ਸ਼੍ਰੀ ਨਰੇਂਦਰ ਮੋਦੀ ਨੇ 2024 ਦੀਆਂ ਸੰਸਦੀ ਚੋਣਾਂ ਵਿੱਚ ਇੱਕ ਹੋਰ ਨਿਰਣਾਇਕ ਜਿੱਤ ਤੋਂ ਬਾਅਦ, 9 ਜੂਨ 2024 ਨੂੰ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ। ਇਸ ਜਿੱਤ ਨੇ ਸ਼੍ਰੀ ਮੋਦੀ ਦਾ ਲਗਾਤਾਰ ਤੀਸਰਾ ਕਾਰਜਕਾਲ ਸੁਨਿਸ਼ਚਿਤ ਕੀਤਾ, ਜਿਸ ਨਾਲ ਉਨ੍ਹਾਂ ਦੀ ਲੀਡਰਸ਼ਿਪ ਹੋਰ ਮਜ਼ਬੂਤ ਹੋਈ।
ਸੰਨ 2024 ਦੀਆਂ ਚੋਣਾਂ ਵਿੱਚ ਵੱਡੀ ਗਿਣਤੀ ‘ਚ ਵੋਟਰਾਂ ਨੇ ਸ਼੍ਰੀ ਮੋਦੀ ਦੀ ਲੀਡਰਸ਼ਿਪ ਅਤੇ ਦੇਸ਼ ਦੇ ਪ੍ਰਤੀ ਵਿਜ਼ਨ ਵਿੱਚ ਅਟੁੱਟ ਭਰੋਸਾ ਦਿਖਾਇਆ ਹੈ। ਉਨ੍ਹਾਂ ਦੀ ਮੁਹਿੰਮ ਆਰਥਿਕ ਵਿਕਾਸ, ਰਾਸ਼ਟਰੀ ਸੁਰੱਖਿਆ ਅਤੇ ਸਮਾਜਿਕ ਭਲਾਈ ਪ੍ਰੋਗਰਾਮਾਂ ‘ਤੇ ਅਧਾਰਿਤ ਸੀ, ਜੋ ਲੋਕਾਂ ਨੂੰ ਵਿਆਪਕ ਤੌਰ ‘ਤੇ ਪਸੰਦ ਆਈ।
ਸ਼੍ਰੀ ਮੋਦੀ ਦੇ ਤੀਸਰੇ ਕਾਰਜਕਾਲ ਵਿੱਚ ਉਨ੍ਹਾਂ ਦੇ ਪਿਛਲੇ ਕਾਰਜਕਾਲਾਂ ਦੇ ਦੌਰਾਨ ਰੱਖੀ ਗਈ ਨੀਂਹ ‘ਤੇ ਨਿਰਮਾਣ ਹੋਣ ਦੀ ਉਮੀਦ ਹੈ, ਜਿਸ ਵਿੱਚ ਤਕਨੀਕੀ ਇਨੋਵੇਸ਼ਨ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਕੂਟਨੀਤੀ ‘ਤੇ ਨਵੇਂ ਸਿਰੇ ਤੋਂ ਜ਼ੋਰ ਦਿੱਤਾ ਜਾਵੇਗਾ, ਜਿਸ ਨਾਲ ਭਾਰਤ ਇੱਕ ਗਲੋਬਲ ਪਾਵਰਹਾਊਸ ਦੇ ਰੂਪ ‘ਚ ਸਥਾਪਿਤ ਹੋਵੇਗਾ। ਬੇਮਿਸਾਲ ਤੀਸਰਾ ਕਾਰਜਕਾਲ ਸ਼੍ਰੀ ਮੋਦੀ ਦੀ ਸਥਾਈ ਅਪੀਲ ਅਤੇ ਦੇਸ਼ ਨੂੰ ਵਧੇਰੇ ਸਮ੍ਰਿੱਧੀ ਅਤੇ ਸਥਿਰਤਾ ਵੱਲ ਲਿਜਾਣ ਦੇ ਲਈ ਲੱਖਾਂ ਭਾਰਤੀਆਂ ਦੁਆਰਾ ਉਨ੍ਹਾਂ ‘ਤੇ ਰੱਖੇ ਗਏ ਭਰੋਸੇ ਨੂੰ ਰੇਖਾਂਕਿਤ ਕਰਦਾ ਹੈ।
ਆਜ਼ਾਦੀ ਤੋਂ ਬਾਅਦ ਪੈਦਾ ਲੈਣ ਵਾਲੇ ਪਹਿਲੇ ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਪਹਿਲਾਂ 2014 ਤੋਂ 2019 ਤੱਕ ਅਤੇ 2019 ਤੋਂ 2024 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਅਕਤੂਬਰ 2001 ਤੋਂ ਮਈ 2014 ਤੱਕ ਦੇ ਸਭ ਤੋਂ ਲੰਬੇ ਸਮੇਂ ਲਈ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦਾ ਮਾਣ ਵੀ ਪ੍ਰਾਪਤ ਹੈ।
ਸੰਨ 2014 ਅਤੇ 2019 ਦੀਆਂ ਸੰਸਦੀ ਚੋਣਾਂ ਵਿੱਚ, ਸ਼੍ਰੀ ਮੋਦੀ ਦੀ ਅਗਵਾਈ ਹੇਠ, ਭਾਰਤੀ ਜਨਤਾ ਪਾਰਟੀ ਨੇ ਦੋਹਾਂ ਅਵਸਰਾਂ ‘ਤੇ ਪੂਰਨ ਬਹੁਮਤ ਹਾਸਲ ਕੀਤਾ। ਪਿਛਲੀ ਵਾਰ 1984 ਦੀਆਂ ਚੋਣਾਂ ਵਿੱਚ ਕਿਸੇ ਰਾਜਨੀਤਕ ਪਾਰਟੀ ਨੇ ਅਜਿਹਾ ਪੂਰਨ ਬਹੁਮਤ ਹਾਸਲ ਕੀਤਾ ਸੀ।
‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਆਦਰਸ਼ ਵਾਕ ਤੋਂ ਪ੍ਰੇਰਿਤ ਹੋ ਕੇ, ਸ਼੍ਰੀ ਮੋਦੀ ਨੇ ਸ਼ਾਸਨ ਵਿਵਸਥਾ ਵਿੱਚ ਇੱਕ ਅਜਿਹੇ ਬਦਲਾਅ ਦੀ ਸ਼ੁਰੂਆਤ ਕੀਤੀ ਜਿਸ ਸਦਕਾ ਸਮਾਵੇਸ਼ੀ, ਵਿਕਾਸ-ਮੁਖੀ ਅਤੇ ਭ੍ਰਿਸ਼ਟਾਚਾਰ- ਮੁਕਤ ਸ਼ਾਸਨ ਸੁਨਿਸ਼ਚਿਤ ਹੋਇਆ। ਪ੍ਰਧਾਨ ਮੰਤਰੀ ਨੇ ਅੰਤਯੋਦਯ ਦੇ ਉਦੇਸ਼ ਨੂੰ ਸਾਕਾਰ ਕਰਨ, ਜਾਂ ਸਰਕਾਰ ਦੀਆਂ ਸਕੀਮਾਂ ਅਤੇ ਸੇਵਾਵਾਂ ਦੀ ਲਾਸਟ-ਮਾਇਲ ਡਿਲਿਵਰੀ ਸੁਨਿਸ਼ਚਿਤ ਕਰਨ ਲਈ ਸਪੀਡ ਅਤੇ ਸਕੇਲ (ਗਤੀ ਅਤੇ ਪੈਮਾਨੇ) ਨਾਲ ਕੰਮ ਕੀਤਾ ਹੈ।
ਪ੍ਰਮੁੱਖ ਅੰਤਰਰਾਸ਼ਟਰੀ ਏਜੰਸੀਆਂ ਨੇ ਇਹ ਮੰਨਿਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਰਿਕਾਰਡ ਗਤੀ ਨਾਲ ਗ਼ਰੀਬੀ ਨੂੰ ਸਮਾਪਤ ਕਰ ਰਿਹਾ ਹੈ। ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ‘2005-06 ਤੋਂ ਭਾਰਤ ਵਿੱਚ ਬਹੁ-ਆਯਾਮੀ ਗ਼ਰੀਬੀ’ ਦੇ ਨਤੀਜਿਆਂ ਦੇ ਅਨੁਸਾਰ, ਪਿਛਲੇ ਨੌਂ ਵਰ੍ਹਿਆਂ ਵਿੱਚ ਲਗਭਗ 25 ਕਰੋੜ ਲੋਕ ਬਹੁ-ਆਯਾਮੀ ਗ਼ਰੀਬੀ ਤੋਂ ਬਾਹਰ ਨਿਕਲ ਆਏ ਹਨ। ਇਸ ਜ਼ਿਕਰਯੋਗ ਉਪਲਬਧੀ ਦਾ ਕ੍ਰੈਡਿਟ ਗ਼ਰੀਬੀ ਦੇ ਸਾਰੇ ਆਯਾਮਾਂ ਨੂੰ ਹੱਲ ਕਰਨ ਦੇ ਲਈ ਸਰਕਾਰ ਦੀਆਂ ਮਹੱਤਵਪੂਰਨ ਪਹਿਲਾਂ ਨੂੰ ਜਾਂਦਾ ਹੈ।
ਅੱਜ, ਭਾਰਤ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਸੰਭਾਲ਼ ਪ੍ਰੋਗਰਾਮ, ਆਯੁਸ਼ਮਾਨ ਭਾਰਤ ਚਲ ਰਿਹਾ ਹੈ। ਆਯੁਸ਼ਮਾਨ ਭਾਰਤ 50 ਕਰੋੜ ਤੋਂ ਅਧਿਕ ਭਾਰਤੀਆਂ ਨੂੰ ਕਵਰ ਕਰਦੇ ਹੋਏ, ਗ਼ਰੀਬ ਅਤੇ ਨਵ-ਮੱਧ ਵਰਗ ਨੂੰ ਉੱਚ ਗੁਣਵੱਤਾ ਵਾਲੀ ਅਤੇ ਕਿਫ਼ਾਇਤੀ ਸਿਹਤ ਸੰਭਾਲ਼ ਸੁਨਿਸ਼ਚਿਤ ਕਰ ਰਿਹਾ ਹੈ।
ਦੁਨੀਆ ਦੀ ਸਭ ਤੋਂ ਪ੍ਰਤਿਸ਼ਠਿਤ ਸਿਹਤ ਰਸਾਲਿਆਂ ਵਿੱਚੋਂ ਇੱਕ ਲਾਂਸੇਟ ਨੇ ਆਯੁਸ਼ਮਾਨ ਭਾਰਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਇਹ ਯੋਜਨਾ ਭਾਰਤ ਦੇ ਸਿਹਤ ਖੇਤਰ ਨਾਲ ਜੁੜੀ ਵੱਡੀ ਅਸੰਤੁਸ਼ਟੀ ਨੂੰ ਦੂਰ ਕਰ ਰਹੀ ਹੈ। ਰਸਾਲੇ ਨੇ ਯੂਨੀਵਰਸਲ ਹੈਲਥ ਕਵਰੇਜ ਨੂੰ ਪ੍ਰਾਥਮਿਕਤਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਦੇਸ਼ ਦੀ ਵਿੱਤੀ ਧਾਰਾ ਤੋਂ ਦੂਰ ਗ਼ਰੀਬਾਂ ਨੂੰ ਵਿੱਤੀ ਧਾਰਾ ਵਿੱਚ ਲਿਆਉਣ ਲਈ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਲਾਂਚ ਕੀਤੀ, ਜਿਸ ਦਾ ਉਦੇਸ਼ ਹਰੇਕ ਭਾਰਤੀ ਦਾ ਬੈਂਕ ਖਾਤਾ ਖੋਲ੍ਹਣਾ ਹੈ। ਹੁਣ ਤੱਕ, 51 ਕਰੋੜ ਤੋਂ ਅਧਿਕ ਜਨ ਧਨ ਖਾਤੇ ਖੋਲ੍ਹੇ ਗਏ ਹਨ। ਇਨ੍ਹਾਂ ਖਾਤਿਆਂ ਨੇ ਨਾ ਕੇਵਲ ਗ਼ਰੀਬਾਂ ਨੂੰ ਬੈਂਕ ਨਾਲ ਜੋੜਿਆ, ਬਲਕਿ ਸਸ਼ਕਤੀਕਰਨ ਦੇ ਹੋਰ ਰਸਤੇ ਵੀ ਖੋਲ੍ਹੇ ਹਨ।
ਜਨ ਧਨ ਤੋਂ ਇੱਕ ਕਦਮ ਅੱਗੇ ਵਧਦੇ ਹੋਏ, ਸ਼੍ਰੀ ਮੋਦੀ ਨੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਬੀਮਾ ਅਤੇ ਪੈਨਸ਼ਨ ਕਵਰ ਦੇ ਕੇ ਜਨ ਸੁਰਕਸ਼ਾ ‘ਤੇ ਜ਼ੋਰ ਦਿੱਤਾ। JAM ਟ੍ਰਿਨਿਟੀ (ਜਨ ਧਨ-ਆਧਾਰ-ਮੋਬਾਈਲ) ਨੇ ਵਿਚੋਲਿਆਂ ਨੂੰ ਸਮਾਪਤ ਕਰ ਦਿੱਤਾ ਹੈ ਅਤੇ ਟੈਕਨੋਲੋਜੀ ਰਾਹੀਂ ਪਾਰਦਰਸ਼ਿਤਾ ਅਤੇ ਗਤੀ ਸੁਨਿਸ਼ਚਿਤ ਕੀਤੇ ਹਨ।
ਪਹਿਲੀ ਵਾਰ, ਅਸੰਗਠਿਤ ਖੇਤਰ ਨਾਲ ਜੁੜੇ 42 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਹੁਣ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ ਧਨ ਯੋਜਨਾ ਦੇ ਤਹਿਤ ਪੈਨਸ਼ਨ ਕਵਰੇਜ ਮਿਲੀ ਹੈ। ਸੰਨ 2019 ਦੇ ਚੋਣ ਨਤੀਜਿਆਂ ਤੋਂ ਬਾਅਦ ਪਹਿਲੀ ਕੈਬਨਿਟ ਬੈਠਕ ਦੇ ਦੌਰਾਨ, ਵਪਾਰੀਆਂ ਦੇ ਲਈ ਵੀ ਅਜਿਹੀ ਪੈਨਸ਼ਨ ਯੋਜਨਾ ਦਾ ਐਲਾਨ ਕੀਤਾ ਗਿਆ ਸੀ।
ਸੰਨ 2016 ਵਿੱਚ ਗ਼ਰੀਬਾਂ ਨੂੰ ਮੁਫ਼ਤ ਰਸੋਈ ਗੈਸ ਕਨੈਕਸ਼ਨ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਲਾਂਚ ਕੀਤੀ ਗਈ ਸੀ। ਇਹ ਯੋਜਨਾ 10 ਕਰੋੜ ਤੋਂ ਅਧਿਕ ਲਾਭਾਰਥੀਆਂ ਨੂੰ ਧੂੰਆਂ-ਮੁਕਤ ਰਸੋਈਆਂ ਪ੍ਰਦਾਨ ਕਰਨ ਵਿੱਚ ਇੱਕ ਵੱਡਾ ਕਦਮ ਸਾਬਤ ਹੋਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਲਾਭਾਰਥੀ ਮਹਿਲਾਵਾਂ ਹਨ।
ਆਜ਼ਾਦੀ ਦੇ 70 ਵਰ੍ਹਿਆਂ ਬਾਅਦ ਵੀ ਜਿਨ੍ਹਾਂ 18,000 ਪਿੰਡਾਂ ਵਿੱਚ ਬਿਜਲੀ ਨਹੀਂ ਸੀ, ਉੱਥੇ ਬਿਜਲੀ ਪਹੁੰਚਾਈ ਗਈ ਹੈ।
ਸ਼੍ਰੀ ਮੋਦੀ ਦਾ ਮੰਨਣਾ ਹੈ ਕਿ ਕੋਈ ਵੀ ਭਾਰਤੀ ਬੇਘਰ ਨਹੀਂ ਹੋਣਾ ਚਾਹੀਦਾ ਅਤੇ ਇਸ ਵਿਜ਼ਨ ਨੂੰ ਸਾਕਾਰ ਕਰਨ ਦੇ ਲਈ, 2014 ਤੋਂ 2024 ਦੇ ਦਰਮਿਆਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 4.2 ਕਰੋੜ ਤੋਂ ਜ਼ਿਆਦਾ ਮਕਾਨਾਂ ਨੂੰ ਮਨਜ਼ੂਰੀ ਦਿੱਤੀ ਗਈ। ਜੂਨ 2024 ਵਿੱਚ, ਤੀਸਰੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ, ਕੈਬਨਿਟ ਦੇ ਪਹਿਲੇ ਫ਼ੈਸਲਿਆਂ ਵਿੱਚੋਂ ਇੱਕ ਸੀ ਮਕਾਨਾਂ ਦੇ ਨਿਰਮਾਣ ਦੇ ਲਈ 3 ਕਰੋੜ ਅਤਿਰਿਕਤ ਗ੍ਰਾਮੀਣ ਅਤੇ ਸ਼ਹਿਰੀ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨਾ, ਜੋ ਦੇਸ਼ ਦੀਆਂ ਆਵਾਸ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਹਰੇਕ ਨਾਗਰਿਕ ਦੇ ਲਈ ਸਨਮਾਨ ਅਤੇ ਗੁਣਵੱਤਾਪੂਰਨ ਜੀਵਨ ਸੁਨਿਸ਼ਚਿਤ ਕਰਨ ਵਾਸਤੇ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਖੇਤੀਬਾੜੀ ਇੱਕ ਅਜਿਹਾ ਖੇਤਰ ਹੈ ਜੋ ਸ਼੍ਰੀ ਨਰੇਂਦਰ ਮੋਦੀ ਦੇ ਬਹੁਤ ਕਰੀਬ ਹੈ। ਸੰਨ 2019 ਦੇ ਅੰਤ੍ਰਿਮ ਬਜਟ ਦੌਰਾਨ, ਸਰਕਾਰ ਨੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨਾਮੀ ਇੱਕ ਮਾਲੀ ਸਹਾਇਤਾ ਯੋਜਨਾ ਦਾ ਐਲਾਨ ਕੀਤਾ। ਲਗਭਗ 3 ਸਪਤਾਹ ਵਿੱਚ, 24 ਫਰਵਰੀ 2019 ਨੂੰ, ਯੋਜਨਾ ਲਾਂਚ ਕੀਤੀ ਗਈ ਸੀ ਅਤੇ ਉਦੋਂ ਤੋਂ ਹੀ ਕਿਸ਼ਤਾਂ ਦਾ ਭੁਗਤਾਨ ਨਿਯਮਿਤ ਤੌਰ ‘ਤੇ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਦੂਸਰੇ ਕਾਰਜਕਾਲ ਦੀ ਪਹਿਲੀ ਕੈਬਨਿਟ ਬੈਠਕ ਦੌਰਾਨ, ਇਸ ਯੋਜਨਾ ਵਿੱਚ 5 ਏਕੜ ਦੀ ਸੀਮਾ ਹਟਾਉਂਦੇ ਹੋਏ, ਸਾਰੇ ਕਿਸਾਨਾਂ ਨੂੰ ਪੀਐੱਮ ਕਿਸਾਨ (PM-KISAN) ਯੋਜਨਾ ਦੇ ਲਾਭ ਦੇਣ ਦਾ ਫ਼ੈਸਲਾ ਕੀਤਾ ਗਿਆ। ਜੂਨ 2024 ਤੱਕ, ਸ਼੍ਰੀ ਮੋਦੀ ਨੇ ਵਾਰਾਣਸੀ ਵਿਖੇ ਪੀਐੱਮ ਕਿਸਾਨ (PM-KISAN) ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕੀਤੀ, ਜਿਸ ਵਿੱਚ 9.2 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ 20,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਲਾਭ ਮਿਲਿਆ।
ਸ਼੍ਰੀ ਮੋਦੀ ਨੇ ਸੌਇਲ ਹੈਲਥ ਕਾਰਡ (ਭੂਮੀ ਸਿਹਤ ਕਾਰਡ), ਬਿਹਤਰ ਮਾਰਕਿਟਾਂ ਲਈ ਈ-ਨਾਮ (E-NAM) ਅਤੇ ਸਿੰਚਾਈ ‘ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕਰਨ ਜਿਹੇ ਕਿਸਾਨ ਭਲਾਈ ਦੀ ਦਿਸ਼ਾ ਵਿੱਚ ਕਈ ਉਪਰਾਲੇ ਵੀ ਸ਼ੁਰੂ ਕੀਤੇ ਹਨ। ਪ੍ਰਧਾਨ ਮੰਤਰੀ ਨੇ 30 ਮਈ 2019 ਨੂੰ ਜਲ ਸੰਸਾਧਨਾਂ ਨਾਲ ਸਬੰਧਿਤ ਸਾਰੇ ਪਹਿਲੂਆਂ ਦੀ ਦੇਖਰੇਖ ਕਰਨ ਲਈ ਇੱਕ ਨਵਾਂ ਜਲ ਸ਼ਕਤੀ ਮੰਤਰਾਲਾ ਬਣਾਕੇ ਇੱਕ ਵੱਡਾ ਵਾਅਦਾ ਪੂਰਾ ਕੀਤਾ।
ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ‘ਤੇ, 2 ਅਕਤੂਬਰ 2014 ਨੂੰ ਪ੍ਰਧਾਨ ਮੰਤਰੀ ਨੇ ਪੂਰੇ ਰਾਸ਼ਟਰ ਵਿੱਚ ਸਵੱਛਤਾ ਨੂੰ ਹੁਲਾਰਾ ਦੇਣ ਲਈ ‘ਸਵੱਛ ਭਾਰਤ ਮਿਸ਼ਨ’ ਸ਼ੁਰੂ ਕੀਤਾ। ਇਸ ਜਨ ਅੰਦੋਲਨ ਦਾ ਵੱਡੇ ਪੈਮਾਨੇ ‘ਤੇ ਇਤਿਹਾਸਿਕ ਪ੍ਰਭਾਵ ਪਿਆ ਹੈ। ਸੰਨ 2014 ਵਿੱਚ ਸਵੱਛਤਾ ਕਵਰੇਜ 38% ਸੀ, ਜੋ ਅੱਜ ਵਧਕੇ 100% ਹੋ ਗਈ ਹੈ। ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਖੁੱਲ੍ਹੇ ‘ਚ ਪਖਾਨੇ ਜਾਣ ਤੋਂ ਮੁਕਤ (ਓਡੀਐੱਫ) ਐਲਾਨਿਆ ਗਿਆ ਹੈ। ਸਵੱਛ ਗੰਗਾ ਲਈ ਠੋਸ ਉਪਾਅ ਕੀਤੇ ਗਏ ਹਨ।
ਵਿਸ਼ਵ ਸਿਹਤ ਸੰਗਠਨ ਨੇ ਸਵੱਛ ਭਾਰਤ ਮਿਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ 3 ਲੱਖ ਲੋਕਾਂ ਦੀ ਜਾਨ ਬਚ ਸਕਦੀ ਹੈ।
ਸ਼੍ਰੀ ਮੋਦੀ ਦਾ ਮੰਨਣਾ ਹੈ ਕਿ ਟ੍ਰਾਂਸਪੋਰਟੇਸ਼ਨ ਪਰਿਵਰਤਨ ਵੱਲ ਇੱਕ ਮਹੱਤਵਪੂਰਨ ਸਾਧਨ ਹੈ। ਇਸ ਲਈ ਭਾਰਤ ਸਰਕਾਰ ਹਾਈਵੇ, ਰੇਲਵੇ, ਆਈ-ਵੇ ਅਤੇ ਵਾਟਰ-ਵੇ ਦੇ ਰੂਪ ਵਿੱਚ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਨੂੰ ਬਣਾਉਣ ਲਈ ਕੰਮ ਕਰ ਰਹੀ ਹੈ। ਉਡਾਨ-UDAN (ਉਡੇ ਦੇਸ਼ ਕਾ ਆਮ ਨਾਗਰਿਕ) ਯੋਜਨਾ ਨੇ ਹਵਾਬਾਜ਼ੀ ਖੇਤਰ ਨੂੰ ਲੋਕਾਂ ਦੇ ਵਧੇਰੇ ਅਨੁਕੂਲ ਬਣਾਇਆ ਅਤੇ ਕਨੈਕਟੀਵਿਟੀ ਨੂੰ ਹੁਲਾਰਾ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਅੰਤਰਰਾਸ਼ਟਰੀ ਨਿਰਮਾਣ ਪਾਵਰ ਹਾਊਸ ਬਣਾਉਣ ਲਈ ‘ਮੇਕ ਇਨ ਇੰਡੀਆ’ ਪਹਿਲ ਲਾਂਚ ਕੀਤੀ। ਇਸ ਯਤਨ ਨਾਲ ਪਰਿਵਰਤਨਕਾਰੀ ਨਤੀਜੇ ਸਾਹਮਣੇ ਆਏ ਹਨ। ਭਾਰਤ ਨੇ ‘ਈਜ਼ ਆਵ੍ ਡੂਇੰਗ ਬਿਜ਼ਨਸ’ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ, 2014 ਵਿੱਚ ਭਾਰਤ ਦੀ ਰੈਂਕਿੰਗ 142 ਸੀ, 2019 ਵਿੱਚ ਇਹ ਸੁਧਰ ਕੇ 63 ਹੋ ਗਈ ਹੈ। ਸੰਨ 2017 ਵਿੱਚ ਸੰਸਦ ਦੇ ਇੱਕ ਇਤਿਹਾਸਿਕ ਸੈਸ਼ਨ ਦੌਰਾਨ ਭਾਰਤ ਸਰਕਾਰ ਨੇ ਜੀਐੱਸਟੀ ਲਾਗੂ ਕੀਤਾ, ਜਿਸ ਨੇ “ਇੱਕ ਰਾਸ਼ਟਰ, ਇੱਕ ਟੈਕਸ” ਦੇ ਸੁਪਨੇ ਨੂੰ ਸਾਕਾਰ ਕੀਤਾ ਹੈ।
ਉਨ੍ਹਾਂ ਦੇ ਕਾਰਜਕਾਲ ਦੌਰਾਨ, ਭਾਰਤ ਦੇ ਸਮ੍ਰਿੱਧ (ਅਮੀਰ) ਇਤਿਹਾਸ ਅਤੇ ਸੱਭਿਆਚਾਰ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਤਿਮਾ ‘ਸਟੈਚੂ ਆਵ੍ ਯੂਨਿਟੀ’ ਬਣਾਈ ਗਈ, ਜੋ ਸਰਦਾਰ ਪਟੇਲ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ। ਇਸ ਪ੍ਰਤਿਮਾ ਨੂੰ ਇੱਕ ਵਿਸ਼ੇਸ਼ ਜਨ ਅੰਦੋਲਨ ਰਾਹੀਂ ਬਣਾਇਆ ਗਿਆ ਸੀ, ਜਿਸ ਵਿੱਚ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿਸਾਨਾਂ ਦੇ ਸੰਦਾਂ ਅਤੇ ਮਿੱਟੀ ਦਾ ਇਸਤੇਮਾਲ ਕੀਤਾ ਗਿਆ ਸੀ, ਜੋ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਵਾਤਾਵਰਣ ਨਾਲ ਸਬੰਧਿਤ ਮੁੱਦਿਆਂ ਨਾਲ ਗਹਿਰਾ ਲਗਾਅ ਹੈ। ਉਨ੍ਹਾਂ ਨੇ ਕਈ ਵਾਰ ਸਵੱਛ ਅਤੇ ਹਰਾ-ਭਰਾ ਗ੍ਰਹਿ ਸਿਰਜਨ ਲਈ ਮਿਲ-ਜੁਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ।
ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ, ਸ਼੍ਰੀ ਮੋਦੀ ਨੇ ਜਲਵਾਯੂ ਪਰਿਵਰਤਨ ਦੇ ਇਨੋਵੇਟਿਵ ਸਮਾਧਾਨ ਤਿਆਰ ਕਰਨ ਲਈ ਅਲੱਗ ਜਲਵਾਯੂ ਪਰਿਵਰਤਨ ਵਿਭਾਗ ਸਿਰਜਿਆ। ਇਹ ਭਾਵਨਾ ਪੈਰਿਸ ਵਿੱਚ 2015 ਦੇ COP21 ਸਮਿਟ ਵਿੱਚ ਦੇਖੀ ਗਈ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਉੱਚ ਪੱਧਰੀ ਵਿਚਾਰ-ਵਟਾਂਦਰੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਜਲਵਾਯੂ ਪਰਿਵਰਤਨ ਤੋਂ ਇੱਕ ਕਦਮ ਅੱਗੇ ਵਧਕੇ, ਪ੍ਰਧਾਨ ਮੰਤਰੀ ਮੋਦੀ ਨੇ ਜਲਵਾਯੂ ਨਿਆਂ ਬਾਰੇ ਗੱਲ ਕੀਤੀ ਹੈ। ਇੱਕ ਬਿਹਤਰ ਗ੍ਰਹਿ ਲਈ ਸੌਰ ਊਰਜਾ ਦੀ ਵਰਤੋਂ ਕਰਨ ਵਾਸਤੇ ਇੱਕ ਅਭਿਨਵ (ਇਨੋਵੇਟਿਵ) ਯਤਨ-ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਲਾਂਚ ਲਈ 2018 ਵਿੱਚ ਕਈ ਰਾਸ਼ਟਰਾਂ ਦੇ ਮੁਖੀ ਭਾਰਤ ਆਏ।
ਵਾਤਾਵਰਣ ਦੀ ਸੰਭਾਲ਼ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਨੂੰ ਮਾਨਤਾ ਦਿੰਦਿਆਂ, ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ‘ਚੈਂਪੀਅਨਸ ਆਵ੍ ਅਰਥ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਜਲਵਾਯੂ ਪਰਿਵਰਤਨ ਕਰਕੇ ਸਾਡਾ ਗ੍ਰਹਿ ਕੁਦਰਤੀ ਆਫ਼ਤਾਂ ਨਾਲ ਜੂਝ ਰਿਹਾ ਹੈ, ਇਸ ਤੱਥ ਪ੍ਰਤੀ ਪੂਰੀ ਤਰ੍ਹਾਂ ਨਾਲ ਸੰਵੇਦਨਸ਼ੀਲ, ਸ਼੍ਰੀ ਮੋਦੀ ਨੇ ਟੈਕਨੋਲੋਜੀ ਦੀ ਸ਼ਕਤੀ ਅਤੇ ਮਾਨਵ ਸੰਸਾਧਨਾਂ ਦੀ ਤਾਕਤ ਦੇ ਉਚਿਤ ਇਸਤੇਮਾਲ ਦੇ ਰੂਪ ‘ਚ ਆਪਦਾ ਪ੍ਰਬੰਧਨ ਪ੍ਰਤੀ ਇੱਕ ਨਵੀਂ ਪਹੁੰਚ ਲਿਆਂਦੀ ਹੈ। ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ‘ਚ, ਉਨ੍ਹਾਂ ਨੇ 26 ਜਨਵਰੀ, 2001 ਨੂੰ ਵਿਨਾਸ਼ਕਾਰੀ ਭੁਚਾਲ ਨਾਲ ਤਬਾਹ ਹੋਏ ਗੁਜਰਾਤ ਨੂੰ ਬਦਲ ਦਿੱਤਾ। ਇਸੇ ਤਰ੍ਹਾਂ, ਉਨ੍ਹਾਂ ਨੇ ਗੁਜਰਾਤ ਵਿੱਚ ਹੜ੍ਹਾਂ ਅਤੇ ਸੋਕੇ ਨਾਲ ਨਜਿੱਠਣ ਲਈ ਨਵੀਆਂ ਪ੍ਰਣਾਲੀਆਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸ਼ੰਸਾ ਹੋਈ।
ਪ੍ਰਸ਼ਾਸਨਿਕ ਸੁਧਾਰਾਂ ਰਾਹੀਂ, ਸ਼੍ਰੀ ਮੋਦੀ ਨੇ ਨਾਗਰਿਕਾਂ ਲਈ ਨਿਆਂ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ। ਗੁਜਰਾਤ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ, ਉਨ੍ਹਾਂ ਨੇ ਸ਼ਾਮ ਦੀਆਂ ਅਦਾਲਤਾਂ ਸ਼ੁਰੂ ਕੀਤੀਆਂ। ਕੇਂਦਰ ਵਿੱਚ, ਉਨ੍ਹਾਂ ਨੇ ਵਿਕਾਸ ਵਿੱਚ ਦੇਰੀ ਕਰ ਰਹੇ ਲੰਬਿਤ ਪ੍ਰੋਜੈਕਟਾਂ ਨੂੰ ਛੇਤੀ ਪੂਰਾ ਕਰਨ ਲਈ ਪ੍ਰਗਤੀ- PRAGATI (ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ) ਸ਼ੁਰੂ ਕੀਤਾ।
ਸ਼੍ਰੀ ਮੋਦੀ ਦੀ ਵਿਦੇਸ਼ ਨੀਤੀ ਦੀ ਪਹਿਲ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਸਲ ਸਮਰੱਥਾ ਅਤੇ ਭੂਮਿਕਾ ਨੂੰ ਮਹਿਸੂਸ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਰਕ (SAARC) ਦੇਸ਼ਾਂ ਦੇ ਸਾਰੇ ਮੁਖੀਆਂ ਦੀ ਹਾਜ਼ਰੀ ਵਿੱਚ ਆਪਣਾ ਪਹਿਲਾ ਕਾਰਜਕਾਲ ਸ਼ੁਰੂ ਕੀਤਾ ਅਤੇ ਦੂਜੇ ਦੀ ਸ਼ੁਰੂਆਤ ਵਿੱਚ ਬਿਮਸਟੈੱਕ (BIMSTEC) ਨੇਤਾਵਾਂ ਨੂੰ ਸੱਦਾ ਦਿੱਤਾ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਉਨ੍ਹਾਂ ਦੇ ਸੰਬੋਧਨ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋਈ। ਪ੍ਰਧਾਨ ਮੰਤਰੀ ਮੋਦੀ 17 ਸਾਲ ਦੇ ਇੱਕ ਲੰਬੇ ਅਰਸੇ ਦੇ ਬਾਅਦ ਨੇਪਾਲ, 28 ਸਾਲ ਬਾਅਦ ਆਸਟ੍ਰੇਲੀਆ, 31 ਸਾਲ ਬਾਅਦ ਫਿਜੀ ਅਤੇ 34 ਸਾਲ ਬਾਅਦ ਸੇਸ਼ੇਲਸ ਅਤੇ ਯੂਏਈ ਦੇ ਦੌਰੇ ‘ਤੇ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਅਹੁਦਾ ਸੰਭਾਲਣ ਦੇ ਬਾਅਦ ਤੋਂ ਸ਼੍ਰੀ ਮੋਦੀ ਨੇ ਸੰਯੁਕਤ ਰਾਸ਼ਟਰ, ਬ੍ਰਿਕਸ, ਸਾਰਕ ਅਤੇ ਜੀ-20 ਸਿਖਰ ਸੰਮੇਲਨਾਂ ਵਿੱਚ ਹਿੱਸਾ ਲਿਆ, ਜਿੱਥੇ ਕਈ ਗਲੋਬਲ ਆਰਥਿਕ ਅਤੇ ਰਾਜਨੀਤਕ ਮੁੱਦਿਆਂ ‘ਤੇ ਭਾਰਤ ਦੇ ਵਿਚਾਰਾਂ ਦੀ ਵਿਆਪਕ ਸ਼ਲਾਘਾ ਕੀਤੀ ਗਈ।
ਪ੍ਰਧਾਨ ਮੰਤਰੀ ਨੂੰ ਸਾਊਦੀ ਅਰਬ ਦੇ ਸਰਬਉੱਚ ਨਾਗਰਿਕ ਸਨਮਾਨ ‘ਸੈਸ਼ ਆਵ੍ ਕਿੰਗ ਅਬਦੁਲਅਜ਼ੀਜ਼’ ਨਾਲ ਸਨਮਾਨਿਤ ਕੀਤਾ ਗਿਆ। ਸ਼੍ਰੀ ਮੋਦੀ ਨੂੰ ਰੂਸ ਦੇ ਸਭ ਤੋਂ ਵੱਡੇ ਸਨਮਾਨ (ਦ ਆਰਡਰ ਆਵ੍ ਦ ਹੋਲੀ ਅਪੌਸਲ ਐਂਡ੍ਰਿਊ ਦ ਫਸਟ), ਫਲਸਤੀਨ ਦੇ (ਗ੍ਰੈਂਡ ਕਾਲਰ ਆਵ੍ ਦ ਸਟੇਟ ਆਵ੍ ਪੈਲਸਟਾਇਨ), ਅਫ਼ਗ਼ਾਨਿਸਤਾਨ ਦੇ (ਅਮੀਰ ਅਮਾਨੁੱਲਾਹ ਖ਼ਾਨ ਅਵਾਰਡ), ਸੰਯੁਕਤ ਅਰਬ ਅਮੀਰਾਤ (ਯੂਏਈ) ਦੇ (ਜ਼ਾਯਦ ਮੈਡਲ), ਮਾਲਦੀਵ ਦੇ (ਰੂਲ ਆਵ੍ ਨਿਸ਼ਾਨ ਇੱਜ਼ੂਦੱਦੀਨ), ਬਹਿਰੀਨ ਦੇ (ਕਿੰਗ ਹਮਾਦ ਆਰਡਰ ਆਵ੍ ਦ ਰੇਨੇਸਨਸ), ਭੂਟਾਨ ਦੇ (ਆਰਡਰ ਆਵ੍ ਦ ਡਰੁਕ ਗਯਾਲਪੋ), ਪਾਪੂਆ ਨਿਊ ਗਿਨੀ ਦੇ (ਗ੍ਰੈਂਡ ਕੰਪੈਨੀਅਨ ਆਵ੍ ਦ ਆਰਡਰ ਆਵ੍ ਲੋਗੋਹੂ), ਫਿਜੀ ਦੇ (ਕੰਪੈਨੀਅਨ ਆਵ੍ ਦ ਆਰਡਰ ਆਵ੍ ਫਿਜੀ), ਮਿਸਰ ਦੇ (ਆਰਡਰ ਆਵ੍ ਨਾਇਲ), ਫਰਾਂਸ ਦੇ (ਗ੍ਰੈਂਡ ਕ੍ਰੌਸ ਆਵ੍ ਦ ਲੀਜਨ ਆਵ੍ ਆਨਰ), ਅਤੇ ਗ੍ਰੀਸ ਦੇ (ਦ ਗ੍ਰੈਂਡ ਕ੍ਰੌਸ ਆਵ੍ ਦ ਆਰਡਰ ਆਵ੍ ਆਨਰ) ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੰਨ 2018 ਵਿੱਚ, ਪ੍ਰਧਾਨ ਮੰਤਰੀ ਮੋਦੀ ਨੂੰ ਸ਼ਾਂਤੀ ਅਤੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪ੍ਰਤਿਸ਼ਠਿਤ ਸਿਓਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੁਆਰਾ ਗਲੋਬਲ ਗੋਲਕੀਪਰ ਅਵਾਰਡ, ਅਤੇ ਕੈਮਬ੍ਰਿਜ ਐਨਰਜੀ ਰਿਸਰਚ ਐਸੋਸੀਏਟਸ ਦੁਆਰਾ ਗਲੋਬਲ ਐਨਰਜੀ ਐਂਡ ਇਨਵਾਇਰਮੈਂਟ ਲੀਡਰਸ਼ਿਪ ਅਵਾਰਡ ਵੀ ਮਿਲਿਆ ਹੈ।
‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਉਣ ਦੇ ਨਰੇਂਦਰ ਮੋਦੀ ਦੇ ਸਪਸ਼ਟ ਤੇ ਉੱਚੇ ਸੱਦੇ ਨੂੰ ਸੰਯੁਕਤ ਰਾਸ਼ਟਰ ਵਿੱਚ ਚੰਗਾ ਹੁੰਗਾਰਾ ਮਿਲਿਆ। ਪਹਿਲੀ ਵਾਰ, ਸੰਯੁਕਤ ਰਾਸ਼ਟਰ ਵਿੱਚ ਦੁਨੀਆ ਭਰ ਦੇ ਕੁੱਲ 177 ਰਾਸ਼ਟਰਾਂ ਨੇ ਇਕੱਠੇ ਹੋ ਕੇ 21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਐਲਾਨ ਕਰਨ ਦਾ ਪ੍ਰਸਤਾਵ ਪਾਸ ਕੀਤਾ।
ਸ਼੍ਰੀ ਮੋਦੀ ਦਾ ਜਨਮ 17 ਸਤੰਬਰ 1950 ਨੂੰ ਗੁਜਰਾਤ ਦੇ ਛੋਟੇ ਜਿਹੇ ਸ਼ਹਿਰ ਵਿੱਚ ਹੋਇਆ। ਉਨ੍ਹਾਂ ਦਾ ਪਰਿਵਾਰ ‘ਹੋਰ ਪਿਛੜੇ ਵਰਗ’ ਨਾਲ ਸਬੰਧਿਤ ਹੈ, ਜੋ ਸਮਾਜ ਦੇ ਹਾਸ਼ੀਏ ‘ਤੇ ਪਏ ਵਰਗਾਂ ਵਿੱਚੋਂ ਇੱਕ ਹੈ। ਉਹ ਗ਼ਰੀਬ ਲੇਕਿਨ ਸਨੇਹਪੂਰਨ ਪਰਿਵਾਰ ਵਿੱਚ ਵੱਡੇ ਹੋਏ। ਜੀਵਨ ਦੀਆਂ ਸ਼ੁਰੂਆਤੀ ਕਠਿਨਾਈਆਂ ਨੇ ਨਾ ਕੇਵਲ ਉਨ੍ਹਾਂ ਨੂੰ ਕਠਿਨ ਮਿਹਨਤ ਦਾ ਮੁੱਲ ਸਿਖਾਇਆ ਬਲਕਿ ਉਨ੍ਹਾਂ ਨੂੰ ਆਮ ਲੋਕਾਂ ਦੇ ਦੁਖਾਂ ਤੋਂ ਵੀ ਜਾਣੂ ਕਰਵਾਇਆ। ਇਸ ਨੇ ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਆਪਣੇ ਆਪ ਨੂੰ ਲੋਕਾਂ ਅਤੇ ਰਾਸ਼ਟਰ ਦੀ ਸੇਵਾ ਵਿੱਚ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ। ਸ਼ੁਰੂਆਤੀ ਸਾਲਾਂ ਵਿੱਚ, ਉਨ੍ਹਾਂ ਨੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਰਾਸ਼ਟਰਵਾਦੀ ਸੰਗਠਨ, ਰਾਸ਼ਟਰੀਯ ਸਵਯੰਸੇਵਕ ਸੰਘ (ਆਰਐੱਸਐੱਸ) ਨਾਲ ਕਾਰਜ ਕੀਤਾ ਅਤੇ ਬਾਅਦ ਵਿੱਚ ਰਾਸ਼ਟਰੀ ਤੇ ਰਾਜ ਪੱਧਰ ‘ਤੇ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਵਿੱਚ ਕੰਮ ਕਰਨ ਲਈ ਆਪਣੇ ਆਪ ਨੂੰ ਰਾਜਨੀਤੀ ‘ਚ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਗੁਜਰਾਤ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਐੱਮਏ ਕੀਤੀ।
ਨਰੇਂਦਰ ਮੋਦੀ ‘ਲੋਕਾਂ ਦੇ ਨੇਤਾ’ ਹਨ ਅਤੇ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੀ ਭਲਾਈ (ਸਲਾਮਤੀ) ਸੁਧਾਰਨ ਲਈ ਸਮਰਪਿਤ ਹਨ। ਲੋਕਾਂ ਵਿੱਚ ਰਹਿਣ, ਉਨ੍ਹਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਅਤੇ ਉਨ੍ਹਾਂ ਦੇ ਦੁਖਾਂ ਨੂੰ ਦੂਰ ਕਰਨ ਨਾਲੋਂ ਕੁਝ ਵੀ ਉਨ੍ਹਾਂ ਲਈ ਹੋਰ ਸੰਤੋਖਜਨਕ ਨਹੀਂ ਹੈ। ਜ਼ਮੀਨੀ ਪੱਧਰ ‘ਤੇ ਉਨ੍ਹਾਂ ਦਾ ਲੋਕਾਂ ਨਾਲ ਇੱਕ ਮਜ਼ਬੂਤ ‘ਪਰਸਨਲ ਕਨੈਕਟ’ ਤਾਂ ਹੈ ਹੀ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੀ ਮਜ਼ਬੂਤ ਹਾਜ਼ਰੀ ਹੈ। ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਜ਼ਿਆਦਾ ਟੈਕਨੋ-ਸੈਵੀ ਨੇਤਾ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਉਹ ਲੋਕਾਂ ਤੱਕ ਪਹੁੰਚਣ ਅਤੇ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਉਹ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਸਾਊਂਡ ਕਲਾਊਡ, ਲਿੰਕਡਿਨ, ਵੀਬੋ ਅਤੇ ਹੋਰ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਬਹੁਤ ਸਰਗਰਮ ਹਨ।
ਰਾਜਨੀਤੀ ਤੋਂ ਪਰੇ, ਨਰੇਂਦਰ ਮੋਦੀ ਨੂੰ ਲਿਖਣਾ ਪਸੰਦ ਹੈ। ਉਨ੍ਹਾਂ ਨੇ ਕਈ ਕਵਿਤਾਵਾਂ ਅਤੇ ਕਈ ਕਿਤਾਬਾਂ ਲਿਖੀਆਂ ਹਨ। ਉਹ ਆਪਣੇ ਦਿਨ ਦੀ ਸ਼ੁਰੂਆਤ ਯੋਗ ਨਾਲ ਕਰਦੇ ਹਨ, ਜੋ ਤੇਜ਼ ਗਤੀ ਨਾਲ ਚਲਣ ਵਾਲੀ ਰੁਟੀਨ ਵਿੱਚ, ਉਨ੍ਹਾਂ ਦੇ ਤਨ ਤੇ ਮਨ ਨੂੰ ਮਜ਼ਬੂਤ ਬਣਾਉਂਦਾ ਅਤੇ ਸ਼ਾਂਤੀ ਦੀ ਸ਼ਕਤੀ ਚਿੱਤ ‘ਚ ਸਮਾਉਂਦਾ ਹੈ।
http://www.narendramodi.in/categories/timeline
http://www.narendramodi.in/humble-beginnings-the-early-years
http://www.narendramodi.in/the-activist
http://www.narendramodi.in/organiser-par-excellence-man-with-the-midas-touch