Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਸਾਮ ’ਚ ਤੇਲ ਦਾ ਖੂਹ ਫਟਣ ਤੇ ਅੱਗ ਲਗਣ ਦੀ ਸਥਿਤੀ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ’ਚ ਸਥਿਤ ‘ਆਇਲ ਇੰਡੀਆ ਲਿਮਿਟਿਡ’ ਦੇ ਤੇਲ ਖੂਹ ਨੰਬਰ ਬਾਗ਼ਜਨ–5 ਦੇ ਫਟਣ ਤੇ ਅੱਗ ਲਗਣ ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕੀਤੀ।

ਸਮੀਖਿਆ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਸਨ।

ਬੇਕਾਬੂ ਗੈਸ 27 ਮਈ, 2020 ਨੂੰ ਇਸ ਖੂਹ ਵਿੱਚੋਂ ਲੀਕ ਹੋਣੀ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਜਦੋਂ ਉਸ ਲੀਕੇਜ ’ਤੇ ਕਾਬੂ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਤਾਂ 9 ਜੂਨ, 2020 ਨੂੰ ਖੂਹ ਨੂੰ ਅੱਗ ਲਗ ਗਈ। ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰ ਕੇ ਆਇਲ ਇੰਡੀਆ ਲਿਮਿਟਿਡ ਦੇ ਤਾਲਮੇਲ ਨਾਲ ਰਾਜ ਸਰਕਾਰ ਵੱਲੋਂ ਕਾਇਮ ਕੀਤੇ ਰਾਹਤ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਸੀ। ਲਗਭਗ 9,000 ਵਿਅਕਤੀ ਇਨ੍ਹਾਂ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨਾਖ਼ਤ ਕੀਤੇ 1,610 ਪਰਿਵਾਰਾਂ ਲਈ 30,000 ਰੁਪਏ ਹਰੇਕ ਨੂੰ ਤੁਰੰਤ ਰਾਹਤ ਵਜੋਂ ਦਿੱਤੇ ਹਨ।

ਪ੍ਰਧਾਨ ਮੰਤਰੀ ਨੇ ਅਸਾਮ ਦੇ ਮੁੱਖ ਮੰਤਰੀ ਰਾਹੀਂ ਅਸਾਮ ਦੀ ਜਨਤਾ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਤੇ ਰਾਹਤ ਮੁਹੱਈਆ ਕਰਵਾਉਣ ਤੇ ਉਨ੍ਹਾਂ ਦੇ ਮੁੜ–ਵਸੇਬੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਤੇ ਇਸ ਮੰਦਭਾਗੀ ਘਟਨਾ ਕਾਰਨ ਪੈਦਾ ਹੋਈ ਇਸ ਔਖੀ ਸਥਿਤੀ ਵਿੱਚ ਰਾਜ ਸਰਕਾਰ ਨਾਲ ਖੜ੍ਹੀ ਹੈ। ਉਨ੍ਹਾਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੂੰ ਇਹ ਹਿਦਾਇਤ ਵੀ ਦਿੱਤੀ ਕਿ ਇਸ ਘਟਨਾ ਦਾ ਅਧਿਐਨ ਕਰ ਕੇ ਉਸ ਨੂੰ ਦਸਤਾਵੇਜ਼ੀ ਰੂਪ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਭਵਿੱਖ ਲਈ ਕੁਝ ਲਾਹੇਵੰਦ ਸਬਕ ਮਿਲ ਸਕੇ। ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਤੋਂ ਬਚਾਅ ਲਈ ਸਾਡੀਆਂ ਆਪਣੀਆਂ ਜਥੇਬੰਦੀਆਂ ਵਿੱਚ ਹੋਰ ਸਮਰੱਥਾਵਾਂ ਤੇ ਮੁਹਾਰਤ ਨੂੰ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਤੇ ਅਜਿਹੀਆਂ ਆਫ਼ਤਾਂ ਨਾਲ ਤੁਰੰਤ ਨਿਪਟਿਆ ਜਾਣਾ ਚਾਹੀਦਾ ਹੈ।

ਸਮੀਖਿਆ ਬੈਠਕ ਦੌਰਾਨ ਇਹ ਸੂਚਿਤ ਕੀਤਾ ਗਿਆ ਕਿ ਭਾਰਤੀ ਤੇ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਖੂਹ ਵਿੱਚੋਂ ਗੈਸ ਨਿਕਲਣ ਉੱਤੇ ਕਾਬੂ ਪਾਉਣ ਤੇ ਉਸ ਨੂੰ ਬੰਦ ਕਰਨ ਲਈ ਇੱਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ ਨੂੰ ਤਿਆਰ ਕੀਤੀ ਅਨੁਸੂਚੀ ਅਨੁਸਾਰ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਅਤੇ ਸਾਰੀਆਂ ਜ਼ਰੂਰੀ ਸੁਰੱਖਿਆ ਸਾਵਧਾਨੀਆਂ ਰੱਖਣ ਉਪਰੰਤ 7 ਜੁਲਾਈ, 2020 ਨੂੰ ਉਸ ਖੂਹ ਨੂੰ ਬੰਦ ਕੀਤਾ ਜਾਣਾ ਪ੍ਰਸਤਾਵਿਤ ਹੈ।

ਵੀਆਰਆਰਕੇ/ਐੱਸਐੱਚ