ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਜ਼ਰੀਏ ਭਗਵਾਨ ਬਸਵੇਸ਼ਵਰ ਦੀ ਜਨਮ ਵਰ੍ਹੇਗੰਢ, ਬਸਵ ਜਯੰਤੀ ਮੌਕੇ ਭਗਵਾਨ ਬਸਵੇਸ਼ਵਰ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ।
12ਵੀਂ ਸਦੀ ਦੇ ਦਾਰਸ਼ਨਿਕ ਤੇ ਸਮਾਜ–ਸੁਧਾਰਕ ਵਿਸ਼ਵ–ਗੁਰੂ ਬਸਵੇਸ਼ਵਰ ਦਾ ਜਨਮ–ਦਿਨ ਹਰ ਸਾਲ ਬਹੁਤ ਹੀ ਮਾਣ ਨਾਲ ਬਸਵਾ ਜਯੰਤੀ ਵਜੋਂ ਮਨਾਇਆ ਜਾਂਦਾ ਹੈ।
ਸਮੁੱਚੇ ਵਿਸ਼ਵ ’ਚ ਬਸਵ ਜਯੰਤੀ – 2020 ਅੱਜ ਭਾਰਤ ਤੇ ਵਿਦੇਸ਼ਾਂ ’ਚ ਵੱਸਦੇ ਸ਼ਰਧਾਲੂਆਂ ਨੂੰ ਡਿਜੀਟਲ ਤਰੀਕੇ ਨਾਲ ਜੋੜ ਕੇ ਮਨਾਈ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕੋਰੋਨਾ–ਵਾਇਰਸ ਮਹਾਮਾਰੀ ਨੂੰ ਹਰਾਉਣ ਲਈ ਦੇਸ਼ ਨੂੰ ਤਾਕਤ ਹਿਤ ਭਗਵਾਨ ਬਸਵੇਸ਼ਵਰ ਦਾ ਆਸ਼ੀਰਵਾਦ ਮੰਗਿਆ।
ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਪਹਿਲਾਂ ਬਹੁਤ ਸਾਰੇ ਮੌਕਿਆਂ ’ਤੇ ਭਗਵਾਨ ਬਸਵੇਸ਼ਵਰ ਦੀਆਂ ਸਿੱਖਿਆਵਾਂ ਤੋਂ ਸਿੱਖਣ ਦਾ ਮੌਕਾ ਮਿਲਿਆ ਸੀ; ਭਾਵੇਂ ਉਹ 23 ਭਾਸ਼ਾਵਾਂ ’ਚ ਪਵਿੱਤਰ ਵਚਨਾਂ ਦੇ ਅਨੁਵਾਦ ਨਾਲ ਸਬੰਧਤ ਸਮਾਰੋਹ ਹੋਵੇ ਤੇ ਜਾਂ ਲੰਦਨ ’ਚ ਬਸਵੇਸ਼ਵਰ ਜੀ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਹੋਵੇ।
ਪ੍ਰਧਾਨ ਮੰਤਰੀ ਨੇ ਭਗਵਾਨ ਬਸਵੇਸ਼ਵਰ ਨੂੰ ਇੱਕ ਮਹਹਾਨ ਸੁਧਾਰਵ ਅਤੇ ਇੱਕ ਮਹਾਨ ਪ੍ਰਸ਼ਾਸਨ ਕਰਾਰ ਦਿੰਦਿਆਂ ਕਿਹਾ ਕਿ ਭਗਵਾਨ ਬਸਵੇਸ਼ਵਰ ਨੇ ਸਿਰਫ਼ ਸੁਧਾਰਾਂ ਦਾ ਹੀ ਪ੍ਰਚਾਰ ਨਹੀਂ ਕੀਤਾ ਸੀ, ਉਹ ਚਾਹੁੰਦੇ ਸਨ ਕਿ ਸਮਾਜ ਦੇ ਸਾਰੇ ਵਿਅਕਤੀ ਵੀ ਇਹ ਸਭ ਅਪਨਾਉਣ ਤੇ ਉਨ੍ਹਾਂ ਖੁਦ ਇਹ ਸੁਧਾਰ ਅਪਣਾਏ ਸਨ ਤੇ ਉਨ੍ਹਾਂ ਨੇ ਆਪਣੇ ਜੀਵਨ ’ਚ ਇਨ੍ਹਾਂ ਨੂੰ ਲਾਗੂ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬਸਵੇਸ਼ਵਰ ਦੀਆਂ ਸਿੱਖਿਆਵਾਂ ਅਧਿਆਤਮਕ ਗਿਆਨ ਦਾ ਸਰੋਤ ਹਨ ਅਤੇ ਸਾਡੇ ਜੀਵਨਾਂ ਦਾ ਵਿਵਹਾਰਕ ਮਾਰਗ–ਦਰਸ਼ਨ ਵੀ ਕਰਦੀਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਇੱਕ ਬਿਹਤਰ ਮਨੁੱਖ ਬਣਨਾ ਸਿਖਾਉਂਦੀਆਂ ਹਨ ਤੇ ਸਾਡੇ ਸਮਾਜ ਨੂੰ ਉਦਾਰ, ਦਿਆਲੂ ਤੇ ਇਨਸਾਨੀਅਤ ਨਾਲ ਭਰਪੂਰ ਬਣਾਉਂਦੀਆਂ ਹਨ। ਉਨ੍ਹਾਂ ਕਈ ਸਦੀਆਂ ਪਹਿਲਾਂ ਸਮਾਜਿਕ ਤੇ ਲਿੰਗਕ ਸਮਾਨਤਾ ਜਿਹੇ ਮੁੱਦਿਆਂ ’ਤੇ ਸਮਾਜ ਦਾ ਮਾਰਗ–ਦਰਸ਼ਨ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬਸਵੇਸ਼ਵਰ ਨੇ ਜਮਹੂਰੀਅਤ ਦੀ ਨੀਂਹ ਰੱਖੀ, ਜਿਸ ਵਿੱਚ ਸਮਾਜ ਦੇ ਆਖ਼ਰੀ ਸਿਰੇ ’ਤੇ ਖਲੋ ਕੇ ਵਿਅਕਤੀ ਦੇ ਅਧਿਕਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਸਵਅੰਨਾ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਨੂੰ ਛੋਹਿਆ ਸੀ ਤੇ ਇਸ ਵਿੱਚ ਸੁਧਾਰ ਦੇ ਹੱਲ ਸੁਝਾਏ ਸਨ।
ਪ੍ਰਧਾਨ ਮੰਤਰੀ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਬਸਵਅੰਨਾ ਦੇ ਪਵਿੱਤਰ ਵਚਨਾਂ ਨੂੰ ਡਿਜੀਟਲ ਰੂਪ ਦੇਣ ਦਾ ਵਿਆਪਕ ਕੰਮ ਸੰਪੰਨ ਕਰ ਲਿਆ ਗਿਆ ਹੈ, ਦਰਅਸਲ ਇੰਝ ਕਰਨ ਦਾ ਸੁਝਾਅ ਪ੍ਰਧਾਨ ਮੰਤਰੀ ਨੇ ਹੀ 2017 ’ਚ ਦਿੱਤਾ ਸੀ।
ਬਸਵ ਸਮਿਤੀ ਦੁਆਰਾ ਅੱਜ ਦਾ ਦਿਨ ਸਮੁੱਚੇ ਵਿਸ਼ਵ ’ਚ ਡਿਜੀਟਲ ਤਰੀਕੇ ਮਨਾਉਣ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇੱਕ ਸਮਾਰੋਹ ਕਰਵਾਉਣ ਦੀ ਇਹ ਸੰਪੂਰਨ ਮਿਸਾਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ, ਭਾਰਤੀ ਇਹ ਮਹਿਸੂਸ ਕਰਦੇ ਹਨ ਕਿ ਤਬਦੀਲੀ ਦੀ ਸ਼ੁਰੂਆਤ ਉਨ੍ਹਾਂ ਤੋਂ ਹੀ ਹੋਣੀ ਹੈ। ਇਸੇ ਵਿਸ਼ਵਾਸ ਸਦਕਾ ਦੇਸ਼ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਮਿਲ ਰਹੀ ਹੈ।’ ਉਨ੍ਹਾਂ ਆਸ ਤੇ ਵਿਸ਼ਵਾਸ ਦਾ ਸੰਦੇਸ਼ ਅੱਗੇ ਲਿਜਾਣ ਤੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਮਿਲੇਗੀ ਤੇ ਸਾਡਾ ਰਾਸ਼ਟਰ ਨਵੇਂ ਸਿਖ਼ਰ ਛੋਹੇਗਾ। ਉਨ੍ਹਾਂ ਸਮੁੱਚੇ ਵਿਸ਼ਵ ’ਚ ਭਗਵਾਨ ਬਸਵਅੰਨਾ ਦੇ ਕਾਰਜਾਂ ਤੇ ਆਦਰਸ਼ਾਂ ਦਾ ਪ੍ਰਚਾਰ–ਪਾਸਾਰ ਕਰਨ ਦੀ ਬੇਨਤੀ ਕੀਤੀ, ਤਾਂ ਜੋ ਇਹ ਸੰਸਾਰ ਇੱਕ ਬਿਹਤਰ ਸਥਾਨ ਬਣ ਸਕੇ।
ਲੋਕਾਂ ਨੂੰ ਬਸਵ ਜਯੰਤੀ ਦੀਆਂ ਵਧਾਈਆਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਸਮਾਜਿਕ–ਦੂਰੀ ਕਾਇਮ ਰੱਖਣ ਲਈ ‘ਦੋ ਗਜ਼ ਦੂਰੀ’ ਦੇ ਨਿਯਮ ਦੀ ਪਾਲਣਾ ਕਰਨ ਉੱਤੇ ਵੀ ਜ਼ੋਰ ਦਿੱਤਾ।
ਵੀਆਰਆਰਕੇ/ਕੇਪੀ
Shared my thoughts about the rich and noble ideals of Lord Basavanna in the video conference - Global Basava Jayanthi – 2020. https://t.co/RMDe2bTiMD
— Narendra Modi (@narendramodi) April 26, 2020