ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਅੱਜ ਓਡੀਸ਼ਾ ਦੇ ਬਲਾਂਗੀਰ ਦਾ ਦੌਰਾ ਕੀਤਾ। ਉਨ੍ਹਾਂ ਨੇ 1500 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟ ਲਾਂਚ ਕੀਤੇ ਅਤੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਸਵੇਰੇ ਰਾਏਪੁਰ ਵਿਖੇ ਸੁਆਮੀ ਵਿਵੇਕਾਨੰਦ ਹਵਾਈ ਅੱਡੇ ਪਹੁੰਚੇ ਅਤੇ ਫਿਰ ਬਲਾਂਗੀਰ ਲਈ ਰਵਾਨਾ ਹੋਏ। ਬਲਾਂਗੀਰ ਵਿਖੇ ਉਨ੍ਹਾਂ ਨੇ ਮਲਟੀਮੋਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਝਾਰਸੁਗੁੜਾ ਦੇਸ਼ ਨੂੰ ਸਮਰਪਿਤ ਕੀਤਾ। ਐੱਮਐੱਮਐੱਲਪੀ ਝਾਰਸੁਗੁੜਾ ਨੂੰ ਖੇਤਰ ਵਿੱਚ ਲੌਜਿਸਟਿਕਸ ਦਾ ਮੁੱਖ ਧੁਰਾ (ਕੇਂਦਰ) ਬਣਾਵੇਗਾ। ਰੇਲ ਪ੍ਰੋਜੈਕਟਾਂ ਨੂੰ ਹੁਲਾਰਾ ਦਿੰਦਿਆਂ ਸ਼੍ਰੀ ਮੋਦੀ ਨੇ 115 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਕੀਤੀ ਗਈ ਬਲਾਂਗੀਰ-ਬਿਚੁਪਲੀ ਰੇਲਵੇ ਲਾਈਨ ਦਾ ਉਦਘਾਟਨ ਕੀਤਾ।
ਓਡੀਸ਼ਾ ਦੇ ਲੋਕਾਂ ਨਾਲ ਕੀਤੇ ਗਏ ਆਪਣੇ ਵਾਅਦੇ ਉੱਤੇ ਅਮਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਿਛਲੇ ਤਿੰਨ ਹਫ਼ਤਿਆਂ ਵਿੱਚ ਉਨ੍ਹਾਂ ਦਾ ਓਡੀਸ਼ਾ ਦਾ ਤੀਜਾ ਦੌਰਾ ਹੈ। ਬਲਾਂਗੀਰ ਦੇ ਰੇਲਵੇ ਯਾਰਡ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਸਰਕਾਰ ਪੂਰਬੀ ਭਾਰਤ ਅਤੇ ਓਡੀਸ਼ਾ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਬਲਾਂਗੀਰ ਵਿਖੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਇਸ ਦਿਸ਼ਾ ਵਿੱਚ, ਇੱਕ ਕਦਮ ਹੈ। ”
ਪ੍ਰਧਾਨ ਮੰਤਰੀ ਨੇ ਨਾਗਾਵਲੀ ਦਰਿਆ ਉੱਤੇ ਇੱਕ ਨਵਾਂ ਪੁਲ਼, ਬਾਰਪਾਲੀ-ਡੁੰਗਰੀਪਾਲੀ ਅਤੇ ਬਲਾਂਗੀਰ-ਦੇਵਗਾਂਵ ਦਰਮਿਆਨ ਰੇਲਵੇ ਲਾਈਨ ਦਾ ਦੋਹਰੀਕਰਨ ਅਤੇ ਝਾਰਸੁਗੁੜਾ-ਵਿਜ਼ੀਨਗਰਮ ਅਤੇ ਸੰਬਲਪੁਰ-ਅੰਗੁਲ ਲਾਈਨਾਂਜ਼ ਦੇ 813 ਕਿਲੋਮੀਟਰ ਹਿੱਸੇ ਦਾ ਬਿਜਲੀਕਰਨ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਸੋਨਪੁਰ ਵਿਖੇ 15.81 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕੇਂਦਰੀ ਵਿਦਿਆਲਾ ਦਾ ਨੀਂਹ ਪੱਥਰ ਵੀ ਰੱਖਿਆ। ਸੰਪਰਕ ਅਤੇ ਸਿੱਖਿਆ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ, ”ਸਿੱਖਿਆ ਮਾਨਵ ਸੰਸਾਧਨ, ਵਿਕਾਸ ਵੱਲ ਲਿਜਾਂਦੀ ਹੈ, ਪਰ ਇਹ ਸੰਪਰਕ ਹੀ ਹੈ ਜੋ ਅਜਿਹੇ ਸੰਸਾਧਨਾਂ ਨੂੰ ਮੌਕਿਆਂ ਵਿੱਚ ਬਦਲਦਾ ਹੈ। ਛੇ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਾ, ਸਾਡਾ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇੱਕ ਯਤਨ ਹੈ। ਇਸ ਨਾਲ ਲੋਕਾਂ ਦੇ ਆਉਣ – ਜਾਣ ਵਿੱਚ ਸੌਖ ਹੋਵੇਗੀ। ਖਣਿਜ ਸੰਸਾਧਨਾਂ ਦੀ ਉਦਯੋਗ ਤੱਕ ਪਹੁੰਚ ਹੋਵੇਗੀ, ਕਿਸਾਨਾਂ ਨੂੰ ਆਪਣੀ ਉਪਜ ਨੂੰ ਮਾਰਕੀਟ ਤੱਕ ਲਿਜਾਣ ਵਿੱਚ ਮਦਦ ਮਿਲੇਗੀ ਅਤੇ ਓਡੀਸ਼ਾ ਵਿੱਚ ਨਾਗਰਿਕਾਂ ਦਾ ‘ਈਜ਼ ਆਵ ਲਿਵਿੰਗ’ ਹੋਰ ਅੱਗੇ ਵਧੇਗਾ।”
ਸੱਭਿਆਚਾਰ ਅਤੇ ਵਿਰਸੇ ਦੀ ਸੰਭਾਲ ਦੇ ਆਪਣੇ ਵਾਅਦੇ ਪ੍ਰਤੀ ਪ੍ਰਤੀਬੱਧਤਾ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਸਾਡੇ ਸੱਭਿਆਚਾਰਕ ਸਬੰਧ ਮਜ਼ਬੂਤ ਹੋਣਗੇ ਅਤੇ ਰਾਜ ਵਿੱਚ ਸੈਰ – ਸਪਾਟੇ ਦੀ ਸਮਰੱਥਾ ਵਧੇਗੀ। ਉਨ੍ਹਾਂ ਨੀਲਮਾਧਵ ਅਤੇ ਸਿੱਧੇਸ਼ਵਰ ਮੰਦਰ ਵਿੱਚ ਗੰਧਾਰਦੀ (Gandhaharadi) (ਬੌਧ) ਦੀ ਮੁਰੰਮਤ ਅਤੇ ਨਵੀਨੀਕਰਨ ਦੇ ਕੰਮ ਉੱਤੇ ਖੁਸ਼ੀ ਪ੍ਰਗਟਾਈ। ਸ਼੍ਰੀ ਮੋਦੀ ਨੇ ਬਲਾਂਗੀਰ ਅਤੇ ਕਾਲਾਹਾਂਡੀ ਵਿਖੇ ਅਸੁਰਗੜ੍ਹ ਕਿਲੇ ਦੇ ਰਾਣੀਪੁਰ ਝਰੀਅਲ ਗਰੁੱਪ ਆਵ੍ ਮੌਨਿਊਮੈਂਟਸ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਵੀ ਉਦਘਾਟਨ ਕੀਤਾ।
***
ਏਕੇਟੀ /ਵੀਜੇ /ਐੱਸਕੇਐੱਸ