ਸ਼੍ਰੀ ਇੰਦਰ ਕੁਮਾਰ ਗੁਜਰਾਲ ਨੂੰ 21 ਅਪ੍ਰੈਲ 1997 ਨੂੰ ਸੋਮਵਾਰ ਦੇ ਦਿਨ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਗਈ। ਸਵਰਗੀ ਸ਼੍ਰੀ ਅਵਤਾਰ ਨਰਾਇਣ ਅਤੇ ਸਵਰਗੀ ਸ਼੍ਰੀਮਤੀ ਪੁਸ਼ਪਾ ਗੁਜਰਾਲ ਦੇ ਪੁੱਤਰ ਸ਼੍ਰੀ ਗੁਜਰਾਲ ਨੇ ਐੱਮ ਏ, ਬੀ ਕਾਮ, ਪੀ-ਐੱਚ ਡੀ ਅਤੇ ਡੀ ਲਿਟ (ਸਨਮਾਨ ਵਜੋਂ) ਦੀਆਂ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ। ਉਨ੍ਹਾਂ ਦਾ ਜਨਮ ਅਣਵੰਡੇ ਪੰਜਾਬ ਦੇ ਜੇਹਲਮ ਸ਼ਹਿਰ ਵਿੱਚ 4 ਦਸੰਬਰ 1919 ਨੂੰ ਹੋਇਆ। ਉਨ੍ਹਾਂ ਦੀ ਸ਼ਾਦੀ ਸ਼੍ਰੀਮਤੀ ਸ਼ੀਲਾ ਗੁਜਰਾਲ ਨਾਲ 26 ਮਈ 1945 ਨੂੰ ਹੋਈ। ਸ਼੍ਰੀ ਗੁਜਰਾਲ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਸੀ। 11 ਵਰ੍ਹਿਆਂ ਦੀ ਛੋਟੀ ਉਮਰ ਵਿੱਚ ਹੀ ਸ਼੍ਰੀ ਗੁਜਰਾਲ ਨੇ 1931 ਵਿੱਚ ਅਜ਼ਾਦੀ ਦੀ ਲੜਾਈ ਵਿੱਚ ਸਰਗਰਮ ਤੌਰ ’ਤੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਜੇਹਲਮ ਸ਼ਹਿਰ ਵਿੱਚ ਛੋਟੇ ਬੱਚਿਆਂ ਦਾ ਅੰਦਲੋਨ ਚਲਾਉਣ ਦੇ ਸਿੱਟੇ ਵਜੋਂ ਗ੍ਰਿਫ਼ਤਾਰ ਕਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਮਾਰਿਆ ਕੁੱਟਿਆ। 1942 ਵਿੱਚ ਸ਼੍ਰੀ ਗੁਜਰਾਲ ਭਾਰਤ ਛੱਡੇ ਅੰਦਲੋਨ ਦੌਰਾਨ ਜੇਲ੍ਹ ਗਏ।
ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਸ਼੍ਰੀ ਗੁਜਰਾਲ 1 ਜੂਨ 1996 ਤੋਂ ਦੇਸ਼ ਦੇ ਵਿਦੇਸ਼ ਮੰਤਰੀ ਸਨ ਅਤੇ ਉਨ੍ਹਾਂ ਕੋਲ 28 ਜੂਨ 1996 ਤੋਂ ਜਲ ਸੋਮਿਆਂ ਬਾਰੇ ਮੰਤਰਾਲਾ ਦਾ ਵਾਧੂ ਕਾਰਜਭਾਰ ਵੀ ਸੀ। ਇਸ ਤੋਂ ਪਹਿਲਾਂ ਸ਼੍ਰੀ ਗੁਜਰਾਲ 1989-90 ਦੌਰਾਨ ਦੇਸ਼ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ 1976 ਤੋਂ 1980 ਦੇ ਵਰ੍ਹਿਆਂ ਦੌਰਾਨ ਕੈਬਿਨੇਟ ਮੰਤਰੀ ਦੇ ਦਰਜੇ ਨਾਲ ਸੋਵੀਅਤ ਰੂਸ ਵਿੱਚ ਭਾਰਤ ਦੇ ਰਾਜਦੂਤ ਵਜੋਂ ਵੀ ਕੰਮ ਕੀਤਾ ਅਤੇ 1967 ਤੋਂ 1976 ਦੇ ਵਰ੍ਹਿਆਂ ਦੌਰਾਨ ਉਨ੍ਹਾਂ ਹੇਠ ਲਿਖੇ ਮੰਤਰਾਲਿਆਂ ਦਾ ਕੰਮਕਾਜ ਸੰਭਾਲਿਆ ਸੀ।
ਸੰਸਦ ਵਿੱਚ ਜਿਨ੍ਹਾਂ ਅਹੁਦਿਆਂ ’ਤੇ ਉਨ੍ਹਾਂ ਕੰਮ ਕੀਤਾ:
ਰਾਜ ਸਭਾ ਵਿੱਚ ਜੂਨ 1996 ਤੋਂ ਸਦਨ ਦੇ ਨੇਤਾ ਰਹੇ, 1993 ਤੋਂ ਅਪ੍ਰੈਲ 1996 ਤੱਕ ਵਣਜ ਅਤੇ ਕਪੜਾ ਸਬੰਧੀ ਸੰਸਦ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਰਹੇ। ਅਪ੍ਰੈਲ 1996 ਤੱਕ ਉਹ ਵਿਦੇਸ਼ੀ ਮਾਮਲਿਆਂ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਦੇ ਮੈਂਬਰ ਰਹੇ। 1964 ਤੇ 1976, 1989 ਤੋਂ 1991 ਦੇ ਵਰ੍ਹਿਆਂ ਦੌਰਾਨ ਸੰਸਦ ਦੇ ਮੈਂਬਰ ਰਹੇ ਅਤੇ 1992 ਵਿੱਚ ਬਿਹਾਰ ਤੋਂ ਰਾਜਸਭਾ ਲਈ ਮੁੜ ਚੁਣੇ ਗਏ। ਰਾਜਸਭਾ ਦੀ ਪਟੀਸ਼ਨ ਕਮੇਟੀ ਲੋਕ ਲੇਖਾ ਕਮੇਟੀ ਅਤੇ ਨਿਯਮਾਂ ਬਾਰੇ ਕਮੇਟੀ ਦੇ ਮੈਂਬਰ ਰਹੇ। ਰਾਜਸਭਾ ਦੀ ਸੁਬਾਰਡੀਨੇਟ ਲੈਜਿਸਲੇਸ਼ਨ ਕਮੇਟੀ, ਰਾਜਸਭਾ ਦੀ ਜਨਰਲ ਪਰਪਜ ਕਮੇਟੀ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਰਹੇ।
ਹੋਰ ਮਹੱਤਵਪੂਰਨ ਅਹੁਦੇ ਜਿਨ੍ਹਾਂ ਤੇ ਉਨ੍ਹਾਂ ਨੇ ਕੰਮ ਕੀਤਾ:
ਚੇਅਰਮੈਨ ਇੰਡੀਅਨ ਕੌਂਸਿਲ ਆਵ੍ ਸਾਊਥ ਏਸ਼ੀਅਨ ਕੋਆਪਰੇਸ਼ਨ, ਮੈਂਬਰ ਆਵ੍ ਦੀ ਕੈਪੀਟਲ ਪਲੈਨ ਮਾਨਿਟਰਿੰਗ ਕਮੇਟੀ, ਸਾਬਕਾ ਪ੍ਰਧਾਨ ਡਿਫੈਂਸ ਸਟੱਡੀਜ ਅਤੇ ਅਨੈਲਿਸਜ਼ (ਆਈ ਡੀ ਐੱਸ ਏ) ਚੇਅਰਮੈਨ ਉਰਦੂ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲੀ ਸਰਕਾਰੀ ਕਮੇਟੀ (ਗੁਜਰਾਲ ਕਮੇਟੀ), ਨਵੀਂ ਦਿੱਲੀ ਨਗਰ ਪ੍ਰੀਸ਼ਦ ਦੇ 1959 ਤੋਂ 1964 ਤੱਕ ਉਪ ਪ੍ਰਧਾਨ ਰਹੇ। ਇਨ੍ਹਾਂ ਤੋਂ ਇਲਾਵਾ ਉਹ ਲਾਹੌਰ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਰਹੇ। ਇਸ ਤੋਂ ਇਲਾਵਾ ਉਹ ਵਿਰੋਧੀ ਪਾਰਟੀਆਂ ਦੇ ਯੂਨਾਇਟਿਡ ਫਰੰਟ ਦੇ ਕੋਲਕਾਤਾ, ਸ਼੍ਰੀਨਗਰ ਅਤੇ ਦਿੱਲੀ ਵਿੱਚ ਹੋਏ ਸੰਮੇਲਨਾਂ ਦੇ ਕਨਵੀਨਰ ਅਤੇ ਤਰਜਮਾਨ ਰਹੇ।
ਕੌਮਾਂਤਰੀ ਵਫ਼ਦ:
ਉਨ੍ਹਾਂ 1996 ਵਿੱਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। 1995 ਵਿੱਚ ਜਨੇਵਾ ਵਿੱਚ ਹੋਏ ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੇ ਇਜਲਾਸ ਵਿੱਚ ਉਨ੍ਹਾਂ ਭਾਰਤੀ ਵਫ਼ਦ ਦੀ ਅਗਵਾਈ ਕੀਤੀ। 1990 ਵਿੱਚ ਉਨ੍ਹਾਂ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। 1990 ਵਿੱਚ ਹੀ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਆਰਥਿਕ ਵਿਕਾਸ ਬਾਰੇ ਵਿਸ਼ੇਸ਼ ਇਜਲਾਸ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। 1994 ਅਤੇ 1995 ਵਿੱਚ ਉਹ ਸੰਯੁਕਤ ਰਾਸ਼ਟਰ ਸੰਘ ਵਿੱਚ ਭਾਰਤੀ ਵਫ਼ਦ ਦੇ ਮੈਂਬਰ ਸਨ। 1977 ਵਿੱਚ ਸਿੱਖਿਆ ਅਤੇ ਵਾਤਾਵਰਨ ਤੇ ਯੂਨੈਸਕੋ ਦੀ ਹੋਈ ਕਾਨਫਰੰਸ ਵਿੱਚ ਉਹ ਭਾਰਤੀ ਵਫ਼ਦ ਦੇ ਨੇਤਾ ਵਜੋਂ ਸ਼ਾਮਲ ਹੋਏ। 1970,1972 ਅਤੇ 1974 ਵਿੱਚ ਉਹ ਯੂਨੈਸਕੋ ਦੇ ਇਜਲਾਸ ਵਿੱਚ ਭਾਰਤੀ ਵਫ਼ਦ ਦੇ ਵੈਕਲਪਿਕ ਨੇਤਾ ਵਜੋਂ ਸ਼ਾਮਲ ਹੋਏ। ਪੈਰਿਸ ਵਿੱਚ 1973 ਨੂੰ ਹੋਏ ਮਾਨਵ ਅਤੇ ਨਵੀਂ ਸੰਚਾਰ ਪ੍ਰਣਾਲੀ ਉੱਪਰ ਯੂਨੈਸਕੋ ਦੇ ਸੈਮੀਨਾਰ ਦੀ ਉਨ੍ਹਾਂ ਚੇਅਰਮੈਨੀ ਕੀਤੀ। 1995 ਵਿੱਚ ਬੁਖਾਰੈਸਟ ਵਿੱਚ ਹੋਈ ਅੰਤਰ-ਸੰਸਦੀ ਯੂਨੀਅਨ ਕਾਨਫਰੰਸ ਅਤੇ 1994 ਵਿੱਚ ਕੈਨੇਡਾ ਵਿੱਚ ਹੋਈ ਕਾਮਨਵੈਲਥ ਸੰਸਦੀ ਐਸੋਸੀਏਸ਼ਨ ਕਾਨਫਰੰਸ ਵਿੱਚ ਉਹ ਬਤੌਰ ਡੈਲੀਗੇਟ ਸ਼ਾਮਲ ਹੋਏ। 1967 ਵਿੱਚ ਆਸਟ੍ਰੇਲੀਆ ਦੇ ਕੈਨਬਰਾ ਸ਼ਹਿਰ ਵਿੱਚ ਹੋਈ ਅੰਤਰ ਸੰਸਦੀ ਯੂਨੀਅਨ ਮੀਟਿੰਗ ਵਿੱਚ ਉਨ੍ਹਾਂ ਇੱਕ ਡੈਲੀਗੇਟ ਵਜੋਂ ਸ਼ਿਰਕਤ ਕੀਤੀ। 1974 ਵਿੱਚ ਸਟਾਕਹੋਮ ਵਿੱਚ ਹੋਏ ਵਾਤਾਵਰਨ ਉੱਪਰ ਹੋਏ ਸੰਯੁਕਤ ਰਾਸ਼ਟਰ ਦੇ ਇਜਲਾਸ ਵਿੱਚ ਉਨ੍ਹਾਂ ਭਾਰਤੀ ਵਫ਼ਦ ਦੀ ਅਗਵਾਈ ਇੱਕ ਵੈਕਲਪਿਕ ਨੇਤਾ ਵਜੋਂ ਕੀਤੀ। 1975 ਵਿੱਚ ਉਹ ਗੈਬਨ, ਕੈਮਰੂਨ, ਕਾਂਗੋ, ਚਾਡ ਅਤੇ ਰਿਪਬਲਿਕ ਆਵ੍ ਸੈਂਟਰਲ ਅਫ਼ਰੀਕਾ ਵਿੱਚ ਉਹ ਭਾਰਤ ਦੇ ਵਿਸ਼ੇਸ਼ ਦੂਤ ਰਹੇ। 1966 ਵਿੱਚ ਰਿਪਬਲਿਕ ਆਵ੍ ਮਿਲਾਵੀ ਦੇ ਉਦਘਾਟਨ ਮੌਕੇ ਉਹ ਭਾਰਤ ਦੇ ਵਿਸ਼ੇਸ਼ ਦੂਤ ਬਣੇ। 1961 ਵਿੱਚ ਉਨ੍ਹਾਂ ਨੂੰ ਬੁਲਗਾਰੀਆ ਵਿੱਚ ਭਾਰਤ ਦਾ ਵਿਸ਼ੇਸ਼ ਦੂਤ ਨਿਯੁਕਤ ਕੀਤਾ ਗਿਆ। ਸ਼੍ਰੀ ਗੁਜਰਾਲ ਸ਼੍ਰੀਲੰਕਾ, ਭੂਟਾਨ, ਮਿਸਰ ਅਤੇ ਸੂਡਾਨ ਵਿੱਚ ਭਾਰਤ ਦੇ ਰਾਸ਼ਟਰਪਤੀ ਦੀਆਂ ਸਰਕਾਰੀ ਯਾਤਰਾਵਾਂ ਦੌਰਾਨ ਉਨ੍ਹਾਂ ਨਾਲ ਕੈਬਿਨੇਟ ਮੰਤਰੀ ਵਜੋਂ ਮੌਜੂਦ ਰਹੇ। 1961 ਵਿੱਚ ਇੰਡੀਅਨ ਕੌਂਸਿਲ ਆਵ੍ ਸਾਊਥ ਏਸ਼ੀਅਨ ਕੋਆਰਪੇਰਸ਼ਨ ਦੇ ਚੇਅਰਮੈਨ ਅਤੇ ਏਸ਼ੀਅਨ ਰੋਟਰੀ ਕਾਨਫਰੰਸ ਦੇ ਕੋ-ਚੇਅਰਮੈਨ ਰਹੇ।
ਜਿਹੜੀਆਂ ਸਮਾਜਕ ਜੱਥੇਬੰਦੀਆਂ ਨਾਲ ਉਹ ਜੁੜੇ ਰਹੇ:
ਪ੍ਰਧਾਨ, ਨਾਰੀ ਨਿਕੇਤਨ ਟਰੱਸਟ ਅਤੇ ਏ.ਐੱਨ. ਗੁਜਰਾਲ ਯਾਦਗਾਰੀ ਸਕੂਲ, ਜਲੰਧਰ (ਪੰਜਾਬ); ਪ੍ਰਧਾਨ ਇੰਡੋ-ਪਾਕ ਫ਼ਰੈਂਡਸਿ਼ਪ ਸੁਸਾਇਟੀ; ਦਿੱਲੀ ਆਰਟ ਥੀਏਟਰ ਦੇ ਬਾਨੀ ਪ੍ਰਧਾਨ; ਲੋਕ ਕਲਿਆਣ ਸਮਿਤੀ ਦੇ ਉਪ-ਪ੍ਰਧਾਨ; ਦਿੱਲੀ ਦੇ ਰੌਟਰੀ ਕਲੱਬ ਦੇ 1960 ’ਚ ਪ੍ਰਧਾਨ ਰਹੇ; ਏਸ਼ੀਅਨ ਰੋਟਰੀ ਕਾਨਫ਼ਰੰਸ ਦੇ 1961 ’ਚ ਸਹਿ-ਚੇਅਰਮੈਨ ਰਹੇ।
ਵਿਸ਼ੇਸ਼ ਦਿਲਚਸਪੀਆਂ:
ਸ੍ਰੀ ਗੁਜਰਾਲ ਇੱਕ ਲੇਖਕ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਨਾਲ-ਨਾਲ ਮੰਚ ਬਾਰੇ ਵੀ ਟਿੱਪਣੀਕਾਰ ਰਹੇ ਹਨ।