ਭਾਰਤ ਦੇ 14ਵੇਂ ਪ੍ਰਧਾਨ ਮੰਤਰੀ, ਡਾ. ਮਨਮੋਹਨ ਸਿੰਘ ਇੱਕ ਚਿੰਤਕ ਅਤੇ ਵਿਦਵਾਨ ਦੇ ਰੂਪ ‘ਚ ਪ੍ਰਸਿੱਧ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਲਗਨ, ਕੰਮ ਦੇ ਪ੍ਰਤੀ ਅਕਾਦਮਿਕ ਪਹੁੰਚ, ਪਹੁੰਚਯੋਗਤਾ ਅਤੇ ਬੇਮਿਸਾਲ ਵਿਵਹਾਰ ਦੇ ਲਈ ਯਾਦ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਪੰਜਾਬ ਪ੍ਰਾਂਤ ਦੇ ਇੱਕ ਪਿੰਡ ਵਿੱਚ 26 ਸਤੰਬਰ 1932 ਨੂੰ ਹੋਇਆ। ਉਨ੍ਹਾਂ ਆਪਣੀ ਮੈਟ੍ਰਿਕ ਦੀ ਪੜ੍ਹਾਈ 1948 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾਂ ਦਾ ਵਿੱਦਿਅਕ ਭਵਿੱਖ ਉਨ੍ਹਾਂ ਨੂੰ ਪੰਜਾਬ ਤੋਂ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਤੱਕ ਲੈ ਗਿਆ, ਜਿੱਥੇ ਉਨ੍ਹਾਂ 1957 ਵਿੱਚ ਅਰਥਸ਼ਾਸਤਰ ਵਿੱਚ ਪਹਿਲੇ ਦਰਜੇ ਵਿੱਚ ਆਨਰਸ ਦੀ ਡਿਗਰੀ ਹਾਸਲ ਕੀਤੀ। ਡਾ. ਸਿੰਘ ਨੇ ਆਕਸਫੋਰਡ ਯੂਨੀਵਰਸਿਟੀ ਦੇ ਨਫੀਲਡ ਕਾਲਜ ਤੋਂ 1962 ਵਿੱਚ ਅਰਥਸ਼ਾਸਤਰ ਵਿੱਚ ਡਾਕਟਰ ਆਵ੍ ਫਿਲਾਸਫੀ ਕੀਤੀ। ਉਨ੍ਹਾਂ ਦੀ ਕਿਤਾਬ “ਇੰਡੀਆ ਐਕਸਪੋਰਟ ਟ੍ਰੈਂਡਸ ਐਂਡ ਪ੍ਰਾਸਪੈਕਟਸ ਫੌਰ ਸੈਲਫ ਸਸਟੇਨਡ ਗ੍ਰੋਥ” (ਕਲੀਅਰਡਨ ਪ੍ਰੈੱਸ, ਆਕਸਫੋਰਡ, 1964) ਭਾਰਤ ਦੀ ਅੰਦਰੂਨੀ ਟ੍ਰੇਡ ਪਾਲਿਸੀ ਦੀ ਇੱਕ ਮੁੱਢਲੀ ਅਲੋਚਨਾਤਮਕ ਕਿਤਾਬ ਸੀ।
ਪੰਜਾਬ ਯੂਨੀਵਰਸਿਟੀ ਅਤੇ ਦਿੱਲੀ ਸਕੂਲ ਆਵ੍ ਇਕਨੌਮਿਕਸ ਵਿੱਚ ਡਾ. ਸਿੰਘ ਨੇ ਅਧਿਆਪਕ ਦੇ ਰੂਪ ‘ਚ ਕਾਰਜ ਕੀਤਾ ਜੋ ਉਨ੍ਹਾਂ ਦੀ ਅਕਾਦਮਿਕ ਉੱਤਮਤਾ ਨੂੰ ਦਿਖਾਉਂਦਾ ਹੈ। ਇਸੇ ਦਰਮਿਆਨ ਕੁਝ ਵਰ੍ਹਿਆਂ ਦੇ ਲਈ ਉਨ੍ਹਾਂ ਨੇ ਯੂਐੱਨ ਟ੍ਰੇਡ ਐਂਡ ਡਿਵੈਲਪਮੈਂਟ (UNCTAD) ਦੇ ਲਈ ਵੀ ਕਾਰਜ ਕੀਤਾ। ਇਸੇ ਦੇ ਅਧਾਰ ‘ਤੇ ਉਨ੍ਹਾਂ ਨੂੰ 1987 ਅਤੇ 1990 ਵਿੱਚ ਜਨੇਵਾ ‘ਚ ਸਾਊਥ ਕਮਿਸ਼ਨ ਦੇ ਸਕੱਤਰ ਜਨਰਲ ਦੇ ਰੂਪ ‘ਚ ਨਿਯੁਕਤ ਕੀਤਾ ਗਿਆ।
ਸੰਨ 1971 ਵਿੱਚ, ਡਾ. ਸਿੰਘ ਨੇ ਭਾਰਤ ਸਰਕਾਰ ਦੇ ਵਣਜ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਦੇ ਰੂਪ ‘ਚ ਸ਼ਾਮਲ ਹੋਏ। ਸੰਨ 1972 ਵਿੱਚ ਉਨ੍ਹਾਂ ਦੀ ਨਿਯੁਕਤੀ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਦੇ ਰੂਪ ‘ਚ ਹੋਈ। ਡਾ. ਸਿੰਘ ਨੇ ਵਿੱਤ ਮੰਤਰਾਲੇ ਦੇ ਸਕੱਤਰ, ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ, ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਦੇ ਰੂਪ ‘ਚ ਕਾਰਜ ਕੀਤਾ।
ਡਾ. ਸਿੰਘ ਨੇ 1991 ਤੋਂ 1996 ਤੱਕ ਭਾਰਤ ਦੇ ਵਿੱਤ ਮੰਤਰੀ ਦੇ ਰੂਪ ‘ਚ ਕਾਰਜ ਕੀਤਾ ਜੋ ਸੁਤੰਤਰ ਭਾਰਤ ਦੇ ਆਰਥਿਕ ਇਤਿਹਾਸ ਵਿੱਚ ਇੱਕ ਨਿਰਣਾਇਕ ਸਮਾਂ ਸੀ। ਆਰਥਿਕ ਸੁਧਾਰਾਂ ਦੇ ਲਈ ਵਿਆਪਕ ਨੀਤੀ ਦੇ ਨਿਰਧਾਰਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਸਾਰਿਆਂ ਨੇ ਸਰਾਹਿਆ ਹੈ। ਭਾਰਤ ਵਿੱਚ ਇਨ੍ਹਾਂ ਵਰ੍ਹਿਆਂ ਨੂੰ ਡਾ. ਸਿੰਘ ਦੀ ਸ਼ਖ਼ਸੀਅਤ ਦੇ ਅਭਿੰਨ ਅੰਗ ਦੇ ਰੂਪ ‘ਚ ਜਾਣਿਆ ਜਾਂਦਾ ਹੈ।
ਡਾ. ਸਿੰਘ ਨੂੰ ਆਪਣੇ ਜੀਵਨਕਾਲ ਵਿੱਚ ਕਈ ਪੁਰਸਕਾਰ ਅਤੇ ਸਨਮਾਨ ਪ੍ਰਾਪਤ ਹੋਏ। ਇਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ- ਭਾਰਤ ਦਾ ਦੂਸਰਾ ਸਭ ਤੋਂ ਬੜਾ ਨਾਗਰਿਕ ਸਨਮਾਨ, ਪਦਮ-ਵਿਭੂਸ਼ਣ (1987), ਭਾਰਤ ਵਿਗਿਆਨ ਕਾਂਗਰਸ ਦਾ ਜਵਾਹਰ ਲਾਲ ਨਹਿਰੂ ਜਨਮ ਸ਼ਤਾਬਦੀ ਪੁਰਸਕਾਰ (1995), ਦ ਏਸ਼ੀਆ ਮਨੀ ਅਵਾਰਡ ਫੌਰ ਫਾਇਨੈਂਸ ਮਿਨਿਸਟਰ ਆਵ੍ ਦ ਈਅਰ (1993 ਅਤੇ 1994), ਦ ਯੂਰੋ ਮਨੀ ਅਵਾਰਡ ਫੌਰ ਫਾਇਨੈਂਸ ਮਿਨਿਸਟਰ ਆਵ੍ ਦ ਈਅਰ (1993), ਕੈਂਬ੍ਰਿਜ ਯੂਨੀਵਰਸਿਟੀ ਦਾ ਐਡਮ ਸਮਿਥ ਪੁਰਸਕਾਰ (1956) ਅਤੇ ਕੈਂਬ੍ਰਿਜ ਦੇ ਸੇਂਟ ਜੌਂਨਸ ਕਾਲਜ ਵਿੱਚ ਵਿਸ਼ੇਸ਼ ਪ੍ਰਦਰਸ਼ਨ ਦੇ ਲਈ ਰਾਇਟਸ ਪੁਰਸਕਾਰ (1955)। ਉਨ੍ਹਾਂ ਨੂੰ ਕੈਂਬ੍ਰਿਜ ਅਤੇ ਆਕਸਫੋਰਡ ਸਹਿਤ ਕਈ ਵੱਕਾਰੀ ਯੂਨੀਵਰਸਿਟੀਆਂ ਦੁਆਰਾ ਆਨਰੇਰੀ ਡਿਗਰੀਆਂ ਵੀ ਪ੍ਰਦਾਨ ਕੀਤੀਆਂ ਗਈਆਂ।
ਡਾ. ਸਿੰਘ ਨੇ ਕਈ ਅੰਤਰਰਾਸ਼ਟਰੀ ਕਾਨਫਰੰਸਾਂ ਅਤੇ ਸੰਗਠਨਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਨੇ 1993 ਵਿੱਚ ਸਾਇਪ੍ਰਸ ਵਿੱਚ ਰਾਸ਼ਟਰਮੰਡਲ ਪ੍ਰਮੁੱਖਾਂ ਦੀ ਬੈਠਕ ਵਿੱਚ ਅਤੇ ਵਿਆਨਾ ਵਿੱਚ ਮਾਨਵ-ਅਧਿਕਾਰ ‘ਤੇ ਹੋਈ ਵਰਲਡ ਕਾਨਫਰੰਸ ਵਿੱਚ ਭਾਰਤੀ ਡੈਲੀਗੇਸ਼ਨਾਂ ਦੀ ਨੁਮਾਇੰਦਗੀ ਕੀਤੀ।
ਆਪਣੇ ਰਾਜਨੀਤਕ ਜੀਵਨ ਵਿੱਚ ਡਾ. ਸਿੰਘ 1991 ਤੋਂ ਭਾਰਤੀ ਸੰਸਦ ਦੇ ਉੱਚ ਸਦਨ (ਰਾਜ ਸਭਾ) ਦੇ ਮੈਂਬਰ ਰਹੇ, ਜਿੱਥੇ ਉਹ 1998 ਅਤੇ 2004 ਤੱਕ ਵਿਰੋਧੀ ਧਿਰ ਦੇ ਨੇਤਾ ਸਨ। ਉਨ੍ਹਾਂ ਨੇ 2004 ਦੀਆਂ ਆਮ ਚੋਣਾਂ ਦੇ ਬਾਅਦ 22 ਮਈ 2004 ਨੂੰ ਪ੍ਰਧਾਨ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ ਅਤੇ 22 ਮਈ 2009 ਨੂੰ ਦੂਸਰੀ ਵਾਰ ਪ੍ਰਧਾਨ ਮੰਤਰੀ ਬਣੇ।
ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਸ਼੍ਰੀਮਤੀ ਗੁਰਸ਼ਰਨ ਕੌਰ ਅਤੇ ਉਨ੍ਹਾਂ ਦੀਆਂ ਤਿੰਨ ਬੇਟੀਆਂ ਹਨ।