ਮਾਣਯੋਗ ਪ੍ਰਧਾਨ ਮੰਤਰੀ ਨੇ 7 ਮਾਰਚ 2020 ਨੂੰ ਸਵੇਰੇ 11:30 ਵਜੇ ਨੋਵਲ ਕੋਰੋਨਾਵਾਇਰਸ (ਕੋਵਿਡ – 19) ਦੀ ਸਥਿਤੀ ਅਤੇ ਇਸ ਤੋਂ ਬਚਾਅ ਲਈ ਵੱਖ-ਵੱਖ ਮੰਤਰਾਲਿਆਂ ਦੁਆਰਾ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਸਮੀਖਿਆ ਕੀਤੀ । ਬੈਠਕ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ਵਰਧਨ, ਕੇਂਦਰੀ ਵਿਦੇਸ਼ ਮੰਤਰੀ, ਡਾ. ਐੱਸ ਜੈਸ਼ੰਕਰ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਕੇ. ਅਸ਼ਵਨੀ ਕੁਮਾਰ ਚੌਬੇ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ, ਨੀਤੀ ਆਯੋਗ ਦੇ ਮੈਂਬਰ ਡਾ. ਵਿਨੋਦ ਪਾਲ ਅਤੇ ਚੀਫ ਆਵ੍ ਡਿਫੈਂਸ ਸਟਾਫ, ਜਨਰਲ ਬਿਪਿਨ ਰਾਵਤ ਮੌਜੂਦ ਸਨ । ਇਸ ਦੌਰਾਨ ਸਿਹਤ, ਫਾਰਮਾ, ਸਿਵਲਾ, ਹਵਾਬਾਜ਼ੀ, ਵਿਦੇਸ਼, ਸਿਹਤ ਖੋਜ, ਗ੍ਰਹਿ, ਜਹਾਜ਼ਰਾਨੀ ਆਦਿ ਮੰਤਰਾਲਿਆਂ ਦੇ ਸਕੱਤਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਨੇ ਕੋਵਿਡ-19 ਨਾਲ ਨਿਪਟਣ ਲਈ ਤਿਆਰੀ ਅਤੇ ਹੁੰਗਾਰੇ ਸਬੰਧੀ ਵਰਤਮਾਨ ਸਥਿਤੀ ਅਤੇ ਸਿਹਤ ‘ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਹੋਰ ਸਹਾਇਕ ਮੰਤਰਾਲਿਆਂ ਦੁਆਰਾ ਕੀਤੀ ਗਈ ਕਾਰਵਾਈ ’ਤੇ ਇੱਕ ਪੇਸ਼ਕਾਰੀ ਦਿੱਤੀ । ਇਸ ਪੇਸ਼ਕਾਰੀ ਵਿੱਚ ਪ੍ਰਵੇਸ਼ ਦੁਆਰ ਅਤੇ ਕਮਿਊਨਿਟੀ ਦੀ ਨਿਗਰਾਨੀ, ਪ੍ਰਯੋਗਸ਼ਾਲਾ ਸਹਾਇਤਾ, ਹਸਪਤਾਲਾਂ ਦੀ ਤਿਆਰੀ, ਲੌਜਿਸਟਿਕਸ ਅਤੇ ਜੋਖਮ ਸੰਚਾਰ ਜਿਹੇ ਪ੍ਰਮੁੱਖ ਖੇਤਰਾਂ ’ਤੇ ਜ਼ੋਰ ਦਿੱਤਾ ਗਿਆ ।
ਔਸ਼ਧੀ(ਫਾਰਮਾ) ਵਿਭਾਗ ਦੇ ਸਕੱਤਰ ਨੇ ਭਾਰਤ ਵਿੱਚ ਉਪਯੋਗ ਲਈ ਦਵਾਈਆਂ, ਐਕਟਿਵ ਫਾਰਮਾਸਿਊਟੀਕਲਸ ਇੰਗ੍ਰੀਡੀਐਂਟਸ (ਏਪੀਆਈ) ਅਤੇ ਹੋਰ ਸਮੱਗਰੀਆਂ ਦੇ ਸਟਾਕ ਦੀ ਉਚਿਤ ਉਪਲੱਬਧਤਾ ਬਾਰੇ ਜਾਣਕਾਰੀ ਦਿੱਤੀ।
ਬੈਠਕ ਦੌਰਾਨ ਸਾਰੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਬਾਰਡਰ ਕਰਾਸਿੰਗਸ ’ਤੇ ਲਗਾਤਾਰ ਚੌਕਸ ਰਹਿਣ ਦੀ ਲੋੜ ਨਾਲ ਸਬੰਧਿਤ ਮੁੱਦਿਆਂ, ਪ੍ਰੋਟੋਕਾਲ ਦੇ ਅਨੁਸਾਰ ਸਮੁਦਾਇਕ ਪੱਧਰ ’ਤੇ ਨਿਗਰਾਨੀ ਅਤੇ ਰੋਗੀਆਂ ਨੂੰ ਅਲੱਗ ਰੱਖਣ ਲਈ ਬਿਸਤਰਿਆਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰਨ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ ਗਈ । ਡਾ. ਹਰਸ਼ ਵਰਧਨ ਨੇ ਸਮਾਂ ਰਹਿੰਦੇ ਪਹਿਲ ਕਰਨ ਲਈ, ਰਾਜਾਂ ਦੇ ਨਾਲ ਪ੍ਰਭਾਵੀ ਤਾਲਮੇਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ । ਨੀਤੀ ਆਯੋਗ ਦੇ ਮੈਂਬਰ ਨੇ ਰੋਗੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਲਈ ਸਮਰੱਥਾ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ । ਨਾਲ ਹੀ ਇਰਾਨ ਤੋਂ ਭਾਰਤੀਆਂ ਨੂੰ ਬਾਹਰ ਲਿਆਉਣ ਲਈ ਪ੍ਰਾਪਤ ਬੇਨਤੀ ’ਤੇ ਚਾਨਣਾ ਪਾਇਆ ਗਿਆ ।
ਮਾਣਯੋਗ ਪ੍ਰਧਾਨ ਮੰਤਰੀ ਨੇ ਹੁਣ ਤੱਕ ਕੀਤੇ ਗਏ ਕਾਰਜਾਂ ਲਈ ਸਾਰੇ ਵਿਭਾਗਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਉੱਭਰਦੇ ਪਰਿਦ੍ਰਿਸ਼ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਹੋਵੇਗਾ । ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਭਾਈਚਾਰਿਆਂ ਦਰਮਿਆਨ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਅਤੇ ਸਾਵਧਾਨੀਆਂ ਵਰਤਣ ਲਈ ਪਹਿਲ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਨੇ ਅਧਿਕਾਰੀਆਂ ਨੂੰ ਦੁਨੀਆ ਭਰ ਵਿੱਚ ਅਤੇ ਵੱਖ-ਵੱਖ ਦੇਸ਼ਾਂ ਵਿੱਚ ਕੋਵਿਡ – 19 ਨਾਲ ਨਿਪਟਣ ਲਈ ਅਪਮਆਈਆਂ ਗਈ ਬਿਹਤਰੀਨ ਪਿਰਤਾਂ ਦੀ ਪਹਿਚਾਣ ਅਤੇ ਉਨ੍ਹਾਂ ’ਤੇ ਅਮਲ ਸੁਨਿਸ਼ਚਿਤ ਕਰਨ ਲਈ ਪ੍ਰੋਤਸਾਹਿਤ ਕੀਤਾ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਹਿਰਾਂ ਦੀ ਰਾਏ ਦੇ ਮੱਦੇਨਜ਼ਰ ਲੋਕਾਂ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਕਿ ਉਹ ਜਿੱਥੋਂ ਤੱਕ ਸੰਭਵ ਹੋਵੇ ਸਮੂਹਿਕ ਸਮਾਰੋਹਾਂ ਤੋਂ ਬਚਣ । ਨਾਲ ਹੀ ਕੀ ਕਰੀਏ ਅਤੇ ਕੀ ਨਾ ਕਰੀਏ ਬਾਰੇ ਜਾਗਰੂਕ ਰਹਿਣ । ਉਨ੍ਹਾਂ ਨੇ ਇਸ ਬਿਮਾਰੀ ਦੇ ਫ਼ੈਲਣ ਦੀ ਸਥਿਤੀ ਵਿੱਚ ਰੋਗੀਆਂ ਨੂੰ ਅਲੱਗ ਕਰਨ ਅਤੇ ਉਨ੍ਹਾਂ ਨੂੰ ਸੰਕਟਕਾਲੀ ਦੇਖਭਾਲ ਦੀ ਸਹੂਲਤ ਉਪਲੱਬਧ ਕਰਵਾਉਣ ਲਈ ਉਚਿਤ ਸਥਾਨਾਂ ਦੀ ਪਹਿਚਾਣ ਕਰਨ ਦਾ ਕੰਮ ਤਤਕਾਲ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ । ਉਨ੍ਹਾਂ ਨੇ ਅਧਿਕਾਰੀਆਂ ਨੂੰ ਇਰਾਨ ਵਿੱਚ ਫਸੇ ਭਾਰਤੀਆਂ ਦੀ ਤਤਕਾਲ ਜਾਂਚ ਅਤੇ ਉਨ੍ਹਾਂ ਨੂੰ ਬਾਹਰ ਲਿਆਉਣ ਲਈ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ । ਉਨ੍ਹਾਂ ਨੇ ਜਨਤਕ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਇਸ ਸੰਕ੍ਰਾਮਕ ਬਿਮਾਰੀ ਦੇ ਪ੍ਰਬੰਧਨ ਲਈ ਪਹਿਲਾਂ ਤੋਂ ਹੀ ਵਿਸਤ੍ਰਿਤ ਯੋਜਨਾ ਤਿਆਰ ਕਰਨ ਅਤੇ ਸਮੇਂ ਸਿਰ ਹੁੰਗਾਰਾ ਭਰਨ ਨੂੰ ਉਜਾਗਰ ਕੀਤਾ।
******
ਐੱਮਵੀ
Prime Minister reviews the situation on COVID-19 with concerned Ministries. https://t.co/2TQz3Mnwzx
— PMO India (@PMOIndia) March 7, 2020
via NaMo App pic.twitter.com/JQJioAoiJX