ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਸ਼ਵਕਤ ਮਿਰਜ਼ੀਯੋਯੇਵ (Shavkat Mirziyoyev) ਨੇ 18 ਜਨਵਰੀ ਨੂੰ ”ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ 2019” ਦੌਰਾਨ ਦੁਵੱਲੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮਿਰਜ਼ੀਯੋਯੇਵ ਜੋ ਕਿ 17 ਜਨਵਰੀ ਨੂੰ ਇੱਕ ਵੱਡਾ ਅਤੇ ਉੱਚ ਤਾਕਤੀ ਵਫ਼ਦ ਲੈ ਕੇ ਗਾਂਧੀਨਗਰ ਪਹੁੰਚੇ ਸਨ, ਦਾ ਸੁਆਗਤ ਗੁਜਰਾਤ ਦੇ ਰਾਜਪਾਲ ਸ਼੍ਰੀ ਓਪੀ ਕੋਹਲੀ ਨੇ ਕੀਤਾ।
ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮਿਰਜ਼ੀਯੋਯੇਵ ਅਤੇ ਉਨ੍ਹਾਂ ਦੇ ਵਫ਼ਦ ਦਾ ਗੁਜਰਾਤ ਵਿੱਚ ਨਿੱਘਾ ਸੁਆਗਤ ਕੀਤਾ। ਰਾਸ਼ਟਰਪਤੀ ਮਿਰਜ਼ੀਯੋਯੇਵ ਦੀ 30 ਸਤੰਬਰ – 1 ਅਕਤੂਬਰ, 2018 ਦੀ ਪਿਛਲੀ ਭਾਰਤ ਯਾਤਰਾ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਸਰਕਾਰੀ ਦੌਰੇ ਦੌਰਾਨ ਕੀਤੇ ਗਏ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ। ਗੁਜਰਾਤ ਅਤੇ ਉਜ਼ਬੇਕਿਸਤਾਨ ਦੇ ਅੰਡੀਜਨ (Andijan ) ਖੇਤਰ ਦਰਮਿਆਨ ਇਸ ਸਰਕਾਰੀ ਦੌਰੇ ਦੌਰਾਨ ਹੋਏ ਐੱਮਓਯੂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਉਜ਼ਬੇਕ ਵਫ਼ਦ ਵਿੱਚ ਅੰਡੀਜਨ ਖੇਤਰ ਦੇ ਗਵਰਨਰ ਦੀ ਸ਼ਮੂਲੀਅਤ ਨੂੰ ਦੇਖਦਿਆਂ ਆਸ ਪ੍ਰਗਟਾਈ ਕਿ ਰਾਸ਼ਟਰਪਤੀ ਮਿਰਜ਼ੀਯੋਯੇਵ ਦੇ ਦੌਰੇ ਸਦਕਾ ਉਜ਼ਬੇਕਿਸਤਾਨ ਅਤੇ ਭਾਰਤ ਦਰਮਿਆਨ ਅਤੇ ਅੰਡੀਜਨ ਤੇ ਗੁਜਰਾਤ ਦਰਮਿਆਨ ਖੇਤਰ ਤੋਂ ਖੇਤਰ ਸਬੰਧ ਹੋਰ ਮਜ਼ਬੂਤ ਹੋਣਗੇ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮਿਰਜ਼ੀਯੋਯੇਵ ਵੱਲੋਂ 12-13 ਜਨਵਰੀ 2019 ਨੂੰ ਸਮਰਕੰਦ, ਉਜ਼ਬੇਕਿਸਤਾਨ ਵਿੱਚ ਵਿਦੇਸ਼ ਮੰਤਰੀ ਪੱਧਰ ਦੀ ਪਹਿਲੇ ਇੰਡੀਆ ਸੈਂਟਰਲ ਏਸ਼ੀਆ ਡਾਇਲਾਗ ਨੂੰ ਦਿੱਤੇ ਗਏ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਅਤੇ ਵਿਕਾਸ ਸਬੰਧੀ ਕਈ ਅਹਿਮ ਫ਼ੈਸਲੇ ਲਏ ਗਏ।
ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਨੇ ਵਾਈਬ੍ਰੈਂਟ ਗੁਜਰਾਤ ਸਮਿਟ ਵਿੱਚ ਹਿੱਸਾ ਲੈਣ ਲਈ ਭੇਜੇ ਗਏ ਸੱਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਉਜ਼ਬੇਕਿਸਤਾਨ, ਭਾਰਤ ਤੋਂ ਨਿਵੇਸ਼ ਆਕਰਸ਼ਿਤ ਕਰਨ ਨੂੰ ਉੱਚ ਪਹਿਲ ਦਿੰਦਾ ਹੈ। ਉਨ੍ਹਾਂ ਨੇ ਆਈਟੀ, ਸਿੱਖਿਆ, ਫਾਰਮਾਸਿਊਟੀਕਲ, ਸਿਹਤ-ਸੰਭਾਲ, ਖੇਤੀ ਵਪਾਰ ਅਤੇ ਸੈਰ-ਸਪਾਟਾ ਖੇਤਰਾਂ ਨੂੰ ਕੁਝ ਅਜਿਹੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਜੋਂ ਗਿਣਾਇਆ ਜਿਨ੍ਹਾਂ ਵਿੱਚ ਉਜ਼ਬੇਕਿਸਤਾਨ ਭਾਰਤ ਨਾਲ ਸੰਭਾਵਿਤ ਸਹਿਯੋਗ ਦਾ ਚਾਹਵਾਨ ਹੈ।
ਰਾਸ਼ਟਰਪਤੀ ਮਿਰਜ਼ੀਯੋਯੇਵ ਨੇ ਪ੍ਰਧਾਨ ਮੰਤਰੀ ਨੂੰ ਪਹਿਲੇ ਇੰਡੀਆ ਸੈਂਟਰਲ ਏਸ਼ੀਆ ਡਾਇਲਾਗ ਦੀ ਸਫ਼ਲਤਾ ਲਈ ਵਧਾਈ ਦਿੱਤੀ। ਇਸ ਗੱਲਬਾਤ ਤੋਂ ਪਤਾ ਲਗਿਆ ਹੈ ਕਿ ਸੈਂਟਰਲ ਏਸ਼ੀਆ ਖੇਤਰ ਵਿੱਚ ਭਾਰਤ ਦਾ ਸਾਕਾਰਾਤਮਕ (ਹਾਂ-ਪੱਖੀ) ਪ੍ਰਭਾਵ ਹੈ ਅਤੇ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਲਈ ਇਸ ਗੱਲਬਾਤ ਵਿੱਚ ਜੋ ਸਾਂਝੇ ਯਤਨ ਹੋਏ, ਉਹ ਹਾਂ-ਪੱਖੀ ਰਹੇ।
ਦੋਹਾਂ ਆਗੂਆਂ ਦੀ ਮੋਜੂਦਗੀ ਵਿੱਚ ਭਾਰਤ ਦੇ ਪ੍ਰਮਾਣੂ ਊਰਜਾ ਵਿਭਾਗ ਅਤੇ ਉਜ਼ਬੇਕਿਸਤਾਨ ਗਣਰਾਜ ਦੀ ਨੋਵੋਈ ਮਿਨਰਲਸ ਐਂਡ ਮੈਟਾਲਰਜੀਕਲ ਕੰਪਨੀ ਦਰਮਿਆਨ ਯੂਰੇਨੀਅਮ ਧਾਤ ਕੰਸੰਟ੍ਰੇਟ ਦੀ ਭਾਰਤ ਦੀਆਂ ਊਰਜਾ ਲੋੜਾਂ ਲਈ ਲੰਬੀ ਮਿਆਦ ਦੀ ਸਪਲਾਈ ਲਈ ਅਨੁਬੰਧ ਦੇ ਕਾਗਜ਼ਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ।
ਦੋਹਾਂ ਆਗੂਆਂ ਨੇ ਐਕਸਪੋਰਟ-ਇੰਪੋਰਟ ਬੈਂਕ ਆਵ੍ ਇੰਡੀਆ ਅਤੇ ਉਜ਼ਬੇਕਿਸਤਾਨ ਗਣਰਾਜ ਦੀ ਸਰਕਾਰ ਦਰਮਿਆਨ 200 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਲਈ ਹੋਏ ਸਮਝੌਤੇ ਦਾ ਸੁਆਗਤ ਕੀਤਾ। ਇਹ ਕਰਜ਼ਾ ਉਜ਼ਬੇਕਿਸਤਾਨ ਵਿੱਚ ਬੁਨਿਆਦੀ ਮਕਾਨ ਉਸਾਰੀ ਅਤੇ ਸਮਾਜਕ ਢਾਂਚੇ ਲਈ ਭਾਰਤ ਸਰਕਾਰ ਤੋਂ ਹਾਸਲ ਕੀਤਾ ਜਾਵੇਗਾ। 200 ਮਿਲੀਅਨ ਅਮਰੀਕੀ ਡਾਲਰ ਦੇ ਇਸ ਕਰਜ਼ੇ ਦਾ ਐਲਾਨ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮਿਰਜ਼ੀਯੋਯੇਵ ਦੇ ਪਿਛਲੇ ਭਾਰਤ ਦੌਰੇ ਦੌਰਾਨ ਕੀਤਾ ਸੀ।
***
ਏਕੇਟੀ/ ਕੇਪੀ
India is honoured to host the President of the Republic of Uzbekistan, Mr. Shavkat Mirziyoyev.
— Narendra Modi (@narendramodi) January 18, 2019
We had fruitful talks on the sidelines of the Vibrant Gujarat Summit in Gandhinagar. We discussed various aspects relating to India-Uzbekistan ties. @president_uz pic.twitter.com/Y14sqvBFtt