Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਲਈ ਜੋਸ਼ੀਲਾ ਸੱਦਾ ਦਿੱਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਆਲਮੀ ਮਹਾਮਾਰੀ ਨਾਲ ਜੂਝਦਿਆਂ ਦਮ ਤੋੜ ਗਏ ਵਿਅਕਤੀਆਂ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ–19 ਕਾਰਨ ਜਿਹੋ ਜਿਹਾ ਸੰਕਟ ਉੱਭਰਿਆ ਹੈ, ਇਸ ਦੀ ਕਿਸੇ ਨੂੰ ਵੀ ਆਸ ਨਹੀਂ ਸੀ ਪਰ ਇਸ ਜੰਗ ਵਿੱਚ, ਸਾਨੂੰ ਨਾ ਸਿਰਫ਼ ਆਪਣੀ ਰਾਖੀ ਕਰਨ ਦੀ ਜ਼ਰੂਰਤ ਹੈ, ਸਗੋਂ ਸਾਨੂੰ ਇਸੇ ਸਥਿਤੀ ਵਿੱਚ ਅੱਗੇ ਵੀ ਵਧਣਾ ਹੋਵੇਗਾ।

ਆਤਮਨਿਰਭਰ ਭਾਰਤ

ਕੋਵਿਡ ਤੋਂ ਪਹਿਲਾਂ ਅਤੇ ਬਾਅਦ ਦੀ ਦੁਨੀਆ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਨੂੰ ‘ਭਾਰਤ ਦੀ ਸਦੀ’ ਬਣਾਉਣ ਦਾ ਸੁਫ਼ਨਾ ਸਾਕਾਰ ਕਰਨ ਲਈ ਸਾਨੂੰ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੋਵੇਗਾ। ਉਨ੍ਹਾਂ ਸੰਕਟ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਦੀ ਗੱਲ ਕਰਦਿਆਂ ਪੀਪੀਈ (PPE) ਕਿੱਟਾਂ ਤੇ ਐੱਨ–95 ਮਾਸਕਾਂ ਦੀ ਮਿਸਾਲ ਦਿੱਤੀ, ਜਿਨ੍ਹਾਂ ਦਾ ਉਤਪਾਦਨ ਭਾਰਤ ’ਚ ਪਹਿਲਾਂ ਨਾਮਾਤਰ ਸੀ ਪਰ ਹੁਣ ਇਨ੍ਹਾਂ ਦੋਵਾਂ ਨੂੰ ਦੋ–ਦੋ ਲੱਖ ਰੋਜ਼ਾਨਾ ਦੇ ਹਿਸਾਬ ਨਾਲ ਤਿਆਰ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਾਰੀਕ੍ਰਿਤ ਵਿਸ਼ਵ ਵਿੱਚ ਆਤਮਨਿਰਭਰਤਾ ਦੀ ਪਰਿਭਾਸ਼ਾ ਬਦਲ ਚੁੱਕੀ ਹੈ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਦੇਸ਼ ਆਤਮਨਿਰਭਰਤਾ ਦੀ ਗੱਲ ਕਰਦਾ ਹੈ, ਤਾਂ ਇਹ ਸਵੈ–ਕੇਂਦ੍ਰਿਤ ਤੋਂ ਵੱਖ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਸਮੁੱਚੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦਾ ਹੈ ਅਤੇ ਭਾਰਤ ਦੀ ਪ੍ਰਗਤੀ ਜਿੱਥੇ ਪੂਰੀ ਦੁਨੀਆ ਦੀ ਪ੍ਰਗਤੀ ਵਿੱਚ ਯੋਗਦਾਨ ਪਾਉਂਦੀ ਹੈ, ਉੱਥੇ ਉਹ ਵਿਸ਼ਵ–ਪ੍ਰਗਤੀ ਦਾ ਹਿੱਸਾ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਨੂੰ ਭਰੋਸਾ ਹੈ ਕਿ ਭਾਰਤ ਕੋਲ ਇੰਨਾ ਕੁਝ ਹੈ ਕਿ ਉਹ ਸਮੁੱਚੀ ਮਾਨਵਤਾ ਦੇ ਵਿਕਾਸ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ।

ਇੱਕ ਆਤਮਨਿਰਭਰ ਭਾਰਤ ਦੇ ਪੰਜ ਥੰਮ੍ਹ

ਭੂਚਾਲ ਤੋਂ ਬਾਅਦ ਕੱਛ ਦੀ ਤਬਾਹੀ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦ੍ਰਿੜ੍ਹ ਇਰਾਦੇ ਸੰਕਲਪ ਨਾਲ ਹੀ ਉਹ ਸਾਰਾ ਖੇਤਰ ਮੁੜ ਆਪਣੇ ਪੈਰਾਂ ’ਤੇ ਖਲੋ ਸਕਿਆ ਸੀ। ਬਿਲਕੁਲ ਅਜਿਹਾ ਹੀ ਦ੍ਰਿੜ੍ਹ ਇਰਾਦਾ ਦੇਸ਼ ਨੂੰ ਸਵੈ–ਨਿਰਭਰ ਬਣਾਉਣ ਲਈ ਲੋੜੀਂਦਾ ਹੈ।

ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਪੰਜ ਥੰਮ੍ਹਾਂ – ਅਰਥਵਿਵਸਥਾ ਦੇ ਵੱਡੇ ਉਛਾਲ਼, ਤੇ ਛੋਟੇ ਟੁਕੜਿਆਂ ਵਿੱਚ ਤਬਦੀਲੀ ਨਾਲ ਨਹੀਂ; ਬੁਨਿਆਦੀ ਢਾਂਚੇ, ਜੋ ਭਾਰਤ ਦੀ ਪਛਾਣ ਬਣੇਗਾ; ਪ੍ਰਬੰਧ/ਪ੍ਰਣਾਲੀ (ਸਿਸਟਮ), ਜੋ 21ਵੀਂ ਸਦੀ ਦੀ ਟੈਕਨੋਲੋਜੀ ਦੁਆਰਾ ਸੰਚਾਲਿਤ ਵਿਵਸਥਾਵਾਂ ’ਤੇ ਆਧਾਰਤ ਹੋਵੇਗੀ; ਗੁੰਜਾਇਮਾਨ ਜਨ–ਸੰਖਿਆ ਵਿਗਿਆਨ, ਜੋ ਇੱਕ ਆਤਮਨਿਰਭਰ ਭਾਰਤ ਲਈ ਊਰਜਾ ਦਾ ਸਾਡਾ ਸਰੋਤ ਹੈ; ਅਤੇ ਮੰਗ ਉੱਤੇ ਖਲੋਵੇਗਾ, ਜਿਸ ਦੁਆਰਾ ਸਾਡੀ ਮੰਗ ਤੇ ਪੂਰਤੀ ਦੀ ਲੜੀ ਦੀ ਸ਼ਕਤੀ ਮਿਲੇਗੀ ਅਤੇ ਇਨ੍ਹਾਂ ਦੀ ਸੰਪੂਰਨ ਸਮਰੱਥਾ ਤੱਕ ਉਪਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਸਪਲਾਈ–ਲੜੀ ਵਧਾਉਣ ਦੇ ਨਾਲ–ਨਾਲ ਮੰਗ ਦੀ ਪੂਰਤੀ ਲਈ ਸਾਰੀਆਂ ਸਬੰਧਿਤ ਧਿਰਾਂ ਨੂੰ ਮਜ਼ਬੂਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

ਆਤਮਨਿਰਭਰ ਭਾਰਤ ਅਭਿਯਾਨ

ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਇੱਕ ਜ਼ੋਰਦਾਰ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੈਕੇਜ, ਕੋਵਿਡ ਸੰਕਟ ਦੌਰਾਨ ਸਰਕਾਰ ਵੱਲੋਂ ਪਹਿਲਾਂ ਕੀਤੇ ਐਲਾਨਾਂ ਅਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਲਏ ਫ਼ੈਸਲਿਆਂ ਨੂੰ ਨਾਲ ਮਿਲਾ ਕੇ ਕੁੱਲ 20 ਲੱਖ ਕਰੋੜ ਰੁਪਏ ਦਾ ਬਣਦਾ ਹੈ, ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 10% ਹੈ। ਉਨ੍ਹਾਂ ਕਿਹਾ ਕਿ ਇਹ ਪੈਕੇਜ ‘ਆਤਮਨਿਰਭਰ ਭਾਰਤ’ ਨੂੰ ਹਾਸਲ ਕਰਨ ਲਈ ਅਤਿ–ਲੋੜੀਂਦੀ ਹੱਲਾਸ਼ੇਰੀ ਮੁਹੱਈਆ ਕਰਵਾਏਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੈਕੇਜ ਜ਼ਮੀਨ, ਕਿਰਤ, ਤਰਲਤਾ ਤੇ ਕਾਨੂੰਨਾਂ ਉੱਤੇ ਵੀ ਧਿਆਨ ਕੇਂਦ੍ਰਿਤ ਕਰੇਗਾ। ਇਹ ਪੈਕੇਜ ਹੋਰਨਾਂ ਤੋਂ ਇਲਾਵਾ ਕੁਟੀਰ ਉਦਯੋਗ, ਲਘੂ ਉੱਦਮਾਂ, ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ, ਮਜ਼ਦੂਰਾਂ, ਮੱਧ ਵਰਗ, ਉਦਯੋਗਾਂ ਵਿਭਿੰਨ ਵਰਗਾਂ ਦੀਆਂ ਆਸਾਂ ਉੱਤੇ ਖਰਾ ਉੱਤਰੇਗਾ। ਉਨ੍ਹਾਂ ਸੂਚਿਤ ਕੀਤਾ ਕਿ ਇਸ ਪੈਕੇਜ ਦੀ ਰੂਪ–ਰੇਖਾ ਦੇ ਵੇਰਵੇ ਵਿੱਤ ਮੰਤਰੀ ਭਲਕੇ ਤੇ ਅਗਲੇ ਕੁਝ ਦਿਨਾਂ ਵਿੱਚ ਮੁਹੱਈਆ ਕਰਵਾ ਦੇਣਗੇ।

ਜੇਏਐੱਮ (JAM – ਜਨ–ਧਨ, ਆਧਾਰ, ਮੋਬਾਈਲ) ਦੀ ਤ੍ਰਿਮੂਰਤੀ ਤੇ ਅਜਿਹੇ ਹੋਰ ਸੁਧਾਰਾਂ ਦੇ ਪਿਛਲੇ ਛੇ ਸਾਲਾਂ ’ਚ ਪਏ ਹਾਂ–ਪੱਖੀ ਪ੍ਰਭਾਵਾਂ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਵੱਡੇ ਸੁਧਾਰ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਲੋੜੀਂਦੇ ਹਨ, ਤਾਂ ਜੋ ਭਵਿੱਖ ਕੋਵਿਡ ਜਿਹੇ ਸੰਕਟ ਦਾ ਕੋਈ ਅਸਰ ਭਵਿੱਖ ’ਚ ਨਾ ਪਵੇ। ਇਨ੍ਹਾਂ ਸੁਧਾਰਾਂ ਵਿੱਚ ਖੇਤੀਬਾੜੀ, ਤਰਕਪੂਰਨ ਟੈਕਸ ਪ੍ਰਣਾਲੀ, ਸਰਲ ਤੇ ਸਪਸ਼ਟ ਕਾਨੂੰਨ, ਸਮਰੱਥ ਮਨੁੱਖੀ ਸਰੋਤ ਤੇ ਇੱਕ ਮਜ਼ਬੂਤ ਵਿੱਤਾ ਪ੍ਰਣਾਲੀ ਲਈ ਸਪਲਾਈ–ਲੜੀ ਦੇ ਸੁਧਾਰ ਸ਼ਾਮਲ ਹਨ। ਇਹ ਸੁਧਾਰ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਗੇ, ਨਿਵੇਸ਼ ਖਿੱਚਣਗੇ ਅਤੇ ‘ਮੇਕ ਇਨ ਇੰਡੀਆ’ ਨੂੰ ਹੋਰ ਮਜ਼ਬੂਤ ਬਣਾਉਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰਤਾ ਦੇਸ਼ ਨੂੰ ਅੰਤਰਰਾਸ਼ਟਰੀ ਸਪਲਾਈ–ਲੜੀ ਵਿੱਚ ਸਖ਼ਤ ਮੁਕਾਬਲੇ ਲਈ ਤਿਆਰ ਕਰੇਗੀ ਅਤੇ ਇਹ ਮਹੱਤਵਪੂਰਨ ਹੈ ਕਿ ਦੇਸ਼ ਇਹ ਮੁਕਾਬਲਾ ਜਿੱਤੇ। ਇਸ ਪੈਕੇਜ ਨੂੰ ਤਿਆਰ ਕਰਦੇ ਸਮੇਂ ਇਸੇ ਗੱਲ ਨੂੰ ਧਿਆਨ ’ਚ ਰੱਖਿਆ ਗਿਆ ਹੈ। ਇਸ ਨਾਲ ਨਾ ਸਿਰਫ਼ ਵੱਖੋ–ਵੱਖਰੇ ਖੇਤਰਾਂ ਵਿੱਚ ਕਾਰਜਕੁਸ਼ਲਤਾ ਵਧੇਗੀ, ਸਗੋਂ ਮਿਆਰ ਵੀ ਯਕੀਨੀ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੈਕੇਜ ਸੰਗਠਤ ਤੇ ਗ਼ੈਰ–ਸੰਗਠਤ ਖੇਤਰਾਂ ਦੇ ਗ਼ਰੀਬਾਂ, ਮਜ਼ਦੂਰਾਂ, ਪ੍ਰਵਾਸੀਆਂ ਆਦਿ ਦੇ ਸਸ਼ੱਕਤੀਕਰਣ ਉੱਤੇ ਵੀ ਧਿਆਨ ਕੇਂਦ੍ਰਿਤ ਕਰੇਗਾ ਤੇ ਉਨ੍ਹਾਂ ਸਭਨਾਂ ਦੇ ਦੇਸ਼ ਲਈ ਯੋਗਦਾਨ ਨੂੰ ਵੀ ਉਜਾਗਰ ਕੀਤਾ।

ਉਨ੍ਹਾਂ ਕਿਹਾ ਕਿ ਇਸ ਸੰਕਟ ਨੇ ਸਾਨੂੰ ਸਥਾਨਕ (ਲੋਕਲ) ਨਿਰਮਾਣ/ਉਤਪਾਦਨ, ਲੋਕਲ ਮਾਰਕਿਟ ਤੇ ਲੋਕਲ ਸਪਲਾਈ–ਲੜੀਆਂ ਦਾ ਮਹੱਤਵ ਸਿਖਾਇਆ ਹੈ। ਇਸ ਸੰਕਟ ਦੌਰਾਨ ਸਾਡੀਆਂ ਸਾਰੀਆਂ ਮੰਗਾਂ ‘ਲੋਕਲ ਪੱਧਰ ਉੱਤੇ’ ਹੀ ਪੂਰੀਆਂ ਹੋਈਆਂ ਹਨ। ਇਸੇ ਲਈ ਹੁਣ ‘ਲੋਕਲ’ ਉਤਪਾਦਾਂ ਬਾਰੇ ‘ਵੋਕਲ’ ਹੋਣ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਬਣਾਉਣ ਦਾ ਵੇਲਾ ਹੈ

ਕੋਵਿਡ ਨਾਲ ਜਿਊਣਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਮਾਹਿਰਾਂ ਤੇ ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਵਾਇਰਸ ਹੁਣ ਲੰਮੇ ਸਮੇਂ ਲਈ ਸਾਡੇ ਜੀਵਨਾਂ ਦਾ ਹਿੱਸਾ ਬਣਨ ਵਾਲਾ ਹੈ। ਪਰ ਇਸ ਸਮੇਂ ਇਹ ਯਕੀਨੀ ਬਣਾਉਣਾ ਵੀ ਅਹਿਮ ਹੈ ਕਿ ਸਾਡਾ ਜੀਵਨ ਸਿਰਫ਼ ਇਸੇ ਵਾਇਰਸ ਦੁਆਲੇ ਹੀ ਨਾ ਘੁੰਮਦਾ ਰਹਿ ਜਾਵੇ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਤੇ ‘ਦੋ ਗਜ਼ ਦੀ ਦੂਰੀ’ ਬਣਾ ਕੇ ਰੱਖਣ ਜਿਹੀਆਂ ਸਾਵਧਾਨੀ ਰੱਖਦੇ ਹੋਏ ਆਪਣੇ ਟੀਚਿਆਂ ਦੀ ਪੂਰਤੀ ਲਈ ਕੰਮ ਕਰਨ ਦੀ ਅਪੀਲ ਕੀਤੀ।

ਚੌਥੇ ਪੜਾਅ ਦੇ ਲੌਕਡਾਊਨ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਰੂਪ–ਰੇਖਾ ਤੇ ਘੇਰਾ ਪਹਿਲਿਆਂ ਦੇ ਮੁਕਾਬਲੇ ਪੂਰੀ ਤਰ੍ਹਾਂ ਵੱਖਰੀ ਕਿਸਮ ਦੇ ਹੋਣਗੇ। ਰਾਜਾਂ ਤੋਂ ਪ੍ਰਾਪਤ ਸਿਫ਼ਾਰਸ਼ਾਂ ਦੇ ਅਧਾਰ ਉੱਤੇ, ਨਵੇਂ ਨਿਯਮ ਤਿਆਰ ਕੀਤੇ ਜਾਣਗੇ ਅਤੇ ਉਨ੍ਹਾਂ ਬਾਰੇ ਸਾਰੀ ਜਾਣਕਾਰੀ 18 ਮਈ ਤੋਂ ਪਹਿਲਾਂ ਦੇ ਦਿੱਤੀ ਜਾਵੇਗੀ।

****

ਵੀਆਰਆਰਕੇ/ਕੇਪੀ