ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 4 ਮਈ, 2020 ਦੀ ਸ਼ਾਮ ਨੂੰ ਕੋਵਿਡ–19 ਮਹਾਮਾਰੀ ਦੇ ਸੰਕਟ ਉੱਤੇ ਵਿਚਾਰ–ਵਟਾਂਦਰਾ ਕਰਨ ਲਈ ‘ਗੁੱਟ–ਨਿਰਲੇਪ ਲਹਿਰ’ (ਨਾਮ – NAM) ਦੇ ਔਨਲਾਈਨ ਸਿਖ਼ਰ–ਸੰਮੇਲਨ ਵਿੱਚ ਹਿੱਸਾ ਲਿਆ।
‘ਕੋਵਿਡ–19 ਵਿਰੁੱਧ ਇੱਕਜੁਟ’ ਦੇ ਵਿਸ਼ੇ ਉੱਤੇ ਗੁੱਟ–ਨਿਰਲੇਪ ਲਹਿਰ ਸੰਪਰਕ ਸਮੂਹ ਦੇ ਔਨਲਾਈਨ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਗੁੱਟ–ਨਿਰਲੇਪ ਲਹਿਰ (ਨਾਮ – NAM) ਦੇ ਮੌਜੂਦਾ ਚੇਅਰਮੈਨ, ਅਜ਼ਰਬਾਈਜਾਨ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਇਲਹਾਮ ਅਲੀਯੇਵ ਨੇ ਕੀਤੀ। ਇਸ ਸਿਖ਼ਰ ਸੰਮੇਲਨ ਦਾ ਉਦੇਸ਼ ਕੋਵਿਡ–19 ਮਹਾਮਾਰੀ ਵਿਰੁੱਧ ਲੜਨ ਲਈ ਅੰਤਰਰਾਸ਼ਟਰੀ ਇਕਜੁੱਟਤਾ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਮਹਾਮਾਰੀ ਦੇ ਹੱਲ ਲਈ ਦੇਸ਼ਾਂ ਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਜਤਨਾਂ ਨੂੰ ਲਾਮਬੰਦ ਕਰਨਾ ਸੀ। ਇਸ ਸਮਾਰੋਹ ਦੌਰਾਨ ‘ਬਹੁਪੱਖਵਾਦ ਤੇ ਸ਼ਾਂਤੀ ਲਈ ਕੂਟਨੀਤੀ ਦਾ ਅੰਤਰਰਾਸ਼ਟਰੀ ਦਿਵਸ’ ਵੀ ਮਨਾਇਆ ਗਿਆ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਮੂਲੀਅਤ ਨਾਲ ਇੱਕ ਮੋਹਰੀ ਬਾਨੀ ਮੈਂਬਰ ਵਜੋਂ ਗੁੱਟ–ਨਿਰਲੇਪ ਲਹਿਰ ਦੇ ਸਿਧਾਂਤਾਂ ਤੇ ਕਦਰਾਂ–ਕੀਮਤਾਂ ਪ੍ਰਤੀ ਭਾਰਤ ਦੀ ਲੰਮੇ ਸਮੇਂ ਤੋਂ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ। ਆਪਣੇ ਸੰਬੋਧਨ ’ਚ, ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਪੂਰੇ ਤਾਲਮੇਲ, ਸਭ ਦੀ ਸ਼ਮੂਲੀਅਤ ਤੇ ਇੱਕਸਮਾਨ ਤਰੀਕੇ ਨਾਲ ਮਿਲ ਕੇ ਇਸ ਸੰਕਟ ਦਾ ਟਾਕਰਾ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ; ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਨੇ ਦੇਸ਼ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਿਹੜੇ ਕਦਮ ਚੁੱਕੇ ਹਨ, ਉਨ੍ਹਾਂ ਇਸ ਲਹਿਰ ਨਾਲ ਇਕਜੁੱਟਤਾ ਵਿੱਚ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਨੇ ਦਹਿਸ਼ਤਗਰਦੀ ਤੇ ਜਾਅਲੀ ਖ਼ਬਰਾਂ ਜਿਹੇ ਹੋਰ ਵਾਇਰਸਾਂ ਵਿਰੁੱਧ ਵਿਸ਼ਵ ਦੇ ਨਿਰੰਤਰ ਜਤਨਾਂ ਦੀ ਅਹਿਮੀਅਤ ਉੱਤੇ ਵੀ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਏਸ਼ੀਆ, ਅਫ਼ਰੀਕਾ, ਲਾਤੀਨੀ ਅਮਰੀਕਾ ਤੇ ਕੈਰੀਬੀਅਨ ਮੁਲਕਾਂ ਤੇ ਯੂਰੋਪ ਦੇ ਸਮੇਤ 30 ਹੋਰਨਾਂ ਦੇਸ਼ਾਂ ਤੇ ਸਰਕਾਰਾਂ ਦੇ ਮੁਖੀ ਅਤੇ ਹੋਰ ਆਗੂ ਮੌਜੂਦ ਸਨ। ਇਸ ਸਿਖ਼ਰ ਸੰਮੇਲਨ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਪ੍ਰਧਾਨ ਪ੍ਰੋ. ਤਿੱਜਾਨੀ ਮੁਹੰਮਦ ਬਾਂਦੇ, ਸੰਯੁਕਤ ਰਾਸਟਰ ਦੇ ਸਕੱਤਰ ਜਨਰਲ ਸ਼੍ਰੀ ਐਂਟੋਨੀਓ ਗੁਟੇਰੇਸ, ਅਫ਼ਰੀਕਨ ਯੂਨੀਅਨ ਦੇ ਚੇਅਰਪਰਸਨ ਮੂਸਾ ਫਾਕੀ ਮਹਾਮਤ, ਯੂਰੋਪੀਅਨ ਯੂਨੀਅਨ ਦੇ ਉੱਚ–ਪ੍ਰਤੀਨਿਧ ਜੋਸਪ ਬੋਰੇਲ ਅਤੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੈਡਰੋਸ ਗ਼ੇਬ੍ਰੀਯੇਸਸ ਨੇ ਵੀ ਸੰਬੋਧਨ ਕੀਤਾ।
ਕੁੱਲ ਮਿਲਾ ਕੇ, ਗੁੱਟ–ਨਿਰਲੇਪ ਲਹਿਰ (ਨਾਮ – NAM) ਦੇ ਆਗੂਆਂ ਨੇ ਕੋਵਿਡ–19 ਦੇ ਭਾਵ ਦਾ ਮੁੱਲਾਂਕਣ ਕੀਤਾ, ਸੰਭਾਵੀ ਉਪਚਾਰਾਂ ਦੀਆਂ ਜ਼ਰੂਰਤਾਂ ਤੇ ਆਵਸ਼ਕਤਾਵਾਂ ਦੀ ਸ਼ਨਾਖ਼ਤ ਕੀਤੀ ਅਤੇ ਬਾਅਦ ’ਚ ਲਗਾਤਾਰ ਕਾਰਵਾਈ ਕਰਦੇ ਰਹਿਣ ਲਈ ਕਦਮ ਚੁੱਕਣ ਦੀ ਬੇਨਤੀ ਕੀਤੀ। ਇਸ ਸਿਖ਼ਰ ਸੰਮੇਲਨ ਤੋਂ ਬਾਅਦ, ਆਗੂਆਂ ਨੇ ਇੱਕ ਐਲਾਨਨਾਮਾ ਅਪਣਾਇਆ, ਜਿਸ ਵਿੱਚ ਕੋਵਿਡ–19 ਵਿਰੁੱਧ ਜੰਗ ਵਿੱਚ ਅੰਤਰਰਾਸ਼ਟਰੀ ਇਕਜੁੱਟਤਾ ਦੀ ਅਹਿਮੀਅਤ ਨੂੰ ਉਜਾਗਰ ਕੀਤਾ। ਆਗੂਆਂ ਨੇ ਕੋਵਿਡ–19 ਵਿਰੁੱਧ ਜੰਗ ਵਿੱਚ ਆਪਣੀਆਂ ਬੁਨਿਆਦੀ ਮੈਡੀਕਲ, ਸਮਾਜਿਕ ਤੇ ਮਨੁੱਖਤਾਵਾਦੀ ਜ਼ਰੂਰਤਾਂ ਨੂੰ ਪ੍ਰਤੀਬਿੰਬਿਤ ਕਰਦਿਆਂ ਇੱਕ ਸਾਂਝੇ ਡਾਟਾਬੇਸ ਦੀ ਸਥਾਪਨਾ ਰਾਹੀਂ ਮੈਂਬਰ ਦੇਸ਼ਾਂ ਦੀਆਂ ਜ਼ਰੂਰਤਾਂ ਤੇ ਆਵਸ਼ਕਤਾਵਾਂ ਦੀ ਸ਼ਨਾਖ਼ਤ ਲਈ ਇੱਕ ‘ਟਾਸਕ ਫ਼ੋਰਸ’ (ਕਾਰਜ–ਬਲ) ਕਾਇਮ ਕਰਨ ਦਾ ਐਲਾਨ ਵੀ ਕੀਤਾ।
*****
ਵੀਆਰਆਰਕੇ/ਐੱਸਐੱਚ
Spoke at the NAM Summit, held via video conferencing. https://t.co/yRaIbCtpkq
— Narendra Modi (@narendramodi) May 4, 2020