Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਮ ਚੰਦਰ ਮਿਸ਼ਨ ਦੇ 75 ਵਰ੍ਹੇ ਪੂਰੇ ਹੋਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਮ ਚੰਦਰ ਮਿਸ਼ਨ ਦੇ 75 ਵਰ੍ਹੇ ਪੂਰੇ ਹੋਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ,

 

ਸ਼੍ਰੀਰਾਮਚੰਦਰ ਮਿਸ਼ਨ ਦੇ 75 ਵਰ੍ਹੇ ਪੂਰੇ ਹੋਣ ’ਤੇ ਤੁਹਾਨੂੰ ਸਾਰਿਆਂ ਨੂੰ ਬਹੁਤ–ਬਹੁਤ ਵਧਾਈ। ਬਹੁਤ–ਬਹੁਤ ਸ਼ੁਭਕਾਮਨਾਵਾਂ। ਰਾਸ਼ਟਰ ਨਿਰਮਾਣ ’ਚ, ਸਮਾਜ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ’ਚ, 75 ਸਾਲਾਂਦਾ ਇਹ ਪੜਾਅ ਬਹੁਤ ਅਹਿਮ ਹੈ। ਟੀਚੇ ਪ੍ਰਤੀ ਤੁਹਾਡੇ ਸਮਰਪਣ ਦਾ ਹੀ ਨਤੀਜਾ ਹੈ ਕਿ ਅੱਜ ਇਹ ਯਾਤਰਾ 150 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਬਸੰਤ ਪੰਚਮੀ ਦੇ ਇਸ ਪਵਿੱਤਰ ਤਿਉਹਾਰ ਮੌਕੇ ਅੱਜ ਅਸੀਂ ਗੁਰੂ ਰਾਮਚੰਦਰ ਜੀ ਦੀ ਜਨਮ–ਜਯੰਤੀ ਦਾ ਉਤਸਵ ਮਨਾ ਰਹੇ ਹਾਂ। ਤੁਹਾਨੂੰ ਸਭ ਨੂੰ ਵਧਾਈ ਦੇ ਨਾਲ ਹੀ ਮੈਂ ਬਾਬੂ ਜੀ ਨੂੰ ਆਦਰਪੂਰਬਕ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਤੁਹਾਡੀ ਅਦਭੁਤ ਯਾਤਰਾ ਨਾਲ ਹੀ ਤੁਹਾਡੇ ਨਵੇਂ ਹੈੱਡਕੁਆਰਟਰਸ ਕਾਨਹਾ ਸ਼ਾਂਤੀਵਨ ਲਈ ਵੀ ਬਹੁਤ ਵਧਾਈ ਦਿੰਦਾ ਹਾਂ। ਮੈਨੂੰ ਦੱਸਿਆ ਗਿਆ ਕਿ ਜਿੱਥੇ ਕਾਨਹਾ ਸ਼ਾਂਤੀਵਨਮ ਬਣਿਆ ਹੈ, ਉਹ ਪਹਿਲਾਂ ਇੱਕ ਬੰਜਰ ਜ਼ਮੀਨ ਸੀ। ਤੁਹਾਡੇ ਉੱਦਮ ਤੇ ਸਮਰਪਣ ਨੇ ਇਸ ਬੰਜਰ ਜ਼ਮੀਨ ਨੂੰ ਕਾਨਹਾ ਸ਼ਾਂਤੀਵਨਮ ’ਚ ਤਬਦੀਲ ਕਰ ਦਿੱਤਾ ਹੈ। ਇਹ ਸ਼ਾਂਤੀਵਨਮ ਬਾਬੂ ਜੀ ਦੀ ਨਸੀਹਤ ਦਾ ਹੀ ਜਿਊਂਦੀ–ਜਾਗਦੀ ਉਦਾਹਰਣ ਹੈ।

 

ਸਾਥੀਓ,

 

ਤੁਸੀਂ ਸਾਰਿਆਂ ਨੇ ਬਾਬੂ ਜੀ ਤੋਂ ਮਿਲੀ ਪ੍ਰੇਰਣਾ ਨੂੰ ਨੇੜਿਓਂ ਮਹਿਸੂਸ ਕੀਤਾ ਹੈ। ਜੀਵਨ ਦੀ ਸਾਰਥਕਤਾ ਹਾਸਲ ਕਰਨ ਲਈ ਉਨ੍ਹਾਂ ਦੇ ਪ੍ਰਯੋਗ, ਮਨ ਦੀ ਸ਼ਾਂਤੀ ਹਾਸਲ ਕਰਨ ਲਈ ਉਨ੍ਹਾਂ ਦੇ ਜਤਨ, ਸਾਡੇ ਸਭਨਾਂ ਲਈ ਬਹੁਤ ਵੱਡੀ ਪ੍ਰੇਰਣਾ ਹਨ। ਅੱਜ ਦੀ ਇਸ 20–20 ਵਾਲੀ ਦੁਨੀਆ ਵਿੱਚ ਰਫ਼ਤਾਰ ਉੱਤੇ ਬਹੁਤ ਜ਼ੋਰ ਹੈ। ਲੋਕਾਂ ਕੋਲ ਸਮੇਂ ਦੀ ਘਾਟ ਹੈ। ਅਜਿਹੇ ਹਾਲਾਤ ਵਿੱਚ ਸਹਿਜ ਮਾਰਗ ਰਾਹੀਂ ਤੁਸੀਂ ਲੋਕਾਂ ਨੂੰ ਚੁਸਤ ਤੇ ਅਧਿਆਤਮਕ ਢੰਗ ਨਾਲ ਤੰਦਰੁਸਤ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਦੇ ਰਹੇ ਹਨ। ਤੁਹਾਡੇ ਹਜ਼ਾਰਾਂ ਵਲੰਟੀਅਰਸ ਤੇ ਟ੍ਰੇਨਰਸ ਸਮੁੱਚੇ ਵਿਸ਼ਵ ਨੂੰ ਯੋਗ ਤੇ ਧਿਆਨ ਦੇ ਕੌਸ਼ਲ ਤੋਂ ਜਾਣੂ ਕਰਵਾ ਰਹੇ ਹਨ। ਇਹ ਮਾਨਵਤਾ ਦੀ ਬਹੁਤ ਵੱਡੀ ਸੇਵਾ ਹੈ। ਤੁਹਾਡੇ ਟ੍ਰੇਨਰਸ ਤੇ ਵਲੰਟੀਅਰਸ ਨੇ ਵਿੱਦਿਆ ਦੇ ਅਸਲ ਅਰਥ ਨੂੰ ਸਾਕਾਰ ਕੀਤਾ ਹੈ। ਸਾਡੇ ਕਮਲੇਸ਼ ਜੀ ਤਾਂ, ਧਿਆਨ ਤੇ ਅਧਿਆਤਮ ਦੀ ਦੁਨੀਆ ਵੀ ‘ਦਾ’ ਜੀ ਦੇ ਨਾਮ ਨਾਲ ਪ੍ਰਸਿੱਧ ਹਨ। ਭਾਈ ਕਮਲੇਸ਼ ਜੀ ਬਾਰੇ ਇਹੋ ਆਖ ਸਕਦਾ ਹਾਂ ਕਿ ਉਹ ਪੱਛਮੀ ਤੇ ਭਾਰਤ ਦੀਆਂ ਚੰਗਿਆਈਆਂ ਦਾ ਸੰਗਮ ਹਨ। ਤੁਹਾਡੀ ਅਧਿਆਤਮਕ ਅਗਵਾਈ ਹੇਠ ਸ਼੍ਰੀਰਾਮ ਚੰਦਰ ਮਿਸ਼ਨ, ਪੂਰੀ ਦੁਨੀਆ ਤੇ ਖ਼ਾਸ ਕਰ ਕੇ ਨੌਜਵਾਨਾਂ ਨੂੰ ਤੰਦਰੁਸਤ ਸਰੀਰ ਤੇ ਤੰਦਰੁਸਤ ਮਨ ਵੱਲ ਪ੍ਰੇਰਿਤ ਕਰ ਰਿਹਾ ਹੈ।

 

ਸਾਥੀਓ,

 

ਅੱਜ ਵਿਸ਼ਵ, ਭੱਜ–ਨੱਸ ਵਾਲੀ ਜੀਵਨ–ਸ਼ੈਲੀ ਕਾਰਣ ਪੈਦਾ ਹੋਈਆਂ ਬੀਮਾਰੀਆਂ ਨੂੰ ਲੈ ਕੇ ਮਹਾਮਾਰੀ ਤੇ ਨਿਰਾਸ਼ਾ ਤੋਂ ਲੈ ਕੇ ਅੱਤਵਾਦ ਤੱਕ ਦੀਆਂ ਪਰੇਸ਼ਾਨੀਆਂ ਨਾਲ ਜੂਝ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਹਿਜ–ਮਾਰਗ, ਹਾਰਟਫ਼ੁਲਨੈੱਸ ਪ੍ਰੋਗਰਾਮ ਤੇ ਯੋਗ, ਵਿਸ਼ਵ ਲਈ ਆਸ ਦੀ ਕਿਰਨ ਵਾਂਗ ਹਨ। ਪਿਛਲੇ ਕੁਝ ਦਿਨਾਂ ਦੌਰਾਨ ਆਮ ਜ਼ਿੰਦਗੀ ਦੀ ਨਿੱਕੀ–ਨਿੱਕੀ ਚੌਕਸੀ ਨਾਲ ਕਿਵੇਂ ਵੱਡੇ ਸੰਕਟਾਂ ਤੋਂ ਪਾਰ ਲੰਘਿਆ ਜਾਂਦਾ ਹੈ, ਇਸ ਦੀ ਮਿਸਾਲ ਪੂਰੀ ਦੁਨੀਆ ਨੇ ਵੇਖੀ ਹੈ। ਅਸੀਂ ਸਾਰੇ ਇਸ ਗੱਲ ਦੇ ਵੀ ਗਵਾਹ ਹਾਂ ਕਿ ਕਿਵੇਂ 130 ਕਰੋੜ ਭਾਰਤੀਆਂ ਦੀ ਚੌਕਸੀ ਕੋਰੋਨਾ ਦੀ ਜੰਗ ਵਿੱਚ ਦੁਨੀਆ ਲਈ ਮਿਸਾਲ ਬਣ ਗਈ। ਇਸ ਜੰਗ ਵਿੱਚ ਸਾਡੇ ਘਰਾਂ ਵਿੱਚ ਸਿਖਾਈਆਂ ਗਈਆਂ ਗੱਲਾਂ, ਆਦਤਾਂ ਤੇ ਯੋਗ–ਆਯੁਰਵੇਦ ਨੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਸ ਮਹਾਮਾਰੀ ਦੀ ਸ਼ੁਰੂਆਤ ਭਾਰਤ ਦੀ ਸਥਿਤੀ ਨੂੰ ਲੈ ਕੇ ਪੂਰੀ ਦੁਨੀਆ ਚਿੰਤਤ ਸੀ। ਪਰ ਅੱਜ ਕੋਰੋਨਾ ਨਾਲ ਭਾਰਤ ਦੀ ਜੰਗ ਸਾਰੀ ਦੁਨੀਆ ਨੂੰ ਪ੍ਰੇਰਿਤ ਕਰ ਰਹੀ ਹੈ।

 

ਮਿੱਤਰੋ,

 

ਸਮੁੱਚੇ ਵਿਸ਼਼ਵ ਦੀ ਭਲਾਈ ਲਈ ਭਾਰਤ ਮਨੱਖ ਉੱਤੇ ਕੇਂਦ੍ਰਿਤ ਪਹੁੰਚ ਨੂੰ ਅਪਣਾ ਰਿਹਾ ਹੈ। ਮਨੁੱਖ ਉੱਤੇ ਕੇਂਦ੍ਰਿਤ ਇਹ ਪਹੁੰਚ ਇੱਕ ਤੰਦਰੁਸਤ ਸੰਤੁਲਨ: ‘ਭਲਾਈ ਤੰਦਰੁਸਤੀ ਦੌਲਤ’ ਉੱਤੇ ਅਧਾਰਿਤ ਹੈ। ਪਿਛਲੇ ਛੇ ਸਾਲਾਂ ਦੌਰਾਨ, ਭਾਰਤ ਨੇ ਵਿਸ਼ਵ ਵਿੱਚ ਸੰਸਾਰ ਦੇ ਜਨਤਕ ਭਲਾਈ ਦੇ ਵਿਸ਼ਾਲਤਮ ਪ੍ਰੋਗਰਾਮ ਕੀਤੇ ਹਨ। ਇਨ੍ਹਾਂ ਕੋਸ਼ਿਸ਼ਾਂ ਦਾ ਉਦੇਸ਼ ਗ਼ਰੀਬਾਂ ਨੂੰ ਸਵੈਮਾਣ ਨਾਲ ਭਰਪੂਰ ਜੀਵਨ ਤੇ ਮੌਕਾ ਦੇਣਾ ਹੈ। ਵਿਆਪਕ ਸਵੱਛਤਾ ਕਵਰੇਜ ਤੋਂ ਲੈ ਕੇ ਸਮਾਜ ਭਲਾਈ ਦੀਆਂ ਯੋਜਨਾਵਾਂ ਤੱਕ। ਧੂੰਆਂ–ਮੁਕਤ ਰਸੋਈਘਰਾਂ ਤੋਂ ਲੈ ਕੇ ਹੁਣ ਤੱਕ ਵਾਂਝੇ ਰਹੇ ਲੋਕਾਂ ਲਈ ਬੈਂਕਿੰਗ ਤੱਕ। ਟੈਕਨੋਲੋਜੀ ਤੱਕ ਪਹੁੰਚ ਤੋਂ ਲੈ ਕੇ ਸਭਨਾਂ ਲਈ ਆਵਾਸ ਤੱਕ। ਭਾਰਤ ਦੀਆਂ ਲੋਕ–ਭਲਾਈ ਯੋਜਨਾਵਾਂ ਨੇ ਬਹੁਤ ਸਾਰੇ ਜੀਵਨਾਂ ਨੂੰ ਛੋਹਿਆ ਹੈ। ਵਿਸ਼ਵ–ਪੱਧਰੀ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਵੀ, ਸਾਡੇ ਰਾਸ਼ਟਰ ਨੇ ਤੰਦਰੁਸਤੀ ਉੱਤੇ ਆਪਣਾ ਧਿਆਨ ਵਧਾਇਆ ਸੀ।

 

ਦੋਸਤੋ,

 

ਤੰਦਰੁਸਤੀ ਦਾ ਸਾਡਾ ਵਿਚਾਰ ਮਹਿਜ਼ ਕਿਸੇ ਰੋਗ ਦਾ ਇਲਾਜ ਕਰਨ ਤੋਂ ਅਗਾਂਹ ਜਾਂਦਾ ਹੈ। ਰੋਕਥਾਮ ਰਾਹੀਂ ਸਿਹਤ–ਸੰਭਾਲ਼ ਉੱਤੇ ਵਿਆਪਕ ਕੰਮ ਕੀਤਾ ਗਿਆ ਹੈ। ਭਾਰਤ ਦੀ ਪ੍ਰਮੁੱਖ ਸਿਹਤ–ਸੰਭਾਲ਼ ਯੋਜਨਾ ‘ਆਯੁਸ਼ਮਾਨ ਭਾਰਤ’ ਦੇ ਲਾਭਾਰਥੀਆਂ ਦੀ ਗਿਣਤੀ ਅਮਰੀਕਾ ਤੇ ਬਹੁਤ ਸਾਰੇ ਯੂਰੋਪੀਅਨ ਦੇਸ਼ਾਂ ਦੀ ਆਬਾਦੀ ਤੋਂ ਵੀ ਜ਼ਿਆਦਾ ਹੈ। ਇਹ ਵਿਸ਼ਵ ਦੀ ਸਭ ਤੋਂ ਵਿਸ਼ਾਲ ਸਿਹਤ–ਸੰਭਾਲ਼ ਯੋਜਨਾ ਹੈ। ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ। ਯੋਗ ਦੀ ਮਕਬੂਲੀਅਤ ਤੋਂ ਸਾਰੇ ਜਾਣੂ ਹਨ। ਤੰਦਰੁਸਤੀ ਪ੍ਰਤੀ ਇਸ ਅਹਿਮੀਅਤ ਦਾ ਉਦੇਸ਼ ਸਾਡੇ ਨੌਜਵਾਨਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਹੈ। ਅਤੇ, ਉਨ੍ਹਾਂ ਨੂੰ ਜੀਵਨ–ਸ਼ੈਲੀ ਨਾਲ ਸਬੰਧਤ ਰੋਗਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜਦੋਂ ਦੁਨੀਆ ਨੂੰ ਕੋਵਿਡ–19 ਲਈ ਦਵਾਈਆਂ ਦੀ ਜ਼ਰੂਰਤ ਸੀ, ਤਦ ਭਾਰਤ ਨੂੰ ਇਹ ਸਭ ਉਨ੍ਹਾਂ ਤੱਕ ਪਹੁੰਚਾਉਣ ਦਾ ਮਾਣ ਹਾਸਲ ਕੀਤਾ ਸੀ। ਹੁਣ, ਭਾਰਤ ਪੂਰੀ ਦੁਨੀਆ ਦੇ ਟੀਕਾਕਰਣ ਵਿੱਚ ਕੇਂਦਰੀ ਭੂਮਿਕਾ ਨਿਭਾ ਰਿਹਾ ਹੈ। ਤੰਦਰੁਸਤੀ ਲਈ ਸਾਡੀ ਦੂਰ–ਦ੍ਰਿਸ਼ਟੀ ਜਿੰਨੀ ਦੇਸ਼ ਲਈ ਹੈ, ਓਨੀ ਹੀ ਪੂਰੀ ਦੁਨੀਆ ਲਈ ਵੀ ਹੈ।

 

ਦੋਸਤੋ,

 

ਪੂਰੀ ਦੁਨੀਆ ਖ਼ਾਸ ਕਰਕੇ ਕੋਵਿਡ–19 ਤੋਂ ਬਾਅਦ ਸਿਹਤ ਤੇ ਤੰਦਰੁਸਤੀ ਨੂੰ ਬਹੁਤ ਗੰਭੀਰਤਾ ਨਾਲ ਖ਼ਿਆਲ ਰੱਖ ਰਹੀ ਹੈ। ਇਸ ਮਾਮਲੇ ’ਚ ਭਾਰਤ ਕੋਲ ਦੇਣ ਨੂੰ ਬਹੁਤ ਕੁਝ ਹੈ। ਆਓ ਆਪਾਂ ਸਾਰੇ ਭਾਰਤ ਨੂੰ ‘ਅਧਿਆਤਮਕਤਾ ਤੇ ਤੰਦਰੁਸਤੀ’ ਦੇ ਮਾਮਲੇ ’ਚ ਟੂਰਿਜ਼ਮ ਦਾ ਧੁਰਾ ਬਣਾਈਏ। ਸਾਡਾ ਯੋਗ ਤੇ ਆਯੁਰਵੇਦ ਇੱਕ ਤੰਦਰੁਸਤ ਗ੍ਰਹਿ ਵਿੱਚ ਯੋਗਦਾਨ ਪਾ ਸਕਦੇ ਹਨ। ਸਾਡਾ ਉਦੇਸ਼ ਹੈ ਕਿ ਇਹ ਸਭ ਅਸੀਂ ਵਿਸ਼ਵ ਦੇ ਲੋਕਾਂ ਨੂੰ ਉਸੇ ਭਾਸ਼ਾ ਵਿੱਚ ਮੁਹੱਈਆ ਕਰਵਾਈਏ, ਜੋ ਉਹ ਸਮਝਦੇ ਹਨ। ਸਾਨੂੰ ਉਨ੍ਹਾਂ ਦੇ ਫ਼ਾਇਦਿਆਂ ਬਾਰੇ ਵਿਗਿਆਨਕ ਢੰਗ ਨਾਲ ਵਿਸਥਾਰ ਨਾਲ ਸਮਝਾਉਣਾ ਚਾਹੀਦਾ ਹੈ ਤੇ ਪੂਰੀ ਦੁਨੀਆ ਨੂੰ ਭਾਰਤ ਆ ਕੇ ਮੁੜ–ਜਵਾਨ ਹੋਣ ਦਾ ਸੱਦਾ ਦੇਣਾ ਚਾਹੀਦਾ ਹੈ। ਤੁਹਾਡਾ ਆਪਣਾ ਤਹਿ–ਦਿਲੋਂ ਕੀਤਾ ਗਿਆ ਧਿਆਨ ਦਾ ਅਭਿਆਸ ਉਸ ਦਿਸ਼ਾ ਵੱਲ ਇੱਕ ਕਦਮ ਹੈ।

 

ਸਾਥੀਓ,

 

ਪੋਸਟ–ਕੋਰੋਨਾ ਵਰਲਡ ’ਚ ਹੁਣ ਯੋਗ ਤੇ ਧਿਆਨ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਗੰਭੀਰਤਾ ਹੋਰ ਵਧ ਰਹੀ ਹੈ। ਸ਼੍ਰੀਮਦਭਾਗਵਦ ਗੀਤਾ ਵਿੱਚ ਲਿਖਿਆ ਹੈ – सिद्ध्य सिद्ध्योः समो भूत्वा समत्वं योग उच्यते ॥ ਭਾਵ, ਸਿੱਧੀ ਤੇ ਅਸਿੱਧੀ ’ਚ ਸਮਭਾਵ ਹੋ ਕੇ ਯੋਗ ਵਿੱਚ ਰਮਦਿਆਂ ਸਿਰਫ਼ ਕਰਮ ਕਰੋ। ਇਹ ਸਮਭਾਵ ਹੀ ਯੋਗ ਅਖਵਾਉਂਦਾ ਹੈ। ਯੋਗ ਦੇ ਨਾਲ ਧਿਆਨ ਦੀ ਵੀ ਅੱਜ ਦੇ ਵਿਸ਼ਵ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਦੁਨੀਆ ਦੇ ਕਈ ਵੱਡੇ ਸੰਸਥਾਨ ਇਹ ਦਾਅਵਾ ਕਰ ਚੁੱਕੇ ਹਨ ਕਿ ਨਿਰਾਸ਼ਾ–ਡੀਪ੍ਰੈਸ਼ਨ ਮਨੁੱਖੀ ਜੀਵਨ ਦੀ ਕਿੰਨੀ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਅਜਿਹੇ ਸਮੇਂ ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਹਾਰਟਫ਼ੁਲਨੈੱਸ ਪ੍ਰੋਗਰਾਮ ਨਾਲ ਯੋਗ ਅਤੇ ਧਿਆਨ ਰਾਹੀਂ ਇਸ ਸਮੱਸਿਆ ਨਾਲ ਨਿਪਟਣ ’ਚ ਮਾਨਵਤਾ ਦੀ ਮਦਦ ਕਰਨਗੇ।

 

ਸਾਥੀਓ,

 

ਸਾਡੇ ਵੇਦਾਂ ’ਚ ਕਿਹਾ ਗਿਆ ਹੈ – यथा दयोश् च, पृथिवी च, न बिभीतो, न रिष्यतः। एवा मे प्राण मा विभेः।। ਭਾਵ ਜਿਸ ਤਰ੍ਹਾਂ ਆਕਾਸ਼ ਤੇ ਪ੍ਰਿਥਵੀ ਨਾ ਕਦੇ ਡਰਦੇ ਹਨ ਤੇ ਨਾ ਇਨ੍ਹਾਂ ਦਾ ਨਾਸ਼ ਹੁੰਦਾ ਹੈ, ਉਸੇ ਤਰ੍ਹਾਂ ਹੇ ਮੇਰੇ ਪ੍ਰਾਣ! ਤੁਸੀਂ ਵੀ ਭੈਅ–ਮੁਕਤ ਰਹੋ। ਭੈਅ–ਮੁਕਤ ਉਹੀ ਹੋ ਸਕਦਾ ਹੈ, ਜੋ ਆਜ਼ਾਦ ਹੋਵੇ। ਮੈਨੂੰ ਪੂਰਾ ਯਕੀਨ ਹੈ ਕਿ ਸਹਿਜ–ਮਾਰਗ ਉੱਤੇ ਚਲ ਕੇ ਤੁਸੀਂ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਉੱਤੇ ਭੈਅ–ਮੁਕਤ ਬਣਾਉਂਦੇ ਰਹੋਗੇ। ਰੋਗਾਂ ਤੋਂ ਮੁਕਤ ਨਾਗਰਿਕ, ਮਾਨਸਿਕ ਤੌਰ ਉੱਤੇ ਸਸ਼ੱਕਤ ਨਾਗਰਿਕ, ਭਾਰਤ ਨੂੰ ਨਵੇਂ ਸਿਖ਼ਰਾਂ ਤੱਕ ਲੈ ਜਾਣਗੇ। ਇਸ ਵਰ੍ਹੇ ਅਸੀਂ ਆਪਣੀ ਆਜ਼ਾਦੀ–ਪ੍ਰਾਪਤੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋ ਰਹੇ ਹਾਂ। ਤੁਹਾਡੀਆਂ ਕੋਸ਼ਿਸ਼ਾਂ, ਦੇਸ਼ ਨੂੰ ਅੱਗੇ ਵਧਾਉਣ, ਇਨ੍ਹਾਂ ਹੀ ਕਾਮਨਾਵਾਂ ਨਾਲ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਬਹੁਤ–ਬਹੁਤ ਸ਼ੁਭਕਾਮਨਾਵਾਂ।

 

ਧੰਨਵਾਦ!

 

***

 

ਡੀਐੱਸ/ਐੱਸਐੱਚ