Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਐਸੋਚੈਮ ਫਾਊਂਡੇਸ਼ਨ ਵੀਕ’ ’ਚ ਕੁੰਜੀਵਤ ਭਾਸ਼ਣ ਦਿੱਤਾ

ਪ੍ਰਧਾਨ ਮੰਤਰੀ ਨੇ ‘ਐਸੋਚੈਮ ਫਾਊਂਡੇਸ਼ਨ ਵੀਕ’ ’ਚ ਕੁੰਜੀਵਤ ਭਾਸ਼ਣ ਦਿੱਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ‘ਐਸੋਚੈਮ ਫਾਊਂਡੇਸ਼ਨ ਵੀਕ 2020’ ’ਚ ਕੁੰਜੀਵਤ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ‘ਐਸੋਚੈਮ ਇੰਟਰਪ੍ਰਾਈਜ਼ ਆਵ੍ ਦ ਸੈਂਚੁਰੀ ਅਵਾਰਡ’ ਵੀ ਸ਼੍ਰੀ ਰਤਨ ਟਾਟਾ ਨੂੰ ਭੇਂਟ ਕੀਤਾ, ਜਿਨ੍ਹਾਂ ਨੇ ਇਹ ਪੁਰਸਕਾਰ ਟਾਟਾ ਗਰੁੱਪ ਦੁਆਰਾ ਪ੍ਰਾਪਤ ਕੀਤਾ।

 

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ–ਨਿਰਮਾਣ ਵਿੱਚ ਯੋਗਦਾਨ ਲਈ ਕਾਰੋਬਾਰੀ ਭਾਈਚਾਰੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਉਦਯੋਗ ਨੂੰ ਆਕਾਸ਼ ਛੋਹਣ ਦੀ ਪੂਰੀ ਆਜ਼ਾਦੀ ਹੈ ਤੇ ਉਨ੍ਹਾਂ ਨੂੰ ਇਸ ਦਾ ਪੂਰਾ ਲਾਭ ਲੈਣ ਦੀ ਬੇਨਤੀ ਕੀਤੀ, ਉਨ੍ਹਾਂ ਕਿਹਾ ਕਿ ਇੱਕ ਆਤਮ–ਨਿਰਭਰ ਭਾਰਤ ਲਈ ਆਉਂਦੇ ਸਾਲਾਂ ਦੌਰਾਨ ਆਪਣਾ ਪੂਰਾ ਤਾਣ ਲਾ ਦੇਵੋ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ‘ਉੱਦਮ ਤੇ ਧਨ ਸਿਰਜਕਾਂ’ ਦੇ ਨਾਲ ਹੈ, ਜੋ ਕਰੋੜਾਂ ਨੌਜਵਾਨਾਂ ਨੂੰ ਮੌਕੇ ਦੇ ਰਹੇ ਹਨ। ਸਰਕਾਰ ਸਰਕਾਰ ਇੱਕ ਕਾਰਜਕੁਸ਼ਲ ਅਤੇ ਦੋਸਤਾਨਾ ਮਾਹੌਲ ਸਿਰਜਣ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਉਦਯੋਗ ਨੂੰ ਇਹ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਕਿ ਉਦਯੋਗ ਅੰਦਰ – ਵਧੇਰੇ ਮਹਿਲਾਵਾਂ ਤੇ ਨੌਜਵਾਨ ਪ੍ਰਤਿਭਾ ਨੂੰ ਸ਼ਾਮਲ ਕਰਨ, ਛੇਤੀ ਤੋਂ ਛੇਤੀ ਵਿਸ਼ਵ ਦੇ ਬਿਹਤਰੀਨ ਅਭਿਆਸ ਅਪਨਾਉਣ, ਕਾਰਪੋਰੇਟ ਸ਼ਾਸਨ ਤੇ ਮੁਨਾਫ਼ਾ ਵੰਡ – ਜਿਹੇ ਸੁਧਾਰ ਲਿਆ ਕੇ ਉਸ ਦੇ ਲਾਭ ਆਖ਼ਰੀ ਮੀਲ ਤੱਕ ਵੀ ਪੁੱਜਣ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਦੌਰਾਨ ਵੀ, ਜਦੋਂ ਸਮੁੱਚਾ ਵਿਸ਼ਵ ਨਿਵੇਸ਼ ਲਈ ਮੁਸੀਬਤ ’ਚ ਪਿਆ ਹੋਇਆ ਸੀ, ਤਦ ਭਾਰਤ ਵਿੱਚ ਰਿਕਾਰਡ ਸਿੱਧਾ ਵਿਦੇਸ਼ੀ ਨਿਵੇਸ਼ ਅਤੇ ਪੀਐੱਫ਼ਆਈ ਹੋਇਆ ਕਿਉਂਕਿ ਵਿਸ਼ਵ ਨੂੰ ਹੁਣ ਭਾਰਤੀ ਅਰਥਵਿਵਸਥਾ ਉੱਤੇ ਭਰੋਸਾ ਹੈ। ਉਨ੍ਹਾਂ ਵਿਸ਼ਵ ਦੇ ਵਧਦੇ ਭਰੋਸੇ ਦੀ ਤਰਜ਼ ਉੱਤੇ ਉਦਯੋਗ ਨੂੰ ਦੇਸ਼ ਅੰਦਰ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ।

 

ਉਨ੍ਹਾਂ ਭਾਰਤੀ ਉਦਯੋਗ ਦੁਆਰਾ ਖੋਜ ਤੇ ਵਿਕਾਸ ਵਿੱਚ ਬਹੁਤ ਘੱਟ ਨਿਵੇਸ਼ ਉੱਤੇ ਅਫ਼ਸੋਸ ਪ੍ਰਗਟ ਕੀਤਾ ਤੇ ਅਮਰੀਕਾ ਨਾਲ ਤੁਲਨਾ ਕੀਤੀ, ਜਿੱਥੇ ਖੋਜ ਤੇ ਵਿਕਾਸ ਵਿੱਚ 70% ਨਿਵੇਸ਼ ਨਿਜੀ ਖੇਤਰ ਤੋਂ ਆਉਂਦਾ ਹੈ। ਉਨ੍ਹਾਂ ਭਾਰਤੀ ਉਦਯੋਗ ਨੂੰ ਖੋਜ ਅਤੇ ਵਿਕਾਸ ਖ਼ਾਸ ਕਰਕੇ ਖੇਤੀਬਾੜੀ, ਰੱਖਿਆ, ਪੁਲਾੜ, ਊਰਜਾ, ਨਿਰਮਾਣ, ਫ਼ਾਰਮਾ ਤੇ ਟ੍ਰਾਂਸਪੋਰਟ ਖੇਤਰ ਜਿਹੇ ਖੇਤਰਾਂ ਵਿੱਚ ਆਪਣੇ ਨਿਵੇਸ਼ ਵਧਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਖੇਤਰ ਵਿੱਚ ਸਾਰੀਆਂ ਕੰਪਨੀਆਂ ਨੂੰ ਖੋਜ ਤੇ ਵਿਕਾਸ ਲਈ ਇੱਕ ਖ਼ਾਸ ਰਕਮ ਰੱਖਣੀ ਚਾਹੀਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਤੇਜ਼ੀ ਨਾਲ ਚੌਥੀ ਉਦਯੋਗਿਕ ਕ੍ਰਾਂਤੀ ਵੱਲ ਵਧ ਰਿਹਾ ਹੈ, ਨਵੀਂ ਟੈਕਨੋਲੋਜੀ ਦੇ ਰੂਪ ਵਿੱਚ ਚੁਣੌਤੀਆਂ ਆਉਣਗੀਆਂ ਅਤੇ ਬਹੁਤ ਸਾਰੇ ਹੱਲ ਵੀ ਆਉਣਗੇ। ਉਨ੍ਹਾਂ ਕਿਹਾ ਕਿ ਅੱਜ ਵੇਲਾ ਯੋਜਨਾ ਉਲੀਕਣ ਅਤੇ ਕੰਮ ਕਰਨ ਦਾ ਹੈ। ਉਨ੍ਹਾਂ ਵਪਾਰਕ ਆਗੂਆਂ ਨੂੰ ਹਰ ਸਾਲ ਇਕੱਠੇ ਹੋਣ ਅਤੇ ਹਰੇਕ ਨਿਸ਼ਾਨੇ ਨੂੰ ਰਾਸ਼ਟਰ ਨਿਰਮਾਣ ਦੇ ਵਡੇਰੇ ਟੀਚੇ ਨਾਲ ਜੋੜਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਆਉਂਦੇ 27 ਸਾਲਾਂ ਨੂੰ ਭਾਰਤ ਨੂੰ ਆਜ਼ਾਦ ਹੋਇਆਂ ਇੱਕ ਸਦੀ ਮੁਕੰਮਲ ਹੋ ਜਾਵੇਗੀ, ਤਦ ਨਾ ਸਿਰਫ਼ ਭਾਰਤ ਦੀ ਵਿਸ਼ਵ ਵਿੱਚ ਭੂਮਿਕਾ ਨਿਰਧਾਰਿਤ ਹੋ ਜਾਵੇਗੀ, ਸਗੋਂ ਇਸ ਨਾਲ ਭਾਰਤੀਆਂ ਦੇ ਸੁਪਨਿਆਂ ਤੇ ਸਮਰਪਣ ਦੀ ਪਰਖ ਵੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਨੂੰ ਭਾਰਤੀ ਉਦਯੋਗ ਦੀ ਸਮਰੱਥਾ, ਪ੍ਰਤੀਬੱਧਤਾ ਤੇ ਹੌਸਲਾ ਵਿਖਾਉਣ ਦਾ ਸਮਾਂ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਨਾ ਸਿਰਫ਼ ਆਤਮ–ਨਿਰਭਰਤਾ ਨੂੰ ਹਾਸਲ ਕਰਨਾ ਅਹਿਮ ਹੈ, ਸਗੋਂ ਅਸੀਂ ਇਹ ਟੀਚਾ ਕਿੰਨੀ ਛੇਤੀ ਹਾਸਲ ਕਰਦੇ ਹਾਂ, ਉਹ ਵੀ ਓਨਾ ਹੀ ਮਹੱਤਵਪੂਰਨ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਭਾਰਤ ਦੀ ਸਫ਼ਲਤਾ ਬਾਰੇ ਦੁਨੀਆ ’ਚ ਇੰਨੀ ਜ਼ਿਆਦਾ ਸਕਾਰਾਤਮਕਤਾ ਕਦੇ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਸਕਾਰਾਤਮਕਤਾ 130 ਕਰੋੜ ਭਾਰਤੀਆਂ ਦੇ ਬੇਮਿਸਾਲ ਆਤਮ–ਵਿਸ਼ਵਾਸ ਸਦਕਾ ਹੈ। ਹੁਣ ਭਾਰਤ ਅੱਗੇ ਵਧਣ ਲਈ ਨਵੇਂ ਆਯਾਮ ਬਣਾ ਰਿਹਾ ਹੈ, ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸੁਧਾਰਾਂ ਦੇ ਪ੍ਰਭਾਵ ਕਾਰਣ ਉਦਯੋਗ ਦੀ ਭਾਵਨਾ ‘ਭਾਰਤ ਕਿਉਂ’ ਤੋਂ ਬਦਲ ਕੇ ‘ਭਾਰਤ ’ਚ ਕਿਉਂ ਨਹੀਂ’ ਨਿਵੇਸ਼, ਹੋ ਗਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊ ਇੰਡੀਆ, ਆਪਣੀ ਤਾਕਤ ਉੱਤੇ ਭਰੋਸਾ ਕਰਦਿਆਂ, ਆਪਣੇ ਖ਼ੁਦ ਦੇ ਵਸੀਲਿਆਂ ਉੱਤੇ ਯਕੀਨ ਰੱਖਦਿਆਂ ‘ਆਤਮਨਿਰਭਰ ਭਾਰਤ’ ਵੱਲ ਅੱਗੇ ਵਧਦਾ ਜਾ ਰਿਹਾ ਹੈ ਅਤੇ ਇਹ ਨਿਸ਼ਾਨਾ ਹਾਸਲ ਕਰਨ ਲਈ ਨਿਰਮਾਣ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸੁਧਾਰ ਨਿਰੰਤਰ ਕੀਤੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਇੱਕ ਮਿਸ਼ਨ ਮੋਡ ਵਿੱਚ ਲੋਕਲ ਨੂੰ ਗਲੋਬਲ ਬਣਾਉਣ ਵੱਲ ਵਧ ਰਹੇ ਹਾਂ, ਸਾਨੂੰ ਹਰੇਕ ਭੂ–ਰਾਜਨੀਤਕ ਵਿਕਾਸ ਲਈ ਤੇਜ਼ੀ ਨਾਲ ਪ੍ਰਤੀਕਰਮ ਪ੍ਰਗਟਾਉਣਾ ਹੋਵੇਗਾ। ਉਨ੍ਹਾਂ ਇੱਕ ਪ੍ਰਭਾਵਸ਼ਾਲੀ ਪ੍ਰਬੰਧ ਦੀ ਲੋੜ ਉੱਤੇ ਜ਼ੋਰ ਦਿੱਤਾ ਕਿ ਭਾਰਤ ਅਚਾਨਕ ਕਿਸੇ ਮੰਗ ਲਈ ਵਿਸ਼ਵ–ਪੱਧਰੀ ਸਪਲਾਈ ਲੜੀ ਦੀ ਪੂਰਤੀ ਕਿਵੇਂ ਕਰੇਗਾ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਟੀਚਾ ਹਾਸਲ ਕਰਨ ਲਈ ਐਸੋਚੈਮ ਜਿਹੇ ਉਦਯੋਗਿਕ ਸੰਗਠਨਾਂ ਦਾ ਵਿਦੇਸ਼ ਮੰਤਰਾਲੇ, ਵਣਜ ਤੇ ਵਪਾਰ ਨਾਲ ਬਿਹਤਰ ਤਾਲਮੇਲ ਹਾਸਲ ਕੀਤਾ ਜਾਵੇ। ਉਨ੍ਹਾਂ ਉਦਯੋਗ ਤੋਂ ਸੁਝਾਅ ਅਤੇ ਵਿਚਾਰ ਮੰਗੇ ਕਿ ਵਿਸ਼ਵ–ਪੱਧਰੀ ਤਬਦੀਲੀਆਂ ਉੱਤੇ ਤੁਰੰਤ ਪ੍ਰਤੀਕਰਮ ਕਿਵੇਂ ਪ੍ਰਗਟਾਉਣਾ ਹੈ ਤੇ ਤੇਜ਼–ਰਫ਼ਤਾਰ ਹੁੰਗਾਰੇ ਲਈ ਬਿਹਤਰ ਪ੍ਰਬੰਧ ਕਿਵੇਂ ਤਿਆਰ ਕਰਨੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ–ਨਾਲ ਪੂਰੀ ਦੁਨੀਆ ਦੀ ਮਦਦ ਕਰਨ ਦੇ ਵੀ ਸਮਰੱਥ ਹੈ। ਕੋਰੋਨਾ ਕਾਲ ਦੌਰਾਨ ਵੀ ਭਾਰਤ ਨੇ ਵਿਸ਼ਵ ਦੀ ਫ਼ਾਰਮੇਸੀ ਦੀ ਜ਼ਿੰਮੇਵਾਰੀ ਸੰਭਾਲ਼ੀ ਹੈ ਤੇ ਪੂਰੀ ਦੁਨੀਆ ਤੱਕ ਜ਼ਰੂਰੀ ਦਵਾਈਆਂ ਪਹੁੰਚਾਈਆਂ ਹਨ। ਹੁਣ ਵੈਕਸੀਨਾਂ ਦੇ ਮਾਮਲੇ ਵਿੱਚ ਵੀ, ਭਾਰਤ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਤੇ ਹੋਰ ਬਹੁਤ ਸਾਰੇ ਦੇਸ਼ਾਂ ਦੀਆਂ ਆਸਾਂ ਉੱਤੇ ਵੀ ਖਰਾ ਉੱਤਰੇਗਾ। ਉਨ੍ਹਾਂ ਐਸੋਚੈਮ ਮੈਂਬਰਾਂ ਨੂੰ ਗ੍ਰਾਮੀਣ ਕਾਰੀਗਰਾਂ ਦੇ ਉਤਪਾਦਾਂ ਦੀ ਪ੍ਰਦਰਸ਼ਨੀ ਲਈ ਵਿਸ਼ਵ ਮੰਚ ਪ੍ਰਦਾਨ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਸਾਡੇ ਆਰਗੈਨਿਕ ਖੇਤੀ ਉਤਪਾਦਾਂ, ਬਿਹਤਰ ਬੁਨਿਆਦੀ ਢਾਂਚੇ ਤੇ ਬਿਹਤਰ ਬਜ਼ਾਰ ਨੂੰ ਬਿਹਤਰ ਤਰੀਕੇ ਪ੍ਰੋਤਸਾਹਿਤ ਕਰਨ ਲਈ ਭਾਰਤ ਸਰਕਾਰ ਦੇ ਰਾਜ ਸਰਕਾਰਾਂ, ਫ਼ਾਰਮ ਸੰਗਠਨਾਂ ਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਇਸ ਨਾਲ ਸਾਡੀ ਸਮੁੱਚੀ ਗ੍ਰਾਮੀਣ ਅਰਥਵਿਵਸਥਾ ਨੂੰ ਇੱਕ ਨਵੇਂ ਸਿਖ਼ਰ ਤੱਕ ਪੁੱਜਣ ਵਿੱਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੇ ਅਰੰਭ ’ਚ ਅਟਲ ਜੀ ਨੇ ਭਾਰਤ ਨੂੰ ਹਾਈਵੇਅਜ਼ ਨਾਲ ਜੋੜਨ ਦਾ ਟੀਚਾ ਮਿੱਥਿਆ ਸੀ। ਅੱਜ, ਦੇਸ਼ ਵਿੱਚ ਭੌਤਿਕ ਤੇ ਡਿਜੀਟਲ ਬੁਨਿਆਦੀ ਢਾਂਚੇ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ। ਅਸੀਂ ਦੇਸ਼ ਦੇ ਹਰੇਕ ਪਿੰਡ ਨੂੰ ਬ੍ਰੌਡਬੈਂਡ ਕਨੈਕਟੀਵਿਟੀ ਮੁਹੱਈਆ ਕਰਵਾਉਣ ’ਚ ਲੱਗੇ ਹੋਏ ਹਾਂ, ਤਾਂ ਜੋ ਪਿੰਡ ਦੇ ਕਿਸਾਨ ਦੀ ਪਹੁੰਚ ਵੀ ਡਿਜੀਟਲ ਤੌਰ ਉੱਤੇ ਵਿਸ਼ਵ ਬਜ਼ਾਰਾਂ ਤੱਕ ਹੋ ਸਕੇ। ਉਨ੍ਹਾਂ ਬਿਹਤਰ ਬੁਨਿਆਦੀ ਢਾਂਚੇ ਦੇ ਨਿਰਮਾਣ; ਜਿਵੇਂ ਜਨਤਕ ਖੇਤਰ ਦੇ ਬੈਂਕਾਂ ਨੂੰ ਮਜ਼ਬੂਤ ਬਣਾਉਣ, ਬੌਂਡ ਮਾਰਕਿਟਸ ਦੀ ਸੰਭਾਵਨਾ ਨੂੰ ਵਧਾਉਣ ਲਈ ਫ਼ੰਡਿੰਗ ਨਾਲ ਜੁੜੇ ਹਰੇਕ ਆਯਾਮ ਦੀ ਵਰਤੋਂ ਤੇ ਇਸ ਦਿਸ਼ਾ ਵਿੱਚ ਕੋਸ਼ਿਸ਼ਾਂ ਕਰਨ ਦੀ ਬੇਨਤੀ ਕੀਤੀ। ਇਸੇ ਤਰ੍ਹਾਂ ਖ਼ੁਦਮੁਖਤਿਆਰ ਧਨ ਦੇ ਫ਼ੰਡਜ਼ ਤੇ ਪੈਨਸ਼ਨ ਫ਼ੰਡਜ਼ ਨੂੰ ਟੈਕਸਾਂ ਤੋਂ ਛੋਟ ਦਿੱਤੀ ਜਾ ਰਹੀ ਹੈ, REITs ਅਤੇ INVITs ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਅਸਾਸਿਆਂ ਦਾ ਮੁਦਰੀਕਰਣ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾ ਸਕਦੀ ਹੈ, ਸਹੀ ਮਾਹੌਲ ਪੈਦਾ ਕਰ ਸਕਦੀ ਹੈ, ਪ੍ਰੋਤਸਾਹਨ ਦੇ ਸਕਦੀ ਹੈ ਤੇ ਨੀਤੀਆਂ ਬਦਲ ਸਕਦੀ ਹੈ। ਪਰ ਇਹ ਉਦਯੋਗ ਦੇ ਭਾਈਵਾਲ ਹੀ ਹਨ, ਜੋ ਇਸ ਮਦਦ ਨੂੰ ਸਫ਼ਲਤਾ ਵਿੱਚ ਤਬਦੀਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਕ ਆਤਮ–ਨਿਰਭਰ ਭਾਰਤ ਦੇ ਸੁਪਨੇ ਸਾਕਾਰ ਕਰਨ ਲਈ ਦੇਸ਼ ਨੇ ਨਿਯਮਾਂ ਤੇ ਵਿਨਿਯਮਾਂ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਆਪਣਾ ਮਨ ਬਣਾਇਆ ਹੈ, ਦੇਸ਼ ਇਸ ਲਈ ਪ੍ਰਤੀਬੱਧ ਹੈ।

 

*****

 

ਡੀਐੱਸ/ਏਕੇ