ਨਵੇਂ ਸਾਲ ਅਤੇ ਨਵੇਂ ਦਹਾਕੇ ਦੀ ਆਪਣੀ ਪਹਿਲੀ ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਬਰੂ-ਰਿਆਂਗ ਸਮਝੌਤੇ ਨੇ ਦੋ ਦਹਾਕੇ ਪੁਰਾਣੇ ਸ਼ਰਨਾਰਥੀਆਂ ਦੇ ਸੰਕਟ ਨੂੰ ਖਤਮ ਕਰ ਦਿੱਤਾ ਹੈ, ਜਿਸ ਦੇ ਕਾਰਨ ਮਿਜ਼ੋਰਮ ਵਿੱਚ 34000 ਤੋਂ ਅਧਿਕ ਸ਼ਰਨਾਰਥੀਆਂ ਨੂੰ ਮਦਦ ਅਤੇ ਰਾਹਤ ਮਿਲੀ ਹੈ।
ਸਮੱਸਿਆ ਨੂੰ ਵਿਸਤਾਰ ਵਿੱਚ ਸਮਝਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ, ‘ਇਹ ਸਮੱਸਿਆ 90 ਦੇ ਦਹਾਕੇ ਦੀ ਹੈ। ਸਾਲ 1997 ਵਿੱਚ ਨਸਲੀ ਤਨਾਉ ਦੇ ਕਾਰਨ ਬਰੂ-ਰਿਆਂਗ ਜਨਜਾਤੀ ਨੂੰ ਮਿਜ਼ੋਰਮ ਛੱਡ ਕੇ ਤ੍ਰਿਪੁਰਾ ਵਿੱਚ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਸੀ । ਇਨ੍ਹਾਂ ਸ਼ਰਨਾਰਥੀਆਂ ਨੂੰ ਉੱਤਰੀ ਤ੍ਰਿਪੁਰਾ ਦੇ ਕੰਚਨਪੁਰ ਵਿੱਚ ਅਸਥਾਈ ਕੈਂਪਾਂ ਵਿੱਚ ਰੱਖਿਆ ਗਿਆ ਸੀ । ਇਹ ਦੁਖਦਾਈ ਪੀੜਾ ਦਾ ਵਿਸ਼ਾ ਹੈ ਕਿ ਬਰੂ- ਰਿਆਂਗ ਭਾਈਚਾਰੇ ਨੇ ਆਪਣੇ ਜੀਵਨ ਦਾ ਇੱਕ ਅਹਿਮ ਹਿੱਸਾ ਸ਼ਰਨਾਰਥੀਆਂ ਵਜੋਂ ਗੁਜਾਰਿਆ । ਕੈਂਪਾਂ ਦੇ ਜੀਵਨ ਦਾ ਅਰਥ ਇਹ ਸੀ ਕਿ ਉਨ੍ਹਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਵੰਚਿਤ ਰਹਿਣਾ ਪਿਆ । 23 ਸਾਲਾਂ ਤੱਕ ਉਨ੍ਹਾਂ ਦੇ ਕੋਲ ਨਾ ਘਰ ਸੀ, ਨਾ ਜ਼ਮੀਨ ਸੀ, ਉਨ੍ਹਾਂ ਦੇ ਪਰਿਵਾਰਾਂ ਲਈ ਮੈਡੀਕਲ ਟ੍ਰੀਟਮੈਂਟ ਨਹੀਂ ਸੀ, ਅਤੇ ਉਨ੍ਹਾਂ ਦੇ ਬੱਚਿਆਂ ਲਈ ਸਿੱਖਿਆ ਸਹੂਲਤਾਂ ਨਹੀਂ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਿੰਨ-ਭਿੰਨ ਸਰਕਾਰਾਂ ਨੂੰ ਰਿਫਿਊਜੀਆਂ ਦੀ ਸਮੱਸਿਆ ਅਤੇ ਪੀੜਾ ਦਾ ਕੋਈ ਸਮਾਧਾਨ ਨਹੀਂ ਮਿਲਿਆ। ਉਨ੍ਹਾਂ ਨੇ ਭਾਰਤੀ ਸੰਵਿਧਾਨ ਵਿੱਚ ਸ਼ਰਨਾਰਥੀਆਂ ਦੀ ਆਸਥਾ ਦੀ ਸ਼ਲਾਘਾ ਕੀਤੀ ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਸ਼ਵਾਸ ਦੀ ਬਦੌਲਤ ਹੀ ਇਹ ਇਤਿਹਾਸਿਕ ਸਮਝੌਤਾ ਵਜੂਦ ਵਿੱਚ ਆਇਆ ਅਤੇ ਇਸੇ ਮਹੀਨੇ ਦਿੱਲੀ ਵਿੱਚ ਉਸ ’ਤੇ ਹਸਤਾਖ਼ਰ ਕੀਤੇ ਗਏ।
ਉਨ੍ਹਾਂ ਨੇ ਕਿਹਾ, ‘ਇਹ ਇਸ ਵਿਸ਼ਵਾਸ ਦਾ ਨਤੀਜਾ ਹੈ ਕਿ ਉਨ੍ਹਾਂ ਦਾ ਜੀਵਨ ਅੱਜ ਇੱਕ ਨਵੀਂ ਸਵੇਰ ਦੀ ਦਹਲੀਜ਼ ’ਤੇ ਖੜ੍ਹਾ ਹੈ। ਸਮਝੌਤੇ ਅਨੁਸਾਰ ਸਨਮਾਨਿਤ ਜੀਵਨ ਦਾ ਰਸਤਾ ਉਨ੍ਹਾਂ ਲਈ ਖੁੱਲ੍ਹ ਗਿਆ ਹੈ। ਆਖਰਕਾਰ 2020 ਦਾ ਨਵਾਂ ਦਹਾਕਾ ਬਰੂ-ਰਿਆਂਗ ਭਾਈਚਾਰੇ ਦੇ ਜੀਵਨ ਵਿੱਚ ਆਸ ਦੀ ਨਵੀਂ ਕਿਰਨ ਲਿਆਇਆ ਹੈ।’
ਸਮਝੌਤੇ ਦੇ ਲਾਭਾਂ ਦਾ ਵਰਣਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਲਗਭਗ 34000 ਬਰੂ ਸ਼ਰਨਾਰਥੀਆਂ ਨੂੰ ਤ੍ਰਿਪੁਰਾ ਵਿੱਚ ਪੁਨਰ ਵਸੇਬਾ ਜਾਵੇਗਾ । ਇੰਨਾ ਹੀ ਨਹੀਂ, ਸਰਕਾਰ ਉਨ੍ਹਾਂ ਦੇ ਮੁੜ ਵਸੇਬੇ ਅਤੇ ਸੰਪੂਰਨ ਵਿਕਾਸ ਲਈ 6000 ਕਰੋੜ ਦੇ ਕਰੀਬ ਸਹਾਇਤਾ ਵੀ ਪ੍ਰਦਾਨ ਕਰੇਗੀ। ਹਰ ਵਿਸਥਾਪਿਤ ਪਰਿਵਾਰ ਨੂੰ ਇੱਕ ਪਲਾਟ ਜ਼ਮੀਨ ਦਾ ਦਿੱਤਾ ਜਾਵੇਗਾ । ਉਨ੍ਹਾਂ ਨੂੰ ਮਕਾਨ ਬਣਾਉਣ ਲਈ ਸਹਾਇਤਾ ਦਿੱਤੀ ਜਾਵੇਗੀ । ਇਸ ਦੇ ਇਲਾਵਾ ਰਾਸ਼ਨ ਵੀ ਦਿੱਤਾ ਜਾਵੇਗਾ । ਉਹ ਹੁਣ ਰਾਜ ਅਤੇ ਕੇਂਦਰ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਦਾ ਲਾਭ ਉਠਾਉਣ ਦੇ ਯੋਗ ਹੋਣਗੇ ।’
ਪ੍ਰਧਾਨ ਮੰਤਰੀ ਨੇ ਇਸ ਸਮਝੌਤੇ ਨੂੰ ਵਿਸ਼ੇਸ਼ ਕਰਾਰ ਦਿੱਤਾ ਕਿਉਂਕਿ ਇਹ ਸਹਿਕਾਰੀ ਸੰਘਵਾਦ ਦੀ ਭਾਵਨਾ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਕਿਹਾ, ‘ਇਹ ਸਮਝੌਤਾ ਭਾਰਤੀ ਸੱਭਿਆਚਾਰ ਵਿੱਚ ਸਮਾਹਿਤ ਸੰਵੇਦਨਸ਼ੀਲਤਾ ਅਤੇ ਉਦਾਰਤਾ ਦਾ ਪ੍ਰਤੀਕ ਹੈ।’
ਹਿੰਸਾ ਛੱਡੋ – ਮੁੱਖ ਧਾਰਾ ਵਿੱਚ ਪਰਤੋ
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਸਾ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਪ੍ਰਦਾਨ ਕਰ ਸਕਦੀ। ਉਨ੍ਹਾਂ ਨੇ ਅਸਾਮ ਵਿੱਚ 8 ਸਮੂਹਾਂ ਦੇ 644 ਦਹਿਸ਼ਤਗਰਦਾਂ ਵੱਲੋਂ ਹਥਿਆਰ ਸਮਰਪਿਤ ਕਰਨ ਅਤੇ ਮੁੱਖਧਾਰਾ ਵਿੱਚ ਵਾਪਸੀ ਦੇ ਕਦਮ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਨੇ ਕਿਹਾ ‘ਖੇਲੋ ਇੰਡੀਆ’ ਗੇਮਸ ਦਾ ਸ਼ਾਨਦਾਰ ਆਯੋਜਨ ਕਰਨ ਦੇ ਨਾਲ ਹੀ ਅਸਾਮ ਨੇ ਇੱਕ ਹੋਰ ਉਪਲੱਬਧੀ ਹਾਸਲ ਕੀਤੀ ਹੈ। ਕੁਝ ਦਿਨ ਪਹਿਲਾਂ, 8 ਵਿਭਿੰਨ ਸਮੂਹਾਂ ਦੇ 644 ਆਤੰਕਵਾਦੀਆਂ ਨੇ ਹਥਿਆਰਾਂ ਸਮੇਤ ਆਤਮ ਸਮਰਪਣ ਕੀਤਾ। ਹਿੰਸਾ ਦੇ ਮਾਰਗ ’ਤੇ ਚੱਲਣ ਵਾਲਿਆਂ ਨੇ ਸ਼ਾਂਤੀ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਦੇਸ਼ ਦੀ ਪ੍ਰਗਤੀ ਵਿੱਚ ਸਾਂਝੇਦਾਰ ਬਣਨ ਅਤੇ ਮੁੱਖਧਾਰਾ ਵਿੱਚ ਵਾਪਸੀ ਦਾ ਫੈਸਲਾ ਕੀਤਾ ਹੈ।’
ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਤ੍ਰਿਪੁਰਾ ਵਿੱਚ 80 ਤੋਂ ਅਧਿਕ ਲੋਕਾਂ ਨੇ ਹਿੰਸਾ ਦੇ ਰਸਤੇ ਨੂੰ ਛੱਡ ਦਿੱਤਾ ਅਤੇ ਮੁੱਖ ਧਾਰਾ ਵਿੱਚ ਵਾਪਸ ਆਏ। ਪੂਰਬ-ਉੱਤਰ ਵਿਚਲੇ ਵਿਦਰੋਹ ਵਿੱਚ ਕਾਫ਼ੀ ਕਮੀ ਆਈ ਹੈ।
ਉਨ੍ਹਾਂ ਨੇ ਕਿਹਾ, “ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੰਵਾਦ ਦੇ ਮਾਧਿਅਮ ਨਾਲ ਖੇਤਰ ਦੀ ਹਰੇਕ ਸਮੱਸਿਆ ਦਾ ਇਮਾਨਦਾਰੀ ਦੇ ਨਾਲ ਅਤੇ ਸ਼ਾਂਤੀਪੂਰਣ ਤਰੀਕੇ ਨਾਲ ਸਮਾਧਾਨ ਕੀਤਾ ਜਾ ਰਿਹਾ ਹੈ।”
ਉਨ੍ਹਾਂ ਨੇ ਅਜੇ ਵੀ ਹਿੰਸਾ ਦੀ ਰਾਹ ’ਤੇ ਚੱਲ ਰਹੇ ਲੋਕਾਂ ਨੂੰ ਮੁੱਖਧਾਰਾ ਵਿੱਚ ਪਰਤਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਗਣਤੰਤਰ ਦਿਵਸ ਦੇ ਪਾਵਨ ਅਵਸਰ ’ਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਹਿੰਸਾ ਅਤੇ ਹਥਿਆਰਾਂ ਦੇ ਮਾਧਿਅਮ ਨਾਲ ਸਮੱਸਿਆ ਦਾ ਸਮਾਧਾਨ ਲੱਭਣ ਵਾਲੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਮੁੱਖਧਾਰਾ ਵਿੱਚ ਪਰਤਣ । ਉਨ੍ਹਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਆਪਣੀ ਅਤੇ ਦੇਸ਼ ਦੀ ਸਮਰੱਥਾ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ।”
**********