ਦੇਸ਼ ਵਾਸੀਆਂ ਦੇ ਇੱਕ ਨੇਤਾ ਵਜੋਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਆਪਣੀਆਂ ਸਿਆਸੀ ਪ੍ਰਤੀਬੱਧਤਾਵਾਂ ਤੇ ਹਮੇਸ਼ਾ ਖਰੇ ਉਤਰੇ ਹਨ। 13 ਅਕਤੂਬਰ 1999 ਨੂੰ ਉਨ੍ਹਾਂ ਕੇਂਦਰ ਵਿੱਚ ਨਵੀਂ ਗੱਠਜੋੜ ਸਰਕਾਰ ਐੱਨ ਡੀ ਏ ਦੇ ਮੁਖੀ ਵਜੋਂ ਆਪਣੀ ਲਗਾਤਾਰ ਦੂਜੀ ਪਾਰੀ ਵਿੱਚ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਵਾਗਡੋਰ ਸੰਭਾਲੀ। 1996 ਵਿੱਚ ਉਹ ਥੋੜ੍ਹੇ ਸਮੇਂ ਲਈ ਪ੍ਰਧਾਨ ਮੰਤਰੀ ਰਹੇ। ਪੰਡਿਤ ਜਵਾਹਰ ਲਾਲ ਨਹਿਰੂ ਮਗਰੋਂ ਉਹ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਜਨਤਾ ਵੱਲੋਂ ਦਿੱਤੇ ਗਏ ਫਤਵੇ ਮਗਰੋਂ ਦੇਸ਼ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਇੱਕ ਬਜ਼ੁਰਗ ਸਾਂਸਦ ਜਿਨ੍ਹਾਂ ਦੀ ਸਿਆਸੀ ਜ਼ਿੰਦਗੀ ਚਾਰ ਦਹਾਕਿਆਂ ਤੱਕ ਫੈਲੀ ਹੋਈ ਹੈ।
ਸ਼੍ਰੀ ਵਾਜਪੇਈ 9 ਵਾਰ ਲੋਕ ਸਭਾ ਲਈ ਅਤੇ 2 ਵਾਰ ਰਾਜਸਭਾ ਲਈ ਚੁਣੇ ਗਏ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਭਾਰਤ ਦੇ ਵਿਦੇਸ਼ ਮੰਤਰੀ ਅਤੇ ਸੰਸਦ ਦੀਆਂ ਕਈ ਮਹੱਤਵਪੂਰਨ ਸਟੈਂਡਿੰਗ ਕਮੇਟੀਆਂ ਦੇ ਚੇਅਰਪਰਸਨ ਅਤੇ ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਅਜ਼ਾਦੀ ਮਗਰੋਂ ਭਾਰਤ ਦੀ ਘਰੇਲੂ ਅਤੇ ਵਿਦੇਸ਼ ਨੀਤੀ ਨੂੰ ਨਵਾਂ ਰੂਪ ਦੇਣ ਵਿੱਚ ਸਰਗਰਮ ਭੂਮਿਕਾ ਨਿਭਾਈ। ਸ਼੍ਰੀ ਵਾਜਪੇਈ ਨੂੰ ਰਾਸ਼ਟਰਵਾਦੀ ਨੀਤੀ ਵਿੱਚ ਚਮਕਣ ਦਾ ਮੌਕਾ ਉਨ੍ਹਾਂ ਦੇ ਵਿਦਿਆਰਥੀ ਜੀਵਨ ਵਿੱਚ ਮਿਲਿਆ, ਜਦੋਂ ਉਹ 1942 ਵਿੱਚ ਅੰਗਰੇਜ਼ਾਂ ਵਿਰੁੱਧ ਸ਼ੁਰੂ ਕੀਤੇ ਗਏ ਭਾਰਤ ਛੱਡੋ ਅੰਦਲੋਨ ਵਿੱਚ ਸ਼ਾਮਲ ਹੋ ਗਏ, ਜਿਸ ਨੇ ਅੰਗਰੇਜ਼ਾਂ ਦੇ ਬਸਤੀਵਾਦੀ ਸ਼ਾਸਨ ਦੇ ਖਾਤਮੇ ਨੂੰ ਨੇੜੇ ਲਿਆਉਣ ਦਾ ਕੰਮ ਕੀਤਾ। ਰਾਜਨੀਤੀ ਸਾਸ਼ਤਰ ਅਤੇ ਕਾਨੂੰਨ ਦਾ ਇੱਕ ਵਿਦਿਆਰਥੀ ਹੋਣ ਨਾਤੇ ਉਨ੍ਹਾਂ ਵਿਦੇਸ਼ੀ ਮਾਮਲਿਆਂ ਵਿੱਚ ਆਪਣੀ ਰੁਚੀ ਵਿਕਸਿਤ ਕਰਨੀ ਸ਼ੁਰੂ ਕਰ ਦਿੱਤੀ। ਇਹ ਅਜਿਹੀ ਰੁਚੀ ਸੀ ਜਿਸ ਨੇ ਵਰ੍ਹਿਆਂ ਤੱਕ ਉਨ੍ਹਾਂ ਨੂੰ ਪ੍ਰਫੁਲਿਤ ਕੀਤਾ, ਜਿਸ ਨੇ ਉਨ੍ਹਾਂ ਨੂੰ ਬਹੁ-ਧਿਰੀ ਅਤੇ ਦੋ-ਧਿਰੀ ਮੰਚਾਂ ਤੇ ਭਾਰਤ ਦੀ ਨੁਮਾਇੰਦਗੀ ਦੌਰਾਨ ਆਪਣੇ ਇਸ ਹੁਨਰ ਦਾ ਇਸਤੇਮਾਲ ਕਰਨ ਦਾ ਮੌਕਾ ਦਿੱਤਾ।
ਸ਼੍ਰੀ ਵਾਜਪੇਈ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਇੱਕ ਪੱਤਰਕਾਰ ਦੇ ਰੂਪ ਵਿੱਚ ਕੀਤੀ, ਪਰ ਇਹ ਥੋੜ੍ਹੇ ਸਮੇਂ ਤੱਕ ਹੀ ਰਹੀ। ਉਹ 1951 ਵਿੱਚ ਭਾਰਤੀ ਜਨਸੰਘ ਵਿੱਚ ਸ਼ਾਮਲ ਹੋ ਗਏ। ਅੱਜ ਦੇ ਰਾਸ਼ਟਰੀ ਜਮਹੂਰੀ ਗੱਠਜੋੜ ( ਐੱਨ ਡੀ ਏ) ਦੀ ਅਗਵਾਈ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਐੱਨ ਡੀ ਏ ਦਾ ਇੱਕ ਮੁੱਖ ਘਟਕ ਹੈ। ਭਾਰਤੀ ਜਨਸੰਘ ਇਸੇ ਹੀ ਭਾਰਤੀ ਜਨਤਾ ਪਾਰਟੀ ਦਾ ਮੁੱਖ ਰੂਪ ਹੈ। ਇੱਕ ਆਲੋਚਨਾਤਮਕ ਕਵੀ ਹੋਣ ਦੇ ਬਾਵਜੂਦ ਸ਼੍ਰੀ ਵਾਜਪੇਈ ਸੰਗੀਤ ਵਿੱਚ ਰੁਚੀ ਰੱਖਦੇ ਹਨ ਅਤੇ ਰਸੋਈ ਵਿਅੰਜਨਾਂ ਦੇ ਪਾਰਖੂ ਹਨ।
ਗਵਾਲੀਅਰ ਰਿਆਸਤ (ਜੋ ਹੁਣ ਮੱਧਪ੍ਰਦੇਸ਼ ਦਾ ਇੱਕ ਹਿੱਸਾ ਹੈ) ਦੇ ਇੱਕ ਸਕੂਲ ਅਧਿਆਪਕ ਦੇ ਪਰਿਵਾਰ ਵਿੱਚ 25 ਦਸੰਬਰ 1924 ਨੂੰ ਪੈਦਾ ਹੋਏ ਸ਼੍ਰੀ ਵਾਜਪੇਈ ਦਾ ਜਨਧਨ ਜ਼ਿੰਦਗੀ ਵਿੱਚ ਉੱਪਰ ਉੱਠਣਾ ਸਿਆਸੀ ਸਿਆਣਪ ਅਤੇ ਭਾਰਤੀ ਲੋਕਤੰਤਰ ਦੋਹਾਂ ਨੂੰ ਇੱਕ ਸ਼ਰਧਾਂਜਲੀ ਹੈ। ਕਈ ਦਹਾਕਿਆਂ ਤੋਂ ਵੀ ਉੱਪਰ ਸਿਆਸਤ ਕਰਨ ਵਾਲੇ ਸ਼੍ਰੀ ਵਾਜਪੇਈ ਇੱਕ ਅਜਿਹੇ ਨੇਤਾ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਵਿਸ਼ਵ ਪ੍ਰਤੀ ਉਦਾਰਤਾ ਅਤੇ ਲੋਕਤੰਤਰੀ ਆਦਰਸ਼ਾਂ ਦੀ ਵਚਨਬੱਧਤਾ ਲਈ ਸਨਮਾਨ ਦਿੱਤਾ ਜਾਂਦਾ ਹੈ।
ਮਹਿਲਾ ਸਸ਼ਕਤੀਕਰਨ ਅਤੇ ਸਮਾਜਕ ਸਮਾਨਤਾ ਦੇ ਪ੍ਰਬਲ ਸਮਰਥਕ ਸ਼੍ਰੀ ਵਾਜਪੇਈ ਅੱਗੇ ਵਧਣ ਅਤੇ ਭਾਰਤ ਨੂੰ ਅੱਗੇ ਵੱਧਦਾ ਵੇਖਣ ਵਿੱਚ ਯਕੀਨ ਰੱਖਦੇ ਹਨ। ਉਹ ਅਜਿਹਾ ਭਾਰਤ ਚਾਹੁੰਦੇ ਹਨ, ਜੋ ਇੱਕ ਮਜ਼ਬੂਤ ਅਤੇ ਖੁਸ਼ਹਾਲ ਦੇਸ਼ ਹੋਵੇ, ਜੋ ਵਿਸ਼ਵ ਦੇ ਵੱਡੇ ਰਾਸ਼ਟਰਾਂ ਵਿੱਚ ਆਪਣੀ ਢੁਕਵੀਂ ਥਾਂ ਬਣਾ ਸਕੇ। ਸ਼੍ਰੀ ਵਾਜਪੇਈ 5000 ਵਰ੍ਹਿਆਂ ਦੇ ਸੱਭਿਆਚਾਰਕ ਇਤਿਹਾਸ ਨੂੰ ਇੱਕ ਆਧੁਨਿਕ ਨਵੀਨਤਮ ਅਤੇ ਪੁਨਰ ਸ਼ਕਤੀਸ਼ਾਲੀ ਹੁੰਦਾ ਵੇਖਣਾ ਚਾਹੁੰਦੇ ਹਨ, ਜੋ ਆਉਣ ਵਾਲੇ 1000 ਵਰ੍ਹਿਆਂ ਦੀਆਂ ਚੁਣੌਤੀਆਂ ਤਾ ਟਾਕਰਾ ਕਰ ਸਕੇ।
ਭਾਰਤ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ-ਵਿਭੂਸ਼ਣ ਉਨ੍ਹਾਂ ਨੂੰ ਭਾਰਤ ਲਈ ਆਪਣੇ ਪਿਆਰ ਅਤੇ ਬਿਨਾ ਸਵਾਰਥ ਸਮਰਪਣ ਅਤੇ 50 ਵਰ੍ਹਿਆਂ ਤੋਂ ਵੱਧ ਸਮਾਜ ਅਤੇ ਦੇਸ਼ ਦੀ ਸੇਵਾ ਲਈ ਦਿੱਤਾ ਗਿਆ। 1994 ਵਿੱਚ ਉਨ੍ਹਾਂ ਨੂੰ ਭਾਰਤ ਦਾ ਸਰਵੋਤਮ ਸਾਂਸਦ ਨਾਮਜ਼ਦ ਕੀਤਾ ਗਿਆ। ਉਨ੍ਹਾਂ ਨੂੰ ਦਿੱਤੇ ਗਏ ਸਤੁਤੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਪਣੇ ਨਾਂਅ ਵਾਂਗ ਹੀ ਸੱਚੇ ਸ਼੍ਰੀ ਅਟਲ ਜੀ ਇੱਕ ਵਿਸ਼ਿਸ਼ਟ ਰਾਸ਼ਟਰ ਨੇਤਾ ਅਤੇ ਵਿਦਵਾਨ ਹਨ। ਉਹ ਇੱਕ ਨਿਸਵਾਰਥ ਸਮਾਜਕ ਕਾਰਜਕਰਤਾ ਹਨ, ਪ੍ਰਭਾਵਸ਼ਾਲੀ ਵਕਤਾ ਹਨ। ਕਵੀ ਅਤੇ ਸਾਹਿਤਕਾਰ ਹਨ, ਪੱਤਰਕਾਰ ਅਤੇ ਬਿਨਾਂ ਸ਼ੱਕ ਬਹੁਮੁਖੀ ਪ੍ਰਤਿਭਾ ਦੇ ਮਾਲਕ ਹਨ। ਅਟਲ ਜੀ ਲੋਕਾਂ ਦੀਆਂ ਭਾਵਨਾਵਾਂ ਨੂੰ ਆਪਣੇ ਢੰਗ ਨਾਲ ਪ੍ਰਗਟਾਉਣ ਵਿੱਚ ਮਾਹਰ ਹਨ। ਉਨ੍ਹਾਂ ਦੇ ਕੰਮ ਪੂਰੀ ਤਰ੍ਹਾਂ ਨਾਲ ਰਾਸ਼ਟਰਵਾਦ ਦੀ ਪ੍ਰਤੀਬੱਧਤਾ ਨਾਲ ਜੁੜੇ ਹਨ।