ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਮੁੱਖ ਭੂ-ਭਾਗ (ਕੋਚੀ) ਅਤੇ ਲਕਸ਼ਦ੍ਵੀਪ ਟਾਪੂਆਂ (ਕੇਐੱਲਆਈ ਪ੍ਰੋਜੈਕਟ) ਦੇ ਦਰਮਿਆਨ ਸਬਮਰੀਨ ਔਪਟੀਕਲ ਫਾਈਬਰ ਕੇਬਲ ਕਨੈਕਟੀਵਿਟੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਪ੍ਰੋਜੈਕਟ ਵਿੱਚ ਇੱਕ ਸਮਰਪਿਤ ਸਬਮਰੀਨ ਔਪਟੀਕਲ ਫਾਈਬਰ ਕੇਬਲ (ਓਐੱਫਸੀ) ਦੇ ਜ਼ਰੀਏ ਕੋਚੀ ਅਤੇ ਲਕਸ਼ਦ੍ਵੀਪ ਦੇ 11 ਟਾਪੂਆਂ – ਕਵਰੱਤੀ, ਕਲਪੇਨੀ, ਅਗਤੀ, ਅਮਿਨੀ, ਐਂਡਰੋਥ, ਮਿਨੀਕੌਇ, ਬੰਗਾਰਾਮ, ਬਿਤ੍ਰਾ, ਚੇਟਲਾਟ, ਕਿਲਤਾਨ ਅਤੇ ਕਦਮਤ ਦੇ ਦਰਮਿਆਨ ਇੱਕ ਸਿੱਧਾ ਦੂਰਸੰਚਾਰ ਲਿੰਕ ਉਪਲਬਧ ਕਰਵਾਉਣ ਦੀ ਪਰਿਕਲਪਨਾ ਕੀਤੀ ਗਈ ਹੈ।
ਵਿੱਤੀ ਖਰਚ :
ਇਸ ਪ੍ਰੋਜੈਕਟ ਦੇ ਲਾਗੂਕਰਨ ਦੀ ਅਨੁਮਾਨਿਤ ਲਾਗਤ 1072 ਕਰੋੜ ਰੁਪਏ ਹੈ ਜਿਸ ਵਿੱਚ ਪੰਜ ਵਰ੍ਹਿਆਂ ਦੇ ਲਈ ਸੰਚਾਲਨ ਖਰਚ ਵੀ ਸ਼ਾਮਲ ਹੈ। ਇਸ ਪ੍ਰੋਜੈਕਟ ਨੂੰ ਯੂਨੀਵਰਸਲ ਸਰਵਿਸ ਔਬਲੀਗੇਸ਼ਨ ਫੰਡ ਦੁਆਰਾ ਵਿੱਤ-ਪੋਸ਼ਿਤ ਕੀਤਾ ਜਾਵੇਗਾ।
ਪ੍ਰਭਾਵ :
ਇਹ ਪ੍ਰਮਾਣ ਹੈ ਕਿ ਦੂਰਸੰਚਾਰ ਬੁਨਿਆਦੀ ਢਾਂਚੇ ਵਿੱਚ ਵਾਧਾ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨਾਲ ਬਹੁਤ ਨਜ਼ਦੀਕ ਤੋਂ ਜੁੜਿਆ ਹੋਇਆ ਹੈ ਅਤੇ ਰੋਜਗਾਰ ਸਿਰਜਣਾ ਦੀ ਦਿਸ਼ਾ ਵਿੱਚ ਦੂਰਸੰਚਾਰ ਕਨੈਕਟੀਵਿਟੀ ਦੀ ਅਹਿਮ ਭੂਮਿਕਾ ਹੈ। ਇਸ ਸੰਪਰਕ ਯੋਜਨਾ ਦੀ ਮੌਜੂਦਾ ਪ੍ਰਵਾਨਗੀ ਨਾਲ ਲਕਸ਼ਦ੍ਵੀਪ ਦੇ ਟਾਪੂਆਂ ਵਿੱਚ ਦੂਰਸੰਚਾਰ ਸੁਵਿਧਾਵਾਂ ਵਿੱਚ ਵੱਡੇ ਬੈਂਡਵਿੱਥ ਦੀ ਉਪਲਬਧਤਾ ਨਾਲ ਕਾਫ਼ੀ ਸੁਧਾਰ ਹੋਵੇਗਾ।
ਸਬਮਰੀਨ ਕਨੈਕਟੀਵਿਟੀ ਪ੍ਰੋਜੈਕਟ ਨਾਗਰਿਕਾਂ ਨੂੰ ਉਨ੍ਹਾਂ ਦੇ ਘਰ ਹੀ ਈ-ਸੁਸ਼ਾਸਨ ਸੇਵਾਵਾਂ ਦੀ ਡਿਲਿਵਰੀ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ। ਇਸ ਦੇ ਇਲਾਵਾ, ਮੱਛੀ ਪਾਲਣ ਖੇਤਰ ਦੀ ਸਮਰੱਥਾ ਦੇ ਵਿਕਾਸ, ਨਾਰੀਅਲ ਅਧਾਰਿਤ ਉਦਯੋਗਾਂ, ਟੂਰਿਜ਼ਮ, ਟੈਲੀ-ਐਜੂਕੇਸ਼ਨ ਦੇ ਜ਼ਰੀਏ ਵਿੱਦਿਅਕ ਵਿਕਾਸ ਅਤੇ ਟੈਲੀਮੈਡੀਸਿਨ ਸੁਵਿਧਾਵਾਂ ਨਾਲ ਸਿਹਤ ਦੇਖਭਾਲ਼ ਖੇਤਰ ਵਿੱਚ ਕਾਫ਼ੀ ਮਦਦ ਮਿਲੇਗੀ। ਇਸ ਪ੍ਰੋਜੈਕਟ ਨਾਲ ਅਨੇਕ ਉੱਦਮਾਂ ਦੀ ਸਥਾਪਨਾ, ਈ-ਕਮਰਸ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਵਿੱਦਿਅਕ ਸੰਸਥਾਨਾਂ ਵਿੱਚ ਗਿਆਨ ਸਾਂਝਾ ਕਰਨ ਵਿੱਚ ਲੋੜੀਂਦੀ ਮਦਦ ਮਿਲੇਗੀ। ਲਕਸ਼ਦ੍ਵੀਪ ਦੇ ਟਾਪੂਆਂ ਵਿੱਚ ਲੌਜਿਸਟਿਕ ਸੇਵਾਵਾਂ ਦੇ ਲਿਹਾਜ ਨਾਲ ਇੱਕ ਵਿਸ਼ਾਲ ਹੱਬ ਬਣਨ ਦੀ ਸਮਰੱਥਾ ਹੈ।
ਲਾਗੂਕਰਨ ਰਣਨੀਤੀ ਅਤੇ ਟੀਚੇ :
ਭਾਰਤ ਸੰਚਾਰ ਨਗਰ ਲਿਮਿਟਿਡ (ਬੀਐੱਸਐੱਨਐੱਲ) ਨੂੰ ਇਸ ਪ੍ਰੋਜੈਕਟ ਦੀ ਲਾਗੂਕਰਨ ਏਜੰਸੀ ਅਤੇ ਟੈਲੀਕਮਿਊਨੀਕੇਸ਼ਨਸ ਕੰਸਲਟੈਂਟ ਇੰਡੀਆ ਲਿਮਿਟਿਡ (ਟੀਸੀਆਈਐੱਲ) ਨੂੰ ਯੂਐੱਸਓਐੱਫ, ਦੂਰਸੰਚਾਰ ਵਿਭਾਗ ਦੀ ਸਹਾਇਤਾ ਕਰਨ ਲਈ ਟੈਕਨੀਕਲ ਸਲਾਹਕਾਰ ਨਾਮਜ਼ਦ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਅਸਾਸਿਆਂ ਦੀ ਮਲਕੀਅਤ ਦਾ ਅਧਿਕਾਰ (ਯੂਐੱਸਓਐੱਫ) ਦੇ ਪਾਸ ਰਹੇਗਾ ਜੋ ਦੂਰਸੰਚਾਰ ਵਿਭਾਗ ਦੇ ਤਹਿਤ ਵਿੱਤ-ਪੋਸ਼ਿਤ ਏਜੰਸੀ ਹੈ। ਇਸ ਪ੍ਰੋਜੈਕਟ ਨੂੰ ਮਈ 2023 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਪਿਛੋਕੜ:
ਅਰਬ ਸਾਗਰ ਵਿੱਚ ਸਥਿਤ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਵਿੱਚ ਅਨੇਕ ਟਾਪੂ ਸ਼ਾਮਲ ਹਨ ਜੋ ਭਾਰਤ ਲਈ ਰਣਨੀਤਕ ਦ੍ਰਿਸ਼ਟੀ ਤੋਂ ਕਾਫ਼ੀ ਮਹੱਤਵਪੂਰਨ ਹਨ। ਇਨ੍ਹਾਂ ਟਾਪੂਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ, ਮਜ਼ਬੂਤ, ਭਰੋਸੇਮੰਦ ਅਤੇ ਕਿਫਾਇਤੀ ਦੂਰਸੰਚਾਰ ਸੇਵਾਵਾਂ ਦੀ ਉਪਲਬਧਤਾ ਪੂਰੇ ਦੇਸ਼ ਲਈ ਰਣਨੀਤਕ ਨਜ਼ਰੀਏ ਤੋਂ ਕਾਫ਼ੀ ਮਹੱਤਵਪੂਰਨ ਹੈ।
ਲਕਸ਼ਦ੍ਵੀਪ ਵਿੱਚ ਇਸ ਸਮੇਂ ਦੂਰਸੰਚਾਰ ਕਨੈਕਟੀਵਿਟੀ ਸੈਟੇਲਾਈਟਾਂ ਦੇ ਜ਼ਰੀਏ ਪ੍ਰਦਾਨ ਕੀਤੀ ਜਾ ਰਹੀ ਹੈ, ਲੇਕਿਨ ਇੱਥੇ ਉਪਲਬਧ ਬੈਂਡਵਿੱਥ ਦੀ ਸਮਰੱਥਾ ਸਿਰਫ 1 ਜੀਬੀਪੀਐੱਸ ਹੈ। ਅੰਕੜਿਆਂ ‘ਤੇ ਅਧਾਰਿਤ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਬੈਂਡਵਿੱਥ ਦੀ ਕਮੀ ਇੱਕ ਵੱਡੀ ਰੁਕਾਵਟ ਹੈ। ਸਮਾਜ ਦੇ ਸਮਾਵੇਸ਼ੀ ਵਿਕਾਸ ਲਈ ਉਚਿਤ ਸਮਰੱਥਾ ਦੀ ਬੈਂਡਵਿੱਥ ਈ-ਸੁਸ਼ਾਸਨ ਅਤੇ ਈ-ਬੈਂਕਿੰਗ ਲਈ ਪਹਿਲੀ ਜ਼ਰੂਰਤ ਹੈ।
ਲਕਸ਼ਦ੍ਵੀਪ ਦੇ ਟਾਪੂਆਂ ਵਿੱਚ ਬਿਹਤਰ ਦੂਰਸੰਚਾਰ ਸੇਵਾਵਾਂ ਨੂੰ ਉਪਲਬਧ ਕਰਵਾਉਣ ਲਈ ਸਰਕਾਰ ਪਹਿਲਾਂ ਤੋਂ ਹੀ ਸੋਚ ਰਹੀ ਸੀ ਅਤੇ ਇਸੇ ਪ੍ਰਤੀਬੱਧਤਾ ਨੂੰ ਪੂਰਾ ਕਰਨ ਲਈ ਇਨ੍ਹਾਂ ਖੇਤਰਾਂ ਵਿੱਚ ਸਬਮਰੀਨ ਔਪਟੀਕਲ ਫਾਈਬਰ ਕੇਬਲ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਲਕਸ਼ਦ੍ਵੀਪ ਵਿੱਚ ਉਚ ਸਮਰੱਥਾ ਵਾਲੀ ਬੈਂਡਵਿੱਥ ਸੁਵਿਧਾ ਨੂੰ ਉਪਲਬਧ ਕਰਵਾਇਆ ਜਾਣਾ ਦੇਸ਼ ਵਿੱਚ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਨੂੰ ਹਾਸਲ ਕਰਨ ਅਤੇ ਈ-ਸੁਸ਼ਾਸਨ ਦੇ ਰਾਸ਼ਟਰੀ ਉਦੇਸ਼ ਨੂੰ ਮੂਰਤ ਰੂਪ ਦੇਣ ਦੇ ਅਨੁਰੂਪ ਹੈ।
****
ਡੀਐੱਸ