ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਕਿਸੇ ਵੀ ਲੋਕ-ਪੱਖੀ ਸਰਕਾਰ ਦੇ ਦੋ ਬੁਨਿਆਦੀ ਥੰਮ੍ਹ ਹਨ। ਪਾਰਦਰਸ਼ਤਾ ਅਤੇ ਜਵਾਬਦੇਹੀ ਨਾ ਕੇਵਲ ਲੋਕਾਂ ਨੂੰ ਹੋਰ ਨੇੜੇ ਲਿਆ ਕੇ ਸਰਕਾਰ ਨਾਲ ਜੋੜਦੇ ਹਨ, ਸਗੋਂ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਸਮਾਨ ਢੰਗ ਨਾਲ ਅਹਿਮ ਭਾਗੀਦਾਰ ਵੀ ਬਣਾਉਂਦੇ ਹਨ।
ਮੁੱਖ ਮੰਤਰੀ ਵਜੋਂ ਆਪਣੇ ਚਾਰ ਕਾਰਜ-ਕਾਲਾਂ ਦੌਰਾਨ ਮੁੱਖ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਖੁੱਲ੍ਹੇ ਅਤੇ ਪਾਰਦਰਸ਼ੀ ਸ਼ਾਸਨ ਪ੍ਰਤੀ ਆਪਣੀ ਦ੍ਰਿੜ੍ਹ ਪ੍ਰਤੀਬੱਧਤਾ ਵਿਖਾਈ। ਨਿਯਮ ਅਤੇ ਨੀਤੀਆਂ ਏ.ਸੀ. ਚੈਂਬਰਾਂ ਵਿੱਚ ਬੈਠ ਕੇ ਨਹੀਂ, ਸਗੋਂ ਲੋਕਾਂ ਵਿੱਚ ਜਾ ਕੇ ਬਣਾਈਆਂ ਗਈਆਂ। ਲੋਕਾਂ ਲਈ ਨੀਤੀਆਂ ਦੇ ਖਰੜੇ ਆੱਨਲਾਈਨ ਕੀਤੇ, ਤਾਂ ਜੋ ਉਹ ਆਪਣੀਆਂ ਪ੍ਰਤੀਕਿਰਿਆਵਾਂ ਅਤੇ ਸੁਝਾਅ ਦੇ ਸਕਣ। ਇਸ ਦੇ ਨਾਲ ਹੀ ‘ਗ਼ਰੀਬ ਭਲਾਈ ਮੇਲਿਆਂ’ ਜਿਹੀਆਂ ਪਹਿਲਕਦਮੀਆਂ ਕੀਤੀਆਂ ਗਈਆਂ, ਤਾਂ ਜੋ ਲਾਲ ਫ਼ੀਤਾਸ਼ਾਹੀ ਤੋਂ ਬਗ਼ੈਰ ਵਿਕਾਸ ਦੇ ਲਾਭ ਗ਼ਰੀਬਾਂ ਤੱਕ ਸਿੱਧੇ ਪੁੱਜ ਸਕਣ। ਇੱਕ ਹੋਰ ਉਦਾਹਰਨ ‘ਵਨ-ਡੇਅ ਗਵਰਨੈਂਸ’ ਮਾੱਡਲ ਹੈ, ਜਿਸ ਵਿੱਚ ਈ-ਗਵਰਨੈਂਸ ਬੁਨਿਆਦੀ ਢਾਂਚੇ ਰਾਹੀਂ ਨਾਗਰਿਕਾਂ ਨੂੰ ਸਮਾਂ-ਬੱਧ ਸੇਵਾਵਾਂ ਮੁਹੱਈਆ ਕਰਵਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਸਿਟੀਜ਼ਨਸ ਚਾਰਟਰ ਅਧੀਨ ਸਰਕਾਰ ਵੱਲੋਂ ਨਾਗਰਿਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਪਾਰਦਰਸ਼ਤਾ ਲਿਆਉਣ ਪ੍ਰਤੀ ਉਨ੍ਹਾਂ ਦਾ ਦ੍ਰਿੜ੍ਹ ਸੰਕਲਪ ਅਤੇ ਉਸ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਪ੍ਰਤੀਬੱਧਤਾ, ਭਾਰਤ ਦੇ ਲੋਕਾਂ ਲਈ ਇੱਕ ਖੁੱਲ੍ਹੀ ਪਾਰਦਰਸ਼ੀ ਅਤੇ ਲੋਕ-ਕੇਂਦ੍ਰਿਤ ਸਰਕਾਰ ਦੇ ਯੁਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।