Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਾਲਚ ਨਹੀਂ, ਜ਼ਰੂਰਤ ਹੈ ਭਾਰਤ ਨੂੰ ਅਗਵਾਈ ਦੇਣ ਵਾਲਾ ਸਿਧਾਂਤ: ਪ੍ਰਧਾਨ ਮੰਤਰੀ ਨੇ ਕਿਹਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੁਆਰਾ ਸੰਯੁਕਤ ਰਾਸ਼ਟਰ ਮਹਾ ਸਭਾ ਦੌਰਾਨ ਆਯੋਜਿਤ ਕਲਾਈਮੇਟ ਐਕਸ਼ਨ ਸਮਿਟ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕੀਤਾ।

ਇਸ ਮੌਕੇ ‘ਤੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਚੈਂਪੀਅਨ ਆਵ੍ ਦ ਅਰਥ ਅਵਾਰਡ ਹਾਸਲ ਕਰਨ ਤੋਂ ਬਾਅਦ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਦਾ ਇਹ ਉਨ੍ਹਾਂ ਦਾ ਪਹਿਲਾ ਅਵਸਰ ਸੀ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਵਰਗੀ ਗੰਭੀਰ ਚੁਣੌਤੀ ਨਾਲ ਨਜਿੱਠਣ ਲਈ ਇਸ ਵੇਲੇ ਅਸੀਂ ਜੋ ਕੁਝ ਕਰ ਰਹੇ ਹਾਂ, ਉਹ ਕਾਫੀ ਨਹੀਂ। ਉਨ੍ਹਾਂ ਵਤੀਰੇ ਵਿੱਚ ਬਦਲਾਅ ਲਿਆਉਣ ਲਈ ਵਿਸ਼ਵ ਪੱਧਰ ਉੱਤੇ ਜਨ ਅੰਦੋਲਨ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਪ੍ਰਕਿਰਤੀ ਦਾ ਸਨਮਾਨ, ਸੰਸਾਧਨਾਂ ਦੀ ਉਚਿਤ ਵਰਤੋਂ, ਆਪਣੀਆਂ ਲੋੜਾਂ ਨੂੰ ਘਟਾ ਕੇ ਆਪਣੇ ਸੰਸਾਧਨਾਂ ਦੇ ਅੰਦਰ ਰਹਿਣਾ ਸਾਡੀਆਂ ਪਰੰਪਰਾਵਾਂ ਅਤੇ ਵਰਤਮਾਨ ਯਤਨਾਂ ਦੇ ਅਹਿਮ ਪਹਿਲੂ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦਿਸ਼ਾ ਦਿਖਾਉਣ ਵਾਲਾ ਸਿਧਾਂਤ ਲਾਲਚ ਨਹੀਂ, ਜ਼ਰੂਰਤ ਹੈ ਅਤੇ ਇਸ ਲਈ ਭਾਰਤ ਇਸ ਮੁੱਦੇ ਦੀ ਗੰਭੀਰਤਾ ਬਾਰੇ ਸਿਰਫ ਗੱਲਬਾਤ ਕਰਨ ਲਈ ਨਹੀਂ ਆਇਆ ਸਗੋਂ ਇੱਕ ਵਿਵਹਾਰਿਕ ਪਹੁੰਚ ਅਤੇ ਰੂਪਰੇਖਾ ਪੇਸ਼ ਕਰਨ ਲਈ ਆਇਆ ਹੈ। ਅਸੀਂ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਇੱਕ ਔਂਸ ਪ੍ਰੈਕਟਿਸ, ਇੱਕ ਟਨ ਪ੍ਰਚਾਰ ਕਰਨ ਤੋਂ ਜ਼ਿਆਦਾ ਕੀਮਤੀ ਹੈ।

ਉਨ੍ਹਾਂ ਦ੍ਰਿੜ੍ਹ ਇਰਾਦਾ ਪ੍ਰਗਟਾਇਆ ਕਿ ਗ਼ੈਰ-ਪਥਰਾਟ (ਫੌਸਿਲ) ਈਂਧਣ ਦੇ ਹਿੱਸੇ ਵਿੱਚ ਵਾਧਾ ਕੀਤਾ ਜਾਵੇਗਾ ਅਤੇ 2022 ਤੱਕ ਭਾਰਤ ਦੀ ਅਖੁੱਟ ਊਰਜਾ ਸਮਰੱਥਾ 175 ਗੀਗਾਵਾਟ ਤੋਂ ਜ਼ਿਆਦਾ ਵਧ ਜਾਵੇਗੀ ਅਤੇ ਬਾਅਦ ਵਿੱਚ ਉਹ 450 ਗੀਗਾਵਾਟ ਤੱਕ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਦੀ ਯੋਜਨਾ ਟ੍ਰਾਂਸਪੋਰਟ ਖੇਤਰ ਨੂੰ ਗਤੀਸ਼ੀਲਤਾ ਪ੍ਰਦਾਨ ਕਰਕੇ ਹਰਿਤ ਬਣਾਉਣ ਦੀ ਹੈ ਅਤੇ ਪੈਟਰੋਲ ਅਤੇ ਡੀਜ਼ਲ ਵਿੱਚ ਬਾਇਓ-ਫਿਊਲ (ਜੈਵਿਕ ਈਂਧਣ) ਦਾ ਅਨੁਪਾਤ ਕਾਫੀ ਵਧਾਇਆ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਭਾਰਤ ਵਿੱਚ 150 ਮਿਲੀਅਨ ਪਰਿਵਾਰਾਂ ਨੂੰ ਸਵੱਛ ਕੁਕਿੰਗ ਗੈਸ ਪ੍ਰਦਾਨ ਕੀਤੀ ਗਈ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਜਲ ਸੰਭਾਲ਼, ਮੀਂਹ ਦੇ ਪਾਣੀ ਦੀ ਸੰਭਾਲ਼ ਅਤੇ ਜਲ ਸੰਸਾਧਨਾਂ ਦੇ ਵਿਕਾਸ ਲਈ ਸ਼ੁਰੂ ਕੀਤੇ ਗਏ ਜਲ ਜੀਵਨ ਮਿਸ਼ਨ ਉੱਤੇ ਅਗਲੇ ਕੁਝ ਸਾਲਾਂ ਵਿੱਚ ਲਗਭਗ 50 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਫੋਰਮ ਉੱਤੇ ਸਾਡੀ ਇੰਟਰਨੈਸ਼ਨਲ ਸੋਲਰ ਅਲਾਇੰਸ ਮੁਹਿੰਮ ਵਿੱਚ 80 ਦੇਸ਼ ਸ਼ਾਮਲ ਹੋ ਚੁੱਕੇ ਹਨ। ਭਾਰਤ ਅਤੇ ਸਵੀਡਨ ਹੋਰ ਭਾਈਵਾਲਾਂ ਨਾਲ ਮਿਲ ਕੇ ਉਦਯੋਗਿਕ ਟ੍ਰਾਂਜ਼ੀਸ਼ਨ ਟ੍ਰੈਕ ਦੇ ਅੰਦਰ ਲੀਡਰਸ਼ਿਪ ਗਰੁੱਪ ਦੀ ਸ਼ੁਰੂਆਤ ਕਰ ਰਹੇ ਹਨ। ਇਹ ਪਹਿਲਕਦਮੀ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਲਈ ਟੈਕਨੋਲੋਜੀ ਇਨੋਵੇਸ਼ਨ ਦੇ ਖੇਤਰ ਵਿੱਚ ਸਹਿਯੋਗ ਦੇ ਮੌਕਿਆਂ ਨਾਲ ਇੱਕ ਮੰਚ ਪ੍ਰਦਾਨ ਕਰੇਗੀ। ਇਸ ਨਾਲ ਉਦਯੋਗ ਲਈ ਘੱਟ ਕਾਰਬਨ ਵਾਲੇ ਪਖ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਆਪਣੇ ਬੁਨਿਆਦੀ ਢਾਂਚੇ ਨੂੰ ਆਪਦਾ ਅਨੁਕੂਲ ਬਣਾਉਣ ਲਈ ਭਾਰਤ ਇੱਕ ਆਪਦਾ ਅਨੁਕੂਲ ਬੁਨਿਆਦੀ ਢਾਂਚੇ ਲਈ ਇੱਕ ਗਠਬੰਧਨ ਲਾਂਚ ਕਰ ਰਿਹਾ ਹੈ ਅਤੇ ਦੂਜੇ ਮੈਂਬਰ ਦੇਸ਼ਾਂ ਨੂੰ ਵੀ ਇਸ ਗਠਬੰਧਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਹੋਰ ਕਿਹਾ ਕਿ ਇਸ ਸਾਲ 15 ਅਗਸਤ ਨੂੰ ਅਜ਼ਾਦੀ ਦਿਵਸ ਦੇ ਮੌਕੇ ਉੱਤੇ ਸਿੰਗਲ ਯੂਜ਼ ਪਲਾਸਟਿਕ ਦੇ ਖਾਤਮੇ ਲਈ ਇੱਕ ਜਨ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਜ਼ੋਰ ਦਿੱਤਾ ਕਿ ਹੁਣ ਬਾਤਚੀਤ ਕਰਨ ਦਾ ਸਮਾਂ ਖਤਮ ਹੋ ਗਿਆ ਹੈ, ਅਤੇ ਹੁਣ ਵਿਸ਼ਵ ਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੈ।

***

ਵੀਆਰਆਰਕੇ/ਏਕੇ