ਵਾਣੇਕਮ!
ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ ਜੀ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਪਲਾਨੀਸਵਾਮੀ ਜੀ, ਤਮਿਲ ਨਾਡੂ ਦੇ ਉਪ–ਮੁੱਖ ਮੰਤਰੀ ਸ਼੍ਰੀ ਪਨੀਰਸੇਲਵਮ ਜੀ, ਕੈਬਨਿਟ ’ਚ ਮੇਰੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਉੱਘੀਆਂ ਹਸਤੀਆਂ, ਦੇਵੀਓ ਤੇ ਸੱਜਣੋ
ਵਾਣੇਕਮ!
ਮੈਂ ਅੱਜ ਇੱਥੇ ਮੌਜੂਦ ਰਹਿ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਅਸੀਂ ਇੱਥੇ ਤੇਲ ਤੇ ਗੈਸ ਦੇ ਅਹਿਮ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਜਸ਼ਨ ਮਨਾਉਣ ਲਈ ਇਕੱਠੇ ਹੋਏ ਹਾਂ। ਇਹ ਸਿਰਫ਼ ਤਮਿਲ ਨਾਡੂ ਲਈ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਲਈ ਵੀ ਅਹਿਮ ਹਨ।
ਮਿੱਤਰੋ,
ਮੈਂ ਦੋ ਤੱਥ ਸਾਂਝੇ ਕਰਕੇ ਸ਼ੁਰੂਆਤ ਕਰਨੀ ਚਾਹੁੰਦਾ ਹਾਂ, ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰਨਗੇ। ਸਾਲ 2019–20 ’ਚ, ਭਾਰਤ ਨੇ ਮੰਗ ਦੀ ਪੂਰਤੀ ਕਰਨ ਲਈ 85 ਫ਼ੀਸਦੀ ਤੇਲ ਅਤੇ 53 ਫ਼ੀਸਦੀ ਗੈਸ ਦਰਾਮਦ ਕੀਤੀ ਸੀ। ਕੀ ਸਾਡੇ ਜਿਹਾ ਵਿਵਿਧਤਾਵਾਂ ਨਾਲ ਭਰਪੂਰ ਤੇ ਪ੍ਰਤਿਭਾਸ਼ਾਲੀ ਦੇਸ਼ ਊਰਜਾ ਦੀ ਦਰਾਮਦ ਉੱਤੇ ਇੰਨਾ ਜ਼ਿਆਦਾ ਨਿਰਭਰ ਹੋ ਸਕਦਾ ਹੈ? ਮੈਂ ਕਿਸੇ ਦੀ ਆਲੋਚਨਾ ਨਹੀਂ ਕਰਨੀ ਚਾਹੁੰਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ: ਜੇ ਅਸੀਂ ਇਨ੍ਹਾਂ ਵਿਸ਼ਿਆਂ ਉੱਤੇ ਬਹੁਤ ਪਹਿਲਾਂ ਧਿਆਨ ਕੇਂਦ੍ਰਿਤ ਕੀਤਾ ਹੁੰਦਾ, ਤਾਂ ਸਾਡੇ ਮੱਧ ਵਰਗ ਉੱਤੇ ਬੋਝ ਨਹੀਂ ਪੈਣਾ ਸੀ।
ਹੁਣ, ਊਰਜਾ ਦੇ ਸਵੱਛ ਤੇ ਪ੍ਰਦੂਸ਼ਣ–ਮੁਕਤ ਸਰੋਤਾਂ ਲਈ ਕੰਮ ਕਰਨਾ ਸਾਡਾ ਸਮੂਹਕ ਫ਼ਰਜ਼ ਹੈ। ਊਰਜਾ ਉੱਤੇ ਨਿਰਭਰਤਾ ਘਟਾਓ। ਸਾਡੀ ਸਰਕਾਰ ਮੱਧ ਵਰਗ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਇਹੋ ਕਾਰਣ ਹੈ ਕਿ ਭਾਰਤ ਹੁਣ ਕਿਸਾਨਾਂ ਤੇ ਖਪਤਕਾਰਾਂ ਦੀ ਮਦਦ ਲਈ ਈਥਾਨੌਲ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਸ ਖੇਤਰ ਵਿੱਚ ਦੇਸ਼ ਨੂੰ ਮੋਹਰੀ ਬਣਾਉਣ ਲਈ ਸੂਰਜੀ ਤਾਕਤੀ ਦੀ ਵਰਤੋਂ ਹੋਰ ਵਧਾਈ ਜਾ ਰਹੀ ਹੈ। ਲੋਕਾਂ ਦੇ ਜੀਵਨ ਉਤਪਾਦਕ ਤੇ ਸੁਖਾਲੇ ਬਣਾਉਣ ਲਈ ਜਨਤਕ ਟ੍ਰਾਂਸਪੋਰਟ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਐੱਲਈਡੀ (LED) ਬੱਲਬਾਂ ਜਿਹੇ ਵੈਕਲਪਿਕ ਸਰੋਤਾਂ ਨੂੰ ਅਪਣਾ ਕੇ ਮੱਧ ਵਰਗ ਦੇ ਪਰਿਵਾਰ ਵੱਡੀਆਂ ਬੱਚਤਾਂ ਕਰਨ ਦੇ ਯੋਗ ਹੋਣਗੇ।
ਭਾਰਤ ਨੇ ਲੱਖਾਂ ਲੋਕਾਂ ਦੀ ਮਦਦ ਲਈ ਹੁਣ ਇੱਕ ਸਕ੍ਰੈਪੇਜ ਨੀਤੀ ਲਿਆਂਦੀ ਹੈ। ਪਹਿਲਾਂ ਦੇ ਮੁਕਾਬਲੇ ਹੁਣ ਭਾਰਤ ਸ਼ਹਿਰਾਂ ਦੀ ਵਧੇਰੇ ਮੈਟਰੋ ਕਵਰੇਜ ਹੈ। ਸੋਲਰ ਪੰਪ ਵਧੇਰੇ ਮਕਬੂਲ ਹੋ ਰਹੇ ਹਨ। ਉਨ੍ਹਾਂ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਮਦਦ ਮਿਲ ਰਹੀ ਹੈ। ਇਹ ਲੋਕਾਂ ਦੀ ਮਦਦ ਤੋਂ ਬਗ਼ੈਰ ਸੰਭਵ ਨਹੀਂ ਹੋਵੇਗਾ। ਊਰਜਾ ਦੀ ਵਧਦੀ ਜਾ ਰਹੀ ਮੰਗ ਪੂਰੀ ਕਰਨ ਲਈ ਭਾਰਤ ਕੰਮ ਕਰ ਰਿਹਾ ਹੈ। ਭਾਰਤ ਸਾਡੀ ਊਰਜਾ ਦਰਾਮਦ ਉੱਤੇ ਨਿਰਭਰਤਾ ਵੀ ਘਟਾ ਰਿਹਾ ਹੈ। ਇਸ ਦੇ ਨਾਲ ਹੀ, ਅਸੀਂ ਆਪਣੇ ਦਰਾਮਦ ਦੇ ਵਸੀਲਿਆਂ ਵਿੱਚ ਵੀ ਵਿਵਿਧਤਾ ਲਿਆ ਰਹੇ ਹਾਂ।
ਮਿੱਤਰੋ,
ਅਸੀਂ ਇਹ ਕਿਵੇਂ ਕਰ ਰਹੇ ਹਾਂ? ਸਮਰੱਥਾ ਨਿਰਮਾਣ ਦੁਆਰਾ। ਸਾਲ 2019–20 ’ਚ, ਅਸੀਂ ਤੇਲ–ਸੋਧਨ ਸਮਰੱਥਾ ਦੇ ਮਾਮਲੇ ਵਿੱਚ ਵਿਸ਼ਵ ’ਚ ਚੌਥੇ ਨੰਬਰ ਉੱਤੇ ਸਾਂ। ਲਗਭਗ 65.2 ਮਿਲੀਅਨ ਟਨ ਪੈਟਰੋਲੀਅਮ ਉਤਪਾਦ ਬਰਾਮਦ ਕੀਤੇ ਗਏ ਹਨ। ਇਹ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ। ਸਾਡੀਆਂ ਕੰਪਨੀਆਂ ਨੇ ਵਿਦੇਸ਼ਾਂ ਵਿੱਚ ਮਿਆਰੀ ਤੇਲ ਤੇ ਗੈਸ ਸੰਪਤੀਆਂ ਨੂੰ ਅਕਵਾਇਰ ਕੀਤਾ ਹੈ। ਅੱਜ, ਲਗਭਗ ਦੋ ਲੱਖ ਸੱਤਰ ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਭਾਰਤੀ ਤੇਲ ਤੇ ਗੈਸ ਕੰਪਨੀਆਂ 27 ਦੇਸ਼ਾਂ ਵਿੱਚ ਮੌਜੂਦ ਹਨ।
ਮਿੱਤਰੋ,
ਅਸੀਂ ‘ਇੱਕ ਰਾਸ਼ਟਰ ਇੱਕ ਗੈਸ ਗ੍ਰਿੱਡ’ ਦੀ ਪ੍ਰਾਪਤੀ ਲਈ ਇੱਕ ਗੈਸ ਪਾਈਪਲਾਈਨ ਨੈੱਟਵਰਕ ਵਿਕਸਿਤ ਕਰ ਰਹੇ ਹਾਂ। ਅਸੀਂ ਪੰਜ ਵਰ੍ਹਿਆਂ ਦੌਰਾਨ ਤੇਲ ਤੇ ਗੈਸ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਸਾਢੇ ਸੱਤ ਲੱਖ ਕਰੋੜ ਰੁਪਏ ਖ਼ਰਚ ਕਰਨ ਦੀ ਯੋਜਨਾ ਉਲੀਕੀ ਹੈ। 407 ਜ਼ਿਲ੍ਹਿਆਂ ਨੂੰ ਕਵਰ ਕਰਦਿਆਂ ਨਗਰ ਗੈਸ ਵੰਡ ਨੈੱਟਵਰਕਸ ਦਾ ਪਾਸਾਰ ਕਰਨ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ।
ਮਿੱਤਰੋ,
‘ਪਹਿਲ’ ਅਤੇ ‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਜਿਹੀਆਂ ਖਪਤਕਾਰ ਉੱਤੇ ਕੇਂਦ੍ਰਿਤ ਯੋਜਨਾਵਾਂ ਹਰੇਕ ਭਾਰਤੀ ਪਰਿਵਾਰ ਨੂੰ ਇਸ ਗੈਸ ਤੱਕ ਪਹੁੰਚ ਬਣਾਉਣ ’ਚ ਮਦਦ ਕਰ ਰਹੀਆਂ ਹਨ। ਤਮਿਲ ਨਾਡੂ ਦੇ 95% ਐੱਲਪੀਜੀ ਖਪਤਕਾਰ ‘ਪਹਿਲ ਯੋਜਨਾ’ ਵਿੱਚ ਸ਼ਾਮਲ ਹੋ ਚੁੱਕੇ ਹਨ। 90% ਤੋਂ ਵੱਧ ਸਰਗਰਮ ਗਾਹਕਾਂ ਨੂੰ ਸਬਸਿਡੀ ਸਿੱਧੀ ਟ੍ਰਾਂਸਫ਼ਰ ਕੀਤੀ ਗਈ ਹੈ। ਉੱਜਵਲਾ ਯੋਜਨਾ ਦੇ ਤਹਿਤ, ਤਮਿਲ ਨਾਡੂ ’ਚ ਗ਼ਰੀਬੀ ਰੇਖਾ ਤੋਂ ਹੇਠਾਂ ਵਸਦੇ 32 ਲੱਖ ਤੋਂ ਵੱਧ ਪਰਿਵਾਰਾਂ ਨੂੰ ਨਵੇਂ ਕਨੈਕਸ਼ਨ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਅਧੀਨ 31.6 ਲੱਖ ਤੋਂ ਵੱਧ ਪਰਿਵਾਰਾਂ ਨੂੰ ਮੁਫ਼ਤ ਰੀਫ਼ਿਲਜ਼ ਦਾ ਲਾਭ ਮਿਲਿਆ ਹੈ।
ਮਿੱਤਰੋ,
ਰਾਮਨਾਥਪੁਰਮ ਤੋਂ ਤੁਤੀਕੌਰਿਨ ਤੱਕ ‘ਇੰਡੀਅਨ ਆੱਇਲ’ ਦੀ 143 ਕਿਲੋਮੀਟਰ ਲੰਮੀ ਕੁਦਰਤੀ ਗੈਸ ਪਾਈਪਲਾਈਨ ਅੱਜ ਸ਼ੁਰੂ ਕੀਤੀ ਜਾ ਰਹੀ ਹੈ, ਉਸ ਦਾ ‘ਤੇਲ ਤੇ ਕੁਦਰਤੀ ਗੈਸ ਕਮਿਸ਼ਨ’ (ONGC) ਦੇ ਗੈਸ ਖੇਤਰਾਂ ਤੋਂ ਮੁਦਰਾਕਰਣ ਕੀਤਾ ਜਾਵੇਗਾ। ਇਹ 4,500 ਕਰੋੜ ਰੁਪਏ ਦੀ ਲਾਗਤ ਵਿਕਸਿਤ ਕੀਤੇ ਜਾ ਰਹੇ ਇੱਕ ਵਿਸ਼ਾਲ ਕੁਦਰਤੀ ਗੈਸ ਪਾਈਪਲਾਈਨ ਪ੍ਰੋਜੈਕਟ ਦਾ ਹਿੱਸਾ ਹੈ।
ਇਸ ਨਾਲ ਐਨੋਰ, ਤਿਰੂਵੱਲੂਰ, ਬੰਗਲੁਰੂ, ਪੁਦੂਚੇਰੀ, ਨਾਗਪੱਟਿਨਮ, ਮਦੁਰਾਈ, ਤੁਤੀਕੌਰਿਨ ਨੂੰ ਲਾਭ ਪੁੱਜੇਗਾ। ਗੈਸ ਪਾਈਪਲਾਈਨ ਪ੍ਰੋਜੈਕਟਾਂ ਨਾਲ ‘ਨਗਰ ਗੈਸ’ ਪ੍ਰੋਜੈਕਟ ਦਾ ਵਿਕਾਸ ਵੀ ਯੋਗ ਹੋਵੇਗਾ, ਜਿਨ੍ਹਾਂ ਨੂੰ 5,000 ਕਰੋੜ ਰੁਪਏ ਦੇ ਨਿਵੇਸ਼ ਨਾਲ ਤਮਿਲ ਨਾਡੂ ਦੇ 10 ਜ਼ਿਲ੍ਹਿਆਂ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।
ਇਹ ਪ੍ਰੋਜੈਕਟ ਇਹ ਉਪਲਬਧ ਕਰਵਾਉਣਗੇ: ਪਰਿਵਾਰਾਂ ਨੂੰ ਖਾਣਾ ਪਕਾਉਣ ਲਈ ਸਵੱਛ ਈਂਧਣ, ਪੀਐੱਨਜੀ (PNG), ਵਾਹਨਾਂ ਤੇ ਸਥਾਨਕ ਉਦਯੋਗਾਂ ਨੂੰ CNG ਵਰਗਾ ਵੈਕਲਪਿਕ ਟ੍ਰਾਂਸਪੋਰਟ ਈਂਧਣ।
ਓਐੱਨਜੀਸੀ (ONGC) ਖੇਤਰ ਤੋਂ ਗੈਸ ਹੁਣ ‘ਸਦਰਨ ਪੈਟਰੋਕੈਮੀਕਲ ਇੰਡਸਟ੍ਰੀਜ਼ ਕਾਰਪ. ਲਿਮਿਟਿਡ, ਤੁਤੀਕੌਰਿਨ’ ਨੁੰ ਡਿਲਿਵਰ ਕੀਤੀ ਜਾਵੇਗੀ। ਇਹ ਪਾਈਪਲਾਈਨ ਖਾਦ ਦੇ ਨਿਰਮਾਣ ਲਈ SPIC ਨੂੰ ਸਸਤੀ ਲਾਗਤ ਉੱਤੇ ਫ਼ੀਡਸਟੌਕ ਵਜੋਂ ਕੁਦਰਤੀ ਗੈਸ ਦੀ ਸਪਲਾਈ ਕਰਨ ਜਾ ਰਹੀ ਹੈ।
ਫ਼ੀਡਸਟੌਕ ਹੁਣ ਨਿਰੰਤਰ ਉਪਲਬਧ ਹੋਵੇਗਾ ਤੇ ਭੰਡਾਰਣ ਦੀਆਂ ਕੋਈ ਜ਼ਰੂਰਤਾਂ ਨਹੀਂ ਹੋਣਗੀਆਂ। ਇਸ ਨਾਲ ਹਰ ਸਾਲ ਉਤਪਾਦਨ ਲਾਗਤ ਵਿੱਚ 70 ਕਰੋੜ ਰੁਪਏ ਤੋਂ ਲੈ ਕੇ 95 ਕਰੋੜ ਰੁਪਏ ਤੱਕ ਦਾ ਬੱਚਤ ਹੋਵੇਗੀ। ਇਸ ਨਾਲ ਖਾਦ ਦੇ ਉਤਪਾਦਨ ਦੀ ਅੰਤਿਮ ਲਾਗਤ ਵੀ ਘਟੇਗੀ। ਅਸੀਂ ਆਪਣੀ ਊਰਜਾ–ਟੋਕਰੀ ਦੇ ਮੌਜੂਦਾ 6.3 ਫ਼ੀਸਦੀ ਗੈਸ ਦੇ ਹਿੱਸੇ ਨੂੰ ਵਧਾ ਕੇ 15 ਫ਼ੀਸਦੀ ਕਰਨ ਦੇ ਚਾਹਵਾਨ ਹਾਂ।
ਮਿੱਤਰੋ!
ਵਿਕਾਸ ਪ੍ਰੋਜੈਕਟ ਆਪਣੇ ਨਾਲ ਕਈ ਫ਼ਾਇਦੇ ਲੈ ਕੇ ਆਉਂਦੇ ਹਨ। ਨਾਗਪੱਟਿਨਮ ਸਥਿਤ ਸੀਪੀਸੀਐੱਲ ਦਾ ਨਵੇਂ ਤੇਲ–ਸੋਧਕ ਕਾਰਖਾਨੇ ਨਾਲ ਦੇਸ਼ ਵਿੱਚ ਸਮੱਗਰੀਆਂ ਤੇ ਸੇਵਾਵਾਂ ਦੀ 80 ਫ਼ੀਸਦੀ ਸੋਰਸਿੰਗ ਹੋਣ ਦਾ ਅਨੁਮਾਨ ਹੈ। ਇਸ ਤੇਲ–ਸੋਧਕ ਕਾਰਖਾਨੇ ਨਾਲ ਟ੍ਰਾਂਸਪੋਰਟ ਸੁਵਿਧਾਵਾਂ ਦੇ ਵਿਕਾਸ ਵਿੱਚ ਵਾਧਾ ਹੋਣ ਜਾ ਰਿਹਾ ਹੈ, ਪੈਟਰੋਕੈਮੀਕਲ ਉਦਯੋਗ ਅਤੇ ਇਸ ਖੇਤਰ ਦੇ ਸਹਾਇਕ ਤੇ ਲਘੂ ਉਦਯੋਗ ਤੇਜ਼ੀ ਨਾਲ ਅੱਗੇ ਵਧਣਗੇ। ਇਹ ਨਵਾਂ ਤੇਲ–ਸੋਧਕ ਕਾਰਖਾਨਾ BS-VI ਵਿਸ਼ੇਸ਼–ਨਿਰਦੇਸ਼ਾਂ ਦੀ ਪੂਰਤੀ ਕਰਨ ਵਾਲੇ MS ਤੇ ਡੀਜ਼ਲ ਅਤੇ ਇੱਕ ਮੁੱਲ–ਵਾਧਾ ਉਤਪਾਦ ਵਜੋਂ ਪੌਲੀਪ੍ਰੌਪੀਲੀਨ ਦਾ ਉਤਪਾਦਨ ਕਰੇਗਾ।
ਮਿੱਤਰੋ!
ਅੱਜ, ਭਾਰਤ ਅਖੁੱਟ ਸਰੋਤਾਂ ਤੋਂ ਪੈਦਾ ਹੋਣ ਵਾਲੀ ਊਰਜਾ ਦਾ ਹਿੱਸਾ ਵਧਾ ਰਿਹਾ ਹੈ। ਸਾਲ 2030 ਤੱਕ, ਹਰ ਤਰ੍ਹਾਂ ਦੀ ਊਰਜਾ ਦਾ 40% ਹਿੱਸਾ ਊਰਜਾ ਦੇ ਪ੍ਰਦੂਸ਼ਣ ਮੁਕਤ (ਹਰਿਆਲੇ) ਸਰੋਤਾਂ ਤੋਂ ਪੈਦਾ ਹੋਣ ਲੱਗ ਪਵੇਗਾ। ਅੱਜ ਮਨਾਲੀ ’ਚ CPCL ਦੀ ਨਵੀਂ ਗੈਸੋਲੀਨ ਡੀਸਲਫ੍ਰਾਇਜੇਸ਼ਨ ਯੂਨਿਟ ਦਾ ਉਦਘਾਟਨ ਕੀਤਾ ਗਿਆ, ਜੋ ਇੱਕ ‘ਪ੍ਰਦੂਸ਼ਣ–ਮੁਕਤ’ (ਹਰਿਆਲੇ) ਭਵਿੱਖ ਲਈ ਇੱਕ ਹੋਰ ਕੋਸ਼ਿਸ਼ ਹੈ। ਇਹ ਤੇਲ–ਸੋਧਕ ਕਾਰਖਾਨਾ ਹੁਣ BS VI ਵਿਸ਼ੇਸ਼ ਨਿਰਦੇਸ਼ ਵਾਲੇ ਘੱਟ ਗੰਧਕ (ਸਲਫ਼ਰ) ਵਾਲਾ ਵਾਤਾਵਰਣ–ਪੱਖੀ ਈਂਧਣ ਤਿਆਰ ਕਰੇਗਾ।
ਮਿੱਤਰੋ!
ਸਾਲ 2014 ਤੋਂ, ਅਸੀਂ ਤੇਲ ਅਤੇ ਗੈਸ ਖੇਤਰ ਵਿੱਚ ਖੋਜ ਤੇ ਉਤਪਾਦਨ, ਕੁਦਰਤੀ ਗੈਸ, ਮਾਰਕਿਟਿੰਗ ਤੇ ਵੰਡ ਜਿਹੇ ਮਾਮਲਿਆਂ ’ਚ ਕਈ ਸੁਧਾਰ ਲਿਆਂਦੇ ਹਨ। ਅਸੀਂ ਨਿਵੇਸ਼ਕ–ਪੱਖੀ ਉਪਾਵਾਂ ਜ਼ਰੀਏ ਦੇਸ਼ ਦਾ ਤੇ ਅੰਤਰਰਾਸ਼ਟਰੀ ਨਿਵੇਸ਼ ਖਿੱਚਣ ਲਈ ਕੰਮ ਕਰ ਰਹੇ ਹਾਂ। ਅਸੀਂ ਵਿਭਿੰਨ ਰਾਜਾਂ ਵਿੱਚ ਕੁਦਰਤੀ ਗੈਸ ਉੱਤੇ ਵਿਭਿੰਨ ਟੈਕਸਾਂ ਦੇ ਇੱਕ ਤੋਂ ਬਾਅਦ ਇੱਕ ਕਰਕੇ ਪੈਣ ਵਾਲਾ ਪ੍ਰਭਾਵ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟੈਕਸ ਦੀ ਇੱਕਸਾਰਤਾ ਨਾਲ ਕੁਦਰਤੀ ਗੈਸ ਦੀ ਲਾਗਤ ਘਟੇਗੀ ਅਤੇ ਸਾਰੇ ਉਦਯੋਗਾਂ ਵਿੱਚ ਇਸ ਦੀ ਵਰਤੋਂ ਵਧੇਗੀ। ਅਸੀਂ ਕੁਦਰਤੀ ਗੈਸ ਨੂੰ GST ਸ਼ਾਸਨ ਅਧੀਨ ਕੁਦਰਤੀ ਗੈਸ ਲਿਆਉਣ ਲਈ ਪ੍ਰਤੀਬੱਧ ਹਾਂ।
ਮੈਂ ਦੁਨੀਆ ਨੂੰ ਇਹ ਕਹਿਣਾ ਚਾਹੁੰਦਾ ਹਾਂ – ਆਓ, ਭਾਰਤ ਦੀ ਊਰਜਾ ਵਿੱਚ ਸਰਮਾਇਆ ਲਾਓ!
ਮਿੱਤਰੋ,
ਪਿਛਲੇ ਛੇ ਵਰ੍ਹਿਆਂ ਦੌਰਾਨ ਤਮਿਲ ਨਾਡੂ ਵਿੱਚ ਲਾਗੂਕਰਨ ਲਈ 50,000 ਕਰੋੜ ਰੁਪਏ ਕੀਮਤ ਦੇ ਤੇਲ ਤੇ ਗੈਸ ਉਤਪਾਦ ਪ੍ਰਵਾਨ ਕੀਤੇ ਗਏ ਹਨ। ਇਸੇ ਸਮੇਂ ਦੌਰਾਨ ਸਾਲ 2014 ਤੋਂ ਪਹਿਲਾਂ ਪ੍ਰਵਾਨ ਹੋਏ 9100 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਪੂਰੇ ਕੀਤੇ ਗਏ ਹਨ। ਇਸ ਤੋਂ ਇਲਾਵਾ, 4,300 ਕਰੋੜ ਰੁਪਏ ਕੀਮਤ ਦੇ ਪ੍ਰੋਜੈਕਟ ਪਾਈਪਲਾਈਨ ’ਚ ਹਨ। ਤਮਿਲ ਨਾਡੂ ’ਚ ਸਾਰੇ ਪ੍ਰੋਜੈਕਟ; ਭਾਰਤ ਦੇ ਟਿਕਾਊ ਵਿਕਾਸ ਲਈ ਸਾਡੀਆਂ ਨਿਰੰਤਰ ਨੀਤੀਆਂ ਤੇ ਪਹਿਲਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦਾ ਨਤੀਜਾ ਹਨ।
ਤਮਿਲ ਨਾਡੂ ਵਿੱਚ ਊਰਜਾ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਦਮ ਚੁੱਕਣ ਵਾਸਤੇ ਸਾਰੀਆਂ ਸਬੰਧਿਤ ਧਿਰਾਂ ਨੂੰ ਮੇਰੇ ਵੱਲੋਂ ਮੁਬਾਰਕਬਾਦ। ਮੈਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੀਆਂ ਕੋਸ਼ਿਸ਼ਾਂ ਵਿੱਚ ਨਿਰੰਤਰ ਕਾਮਯਾਬ ਹੋਵਾਂਗੇ।
ਤੁਹਾਡਾ ਧੰਨਵਾਦ!
ਵਾਣੇਕਮ।
***
ਡੀਐੱਸ/ਏਕੇਜੇ
Inaugurating important projects relating to Aatmanirbharta in the energy sector. https://t.co/wEW11egO7j
— Narendra Modi (@narendramodi) February 17, 2021