ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਪੇਨ ਦੀ ਸਰਕਾਰ ਦੇ ਪ੍ਰੈਜ਼ੀਡੈਂਟ (ਪ੍ਰਧਾਨ ਮੰਤਰੀ ਦੇ ਬਰਾਬਰ) ਮਹਾਮਹਿਮ ਪੈਡ੍ਰੋ ਸਾਂਚੇਜ਼ ਪੇਰੇਜ਼-ਕਾਸਟੇਜੌਨ (H.E. Pedro Sanchez Perez-Castejon) ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੁਆਰਾ ਉਤਪੰਨ ਆਲਮੀ ਚੁਣੌਤੀ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਸਪੇਨ ਵਿੱਚ ਹੋਏ ਜਾਨੀ ਨੁਕਸਾਨ ਨੂੰ ਲੈ ਕੇ ਆਪਣੀ ਗਹਿਰੀ ਸੰਵੇਦਨਾ ਪ੍ਰਗਟਾਈ ਅਤੇ ਉਨ੍ਹਾਂ ਲੋਕਾਂ ਦੇ ਛੇਤੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਜੋ ਅਜੇ ਵੀ ਇਸ ਬਿਮਾਰੀ ਤੋਂ ਪੀੜਿਤ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਪੇਨ ਦੇ ਬੀਰਤਾਪੂਰਨ ਯਤਨਾਂ ਦੇ ਨਾਲ ਭਾਰਤ ਇਕਜੁੱਟਤਾ ਨਾਲ ਖੜ੍ਹਾ ਹੈ ਅਤੇ ਆਪਣੀ ਸਰਬਸ੍ਰੇਸ਼ਠ ਸਮਰੱਥਾ ਦੇ ਅਨੁਸਾਰ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਨੂੰ ਤਿਆਰ ਰਹੇਗਾ।
ਦੋਵੇਂ ਨੇਤਾ ਆਲਮੀ ਸਿਹਤ ਸੰਕਟ ਨਾਲ ਲੜਨ ਲਈ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਉੱਤੇ ਸਹਿਮਤ ਹੋਏ। ਸਪੇਨ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਨਜ਼ਰੀਏ ਨਾਲ ਆਪਣੀ ਸਹਿਮਤੀ ਪ੍ਰਗਟਾਈ ਕਿ ਦੁਨੀਆ ਨੂੰ ਕੋਵਿਡ ਯੁੱਗ ਦੇ ਬਾਅਦ ਵਿਸ਼ਵੀਕਰਨ ਦੇ ਇੱਕ ਨਵੇਂ, ਮਾਨਵ-ਕੇਂਦ੍ਰਿਤ ਸੰਕਲਪ (ਧਾਰਨਾ) ਨੂੰ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਹੈ।
ਦੋਹਾਂ ਨੇਤਾਵਾਂ ਨੇ ਇਸ ਮਹਾਮਾਰੀ ਕਾਰਨ ਆਪਣੇ ਘਰਾਂ ਤੱਕ ਸੀਮਿਤ ਲੋਕਾਂ ਦੀ ਮਨੋਵਿਗਿਆਨਕ ਅਤੇ ਸਰੀਰਕ ਸਿਹਤ ਨੂੰ ਸੁਨਿਸ਼ਚਿਤ ਕਰਨ ਲਈ ਅਸਾਨੀ ਨਾਲ ਸੁਲਭ ਸਾਧਨ ਦੇ ਤੌਰ ‘ਤੇ ਯੋਗ ਅਤੇ ਪਰੰਪਰਾਗਤ ਹਰਬਲ ਦਵਾਈਆਂ ਦੀ ਉਪਯੋਗਤਾ ਨੂੰ ਲੈ ਕੇ ਸਹਿਮਤੀ ਪ੍ਰਗਟਾਈ।
ਉਹ ਇਸ ਗੱਲ ਉੱਤੇ ਸਹਿਮਤ ਹੋਏ ਕਿ ਕੋਵਿਡ-19 ਦੀ ਵਿਕਸਿਤ ਹੋ ਰਹੀ ਮੌਜੂਦਾ ਸਥਿਤੀ ਅਤੇ ਉਸ ਤੋਂ ਉਤਪੰਨ ਜ਼ਰੂਰਤਾਂ ਸਬੰਧੀ ਉਨ੍ਹਾਂ ਦੀਆਂ ਟੀਮਾਂ ਨਿਰੰਤਰ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿਣਗੀਆਂ।
****
ਵੀਆਰਆਰਕੇ/ਕੇਪੀ