Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਨੁੱਖਤਾ ਦੀ ਨਿਰਸਵਾਰਥ ਸੇਵਾ, ਲਗਨ, ਬਹਾਦਰੀ ਅਤੇ ਕੁਰਬਾਨੀ ਦੇ ਬੁਲੰਦ ਆਦਰਸ਼ਾਂ ਤੇ ਕਦਰਾਂ-ਕੀਮਤਾਂ ਦੀ ਪ੍ਰਸ਼ੰਸਾ ਕੀਤੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਮਾਰਗ ਉੱਤੇ ਚਲਣ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਆਪਣੇ 7, ਲੋਕ ਕਲਿਆਣ ਮਾਰਗ ਸਥਿਤ ਨਿਵਾਸ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਉੱਤੇ ਯਾਦਗਾਰੀ ਸਿੱਕਾ ਜਾਰੀ ਕਰਨ ਤੋਂ ਬਾਅਦ ਇੱਕ ਚੋਣਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਯੋਧੇ, ਦਾਰਸ਼ਨਿਕ ਕਵੀ ਅਤੇ ਗੁਰੂ ਸਨ। ਉਨ੍ਹਾਂ ਅਨਿਆਂ ਅਤੇ ਜ਼ੁਲਮ ਖ਼ਿਲਾਫ਼ ਲੜਾਈ ਲੜੀ। ਲੋਕਾਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਧਰਮ ਅਤੇ ਜਾਤ ਦੀਆਂ ਰੋਕਾਂ ਨੂੰ ਤੋੜਨ ਉੱਤੇ ਕੇਂਦ੍ਰਿਤ ਸਨ। ਉਨ੍ਹਾਂ ਦਾ ਪਿਆਰ, ਸ਼ਾਂਤੀ ਅਤੇ ਕੁਰਬਾਨੀ ਦਾ ਸੰਦੇਸ਼ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਆਉਣ ਵਾਲੇ ਸਾਲਾਂ ਵਿੱਚ ਵੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਅਤੇ ਮਾਰਗਦਰਸ਼ਕ ਬਣੀਆਂ ਰਹਿਣਗੀਆਂ। ਉਨ੍ਹਾਂ ਹੋਰ ਕਿਹਾ ਕਿ ਯਾਦਗਾਰੀ ਸਿੱਕਾ ਸਾਡੇ ਵੱਲੋਂ ਉਨ੍ਹਾਂ ਪ੍ਰਤੀ ਸਨਮਾਨ ਅਤੇ ਸ਼ਰਧਾ ਦਰਸਾਉਣ ਦਾ ਇੱਕ ਛੋਟਾ ਜਿਹਾ ਯਤਨ ਹੈ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦਰਸਾਏ ਗਏ 11 ਨੁਕਾਤੀ ਮਾਰਗ ਉੱਤੇ ਚਲਣ ਅਤੇ ਉਸ ਬਾਰੇ ਪ੍ਰਚਾਰ ਕਰਨ ਦਾ ਸੰਕਲਪ ਕਰਨ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਉੱਤੇ ਰਾਸ਼ਟਰ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਆਪਣੇ ਮਾਸਿਕ ਪ੍ਰੋਗਰਾਮ ਮਨ ਕੀ ਬਾਤ ਵਿੱਚ 30 ਦਸੰਬਰ, 2018 ਨੂੰ ਦੇਸ਼ ਦੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਰਾਸ਼ਟਰ ਲਈ ਲਗਨ ਅਤੇ ਕੁਰਬਾਨੀ ਦੇ ਮਾਰਗ ਅਨੁਸਾਰ ਚਲਣ। ਉਨ੍ਹਾਂ ਨੇ 5 ਜਨਵਰੀ, 2017 ਨੂੰ ਪਟਨਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਉਸ ਮੌਕੇ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ। ਸ਼੍ਰੀ ਮੋਦੀ ਨੇ 15 ਅਗਸਤ, 2016 ਨੂੰ ਵੀ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਅਤੇ ਮੁੜ 18 ਅਕਤੂਬਰ, 2016 ਨੂੰ ਲੁਧਿਆਣਾ ਵਿਖੇ ਨੈਸ਼ਨਲ ਐੱਮਐੱਸਐੱਮਈ ਪੁਰਸਕਾਰ ਸਮਾਰੋਹ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਵੀ ਯਾਦ ਕੀਤਾ।

***

ਏਕੇਟੀ /ਵੀਜੇ /ਵੀਕੇ