਵੀ ਇਸ ਸਮੇਂ ਦੌਰਾਨ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।  ਇਨ੍ਹਾਂ  ਨੇਤਾਵਾਂ ਨਾਲ ਗੱਲਬਾਤ ਨੇ ਉਨ੍ਹਾਂ ਦੀ  ਸ਼ਖ਼ਸੀਅਤ ਅਤੇ ਨਜਰੀਏ ਨੂੰ ਬਦਲਣ ਵਿੱਚ ਮਦਦ ਦਿੱਤੀ। ਜਦੋਂ ਉਹ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਉਹ ਇੱਕ  ਸੂਝਵਾਨ ਤੇ ਅਟੱਲ ਇਰਾਦੇ ਵਾਲੇ ਨੇਤਾ ਬਣ ਚੁੱਕੇ ਸਨ।

1991 ਵਿੱਚ ਉਹ ਹਸਨ  ਲੋਕ ਸਭਾ ਹਲਕੇ ਤੋਂ ਸੰਸਦ ਲਈ ਚੁਣੇ ਗਏ ਉਨ੍ਹਾਂ ਸੂਬੇ ਦੀਆਂ ਕਈ  ਸਮੱਸਿਆਵਾਂ  ਨੂੰ, ਵਿਸ਼ੇਸ਼ ਤੌਰ ਤੇ  ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ  ਲਿਆਂਦਾ। ਉਨ੍ਹਾਂ  ਕਿਸਾਨਾਂ ਦੀ ਮਾੜੀ ਹਾਲਤ ਨੂੰ ਉਜਾਗਰ ਕੀਤਾ ਅਤੇ ਸੰਸਦ ਵਿੱਚ  ਇਨ੍ਹਾਂ  ਸਮੱਸਿਆਵਾਂ ਨੂੰ ਉਠਾ ਕੇ  ਇਨ੍ਹਾਂ  ਦੇ ਹੱਲ ਕੀਤੇ ਜਾਣ ਦੀ ਵਕਾਲਤ ਕੀਤੀ। ਸ਼੍ਰੀ ਦੇਵੇਗੌੜਾ ਨੇ ਸੰਸਦ ਅਤੇ ਇਸ ਦੀਆਂ ਸੰਸਥਾਵਾਂ ਦੇ ਗੌਰਵ ਅਤੇ ਮਾਨ-ਸਨਮਾਨ ਨੂੰ ਬਣਾਏ ਰੱਖਣ ਦੀ ਗੱਲ ਵੀ ਕੀਤੀ।

ਸ਼੍ਰੀ ਦੇਵੇਗੌੜਾ ਦੋ ਵਾਰ ਜਨਤਾ ਪਾਰਟੀ ਦੇ ਸੂਬਾ ਪੱਧਰੀ ਪ੍ਰਧਾਨ ਬਣੇ ਅਤੇ 1994 ਵਿੱਚ ਉਨ੍ਹਾਂ ਨੂੰ ਜਨਤਾ ਦਲ ਦਾ ਸੂਬਾ ਪ੍ਰਧਾਨ ਬਣਾਇਆ ਗਿਆ। 1994 ਵਿੱਚ ਜਨਤਾ ਦਲ ਨੂੰ ਸੂਬੇ ਦੀ ਸੱਤਾ ਵਿੱਚ ਲਿਆਉਣ ਵਿੱਚ ਸ਼੍ਰੀ ਦੇਵੇਗੌੜਾ ਇੱਕ  ਵੱਡੀ ਤਾਕਤ ਸਨ। ਉਨ੍ਹਾਂ ਨੂੰ ਜਨਤਾ ਦਲ ਵਿਧਾਨਕਾਰ ਪਾਰਟੀ ਦਾ ਨੇਤਾ ਚੁਣ ਲਿਆ ਗਿਆ ਅਤੇ 11 ਦਸੰਬਰ 1994 ਨੂੰ ਉਨ੍ਹਾਂ ਕਰਨਾਟਕ ਦੇ 14ਵੇਂ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲਿਆ। ਉਸ ਵੇਲੇ ਉਨ੍ਹਾਂ ਨੇ ਰਾਮ ਨਗਰ ਵਿਧਾਨਸਭਾ ਹਲਕੇ ਤੋਂ ਇੱਕ  ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਭਾਰੀ ਬਹੁਮਤ ਨਾਲ ਇਹ ਚੋਣ ਜਿੱਤੀ ਸੀ।

ਸਰਗਰਮ ਰਾਜਨੀਤੀ ਵਿੱਚ ਉਨ੍ਹਾਂ ਦਾ ਲੰਮਾਂ ਤਜਰਬਾ ਅਤੇ ਹੇਠਲੇ ਪੱਧਰ ’ਤੇ ਕੰਮ ਕਰਨ ਕਾਰਨ ਬਣੇ ਮਜ਼ਬੂਤ ਅਧਾਰ ਨੇ ਉਨ੍ਹਾਂ ਨੂੰ ਏਨਾ ਮਜ਼ਬੂਤ ਬਣਾ ਦਿੱਤਾ ਕਿ ਉਹ ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਹੱਲ ਕਰ ਸਕਣ। ਉਨ੍ਹਾਂ ਦੀ ਸਿਆਸੀ ਸਿਆਣਪ ਇੱਕ ਵਾਰ ਫਿਰ ਇਮਤਿਹਾਨ ਵਿੱਚ ਆਈ ਜਦੋਂ ਉਨ੍ਹਾਂ ਹੁਬਲੀ ਦੇ  ਈਦਗਾਹ ਮੈਦਾਨ ਦੇ ਮੁੱਦੇ ਨੂੰ ਸਾਹਮਣੇ  ਲਿਆਂਦਾ। ਇਹ ਉਹ ਜਗ੍ਹਾ ਸੀ ਜੋ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸੀ ਤੇ ਸਿਆਸੀ ਵਿਵਾਦ ਵਿੱਚ ਘਿਰ ਗਈ ਸੀ। ਸ਼੍ਰੀ ਗੌੜਾ ਨੇ ਇਸ ਮੁੱਦੇ ਨੂੰ ਪੂਰੀ ਸ਼ਾਂਤੀ ਨਾਲ ਹੱਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਜਨਵਰੀ 1995 ਵਿੱਚ ਸ਼੍ਰੀ ਗੌੜਾ ਨੇ ਸਵਿਟਰਜ਼ਰਲੈਂਡ ਦਾ ਦੌਰਾ ਕੀਤਾ ਅਤੇ ਕੌਮਾਂਤਰੀ ਆਰਥਿਕ ਮਾਹਰਾਂ ਦੇ ਸੰਮੇਲਨ ਵਿੱਚ ਹਿੱਸਾ ਲਿਆ। ਯੂਰਪ ਅਤੇ ਮੱਧਪੂਰਬੀ ਦੇਸ਼ਾਂ ਦੀਆਂ ਉਨ੍ਹਾਂ ਦੀਆਂ ਯਾਤਰਾਵਾਂ ਇੱਕ  ਸਮਰਪਿਤ ਸਿਆਸੀ ਨੇਤਾ ਦੀਆਂ  ਉਪਲੱਬਧੀਆਂ ਦੀ ਪ੍ਰੀਖਿਆ ਸੀ। ਸਿੰਗਾਪੁਰ ਦਾ ਉਨ੍ਹਾਂ ਦਾ ਦੌਰਾ ਜਿਸ ਨਾਲ ਸੂਬੇ ਲਈ ਬਹੁਤ ਹੀ  ਲੋੜੀਂਦੀ ਵਿਦੇਸ਼ੀ ਪੂੰਜੀਕਾਰੀ  ਲਿਆਂਦੀ  ਗਈ, ਨੇ ਉਨ੍ਹਾਂ ਦੀ ਵਪਾਰਕ ਯੋਗਤਾ ਅਤੇ ਸਿਆਣਪ ਨੂੰ ਸਾਬਤ ਕੀਤਾ। 1970 ਦੇ ਦਹਾਕੇ ਤੋਂ ਹੀ ਉਨ੍ਹਾਂ ਦੇ  ਮਿੱਤਰਾਂ ਅਤੇ  ਦੁਸ਼ਮਨਾਂ  ਵੱਲੋਂ ਉਨ੍ਹਾਂ ਦੀ ਇੱਕ ਛਤਰ ਅਤੇ ਰੁਝੇਵਿਆਂ ਭਰੀ ਰਾਜਨੀਤੀ ਅਤੇ ਇਸ ਦੀਆਂ ਪ੍ਰਕਿਰਿਆਵਾਂ ਉੱਪਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਸ਼੍ਰੀ ਗੌੜਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਆਸਤ ਲੋਕਾਂ ਲਈ ਹੈ ਅਤੇ ਉਹ ਉਸ ਵੇਲੇ ਖੁਸ਼ੀ ਮਹਿਸੂਸ ਕਰਦੇ ਹਨ,  ਜਦੋਂ ਉਹ ਲੋਕਾਂ ਵਿੱਚ ਘਿਰੇ ਹੁੰਦੇ ਹਨ ਅਤੇ ਉਨ੍ਹਾਂ ਲਈ ਕੁਝ ਕਰ ਰਹੇ ਹੁੰਦੇ ਹਨ।

1989 ਵਿੱਚ ਜਨਤਾ ਪਾਰਟੀ ਵਿੱਚ ਉਨ੍ਹਾਂ ਦੇ ਗਰੁੱਪ ਨੇ ਕਰਨਾਟਕ ਵਿਧਾਨਸਭਾ ਚੋਣਾਂ ਵਿੱਚ ਬਹੁਤ ਮਾੜਾ ਪ੍ਰਦਰਸ਼ਨ ਕੀਤਾ ਅਤੇ ਵਿਧਾਨਸਭਾ ਲਈ ਲੜੀਆਂ ਗਈਆਂ 222 ਸੀਟਾਂ ਵਿੱਚੋਂ ਉਨ੍ਹਾਂ ਦੇ ਗਰੁੱਪ ਨੂੰ ਸਿਰਫ਼ ਦੋ ਸੀਟਾਂ ਹੀ ਮਿਲੀਆਂ। ਸ਼੍ਰੀ ਗੌੜਾ ਨੂੰ ਆਪਣੇ ਸਿਆਸੀ ਸਫ਼ਰ ਦੌਰਾਨ ਹੋਈ ਹਾਰ ਦਾ ਪਹਿਲੀ ਵਾਰ ਸੁਆਦ  ਚਖਣਾ ਪਿਆ ਸੀ ਅਤੇ ਉਹ ਉਨ੍ਹਾਂ ਦੋਹਾਂ ਹਲਕਿਆਂ ਤੋਂ ਹਾਰ ਗਏ ਸਨ,  ਜਿੱਥੇ ਉਨ੍ਹਾਂ ਚੋਣਾਂ ਲੜੀਆਂ ਸਨ। ਇਸ ਤਰ੍ਹਾਂ ਉਹ ਸਿਆਸੀ ਕਿਸਮਤ ਦੀ ਅਸਥਿਰਤਾ ਲਈ ਕੁਝ ਅਜਨਬੀ ਨਹੀਂ ਹਨ।

ਇਸ ਹਾਰ ਨੇ ਉਨ੍ਹਾਂ ਅੰਦਰ ਇੱਕ  ਹੋਰ ਜੋਸ਼  ਭਰਿਆ ਤਾਂ ਜੋ ਉਹ ਆਪਣੀ ਗੁਆਚੀ ਹੋਈ  ਇੱਜ਼ਤ  ਅਤੇ ਤਾਕਤ ਨੂੰ ਹਾਸਲ ਕਰ ਸਕਣ। ਰਾਜਨੀਤੀ ਦੀ ਆਪਣੀ ਸ਼ੈਲੀ ਦੀ ਸਮੀਖਿਆ ਕਰਕੇ ਉਸ ਨੂੰ ਨਵਾਂ ਰੂਪ ਦੇ ਸਕਣ। ਉਨ੍ਹਾਂ ਕਰਨਾਟਕ ਤੇ ਦਿੱਲੀ ਵਿੱਚ ਆਪਣੇ ਦੋਸਤ ਬਣਾਏ ਅਤੇ ਆਪਣੇ ਸਿਆਸੀ ਵਿਰੋਧੀਆਂ ਨਾਲ ਕੌੜੇ ਝਗੜਿਆਂ ਨੂੰ ਲਾਂਭੇ ਕਰ ਦਿੱਤਾ। ਸ਼੍ਰੀ ਗੌੜਾ ਇੱਕ ਅਜਿਹੀ ਜੀਵਨ-ਸ਼ੈਲੀ ਵਾਲੇ ਵਿਅਕਤੀ ਹਨ ਜੋ ਬਹੁਤ ਹੀ ਸਧਾਰਨ ਅਤੇ ਨੀਵੇਂ ਪ੍ਰੋਫਾਇਲ ਵਾਲੇ ਪ੍ਰੰਤੂ ਪ੍ਰਭਾਵਸ਼ਾਲੀ ਅਤੇ ਅਟੱਲ ਨਿਸ਼ਚੇ ਵਾਲੇ ਹਨ।

ਆਪਣੀ ਸਿਆਸੀ ਜ਼ਿੰਦਗੀ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਗੌੜਾ ਖਾਨਾਂ ਦਾ ਕੰਮ ਲੈਣ ਵਾਲੇ ਇੱਕ  ਠੇਕੇਦਾਰ ਸਨ। ਇੱਕ ਆਜ਼ਾਦ ਨੇਤਾ ਵਜੋਂ ਬਿਤਾਏ ਗਏ 7 ਵਰ੍ਹਿਆਂ ਦੇ ਸਮੇਂ ਨੇ ਉਨ੍ਹਾਂ ਨੂੰ ਰਾਜਨੀਤੀ ਨੂੰ ਬਾਹਰ ਤੋਂ ਪਰਖਣ ਵਿੱਚ ਮਦਦ ਦਿੱਤੀ। ਇੱਕ  ਮਿਹਨਤੀ ਵਿਅਕਤੀ ਹੋਣ ਨਾਤੇ ਉਹ ਵਿਧਾਨਸਭਾ ਦੇ ਲਾਇਬ੍ਰੇਰੀ ਵਿੱਚ ਹਮੇਸ਼ਾ ਹੀ ਕਿਤਾਬਾਂ ਅਤੇ ਰਸਾਲਿਆਂ ਵਿੱਚ ਘਿਰੇ ਵੇਖੇ ਜਾਂਦੇ ਸਨ। 1967 ਵਿੱਚ ਉਨ੍ਹਾਂ ਦੀ ਮੁੜ ਤੋਂ ਹੋਈ ਚੋਣ ਨੇ ਉਨ੍ਹਾਂ ਅੰਦਰ ਵਧੇਰਾ ਵਿਸ਼ਵਾਸ ਪੈਦਾ ਕਰ ਦਿੱਤਾ ਅਤੇ 1969 ਵਿੱਚ  ਜਦੋਂ ਕਾਂਗਰਸ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ ਤਾਂ ਉਹ ਸ਼੍ਰੀ ਨਿੱਜਲਿੰਗਅਪਾ ਦੀ ਕਾਂਗਰਸ (ਓ) ਵਿੱਚ ਸ਼ਾਮਲ ਹੋ ਗਏ, ਜੋ ਉਸ ਸਮੇਂ ਕਰਨਾਟਕ ਵਿੱਚ ਸੱਤਾ ਵਿੱਚ ਸੀ, ਪ੍ਰੰਤੂ ਸ਼੍ਰੀ ਗੌੜਾ ਦੇ ਹੱਥ ਵਿੱਚ ਇੱਕ ਵੱਡਾ ਮੌਕਾ ਉਸ ਵੇਲੇ ਆਇਆ, ਜਦੋਂ 1971 ਦੀਆਂ  ਲੋਕ ਸਭਾ ਚੋਣਾਂ ਵਿੱਚ ਕਾਂਗਰਸ (ਓ) ਦਾ ਸਫਾਇਆ ਹੋ ਗਿਆ। ਸ਼੍ਰੀ ਗੌੜਾ ਵੰਡੀ ਹੋਈ ਵਿਰੋਧੀ ਧਿਰ ਦੇ ਨੇਤਾ ਵਜੋਂ  ਉੱਭਰ ਕੇ ਸਾਹਮਣੇ ਆਏ ਜੋ ਇੰਦਰਾ ਗਾਂਧੀ ਦੀ ਲਹਿਰ ਵਿੱਚ ਵਹਿ ਗਈ ਸੀ।

ਸ਼੍ਰੀ ਡੋਡੇ ਗੌੜਾ ਅਤੇ ਸ਼੍ਰੀਮਤੀ ਦੇਵਅਮਾ ਦੇ ਘਰ ਜਨਮੇ ਸ਼੍ਰੀ ਦੇਵੇਗੌੜਾ ਨੂੰ ਆਪਣੇ ਪਰਿਵਾਰ ਦੇ ਸਧਾਰਨ ਕਿਸਾਨੀ   ਪਿਛੋਕੜ ਤੇ ਮਾਣ ਹੈ। ਸ਼੍ਰੀਮਤੀ ਚੇਨੰਮਾਂ ਨਾਲ ਵਿਆਹੇ ਗਏ ਸ਼੍ਰੀ ਦੇਵੇਗੌੜਾ ਦੇ ਚਾਰ ਸਪੁੱਤਰ ਅਤੇ ਦੋ ਧੀਆਂ ਹਨ। ਉਨ੍ਹਾਂ ਦੇ ਲੜਕਿਆਂ ਵਿੱਚੋ ਇੱਕ  ਕਰਨਾਟਕਾ ਦਾ ਵਿਧਾਇੱਕ  ਅਤੇ ਦੂਜਾ  ਲੋਕ ਸਭਾ ਲਈ ਚੁਣਿਆ ਗਿਆ ਹੈ।

ਤੀਜੇ ਮੋਰਚੇ ਦੀ ਲੀਡਰਸਿਪ (ਖੇਤਰੀ ਪਾਰਟੀਆਂ ਅਤੇ ਗ਼ੈਰ ਕਾਂਗਰਸ ਤੇ ਗ਼ੈਰ ਭਾਜਪਾ  ਗੱਠਜੋੜ ਪਾਰਟੀਆਂ ਦਾ ਸਮੂਹ ਹੈ) ਜੋ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦੌੜ ਵਿੱਚ ਸੀ ਰਾਹੀਂ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਸ਼੍ਰੀ ਦੇਵਗੌੜਾ ਕੋਲ ਆਇਆ, ਜਿਸ ਲਈ ਉਹ ਉਸ ਵੇਲੇ ਗੰਭੀਰ ਉਮੀਦਵਾਰ ਨਹੀਂ ਸਨ।

ਸ਼੍ਰੀ ਦੇਵੇਗੌੜਾ ਨੇ 30 ਮਈ 1996 ਨੂੰ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀ਼ਫਾ ਦੇ ਦਿੱਤਾ ਤਾਂ ਜੋ ਦੇਸ਼ ਦੇ 11ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਣ।