Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਰਚੁਅਲ ਗਲੋਬਲ ਵੈਕਸੀਨ ਸਮਿਟ 2020 ਨੂੰ ਸੰਬੋਧਨ ਕੀਤਾ


ਭਾਰਤ ਨੇ ਅੱਜ ਅੰਤਰਰਾਸ਼ਟਰੀ ਵੈਕਸੀਨ ਗੱਠਜੋੜ ‘ਗਾਵੀ’ (GAVI) ਨੂੰ 1.5 ਕਰੋੜ ਅਮਰੀਕੀ ਡਾਲਰ ਦੇਣ ਦਾ ਸੰਕਲਪ ਲਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਮੇਜ਼ਬਾਨੀ ’ਚ ਹੋਏ ਵਰਚੁਅਲ ਗਲੋਬਲ ਵੈਕਸੀਨ ਸਮਿਟ ਨੂੰ ਸੰਬੋਧਨ ਕੀਤਾ, ਜਿਸ ਵਿੱਚ 50 ਤੋਂ ਵੱਧ ਦੇਸ਼ਾਂ ਦੇ ਕਾਰੋਬਾਰੀ ਆਗੂਆਂ, ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ, ਸਿਵਲ ਸੁਸਾਇਟੀ, ਸਰਕਾਰੀ ਮੰਤਰੀਆਂ, ਦੇਸ਼ਾਂ ਦੇ ਮੁਖੀਆਂ ਅਤੇ ਦੇਸ਼ਾਂ ਦੇ ਆਗੂਆਂ ਨੇ ਭਾਗ ਲਿਆ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਭਾਰਤ ਸਮੁੱਚੇ ਵਿਸ਼ਵ ਨਾਲ ਪੂਰੀ ਤਰ੍ਹਾਂ ਇੱਕਜੁਟ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਸੱਭਿਅਤਾਅਤਾ ਸਾਨੂੰ ਵਿਸ਼ਵ ਨੂੰ ਇੱਕ ਪਰਿਵਾਰ ਵਜੋਂ ਦੇਖਣਾ ਸਿਖਾਉਂਦੀ ਹੈ ਅਤੇ ਇਸ ਮਹਾਮਾਰੀ ਦੌਰਾਨ ਭਾਰਤ ਨੇ ਇਸ ਸਿੱਖਿਆ ਉੱਤੇ ਚੱਲ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਆਪਣੀਆਂ ਉਪਲਬਧ ਦਵਾਈਆਂ ਦਾ ਸਟਾਕ 120 ਤੋਂ ਵੱਧ ਦੇਸ਼ਾਂ ਨਾਲ ਸਾਂਝਾ ਕਰ ਕੇ ਅਜਿਹਾ ਕੀਤਾ, ਜਿਸ ਲਈ ਆਪਣੇ ਗੁਆਂਢੀ ਦੇਸ਼ਾਂ ਵਾਸਤੇ ਸਾਂਝੀ ਪ੍ਰਤੀਕਿਰਿਆ ਨੀਤੀ ਤਿਆਰ ਕੀਤੀ ਗਈ ਸੀ ਅਤੇ ਜਿਹੜੇ ਵੀ ਦੇਸ਼ਾਂ ਨੇ ਦਵਾਈਆਂ ਮੰਗੀਆਂ, ਉਨ੍ਹਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਤੇ ਨਾਲ ਹੀ ਭਾਰਤ ਨੇ ਆਪਣੀ ਖੁਦ ਦੀ ਵਿਸ਼ਾਲ ਆਬਾਦੀ ਨੂੰ ਵੀ ਸੁਰੱਖਿਅਤ ਰੱਖਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ–19 ਮਹਾਮਾਰੀ ਨੇ ਕਿਸੇ ਨਾ ਕਿਸੇ ਤਰ੍ਹਾਂ ਗਲੋਬਲ ਸਹਿਯੋਗ ਦੀਆਂ ਸੀਮਾਵਾਂ ਨੂੰ ਉਜਾਗਰ ਕੀਤਾ ਹੈ ਅਤੇ ਹਾਲੀਆ ਇਤਿਹਾਸ ਵਿੱਚ ਪਹਿਲੀ ਵਾਰ, ਸਮੁੱਚੀ ਮਨੁੱਖਤਾ ਨੂੰ ਇੱਕ ਸਾਂਝੇ ਦੁਸ਼ਮਣ ਦਾ ਸਾਮਹਣਾ ਕਰਨਾ ਪੈ ਰਿਹਾ ਹੈ।

‘ਗਾਵੀ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਅੰਤਰਰਾਸ਼ਟਰੀ ਗੱਠਜੋੜ ਹੀ ਨਹੀਂ ਹੈ, ਸਗੋਂ ਅੰਤਰਰਾਸ਼ਟਰੀ ਇੱਕਜੁਟਤਾ ਦਾ ਇੱਕ ਚਿੰਨ੍ਹ ਵੀ ਹੈ ਅਤੇ ਸਾਨੂੰ ਇਹ ਵੀ ਚੇਤੇ ਕਰਵਾਉਂਦਾ ਹੈ ਕਿ ਹੋਰਨਾਂ ਦੀ ਮਦਦ ਕਰ ਕੇ ਅਸੀਂ ਖੁਦ ਆਪਣੀ ਮਦਦ ਕਰ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਬਹੁਤ ਵਿਸ਼ਾਲ ਹੈ ਤੇ ਇੱਥੇ ਸਿਹਤ ਸੁਵਿਧਾਵਾਂ ਸੀਮਤ ਹਨ ਅਤੇ ਇਹ ਟੀਕਾਕਰਣ ਦੇ ਮਹੱਤਵ ਨੂੰ ਸਮਝਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਅਰੰਭੇ ਗਏ ਪਹਿਲੇ ਪ੍ਰੋਗਰਾਮਾਂ ਵਿੱਚੋਂ ਇੱਕ ‘ਮਿਸ਼ਨ ਇੰਦਰਧਨੁਸ਼’ ਸੀ, ਜਿਸ ਦਾ ਮੰਤਵ ਇਸ ਵਿਸ਼ਾਲ ਰਾਸ਼ਟਰ ਦੇ ਦੂਰ–ਦੁਰਾਡੇ ਹਿੱਸਿਆਂ ਸਮੇਤ ਦੇਸ਼ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਮੁਕੰਮਲ ਟੀਕਾਕਰਣ ਯਕੀਨੀ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਸੁਰੱਖਿਆ ਦਾ ਵਿਸਤਾਰ ਕਰਦਿਆਂ, ਭਾਰਤ ਨੇ ਆਪਣੇ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਵਿੱਚ ਛੇ ਨਵੀਂਆਂ ਵੈਕਸੀਨਾਂ ਸ਼ਾਮਲ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਵਿਸਤਾਰਪੂਰਬਕ ਸਮਝਾਉਂਦਿਆਂ ਦੱਸਿਆ ਕਿ ਭਾਰਤ ਨੇ ਆਪਣੀ ਸਮੁੱਚੀ ਵੈਕਸੀਨ ਸਪਲਾਈ ਲਾਈਨ ਦਾ ਡਿਜੀਟਲਕਰਣ ਕਰ ਦਿੱਤਾ ਹੈ ਅਤੇ ਆਪਣੀ ਕੋਲਡ ਚੇਨ ਦੀ ਅਖੰਡਤਾ ਉੱਤੇ ਨਜ਼ਰ ਰੱਖਣ ਲਈ ਇੱਕ ਇਲੈਕਟ੍ਰੌਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਵਿਕਸਤ ਕੀਤਾ ਹੈ।

ਇਹ ਨਵੀਂਆਂ ਖੋਜਾਂ ਦੇਸ਼ ਦੇ ਆਖ਼ਰੀ ਕੋਣੇ ਤੱਕ ਸਹੀ ਸਮੇਂ ਸਹੀ ਮਾਤਰਾਵਾਂ ਵਿੱਚ ਸੁਰੱਖਿਅਤ ਤੇ ਮਜ਼ਬੂਤ ਵੈਕਸੀਨਾਂ ਦੀ ਉਪਲਬਧਤਾ ਯਕੀਨੀ ਬਣਾਉਂਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਵਿੱਚ ਵੈਕਸੀਨਾਂ ਦਾ ਮੋਹਰੀ ਉਤਪਾਦਕ ਹੈ ਅਤੇ ਇਹ ਖੁਸ਼ਕਿਸਮਤੀ ਹੈ ਕਿ ਭਾਰਤ ਦੁਨੀਆ ਦੇ ਲਗਭਗ 60 ਪ੍ਰਤੀਸ਼ਤ ਬੱਚਿਆਂ ਦੇ ਟੀਕਾਕਰਣ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ‘ਗਾਵੀ’ ਦੇ ਕੰਮਾਂ ਨੂੰ ਮਾਨਤਾ ਦਿੰਦਾ ਹੈ ਤੇ ਉਸ ਦਾ ਮੁੱਲ ਪਾਉਂਦਾ ਹੈ, ਇਸੇ ਲਈ ਭਾਰਤ ਨੇ ‘ਗਾਵੀ’ ਨੂੰ ਦਾਨ ਦਿੱਤਾ ਹੈ ਅਤੇ ਨਾਲ ਹੀ ‘ਗਾਵੀ’ ਦੀ ਮਦਦ ਲੈਣ ਦੇ ਵੀ ਯੋਗ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਗਾਵੀ’ ਨੂੰ ਭਾਰਤ ਦਾ ਸਮਰਥਨ ਨਾ ਸਿਰਫ਼ ਵਿੱਤੀ ਹੈ, ਸਗੋਂ ਭਾਰਤ ਦੀ ਵਿਸ਼ਾਲ ਮੰਗ ਨੇ ਸਭਨਾਂ ਲਈ ਵੈਕਸੀਨਾਂ ਦੀ ਗਲੋਬਲ ਕੀਮਤ ਹੇਠਾਂ ਲੈ ਆਂਦੀ ਹੈ, ਇਸ ਨਾਲ ਪਿਛਲੇ ਪੰਜ ਸਾਲਾਂ ਦੌਰਾਨ ‘ਗਾਵੀ’ ਦੇ ਲਗਭਗ 40 ਕਰੋੜ ਡਾਲਰ ਦੀ ਬੱਚਤ ਹੋਈ ਹੈ।

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਦੀ ਮਿਆਰੀ ਦਵਾਈਆਂ ਤੇ ਦਵਾਈਆਂ ਦਾ ਘੱਟ ਲਾਗਤ ਉੱਤੇ ਉਤਪਾਦਨ ਕਰਨ ਦੀ ਸਮਰੱਥਾ ਸਿੱਧ ਹੋ ਚੁੱਕੀ ਹੈ ਤੇ ਇਸ ਦੌਰਾਨ ਭਾਰਤ ਨੇ ਦੇਸ਼ ਵਿੱਚ ਟੀਕਾਕਰਣ ਅਤੇ ਆਪਣੀ ਵਰਨਣਯੋਗ ਵਿਗਿਆਨਕ ਖੋਜ ਪ੍ਰਤਿਭਾ ਦਾ ਤੇਜ਼ੀ ਨਾਲ ਪਸਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਨਾ ਸਿਰਫ਼ ਵਿਸ਼ਵ ਸਿਹਤ ਯਤਨਾਂ ਵਿੱਚ ਯੋਗਦਾਨ ਪਾਉਣ ਦੀ ਸਮਰੱਥਾ ਹੈ, ਸਗੋਂ ਇਸ ਵਿੱਚ ਵਸਤਾਂ ਸਾਂਝੀਆਂ ਕਰਨ ਤੇ ਦੇਖਭਾਲ਼ ਕਰਨ ਦੀ ਭਾਵਨਾ ਵੀ ਹੈ।

ਵੀਆਰਆਰਕੇ/ਏਕੇਪੀ