Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗਲੋਬਲ ਮੋਬਿਲਿਟੀ ਸਿਖ਼ਰ ਸੰਮੇਲਨ – ਮੂਵ (MOVE ) ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਗਲੋਬਲ ਮੋਬਿਲਿਟੀ ਸਿਖ਼ਰ ਸੰਮੇਲਨ ਦਾ ਉਦਘਾਟਨ ਕੀਤਾ।

 

ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ, ਬੁਨਿਆਦੀ ਢਾਂਚੇ, ਨੌਜਵਾਨਾਂ ਅਤੇ ਹੋਰ ਮਾਮਲਿਆਂ ਵਿੱਚ ਭਾਰਤ ਗਤੀਸ਼ੀਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗਤੀਸ਼ੀਲਤਾ (ਮੋਬਿਲਿਟੀ) ਅਰਥਵਿਵਸਥਾ ਨੂੰ ਚਲਾਈ ਰੱਖਣ ਵਾਲਾ ਇੱਕ ਪ੍ਰਮੁੱਖ ਕਾਰਕ ਹੈ ਅਤੇ ਇਹ ਆਰਥਕ ਵਿਕਾਸ ਨੂੰ ਵਧਾ ਸਕਦੀ ਹੈ ਅਤੇ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਕਰ ਸਕਦੀ ਹੈ।

 

ਪ੍ਰਧਾਨ ਮੰਤਰੀ ਨੇ 7ਸੀਆਂ (7C’s) ਦੇ ਅਧਾਰ ‘ਤੇ ਭਾਰਤ ਵਿੱਚ ਗਤੀਸ਼ੀਲਤਾ ਦੇ ਭਵਿੱਖ ਲਈ ਵਿਜ਼ਨ ਵੀ ਪ੍ਰਗਟਾਇਆ ਇਹ 7ਸੀਆਂ (7C’s) ਹਨ – ਕਾਮਨ (ਸਾਂਝਾ), ਕੁਨੈਕਟਿਡ (ਜੁੜਿਆ ਹੋਇਆ), ਕਨਵੀਨੀਐਂਟ (ਸੁਖਾਲ਼ਾ), ਕਨਜੈਸ਼ਨ-ਫ੍ਰੀ (ਭੀੜ ਰਹਿਤ), ਚਾਰਜਡ (ਚਾਰਜ ਕੀਤਾ ਹੋਇਆ), ਕਲੀਨ (ਸਾਫ਼) ਅਤੇ ਕਟਿੰਗ ਐੱਜ (ਧਾਰ ਵਾਲਾ)

 

ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ ਇਸ ਤਰ੍ਹਾਂ ਹੈ

 

”ਮਾਣਯੋਗ ਜੀਓ

 

ਵਿਸ਼ਵ ਭਰ ਦੇ ਉੱਘੇ ਡੈਲੀਗੇਟਸ,

 

ਦੇਵੀਓ ਅਤੇ ਸੱਜਣੋ,

 

ਮੈਂ ਗਲੋਬਲ ਗਤੀਸ਼ੀਲਤਾ ਸਿਖ਼ਰ ਸੰਮੇਲਨ ਵਿੱਚ ਤੁਹਾਡਾ ਸਭ ਦਾ ਸੁਆਗਤ ਕਰਦਾ ਹਾਂ।

 

ਮੂਵ – ਇਸ ਸਿਖ਼ਰ ਸੰਮੇਲਨ ਦਾ ਨਾਮ ਅੱਜ ਦੇ ਭਾਰਤ ਦੀ ਸੋਚ ਨੂੰ ਪ੍ਰਗਟਾਉਂਦਾ ਹੈ। ਇਹ ਸੱਚ ਹੈ ਕਿ ਭਾਰਤ ਗਤੀਮਾਨ ਹੈ।

 

ਸਾਡੀ ਅਰਥਵਿਵਸਥਾ ਗਤੀਮਾਨ ਹੈ। ਅਸੀਂ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਅਰਥਵਿਵਸਥਾ ਹਾਂ।

 

ਸਾਡੇ ਕਸਬੇ ਅਤੇ ਸ਼ਹਿਰ ਗਤੀਮਾਨ ਹਨ। ਅਸੀਂ 100 ਸਮਾਰਟ ਸ਼ਹਿਰਾਂ ਦਾ ਨਿਰਮਾਣ ਕਰ ਰਹੇ ਹਾਂ।

 

ਸਾਡਾ ਬੁਨਿਆਦੀ ਢਾਂਚਾ ਗਤੀਮਾਨ ਹੈ। ਅਸੀਂ ਸੜਕਾਂ, ਹਵਾਈ ਅੱਡਿਆਂ, ਰੇਲ ਪਟੜੀਆਂ ਅਤੇ ਬੰਦਰਗਾਹਾਂ ਦਾ ਨਿਰਮਾਣ ਤੇਜ਼ ਗਤੀ ਨਾਲ ਕਰ ਰਹੇ ਹਾਂ।

 

ਸਾਡੀਆਂ ਵਸਤਾਂ ਗਤੀਮਾਨ ਹਨ। ਵਸਤਾਂ ਅਤੇ ਸਰਵਿਸ ਟੈਕਸ ਨੇ ਸਾਨੂੰ ਆਪਣੀ ਸਪਲਾਈ ਪ੍ਰਣਾਲੀ ਅਤੇ ਭੰਡਾਰ ਘਰਾਂ ਦੇ ਢਾਂਚੇ ਨੂੰ ਵਿਵਸਥਿਤ ਕਰਨ ਵਿੱਚ ਮਦਦ ਕੀਤੀ ਹੈ।

 

ਸਾਡੇ ਸੁਧਾਰ ਗਤੀਮਾਨ ਹਨ। ਅਸੀਂ ਭਾਰਤ ਨੂੰ ਇਸ ਢੰਗ ਨਾਲ ਵਿਕਸਿਤ ਕੀਤਾ ਹੈ ਕਿ ਇੱਥੇ ਵਪਾਰ ਕਰਨਾ ਸੁਖਾਲ਼ਾ ਹੈ।

 

ਸਾਡੇ ਜੀਵਨ ਗਤੀਮਾਨ ਹਨ। ਪਰਿਵਾਰਾਂ ਨੂੰ ਘਰ, ਪਖਾਨੇ, ਧੂੰਆਂ-ਰਹਿਤ ਘਰੇਲੂ ਗੈਸ ਸਿਲੰਡਰ, ਬੈਂਕ ਖਾਤੇ ਅਤੇ ਕਰਜ਼ੇ ਮਿਲ ਰਹੇ ਹਨ।

 

ਸਾਡੇ ਨੌਜਵਾਨ ਗਤੀਮਾਨ ਹਨ। ਅਸੀਂ ਬਹੁਤ ਤੇਜ਼ੀ ਨਾਲ ਸਟਾਰਟ-ਅੱਪਸ ਲਈ ਵਿਸ਼ਵ ਦੀ ਹੱਬ ਵੱਜੋਂ ਉੱਭਰ ਰਹੇ ਹਾਂ। ਭਾਰਤ ਇੱਕ ਨਵੀਂ ਊਰਜਾ, ਟੀਚੇ ਅਤੇ ਜਲਦੀ ਪਹੁੰਚਣ ਦੀ ਇੱਛਾ ਅਤੇ ਉਦੇਸ਼ ਨਾਲ ਅੱਗੇ ਵਧ ਰਿਹਾ ਹੈ।

 

ਮਿੱਤਰੋ,

 

ਸਾਨੂੰ ਸਭ ਨੂੰ ਪਤਾ ਹੈ ਕਿ ਗਤੀਸ਼ੀਲਤਾ ਮਨੁੱਖ ਦੀ ਪ੍ਰਗਤੀ ਲਈ ਅਹਿਮ ਰਹੀ ਹੈ।

 

ਗਤੀਸ਼ੀਲਤਾ ਦੇ ਸਬੰਧ ਵਿੱਚ ਵਿਸ਼ਵ ਅੱਜ ਇੱਕ ਨਵੀਂ ਕ੍ਰਾਂਤੀ ਵਿੱਚੋਂ ਲੰਘ ਰਿਹਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਗਤੀਸ਼ੀਲਤਾ ਨੂੰ ਵਿਸ਼ਾਲ ਸੰਦਰਭ ਵਿੱਚ ਸਮਝਿਆ ਜਾਵੇ।

 

ਗਤੀਸ਼ੀਲਤਾ ਅਰਥਵਿਵਸਥਾ ਲਈ ਇੱਕ ਅਹਿਮ ਕਾਰਕ ਹੈ। ਬਿਹਤਰ ਗਤੀਸ਼ੀਲਤਾ ਟ੍ਰਾਂਸਪੋਰਟੇਸ਼ਨ ਅਤੇ ਯਾਤਰਾ ਦੇ ਉੱਪਰ ਦਬਾਅ ਨੂੰ ਘਟਾ ਸਕਦੀ ਹੈ ਅਤੇ ਅਰਥਵਿਵਸਥਾ ਨੂੰ ਗਤੀ ਦੇ ਸਕਦੀ ਹੈ। ਇਹ ਪਹਿਲਾਂ ਤੋਂ ਹੀ ਰੋਜ਼ਗਾਰ ਦਾ ਇੱਕ ਵੱਡਾ ਮਾਧਿਅਮ ਹੈ ਅਤੇ ਅਗਲੀ ਪੀੜ੍ਹੀ ਦੇ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਕਰ ਸਕਦੀ ਹੈ।

 

ਗਤੀਸ਼ੀਲਤਾ ਸ਼ਹਿਰੀਕਰਨ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਹੈ। ਮੋਟਰ ਨਾਲ ਚਲਣ ਵਾਲੇ ਨਿਜੀ ਵਾਹਨਾਂ ਨੂੰ ਹਮੇਸ਼ਾ ਨਵੀਆਂ ਸੜਕਾਂ, ਗੱਡੀਆਂ ਖੜ੍ਹੀਆਂ ਕਰਨ ਦੇ ਸਥਾਨਾਂ ਅਤੇ ਬੁਨਿਆਦੀ ਢਾਂਚੇ ਦੀ ਲੋੜ ਹੁੰਦੀ ਹੈ।

 

ਗਤੀਸ਼ੀਲਤਾ ‘ਈਜ਼ ਆਵ੍ ਲਿਵਿੰਗ’ ਦਾ ਇੱਕ ਅਹਿਮ ਤੱਤ ਹੈ। ਜੋ ਸਮਾਂ ਸਕੂਲ ਅਤੇ ਕੰਮ ‘ਤੇ ਜਾਣ ਨੂੰ ਲਗਦਾ ਹੈ, ਟ੍ਰੈਫਿਕ ਵਿੱਚ ਫਸਣ ਦੀ ਝੁੰਜਲਾਹਟ, ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸਮਾਨ ਦੀ ਸਪਲਾਈ ਉੱਤੇ ਆਉਣ ਵਾਲਾ ਖਰਚਾ, ਜਨਤਕ ਟ੍ਰਾਂਸਪੋਰਟ ਦੇ ਸਾਧਨਾਂ ਦੀ ਸੁਲਭਤਾ, ਜਿਸ ਹਵਾ ਵਿੱਚ ਸਾਡੇ ਬੱਚੇ ਸਾਹ ਲੈਂਦੇ ਹਨ ਉਸ ਦੀ ਗੁਣਵੱਤਾ ਅਤੇ ਯਾਤਰਾ ਦੌਰਾਨ ਸੁਰੱਖਿਆ, ਇਹ ਸਾਰੀਆਂ ਚੀਜ਼ਾਂ ਇੱਕ ਤਰੀਕੇ ਨਾਲ ਹਮੇਸ਼ਾ ਸਭ ਦੇ ਦਿਮਾਗ ਵਿੱਚ ਰਹਿੰਦੀਆਂ ਹਨ।

 

ਗਤੀਸ਼ੀਲਤਾ ਸਾਡੇ ਗ੍ਰਹਿ ਦੀ ਰਾਖੀ ਦੇ ਨਜ਼ਰੀਏ ਤੋਂ ਵੀ ਅਹਿਮ ਹੈ। ਕਾਰਬਨ-ਡਾਈ-ਆਕਸਾਈਡ ਦੇ ਵਿਸ਼ਵ ਪੱਧਰ ਉੱਤੇ ਉਤਸਰਜਨ ਦਾ 20% ਸੜਕ ਟ੍ਰਾਂਸਪੋਰਟ ਤੋਂ ਹੀ ਪੈਦਾ ਹੁੰਦਾ ਹੈ ਜੋ ਕਿ ਸ਼ਹਿਰਾਂ ਵਿੱਚ ਘੁਟਣ ਦਾ ਵਿਸ਼ਵ ਤਾਪਮਾਨ ਵਿੱਚ ਵਾਧੇ ਦਾ ਖਤਰਾ ਪੈਦਾ ਕਰਦਾ ਹੈ।

 

ਸਮੇਂ ਦੀ ਮੰਗ ਹੈ ਕਿ ਗਤੀਸ਼ੀਲਤਾ ਦੇ ਇੱਕ ਅਜਿਹੇ ਹਾਲਾਤ ਸਬੰਧੀ ਤੰਤਰ ਦਾ ਨਿਰਮਾਣ ਕੀਤਾ ਜਾਵੇ ਜਿਸ ਦਾ ਕਿ ਕੁਦਰਤ ਨਾਲ ਤਾਲਮੇਲ ਹੋਵੇ।

 

ਜਲਵਾਯੂ ਤਬਦੀਲੀ  ਦੇ ਵਿਰੁੱਧ ਸਾਡੀ ਲੜਾਈ ਦਾ ਅਗਲਾ ਮੋਰਚਾ ਗਤੀਸ਼ੀਲਤਾ ਹੀ ਹੈ। ਬਿਹਤਰ ਗਤੀਸ਼ੀਲਤਾ ਬਿਹਤਰ ਨੌਕਰੀਆਂ ਅਤੇ ਇੱਕ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਸਕਦੀ ਹੈ ਅਤੇ ਜੀਵਨ ਦੀ ਗੁਣਵੱਤਾ ਨੂੰ ਸੁਧਾਰ ਸਕਦੀ ਹੈ। ਇਹ ਖਰਚ ਘਟਾ ਸਕਦੀ ਹੈ, ਆਰਥਿਕ ਸਰਗਰਮੀਆਂ ਦਾ ਵਿਸਤਾਰ ਕਰ ਸਕਦੀ ਹੈ ਅਤੇ ਧਰਤੀ ਦੀ ਰਾਖੀ ਕਰ ਸਕਦੀ ਹੈ। ਇਸ ਤਰ੍ਹਾਂ ਨਾਲ ਇਹ ਜਨ-ਜੀਵਨ ਦੇ ਕੰਮਕਾਜ ਨੂੰ ਵਿਆਪਕ ਤੌਰ ‘ਤੇ ਪ੍ਰਭਾਵਿਤ ਕਰਦੀ ਹੈ।

 

ਗਤੀਸ਼ੀਲਤਾ, ਵਿਸ਼ੇਸ਼ ਤੌਰ ‘ਤੇ ਗਤੀਸ਼ੀਲਤਾ ਦਾ ਡਿਜੀਟਲੀਕਰਨ ਵਿਆਪਕ ਤਬਦੀਲੀ ਲਿਆਉਣ ਵਾਲਾ ਹੈ। ਇਸ ਵਿੱਚ ਨਵੀਆਂ ਖੋਜਾਂ ਲਈ ਵਿਆਪਕ ਸੰਭਾਵਨਾ ਹੈ ਅਤੇ ਇਹ ਬਹੁਤ ਤੇਜ਼ ਗਤੀ ਨਾਲ ਹੋ ਰਿਹਾ ਹੈ।

 

ਭਾਰਤ ਵਿੱਚ ਅਸੀਂ ਗਤੀਸ਼ੀਲਤਾ ‘ਤੇ ਜ਼ੋਰ ਦੇ ਰਹੇ ਹਾਂ। ਅਸੀਂ ਰਾਜਮਾਰਗਾਂ ਦੇ ਨਿਰਮਾਣ ਦੀ ਗਤੀ ਨੂੰ ਦੁੱਗਣਾ ਤੇਜ਼ ਕਰ ਦਿੱਤਾ ਹੈ।

 

ਅਸੀਂ ਆਪਣੇ ਗ੍ਰਾਮੀਣ ਸੜਕ ਨਿਰਮਾਣ ਪ੍ਰੋਗਰਾਮ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ। ਅਸੀਂ ਈਂਧਨ ਦੀ ਘੱਟ ਖਪਤ ਵਾਲੇ ਅਤੇ ਸਵੱਛ ਈਂਧਨ ਵਾਲੇ ਵਾਹਨਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ। ਜਿਨ੍ਹਾਂ ਖੇਤਰਾਂ ਵਿੱਚ ਕਾਫੀ ਸਹੂਲਤਾਂ ਨਹੀਂ ਸਨ, ਉੱਥੇ ਸਸਤੀਆਂ ਹਵਾਈ ਸੇਵਾਵਾਂ ਦਾ ਵਿਕਾਸ ਕਰ ਚੁੱਕੇ ਹਾਂ। ਅਸੀਂ ਸੈਕੜੇ ਨਵੇਂ ਹਵਾਈ ਮਾਰਗਾਂ ਦਾ ਸੰਚਾਲਨ ਵੀ ਸ਼ੁਰੂ ਕਰ ਰਹੇ ਹਾਂ।

 

ਰਵਾਇਤੀ ਸਾਧਨਾਂ ਜਿਵੇਂ ਕਿ ਰੇਲਵੇ ਅਤੇ ਸੜਕਾਂ ਤੋਂ ਇਲਾਵਾ ਅਸੀਂ ਜਲ ਮਾਰਗਾਂ ਉੱਤੇ ਵੀ ਜ਼ੋਰ ਦੇ ਰਹੇ ਹਾਂ।

 

ਅਸੀਂ ਆਪਣੇ ਸ਼ਹਿਰਾਂ ਵਿੱਚ ਘਰਾਂ, ਸਕੂਲਾਂ ਅਤੇ ਕਾਰਜ ਸਥਾਨ ਦੀ ਦੂਰੀ ਨੂੰ ਸਥਾਨਾਂ ਦੀ ਬਿਹਤਰ ਚੋਣ ਨਾਲ ਘੱਟ ਕਰ ਰਹੇ ਹਾਂ।

 

ਅਸੀਂ ਅੰਕੜਿਆਂ ਉੱਤੇ ਅਧਾਰਿਤ ਕੰਮਾਂ ਦੀ ਵੀ ਸ਼ੁਰੂਆਤ ਕੀਤੀ ਹੈ ਜਿਵੇਂ ਸਿਆਣਪ ਭਰੀਆਂ ਆਵਾਜਾਈ ਪ੍ਰਬੰਧਨ ਪ੍ਰਣਾਲੀਆਂ।

 

ਪਰ ਸਾਨੂੰ ਪੈਦਲ ਯਾਤਰੀਆਂ ਅਤੇ ਸਾਈਕਲ ਚਲਾਉਣ ਵਾਲਿਆਂ ਨੂੰ ਪਹਿਲ ਦੇ ਕੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

 

ਮਿੱਤਰੋ,

 

ਤੇਜ਼ੀ ਨਾਲ ਬਦਲ ਰਹੇ ਗਤੀਸ਼ੀਲਤਾ ਦੇ ਮਾਹੌਲ ਵਿੱਚ ਭਾਰਤ ਲਈ  ਕੁਝ ਅੰਦਰ ਸ਼ਾਮਲ ਤਾਕਤਾਂ ਅਤੇ ਤੁਲਨਾਤਮਕ ਲਾਭ ਹਨ। ਸਾਡੀ ਸ਼ੁਰੂਆਤ ਨਵੀਂ ਹੈ ਅਤੇ ਸਾਡੇ ਕੋਲ ਗਤੀਸ਼ੀਲਤਾ ਦੀ ਅਜਿਹੀ ਵਿਰਾਸਤ ਵੀ ਨਹੀਂ ਜਿਸ ਵਿੱਚ ਸੋਮਿਆਂ ਨੂੰ ਧਿਆਨ ਵਿੱਚ ਨਾ ਰੱਖਿਆ ਗਿਆ ਹੋਵੇ।

 

ਸਾਡੇ ਕੋਲ ਹੋਰ ਵੱਡੀਆਂ ਅਰਥਵਿਵਸਥਾਵਾਂ ਦੇ ਮੁਕਾਬਲੇ ਵਿੱਚ ਪ੍ਰਤੀ ਵਿਅਕਤੀ ਵਾਹਨ ਘੱਟ ਹਨ ਅਤੇ ਇਸ ਲਈ ਅਸੀਂ ਅਜਿਹੀਆਂ ਹੋਰ ਅਰਥਵਿਵਸਥਾਵਾਂ ਦੇ ਪਿਛਲੇ ਅਨੁਭਵਾਂ ਨੂੰ ਨਹੀਂ ਢੋਅ ਸਕਦੇ ਜੋ ਨਿਜੀ ਕਾਰ ਮਲਕੀਅਤ ਦੀ ਸਹਾਇਤਾ ਨਾਲ ਸਾਹਮਣੇ ਆਏ ਸਨ। ਇਹ ਸਾਨੂੰ ਇਕਦਮ ਨਵੇਂ ਅਤੇ ਢੁਕਵੇਂ ਗਤੀਸ਼ੀਲਤਾ ਮਿਸ਼ਰਤ ਈਕੋ-ਸਿਸਟਮ ਸਿਰਜਣ ਲਈ ਮੌਕੇ ਦੀ ਖਿੜਕੀ ਪ੍ਰਦਾਨ ਕਰਦਾ ਹੈ।

 

ਟੈਕਨੋਲੋਜੀ ਦੇ ਖੇਤਰ ਵਿੱਚ ਸਾਡੀ ਸਮਰੱਥਾ ਸੂਚਨਾ ਟੈਕਨੋਲੋਜੀ, ਵੱਡੇ ਅੰਕੜਿਆਂ, ਡਿਜੀਟਲ ਭੁਗਤਾਨਾਂ ਅਤੇ ਇੰਟਰਨੈੱਟ ਸਮਰੱਥ ਸਾਂਝੀ ਅਰਥਵਿਵਸਥਾ ਵਿੱਚ ਸ਼ਾਮਲ ਹੈ। ਇਹ ਤੱਤ ਗਤੀਸ਼ੀਲਤਾ ਦੇ ਵਿਸ਼ਵ ਪੱਧਰੀ ਭਵਿੱਖ ਦੇ ਸੰਚਾਲਕ ਹਨ।

 

ਪਹਿਚਾਣ ਦੀ ਸਾਡੀ ਅਨੋਖੀ ਯੋਜਨਾ, ਆਧਾਰ ਅਤੇ ਭਾਰਤ ਦੀ ਅਬਾਦੀ  ਨੂੰ ਡਿਜੀਟਲ ਯੁੱਗ ਵਿੱਚ ਲਿਆਉਣ ਲਈ ਇੱਕ ਢੁਕਵਾਂ ਸਾਫਟਵੇਅਰ ਮੰਚ ਤਿਆਰ ਕਰਨ ਦੀ ਖਾਹਿਸ਼ੀ ਯੋਜਨਾ ਨੇ ਵਿਸਤ੍ਰਿਤ ਜਨਤਕ ਡਿਜੀਟਲ ਢਾਂਚਾ ਤਿਆਰ ਕੀਤਾ ਹੈ ਜਿਸ ਨੇ ਸਾਡੇ 850 ਮਿਲੀਅਨ ਸ਼ਹਿਰੀਆਂ ਨੂੰ ਡਿਜੀਟਲ ਤੌਰ ‘ਤੇ ਅਧਿਕਾਰ ਭਰਪੂਰ ਬਣਾਇਆ ਹੈ। ਭਾਰਤ ਇਹ ਵਿਖਾ ਸਕਦਾ ਹੈ ਕਿ ਕਿਸ ਤਰ੍ਹਾਂ ਨਾਲ ਅਜਿਹੇ ਡਿਜੀਟਲ ਢਾਂਚੇ ਨੂੰ ਨਵੇਂ ਮੋਬਿਲਿਟੀ  ਬਿਜ਼ਨਸ ਮਾਡਲ ਨਾਲ ਜੋੜਿਆ ਜਾ ਸਕਦਾ ਹੈ।

 

ਅਖੁੱਟ ਊਰਜਾ ਉੱਤੇ ਸਾਡਾ ਜ਼ੋਰ ਇਹ ਯਕੀਨੀ ਬਣਾਵੇਗਾ ਕਿ ਇਲੈਕਟ੍ਰੌਨਿਕ ਮੋਬਿਲਿਟੀ ਦੇ ਵਾਤਾਵਰਣ ਸਬੰਧੀ ਲਾਭਾਂ ਨੂੰ ਪੂਰੀ ਤਰ੍ਹਾਂ ਹਾਸਲ  ਕੀਤਾ ਜਾ ਸਕਦਾ ਹੈ। ਅਸੀਂ 2022 ਤੱਕ ਨਵੀਨੀਕਰਨ ਯੋਗ ਸਾਧਨਾਂ ਨਾਲ 175 ਗੀਗਾਵਾਟ ਊਰਜਾ ਪ੍ਰਾਪਤ ਕਰਨ ਦੀ ਯੋਜਨਾ ਬਣਾਈ ਹੈ। ਅਸੀਂ ਪਹਿਲਾਂ ਤੋਂ ਹੀ ਦੁਨੀਆ ਵਿੱਚ ਸੂਰਜੀ ਊਰਜਾ ਦੇ ਪੰਜਵੇਂ ਸਭ ਤੋਂ ਵੱਡੇ ਉਤਪਾਦਕ ਹਾਂ। ਅਸੀਂ ਅਖੁੱਟ ਊਰਜਾ ਦੇ ਛੇਵੇਂ ਸਭ ਤੋਂ ਵੱਡੇ ਉਤਪਾਦਕ ਵੀ ਹਾਂ। ਅਸੀਂ ਅੰਤਰਰਾਸ਼ਟਰੀ ਸੂਰਜੀ ਸਬੰਧਾਂ ਦੇ ਜ਼ਰੀਏ ਵਿਸ਼ਵ ਪੱਧਰ ਉੱਤੇ ਸੂਰਜੀ ਊਰਜਾ ਦੀ ਹਮਾਇਤ ਕੀਤੀ ਹੈ।

 

ਸਾਡਾ ਤੇਜ਼ੀ ਨਾਲ ਵਧਦਾ ਨਿਰਮਾਣ ਅਧਾਰ ਹੈ, ਖਾਸ ਤੌਰ ‘ਤੇ ਆਟੋਮੈਟਿਕ ਖੇਤਰ ਵਿੱਚ।

 

ਸਾਡੇ ਕੋਲ ਵੱਡੀ ਗਿਣਤੀ ਵਿੱਚ ਡਿਜੀਟਲ ਤੌਰ ‘ਤੇ ਸਾਖਰ ਯੁਵਾ ਅਬਾਦੀ  ਹੈ। ਇਹ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਲੱਖਾਂ ਸਿੱਖਿਅਤ ਦਿਮਾਗ, ਨਿਪੁੰਨ ਹੱਥ ਅਤੇ ਖਾਹਿਸ਼ੀ ਸੁਪਨੇ ਪ੍ਰਦਾਨ ਕਰਦੀ ਹੈ।

 

ਇਸ ਲਈ ਮੈਨੂੰ ਭਰੋਸਾ ਹੈ ਕਿ ਭਾਰਤ ਦੁਨੀਆ ਵਿੱਚ ਛੇਵੇਂ ਸਥਾਨ ਉੱਤੇ ਸਥਿਤ ਹੈ, ਜੋ ਗਤੀਸ਼ੀਲ ਅਰਥਵਿਵਸਥਾ’ ਵਿੱਚ ਪਹਿਲਾ ਬਾਨੀ ਹੋਵੇਗਾ।

 

ਭਾਰਤ ਵਿੱਚ ਗਤੀਸ਼ੀਲਤਾ ਦੇ ਭਵਿੱਖ ਲਈ ਮੇਰੀ ਕਲਪਨਾ ‘7 ਸੀ” ਉੱਤੇ ਅਧਾਰਤ ਹੈ – ਕਾਮਨ (ਸਾਂਝਾ), ਕੁਨੈਕਟਿਡ (ਜੁੜਿਆ ਹੋਇਆ), ਕਨਵੀਨੀਐਂਟ (ਸੁਖਾਲ਼ਾ), ਕਨਜੈਸ਼ਨ-ਫ੍ਰੀ (ਭੀੜ ਰਹਿਤ), ਚਾਰਜਡ (ਚਾਰਜ ਕੀਤਾ ਹੋਇਆ), ਕਲੀਨ (ਸਾਫ਼) ਅਤੇ ਕਟਿੰਗ ਐੱਜ (ਧਾਰ ਵਾਲਾ)

 

  1. ਕਾਮਨ – ਜਨਤਕ ਟ੍ਰਾਂਸਪੋਰਟ ਸਾਡੀ ਮੋਬਿਲਿਟੀ ਪਹਿਲ ਦਾ ਅਧਾਰ ਹੋਣਾ ਚਾਹੀਦਾ ਹੈ। ਡਿਜੀਟੇਲਾਈਜ਼ੇਸ਼ਨ ਤੋਂ ਤਿਆਰ ਨਵੇਂ ਬਿਜ਼ਨਸ ਮਾਡਲ ਵਰਤਮਾਨ ਵਿੱਚ ਦੁਬਾਰਾ ਨਵੀਂ ਮਿਸਾਲ ਕਾਇਮ ਕਰ ਰਹੇ ਹਨ। ਵੱਡੇ ਅੰਕੜਿਆਂ ਦੀ ਮਦਦ ਨਾਲ ਅਸੀਂ ਆਪਣੇ ਪੈਟਰਨ ਅਤੇ ਲੋੜਾਂ ਨੂੰ ਬਿਹਤਰ ਢੰਗ ਨਾਲ ਸਮਝ ਕੇ ਸਮਾਰਟ ਫੈਸਲੇ ਲੈਣ ਵਿੱਚ ਸਮਰੱਥ ਹਾਂ।

 

ਸਾਡਾ ਧਿਆਨ ਕਾਰਾਂ ਤੋਂ ਅੱਗੇ ਹੋਰ ਵਾਹਨਾਂ ਜਿਵੇਂ ਸਕੂਟਰਾਂ ਅਤੇ ਰਿਕਸ਼ਾ ਵੱਲ ਕੇਂਦਰਿਤ ਹੋਣਾ ਚਾਹੀਦਾ ਹੈ। ਵਿਕਾਸਸ਼ੀਲ ਦੇਸ਼ਾਂ ਦਾ ਵੱਡਾ ਤਬਕਾ ਮੋਬਿਲਿਟੀ  ਲਈ ਇਨ੍ਹਾਂ ਵਾਹਨਾਂ ਉੱਤੇ ਨਿਰਭਰ ਕਰਦਾ ਹੈ।

 

  1. ਕੁਨੈਕਟਿਡ ਮਿਬਲਟੀ ਵਿੱਚ ਭੂਗੋਲਿਕ ਨਜ਼ਰੀਏ ਦੇ ਨਾਲ ਨਾਲ ਟ੍ਰਾਂਸਪੋਰਟ ਦੇ ਢੰਗਾਂ ਨੂੰ ਜੋੜਨਾ ਸ਼ਾਮਲ ਹੈ। ਇੰਟਰਨੈੱਟ ਸਮਰੱਥ ਜੋੜੀ ਗਈ ਸਾਂਝੀ ਅਰਥਵਿਵਸਥਾ ਮੋਬਿਲਿਟੀ ਦੇ ਆਧਾਰ ਦੇ ਰੂਪ ਵਿੱਚ ਉੱਭਰ ਰਹੀ ਹੈ।

 

ਸਾਨੂੰ ਨਿਜੀ ਵਾਹਨਾਂ ਦੀ ਵਰਤੋਂ ਵਿੱਚ ਸੁਧਾਰ ਲਿਆਉਣ ਲਈ ਵਾਹਨਾਂ ਦੀ ਪੂਲਿੰਗ ਅਤੇ ਹੋਰ ਨਵੀਨ ਤਕਨੀਕੀ ਹੱਲਾਂ ਦੀ ਪੂਰੀ ਸੰਭਾਵਨਾ ਵੇਖਣੀ ਚਾਹੀਦੀ ਹੈ। ਪਿੰਡ ਦੇ ਲੋਕ ਆਸਾਨੀ ਨਾਲ ਅਤੇ ਤੇਜ਼ੀ ਨਾਲ ਆਪਣੇ ਉਤਪਾਦ ਸ਼ਹਿਰਾਂ ਵਿੱਚ ਲਿਆਉਣ ਵਿੱਚ ਸਮਰੱਥ ਹੋਣੇ ਚਾਹੀਦੇ ਹਨ।

 

  1. ਕਨਵੀਨੀਐਂਟ ਮੋਬਿਲਿਟੀ ਦਾ ਭਾਵ ਹੈ ਸੁਰੱਖਿਅਤ, ਸਸਤੀ ਅਤੇ ਸਮਾਜ ਦੇ ਸਾਰੇ ਵਰਗਾਂ ਲਈ ਪਹੁੰਚਯੋਗ। ਇਸ ਵਿੱਚ ਬਜ਼ੁਰਗ, ਔਰਤਾਂ ਅਤੇ ਵਿਸ਼ੇਸ਼ ਤੌਰ ‘ਤੇ ਸਮਰੱਥ ਵਿਅਕਤੀ ਸ਼ਾਮਲ ਹਨ। ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਨਿਜੀ ਵਾਹਨਾਂ ਰਾਹੀਂ ਯਾਤਰਾ ਦੀ ਬਜਾਏ ਜਨਤਕ ਟ੍ਰਾਂਸਪੋਰਟ ਨੂੰ ਪਹਿਲ ਦਿੱਤੀ ਜਾਵੇ।

 

  1. ਕਨਜੈਸ਼ਨ ਫ੍ਰੀ ਮੋਬਿਲਿਟੀ ਭੀੜਭਾੜ ਦੇ ਆਰਥਿਕ ਅਤੇ ਵਾਤਾਵਰਣ ਸਬੰਧ ਖਰਚੇ ਉੱਤੇ ਰੋਕ ਲਗਾਉਣ ਲਈ ਅਹਿਮ ਹੈ। ਇਸ ਲਈ ਨੈੱਟਵਰਕ ਦੀਆਂ ਕਮੀਆਂ ਨੂੰ ਸਮਾਪਤ ਕਰਨ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਜਿਸ ਨਾਲ ਟ੍ਰੈਫਿਕ ਜਾਮ ਘੱਟ ਹੋਵੇਗਾ ਅਤੇ ਲੋਕਾਂ ਨੂੰ ਸਫਰ ਸਮੇਂ ਹੋਣ ਵਾਲਾ ਤਣਾਅ ਘੱਟ ਹੋਵੇਗਾ। ਇਸ ਨਾਲ ਪ੍ਰਚਾਲਨ ਮਸ਼ੀਨਰੀ ਅਤੇ ਮਾਲ ਲਿਆਉਣ ਲਿਜਾਣ ਵਿੱਚ ਵਧੇਰੇ ਤੇਜ਼ੀ ਆਵੇਗੀ।

 

  1. ਚਾਰਜਡ ਮੋਬਿਲਿਟੀ ਅੱਗੇ ਵਧਣ ਦਾ ਰਾਹ ਹੈ। ਅਸੀਂ ਬੈਟਰੀਆਂ ਤੋ ਲੈ ਕੇ ਸਮਾਰਟ ਚਾਰਜਿੰਗ ਅਤੇ ਇਲੈਕਟ੍ਰਿਕ ਵਾਹਨ ਨਿਰਮਾਣ ਦੀ ਕੀਮਤ ਲੜੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਾਂ। ਭਾਰਤ ਦੇ ਵੱਡੇ ਵਪਾਰੀ ਹੁਣ ਬੈਟਰੀ ਟੈਕਨੋਲੋਜੀ ਵਿਕਸਿਤ ਕਰਨਾ ਚਾਹੁੰਦੇ ਹਨ।

 

ਭਾਰਤੀ ਪੁਲਾੜ ਖੋਜ ਸੰਗਠਨ ਪੁਲਾੜ ਵਿੱਚ ਸੈਟੇਲਾਈਟਾਂ ਦੇ ਸੰਚਾਲਨ ਲਈ ਬਿਹਤਰੀਨ ਬੈਟਰੀ ਪ੍ਰਣਾਲੀ ਦੀ ਵਰਤੋਂ ਕਰਦਾ ਹੈ। ਹੋਰ ਸੰਸਥਾਨ ਇਲੈਕਟ੍ਰਿਕ ਕਾਰਾਂ ਲਈ ਲਾਗਤ ਪ੍ਰਭਾਵੀ ਅਤੇ ਸਮਰੱਥ ਬੈਟਰੀ ਪ੍ਰਣਾਲੀ ਵਿਕਸਿਤ ਕਰਨ ਲਈ ਇਸਰੋ ਨਾਲ ਭਾਈਵਾਲੀ ਪਾ ਸਕਦੇ ਹਨ। ਅਸੀਂ ਭਾਰਤ ਨੂੰ ਇਲੈਕਟ੍ਰੌਨਿਕ ਵਾਹਨਾਂ ਦੇ ਡਰਾਈਵਰ ਦੇ ਰੂਪ ਵਿੱਚ ਕਾਇਮ ਕਰਨਾ ਚਾਹੁੰਦੇ ਹਾਂ।

 

ਅਸੀਂ ਜਲਦੀ ਹੀ ਇਲੈਕਟ੍ਰਿਕ ਅਤੇ ਹੋਰ ਬਦਲਵੇਂ ਈਂਧਨ ਵਾਹਨਾਂ ਲਈ ਸਥਾਈ ਨੀਤੀ ਦਾ ਪ੍ਰਬੰਧ ਕਰਾਂਗੇ। ਨੀਤੀਆਂ ਸਭ ਲਈ ਚੰਗੀਆਂ ਬਣਨਗੀਆਂ ਅਤੇ ਆਟੋਮੋਟਿਵ ਖੇਤਰ ਵਿੱਚ ਭਾਰੀ ਮੌਕੇ ਪੈਦਾ ਕਰਨਗੀਆਂ।

 

  1. ਸਵੱਛ ਊਰਜਾ ਪ੍ਰੇਰਿਤ ਸਵੱਛ ਮੋਬਿਲਿਟੀ ਪੌਣ-ਪਾਣੀ ਤਬਦੀਲੀ ਵਿਰੁੱਧ ਸਾਡੀ ਲੜਾਈ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਹਥਿਆਰ ਹੈ। ਇਸ ਦਾ ਭਾਵ ਇਹ ਹੈ ਕਿ ਪ੍ਰਦੂਸ਼ਣ ਮੁਕਤ ਸਵੱਛ ਵਾਤਾਵਰਣ ਨਾਲ ਹਵਾ ਸਵੱਛ ਹੁੰਦੀ ਹੈ ਅਤੇ ਇਹ ਸਾਡੇ ਲੋਕਾਂ ਨੂੰ ਬਿਹਤਰ ਜੀਵਨ ਮਿਆਰ ਪ੍ਰਦਾਨ ਕਰਦੀ ਹੈ।

 

ਸਾਨੂੰ ‘ਕਲੀਨ ਕਿਲੋਮੀਟਰਜ਼’ ਦੇ ਵਿਚਾਰ ਨੂੰ ਅਪਣਾਉਣਾ ਚਾਹੀਦਾ ਹੈ। ਇਹ ਜੈਵ ਈਂਧਨ ਇਲੈਕਟ੍ਰਿਕ ਜਾਂ ਸੂਰਜੀ ਚਾਰਜਿੰਗ ਤੋਂ ਹਾਸਲ  ਕੀਤਾ ਜਾ ਸਕਦਾ ਹੈ। ਇਲੈਕਟ੍ਰਿਕ ਵਾਹਨ ਵਿਸ਼ੇਸ਼ ਤੌਰ ‘ਤੇ ਅਖੁੱਟ ਊਰਜਾ ਵਿੱਚ ਸਾਡੇ ਨਿਵੇਸ਼ ਦੇ ਪੂਰਕ ਹੋ ਸਕਦੇ ਹਨ।

 

ਅਸੀਂ ਇਸ ਵਿੱਚ ਜੋ ਵੀ ਲਗਦਾ ਹੋਵੇ, ਲਗਾਵਾਂਗੇ ਕਿਉਂਕਿ ਇਹ ਵਿਰਾਸਤ ਪ੍ਰਤੀ ਸਾਡੀ ਪ੍ਰਤੀਬੱਧਤਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡਾ ਵਾਅਦਾ।

 

  1. ਕਟਿੰਗ ਐੱਜ – ਆਪਣੇ ਸ਼ੁਰੂਆਤੀ ਦਿਨਾਂ ਵਿੱਚ ਜਿਵੇਂ ਇੰਟਰਨੈੱਟ ਹੁੰਦਾ ਸੀ ਉਵੇਂ ਹੀ ਅੱਜ ਗਤੀਸ਼ੀਲਤਾ ਹੈ। ਇਸ ਨੂੰ ਕਟਿੰਗ ਐੱਜ ਕਹਿੰਦੇ ਹਨ। ਪਿਛਲੇ ਹਫਤਿਆਂ ਵਿੱਚ ”ਮੂਵ ਹੈਕ” ਅਤੇ ”ਪਿੱਚ ਟੂ ਮੂਵ” ਵਰਗੇ ਆਯੋਜਨ ਦਿਖਾਉਂਦੇ ਹਨ ਕਿ ਕਿਸ ਤਰ੍ਹਾਂ ਨਾਲ ਸਾਡਾ ਦਿਮਾਗ ਸਿਰਜਣਾਤਮਕ ਹੱਲ ਨਾਲ ਅੱਗੇ ਵੱਧ ਰਿਹਾ ਹੈ।

 

ਉੱਦਮੀਆਂ ਨੂੰ ਮੋਬਿਲਿਟੀ  ਖੇਤਰ ਨੂੰ ਇਨੋਵੇਸ਼ਨ ਲਈ ਅਪਾਰ ਸੰਭਾਵਨਾ ਵਾਲੇ ਖੇਤਰ ਦੇ ਰੂਪ ਵਿੱਚ ਵੇਖਣਾ ਚਾਹੀਦਾ ਹੈ। ਇਹ ਉਹ ਖੇਤਰ ਹੈ ਜਿੱਥੇ ਇਨੋਵੇਸ਼ਨ ਲੋਕ ਭਲਾਈ ਲਈ ਸਮੱਸਿਆਵਾਂ ਦੇ ਹੱਲ ਵਿੱਚ ਮਦਦ ਕਰ ਸਕਦਾ ਹੈ।

 

ਮਿੱਤਰੋ,

 

ਮੈਨੂੰ ਭਰੋਸਾ ਹੈ ਕਿ ”ਮੋਬਿਲਟੀ ਰੈਵੋਲਿਊਸ਼ਨ” ਸਾਡੇ ਵਾਧੇ ਅਤੇ ਵਿਕਾਸ ਵਿੱਚ ਸਹਾਇਕ ਹੈ, ਜਦੋਂ ਭਾਰਤ ਮੋਬਿਲਿਟੀ  ਦਾ ਤਬਾਦਲਾ  ਕਰਦਾ ਹੈ ਤਾਂ ਇਸ ਦਾ ਲਾਭ ਪੂਰੀ ਮਨੁੱਖਤਾ ਦੇ ਪੰਜਵੇਂ ਹਿੱਸੇ ਨੂੰ ਮਿਲਦਾ ਹੈ। ਇਹ ਦੂਸਰਿਆਂ ਲਈ ਦੁਹਰਾਉਣ ਵਾਲੀ ਸਫਲਤਾ ਦੀ ਕਹਾਣੀ ਹੈ।

 

ਆਓ, ਅਸੀਂ ਦੁਨੀਆ ਦੇ ਅਪਣਾਉਣ ਲਈ ਇੱਕ ਟੈਂਪਲੇਟ ਤਿਆਰ ਕਰੀਏ।

 

ਅੰਤ ਵਿੱਚ ਮੈਂ ਵਿਸ਼ੇਸ਼ ਤੌਰ ‘ਤੇ ਭਾਰਤ ਦੇ ਨੌਜਵਾਨਾਂ ਨੂੰ ਅਪੀਲ ਕਰਾਂਗਾ।

 

ਮੇਰੇ ਨੌਜਵਾਨ, ਗਤੀਸ਼ੀਲ ਮਿੱਤਰੋ, ਇਹ ਇਨੋਵੇਸ਼ਨ ਲਈ ਨਵੇਂ ਯੁੱਗ ਦੀ ਅਗਵਾਈ ਕਰਨ ਲਈ ਤੁਹਾਡੇ ਕੋਲ ਮੌਕਾ ਹੈ। ਇਹ ਭਵਿੱਖ ਹੈ। ਇਹ ਉਹ ਖੇਤਰ ਹੈ ਜਿਸ ਵਿੱਚ ਡਾਕਟਰ ਤੋਂ ਲੈ ਕੇ ਇੰਜੀਨੀਅਰ ਅਤੇ ਮੈਕੈਨਿਕ ਤੱਕ ਸਭ ਖਪ ਜਾਣਗੇ। ਸਾਨੂੰ ਇਸ ਕ੍ਰਾਂਤੀ ਨੂੰ ਜਲਦੀ ਹੀ ਅਪਣਾਉਣਾ ਚਾਹੀਦਾ ਹੈ ਅਤੇ ਆਪਣੀਆਂ ਤਾਕਤਾਂ ਦਾ ਲਾਭ ਉਠਾਉਂਦੇ ਹੋਏ ਆਪਣੇ ਅਤੇ ਦੂਸਰਿਆਂ ਲਈ ਮੋਬਿਲਿਟੀ  ਇਨੋਵੇਸ਼ਨ ਪ੍ਰਣਾਲੀ ਦੀ ਅਗਵਾਈ ਕਰਨੀ ਚਾਹੀਦੀ ਹੈ।

 

ਅੱਜ ਇੱਥੇ ਇਕੱਠੀ ਹੋਈ ਯੋਗਤਾ ਅਤੇ ਟੈਕਨੋਲੋਜੀ ਵਿੱਚ ਭਾਰਤ ਅਤੇ ਦੁਨੀਆ ਲਈ ਤਬਦੀਲੀ ਲਿਆਉਣ ਵਾਲੀ ਮੋਬਿਲਿਟੀ  ਤਿਆਰ ਕਰਨ ਦੀ ਸਮਰੱਥਾ ਹੈ। ਇਹ ਤਬਦੀਲੀ ”ਕੇਅਰਿੰਗ ਫਾਰ ਅਵਰ ਵਰਲਡ” ਅਤੇ ”ਸ਼ੇਅਰਿੰਗ ਵਿਦ ਅਦਰਜ਼” ਦੇ ਵਿਚਾਰ ਉੱਤੇ ਅਧਾਰਤ ਹੋਵੇਗੀ।

 

ਸਾਡੇ ਪੁਰਾਣੇ ਗ੍ਰੰਥਾਂ ਵਿੱਚ ਕਿਹਾ ਗਿਆ ਹੈ –

 

(ॐ सह नाववतु)

ਓਅੰ ਸਹ ਨਵਵਤੁ

 

(सह नौ भुनक्तु)

ਸਹ ਨੌ ਭੁਨਕਤੁ

 

(सह वीर्यं करवावहै)

ਸਹ ਵੀਰਯੰ ਕਰਵਾਵਹੈ

 

(तेजस्वि ना वधीतमस्तु मा विद्विषावहै)

ਤੇਜਸਵਿ ਨਾ ਵਧੀਤਮਸਤੁ ਮਾ ਵਿਦ੍ਵਿਸ਼ਾਵਹੈ

 

ਜਿਸ ਦਾ ਭਾਵ ਹੈ —

 

ਸਾਡੀ ਸਭ ਦੀ ਰਾਖੀ ਹੋਵੇ,

 

ਸਾਡੀ ਸਭ ਦੀ ਪਾਲਣਾ ਹੋਵੇ,

 

ਅਸੀਂ ਸਾਰੇ ਪੂਰੀ  ਤਾਕਤ ਨਾਲ ਮਿਲ ਕੇ ਕੰਮ ਕਰੀਏ,

 

ਸਾਡੀ ਬੁੱਧੀ ਹੋਰ ਤੇਜ਼ ਹੋਵੇ

 

ਮਿੱਤਰੋ!

 

ਦੇਖਦੇ ਹਾਂ ਕਿ ਅਸੀਂ ਸਾਰੇ ਇੱਕਠੇ ਮਿਲ ਕੇ ਕੀ ਕਰ ਸਕਦੇ ਹਾਂ।

 

ਇਹ ਸਿਖ਼ਰ ਸੰਮੇਲਨ ਸਿਰਫ ਸ਼ੁਰੂਆਤ ਹੈ। ਆਓ ਅਸੀਂ ਅੱਗੇ ਵਧੀਏ।

 

ਧੰਨਵਾਦ।

 

ਤੁਹਾਡਾ ਬਹੁਤ ਧੰਨਵਾਦ।

 

***

ਏਕੇਟੀ/ਵੀਜੇ