Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇਰਾਨ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਜਾਰੀ ਹੋਇਆ ਭਾਰਤ- ਇਰਾਨ ਸਾਂਝਾ ਬਿਆਨ (17 ਫਰਵਰੀ, 2018)


ਮਾਣਯੋਗ ਡਾ. ਹਸਨ ਰੂਹਾਨੀ, ਇਸਲਾਮੀ ਗਣਰਾਜ ਇਰਾਨ ਦੇ ਰਾਸ਼ਟਰਪਤੀ ਨੇ ਭਾਰਤੀ ਗਣਰਾਜ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸੱਦੇ ਉੱਤੇ 15-17 ਫਰਵਰੀ, 2018 ਦੌਰਾਨ ਭਾਰਤ ਦਾ ਪਹਿਲਾ ਸਰਕਾਰੀ ਦੌਰਾ ਕੀਤਾ।

ਇਸ ਦੌਰੇ ਦੌਰਾਨ ਇਰਾਨ ਗਣਰਾਜ ਦੇ ਰਾਸ਼ਟਰਪਤੀ ਡਾ. ਹਸਨ ਰੂਹਾਨੀ ਨਾਲ ਇੱਕ ਉੱਚ ਪੱਧਰੀ ਵਫਦ ਵੀ ਆਇਆ ਸੀ ਜਿਸ ਵਿੱਚ ਕਈ ਕੈਬਨਿਟ ਮੰਤਰੀ, ਸੀਨੀਅਰ ਅਧਿਕਾਰੀ ਅਤੇ ਵਪਾਰਕ ਆਗੂ ਵੀ ਸ਼ਾਮਲ ਸਨ। ਉਨ੍ਹਾਂ ਦਾ ਰਾਸ਼ਟਰਪਤੀ ਭਵਨ ਦੇ ਫੋਰਕੋਰਟ ਵਿੱਚ ਮਿੱਤਰਤਾਪੂਰਨ ਰਸਮੀ ਸੁਆਗਤ ਕੀਤਾ ਗਿਆ । ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਦੌਰੇ ‘ਤੇ ਆਏ ਰਾਸ਼ਟਰਪਤੀ ਦੇ ਸਨਮਾਨ ਵਿੱਚ 17 ਫਰਵਰੀ ਨੂੰ ਇੱਕ ਸਰਕਾਰੀ ਦਾਅਵਤ ਦਾ ਆਯੋਜਨ ਕੀਤਾ। ਵਫਦ ਪੱਧਰ ਦੀ ਵਾਰਤਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਡਾ. ਹਸਨ ਰੂਹਾਨੀ ਦਰਮਿਆਨ ਹੋਈ। ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ। ਮਾਣਯੋਗ ਉਪ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਰਾਸ਼ਟਰਪਤੀ ਰੂਹਾਨੀ ਨੂੰ ਮਿਲਣ ਲਈ ਗਏ। ਰਾਸ਼ਟਰਪਤੀ ਰੂਹਾਨੀ 15-16 ਫਰਵਰੀ 2018 ਨੂੰ ਹੈਦਰਾਬਾਦ ਦੇ ਦੌਰੇ ਉੱਤੇ ਗਏ।

ਦੁਵੱਲੇ, ਖੇਤਰੀ ਅਤੇ ਬਹੁਪੱਖੀ ਮੁੱਦਿਆਂ ਉਤੇ ਸਦਭਾਵਨਾ ਭਰੇ ਮਾਹੌਲ ਵਿੱਚ ਵਿਸਤਾਰ ਨਾਲ ਚਰਚਾ ਹੋਈ। ਦੋਹਾਂ ਧਿਰਾਂ ਨੇ ਵਿਕਾਸ ਦੇ ਉਨ੍ਹਾਂ ਸਿਧਾਂਤਾਂ ਨੂੰ ਯਾਦ ਕੀਤਾ ਜਿਨ੍ਹਾਂ ਦੇ ਅਧਾਰ ਉੱਤੇ 23 ਜਨਵਰੀ 2003 ਦੇ ‘ਨਵੀਂ ਦਿੱਲੀ ਐਲਾਨਨਾਮੇ’ ਅਨੁਸਾਰ ਦੁਵੱਲੇ ਸਬੰਧਾਂ ਦੇ ਵਿਕਾਸ ਬਾਰੇ ਪ੍ਰਧਾਨ ਮੰਤਰੀ ਮੋਦੀ ਦੇ ਮਈ 2016 ਵਿੱਚ ਇਰਾਨ ਦੌਰੇ ਦੌਰਾਨ ਚਰਚਾ ਹੋਈ ਸੀ, ਅਤੇ ਇਹ ਦੁਹਰਾਇਆ ਕਿ ਉਹ ਆਪਣੇ ਬਹੁਪੱਖੀ ਦੁਵੱਲੇ ਸਹਿਯੋਗ ਨੂੰ ਹੋਰ ਤੇਜ਼ ਅਤੇ ਮਜ਼ਬੂਤ ਕਰਨਗੇ। ਦੋਹਾਂ ਆਗੂਆਂ ਨੇ ਨੋਟ ਕੀਤਾ ਕਿ ਦੋਹਾਂ ਦੇਸ਼ਾਂ ਦਰਮਿਆਨ ਜੋ ਸਾਂਝੇ ਤੌਰ ‘ਤੇ ਲਾਭ ਵਾਲੇ ਸਬੰਧ ਹਨ, ਉਹ ਦੋ ਸਦੀਆਂ ਪੁਰਾਣੀਆਂ ਮਜ਼ਬੂਤ ਨੀਹਾਂ ਉੱਤੇ ਅਧਾਰਿਤ ਹਨ। ਉਨ੍ਹਾਂ ਇਸ ਵਿਚਾਰ ਉੱਤੇ ਸਹਿਮਤੀ ਪ੍ਰਗਟਾਈ ਕਿ ਮਜ਼ਬੂਤ ਦੋਪੱਖੀ ਸਬੰਧ ਖੇਤਰੀ ਸਹਿਯੋਗ, ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਵਿੱਚ ਹਿੱਸਾ ਪਾਉਂਦੇ ਹਨ।

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਰੂਹਾਨੀ ਹੇਠ ਲਿਖੇ ਦਸਤਾਵੇਜ਼ਾਂ ਦੇ ਵਟਾਂਦਰੇ ਦੇ ਗਵਾਹ ਬਣੇ ਅਤੇ ਦੋਹਾਂ ਨੇ ਸਾਂਝੇ ਤੌਰ ‘ਤੇ ਮੀਡੀਆ ਨੂੰ ਵੀ ਸੰਬੋਧਨ ਕੀਤਾ—

(!) ਦੋਹਰੇ ਟੈਕਸੇਸ਼ਨ ਤੋਂ ਬਚਾਅ ਲਈ ਅਤੇ ਆਮਦਨ ਉੱਤੇ ਟੈਕਸਾਂ ਦੇ ਮਾਮਲੇ ਵਿੱਚ ਵਿੱਤੀ ਚੋਰੀ ਰੋਕਣ ਦੇ ਸਮਝੌਤੇ ਉੱਤੇ ਦਸਤਖ਼ਤ।

(2) ਡਿਪਲੋਮੈਟਿਕ ਪਾਸਪੋਰਟਧਾਰਕਾਂ ਲਈ ਵੀਜ਼ਾ ਤੋਂ ਛੋਟ ਲਈ ਸਹਿਮਤੀ ਪੱਤਰ ਉੱਤੇ ਹਸਤਾਖ਼ਰ।

(3) ਹਵਾਲਗੀ ਸੰਧੀ ਦੀ ਤਸਦੀਕ ਕਰਨੀ।

(4) ਰਵਾਇਤੀ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਉੱਤੇ ਦਸਤਖਤ।

(5) ਆਪਸੀ ਹਿਤਾਂ ਵਾਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਵਪਾਰਕ ਸੁਧਾਰ ਸਬੰਧੀ ਕਦਮਾਂ ਬਾਰੇ ਇੱਕ ਮਾਹਰ ਗਰੁੱਪ ਦੀ ਸਥਾਪਨਾ ਲਈ ਐੱਮਓਯੂ ਉੱਤੇ ਦਸਤਖਤ।

(6) ਖੇਤੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ।

(7) ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ।

(8) ਡਾਕ ਸਬੰਧੀ ਸਹਿਯੋਗ ਬਾਰੇ ਸਹਿਮਤੀ ਪੱਤਰ ।

(9) ਚਾਬਹਾਰ ਦੀ ਸ਼ਾਹਿਦ ਬਹਿਸ਼ਤੀ ਬੰਦਰਗਾਹ ਫੋਸ 1 ਬਾਰੇ ਲੀਜ਼ ਕੰਟਰੈਕਟ। ਇਹ ਕੰਟਰੈਕਟ ਪੋਰਟ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ (ਪੀਐੱਮਓ) ਇਰਾਨ ਅਤੇ ਭਾਰਤ ਦੀ ਪੋਰਟਸ ਗਲੋਬਲ ਲਿਮਿਟਡ (ਆਈਪੀਜੀਐੱਲ) ਦਰਮਿਆਨ ਅੰਤ੍ਰਿਮ ਸਮੇਂ ਲਈ ਹੈ।

ਦੁਵੱਲਾ ਵਟਾਂਦਰਾ

ਰਾਸ਼ਟਰਪਤੀ ਰੂਹਾਨੀ ਅਤੇ ਪ੍ਰਧਾਨ ਮੰਤਰੀ ਮੋਦੀ ਆਪਣੇ ਮੌਜੂਦਾ ਪੱਧਰ ਦੇ ਰੁਝੇਵਿਆਂ ਨੂੰ ਹੋਰ ਵਿਸਤ੍ਰਿਤ ਅਤੇ ਵਿਭਿੰਨ ਬਣਾਉਣ ਲਈ ਸਭ ਪੱਧਰਾਂ ਉੱਤੇ ਕੰਮ ਕਰਨ ਲਈ ਸਹਿਮਤ ਹੋਏ। ਇਸ ਸੰਦਰਭ ਵਿੱਚ ਫੈਸਲਾ ਹੋਇਆ ਕਿ ਇਸ ਸਾਲ ਵਿੱਚ ਭਾਰਤ—ਇਰਾਨ ਸਾਂਝੇ ਕਮਿਸ਼ਨ ਅਤੇ ਸਾਰੇ ਕੰਮਕਾਜੀ ਗਰੁੱਪਾਂ ਦੀ ਇੱਕ ਮੀਟਿੰਗ ਕੀਤੀ ਜਾਵੇ, ਵਿਦੇਸ਼ ਦਫਤਰ ਨਾਲ ਸਲਾਹ ਮਸ਼ਵਰਾ ਕੀਤਾ ਜਾਵੇ, ਦੋਹਾਂ ਦੇਸ਼ਾਂ ਦੀਆਂ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਕੌਂਸਲਾਂ ਵਿੱਚ ਚਰਚਾ ਹੋਵੇ, ਨੀਤੀ ਕਮਿਸ਼ਨਾਂ ਵਿੱਚ ਗੱਲਬਾਤ ਹੋਵੇ ਅਤੇ ਸੰਸਦੀ ਵਟਾਂਦਰਾ ਕਨੈਕਟੀਵਿਟੀ ਨੂੰ ਉਤਸ਼ਾਹਿਤ ਕੀਤਾ ਜਾਵੇ।

ਦੋਹਾਂ ਧਿਰਾਂ ਨੇ ਇਸ ਗੱਲ ਨੂੰ ਮੰਨਿਆ ਕਿ ਭਾਰਤ ਅਤੇ ਇਰਾਨ ਨੇ ਖੇਤਰ ਦੇ ਅੰਦਰ ਅਤੇ ਬਾਹਰ ਤੱਕ ਮਲਟੀ ਮੋਡਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਅਨੋਖੀ ਭੂਮਿਕਾ ਨਿਭਾਈ ਹੈ। ਦਸੰਬਰ 2017 ਵਿੱਚ ਚਾਬਹਾਰ ਬੰਦਰਗਾਹ ਫੇਜ਼ 1 ਦੇ ਸਫਲ ਉਦਘਾਟਨ , ਭਾਰਤ, ਇਰਾਨ ਅਤੇ ਅਫ਼ਗਾਨਿਸਤਾਨ ਵਿੱਚ ਅੰਤਰਰਾਸ਼ਟਰੀ ਟਰਾਂਸਪੋਰਟ ਅਤੇ ਟਰਾਂਜ਼ਿਟ ਕਾਰੀਡੋਰ ਦੀ ਸਥਾਪਨਾ ਲਈ ਤ੍ਰੈਪੱਖੀ ਸਮਝੌਤੇ, ਭਾਰਤ ਤੋਂ ਅਫ਼ਗਾਨਿਸਤਾਨ ਨੂੰ ਚਾਬਹਾਰ ਬੰਦਰਗਾਹ ਰਾਹੀਂ ਕਣਕ ਨੂੰ ਸਫਲਤਾ ਨਾਲ ਪਹੁੰਚਾਉਣ ਨਾਲ ਅਫ਼ਗਾਨਿਸਤਾਨ , ਸੈਂਟਰਲ ਏਸ਼ੀਆ ਅਤੇ ਇਸ ਤੋਂ ਵੀ ਅੱਗੇ ਲਈ ਇੱਕ ਨਵਾਂ ਗੇਟਵੇ ਖੁੱਲ੍ਹਿਆ ਹੈ। ਦੋਹਾਂ ਧਿਰਾਂ ਨੇ ਚਾਬਹਾਰ ਵਿਖੇ ਸ਼ਾਹਿਦ ਬਹਿਸ਼ਤੀ ਬੰਦਰਗਾਹ ਨੂੰ ਜਲਦੀ ਚਾਲੂ ਕਰਨ ਲਈ ਪੂਰਾ ਸਹਿਯੋਗ ਕਰਨ ਦੇ ਵਾਅਦੇ ਨੂੰ ਦੁਹਰਾਇਆ । ਇਰਾਨੀ ਧਿਰ ਨੇ ਖਾਦਾਂ, ਪੈਟਰੋਕੈਮੀਕਲਜ਼, ਅਤੇ ਮੈਟਾਲਰਜੀ ਦੇ ਖੇਤਰ ਵਿੱਚ ਚਾਬਹਾਰ ਐੱਫਟੀਜ਼ੈੱਡ ਵਿਖੇ ਦੋਹਾਂ ਧਿਰਾਂ ਦੇ ਲਾਭ ਵਾਲੀਆਂ ਸ਼ਰਤਾਂ ਉੱਤੇ ਪਲਾਂਟ ਲਗਾਉਣ ਵਿੱਚ ਨਿਵੇਸ਼ ਕਰਨ ਦੇ ਭਾਰਤ ਦੇ ਫੈਸਲੇ ਦਾ ਸੁਆਗਤ ਕੀਤਾ।

ਇਸ ਸੰਦਰਭ ਵਿੱਚ ਦੋਹਾਂ ਆਗੂਆਂ ਨੇ ਚਾਬਹਾਰ ਬਹਿਸ਼ਤੀ ਬੰਦਰਗਾਹ ਪੋਰਟ ਅਤੇ ਮੈਰੀਟਾਈਮ ਆਰਗੇਨਾਈਜ਼ੇਸ਼ਨ ( ਪੀਐੱਮਓ) , ਇਰਾਨ ਅਤੇ ਇੰਡੀਆ ਪੋਰਟਸ ਗਲੋਬਲ ਲਿਮਿਟਡ (ਆਈਪੀਜੀਐੱਲ) ਦਰਮਿਆਨ ਹੋਏ ਪਟਾ ਸਮਝੌਤੇ ਦਾ ਸੁਆਗਤ ਕੀਤਾ। ਉਨ੍ਹਾਂ ਨੇ ਹਦਾਇਤ ਕੀਤੀ ਕਿ ਤਿੰਨ ਪੱਖੀ ਸਮਝੌਤੇ ਵਿੱਚ ਜੋ ਸਮਾਂ ਮਿੱਥਿਆ ਗਿਆ ਹੈ, ਉਸ ਦੇ ਅੰਦਰ ਤਾਲਮੇਲ ਕੌਂਸਲ ਦੀ ਮੀਟਿੰਗ ਆਯੋਜਿਤ ਹੋਵੇ।

ਚਾਬਹਾਰ ਬੰਦਰਗਾਹ ਦੀ ਸਮਰੱਥਾ ਅਤੇ ਅਫ਼ਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਨਾਲ ਇਸ ਦੀ ਕਨੈਕਟੀਵਿਟੀ ਦੀ ਪੂਰੀ ਵਰਤੋਂ ਕਰਨ ਲਈ , ਭਾਰਤ ਨੇ ਚਾਬਹਾਰ—ਜ਼ਹਾਦੀਨ ਰੇਲ ਲਾਈਨ ਦੀ ਤਿਆਰੀ ਨੂੰ ਪੂਰੀ ਹਮਾਇਤ ਦੇਣ ਦੀ ਇੱਛਾ ਪ੍ਰਗਟਾਈ। ਇਰਾਨ, ਇੰਡੀਆ ਅਤੇ ਸੀਡੀਟੀਆਈਸੀ ਇਰਾਨ, ਜੋ ਕਿ ਇਸ ਸਬੰਧੀ ਚਰਚਾ ਵਿੱਚ ਲੱਗੀਆਂ ਹੋਈਆਂ ਹਨ, ਨੂੰ ਤਕਨੀਕੀ ਪੈਰਾਮੀਟਰਾਂ ਅਤੇ ਵਿੱਤੀ ਪ੍ਰਬੰਧ ਨੂੰ ਇੱਕ ਮਿੱਥੇ ਸਮੇਂ ਵਿੱਚ ਅੰਤਿਮ ਰੂਪ ਦੇਣ ਲਈ ਕਿਹਾ ਗਿਆ ਹੈ। ਦੋਹਾਂ ਆਗੂਆਂ ਨੇ ਰੇਲਵੇ ਖੇਤਰ ਵਿੱਚ ਸਹਿਯੋਗ, ਜਿਸ ਵਿੱਚ ਸਟੀਲ ਰੇਲਾਂ, ਟਰਨਆਊਟਸ ਅਤੇ ਇੰਜਨਾਂ ਦੀ ਸਪਲਾਈ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਹੋਰ ਤੇਜ਼ੀ ਲਿਆਉਣ ਦੀ ਹਮਾਇਤ ਕੀਤੀ।

ਦੋਹਾਂ ਧਿਰਾਂ ਨੇ ਅੰਤਰਰਾਸ਼ਟਰੀ ਉੱਤਰ-ਦੱਖਣ ਟਰਾਂਸਪੋਰਟ ਕਾਰੀਡੋਰ (ਆਈਐੱਨਐੱਸਟੀਸੀ) ਪ੍ਰਤੀ ਆਪਣੀ ਵਚਨਬੱਧਤਾ ਦੋਹਰਾਈ ਅਤੇ ਚਾਬਹਾਰ ਨੂੰ ਇਸ ਦੇ ਘੇਰੇ ਹੇਠ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਇਹ ਕਿਹਾ ਗਿਆ ਕਿ ਇਰਾਨ ਆਈਐੱਨਐੱਸਟੀਸੀ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਜਲਦੀ ਹੀ ਤਹਿਰਾਨ ਵਿਖੇ ਬੁਲਾਵੇਗਾ । ਭਾਰਤ ਨੇ ਟੀਆਈਆਰ ਕਨਵੈਨਸ਼ਨ ਅਤੇ ਐਸ਼ਬਾਗਟ ਸਮਝੌਤੇ ਪ੍ਰਤੀ ਜੋ ਸਹਿਮਤੀ ਪ੍ਰਗਟਾਈ ਹੈ, ਉਹ ਸੁਆਗਤਯੋਗ ਹੈ ਕਿਉਂਕਿ ਅਜਿਹੇ ਕਦਮਾਂ ਨਾਲ ਖੇਤਰੀ ਕਨੈਕਟੀਵਿਟੀ ਵਧੇਗੀ ਅਤੇ ਆਰਥਿਕ ਵਿਕਾਸ ਦੇ ਖੇਤਰੀ ਕੇਂਦਰਾਂ ਵਿੱਚ ਸੰਪਰਕ ਕਾਇਮ ਹੋਵੇਗਾ।

ਦੋਹਾਂ ਆਗੂਆਂ ਨੇ ਮਿਲ ਕੇ ਇੱਕ ਡਾਕ ਟਿਕਟ ਜਾਰੀ ਕੀਤੀ ਜਿਸ ਵਿੱਚ ਦੀਨਦਿਆਲ ਬੰਦਰਗਾਹ, ਕਾਂਡਲਾ ਅਤੇ ਸ਼ਾਹਿਦ ਬਹਿਸ਼ਤੀ ਟਰਮੀਨਲ, ਚਾਬਹਾਰ ਨੂੰ ਦਰਸਾਇਆ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਵਧੇਰੇ ਕਨੈਕਟੀਵਿਟੀ ਰਾਹੀਂ ਖੁਸ਼ਹਾਲੀ ਵਧਦੀ ਹੈ।

ਇਰਾਨ ਨੇ ਭਾਰਤ ਦੇ ਨਿਜੀ/ਜਨਤਕ ਖੇਤਰ ਦੇ ਨਿਵੇਸ਼ ਨੂੰ ਚਾਬਹਾਰ ਐੱਫਟੀਜ਼ੈੱਡ ਲਈ ਆਕਰਸ਼ਿਤ ਕਰਨ ਲਈ ਮਾਹੌਲ ਤਿਆਰ ਕਰਨ ਪ੍ਰਤੀ ਸਹਿਮਤੀ ਜਤਾਈ। ਇਸ ਸੰਦਰਭ ਵਿੱਚ ਇਰਾਨ ਵੱਲੋਂ ਇੱਕ ਵਪਾਰ ਵਧਾਊ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਖੇਤਰੀ ਅਤੇ ਬਾਹਰ ਦੇ ਹੋਰ ਦੇਸ਼ ਹਿੱਸਾ ਲੈਣਗੇ। ਇਸ ਦਾ ਉਦੇਸ਼ ਚਾਬਹਾਰ ਬੰਦਰਗਾਹ ਵੱਲੋਂ ਪੇਸ਼ ਕੀਤੇ ਜਾ ਰਹੇ ਆਰਥਿਕ ਮੌਕਿਆਂ ਨੂੰ ਦਰਸਾਉਣਾ ਹੈ।

ਊਰਜਾ ਖੇਤਰ ਵਿੱਚ ਕੁਦਰਤੀ ਭਾਈਵਾਲੀ ਦੇ ਹਿਤਾਂ ਨੂੰ ਵੇਖਦੇ ਹੋਏ ਇਹ ਫੈਸਲਾ ਹੋਇਆ ਕਿ ਰਵਾਇਤ ਤੋਂ ਅੱਗੇ ਜਾ ਕੇ ਵੀ ਖਰੀਦਦਾਰ ਅਤੇ ਵੇਚਣ ਵਾਲੇ ਦੇ ਸਬੰਧ ਇੱਕ ਲੰਬੀ ਭਾਈਵਾਲੀ ਲਈ ਵਿਕਸਤ ਹੋਣ, ਇਸ ਦੇ ਲਈ ਦੋਹਾਂ ਧਿਰਾਂ ਨੇ ਗੱਲਬਾਤ ਦੇ ਦੌਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਤਾਂਕਿ ਊਰਜਾ ਖੇਤਰ ਵਿੱਚ ਸਹਿਯੋਗ ਲਈ ਢੁਕਵੇਂ ਫੈਸਲੇ ਹੋ ਸਕਣ। ਸਹਿਯੋਗ ਦੇ ਇਸ ਖੇਤਰ ਵਿੱਚ ਫਰਜ਼ਦ ਬੀ ਗੈਸ ਫੀਲਡ , ਵਪਾਰ ਅਤੇ ਨਿਵੇਸ਼ ਕਾਰਪੋਰੇਸ਼ਨ ਵੀ ਸ਼ਾਮਲ ਹੋਣ।

ਦੋਹਾਂ ਆਗੂਆਂ ਨੇ ਦੋਹਾਂ ਦੇਸ਼ ਵਿੱਚ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਹੋਰ ਵਧਾਉਣ ਬਾਰੇ ਵੀ ਸਹਿਮਤੀ ਪ੍ਰਗਟਾਈ। ਇਸ ਸੰਦਰਭ ਵਿੱਚ ਉਨ੍ਹਾਂ ਮਹਿਸੂਸ ਕੀਤਾ ਕਿ ਵਪਾਰਕ ਲੈਣ ਦੇਣ ਨੂੰ ਪ੍ਰਭਾਵੀ ਬਣਾਉਣ ਲਈ ਇੱਕ ਪ੍ਰਭਾਵਸ਼ਾਲੀ ਬੈਂਕਿੰਗ ਚੈਨਲ ਜ਼ਰੂਰੀ ਹੈ। ਇਹ ਵੀ ਨੋਟ ਕੀਤਾ ਗਿਆ ਕਿ ਇਰਾਨੀ ਪਸਾਰਗਾ ਬੈਂਕ ਨੂੰ ਭਾਰਤ ਵਿੱਚ ਆਪਣੀ ਬਰਾਂਚ ਖੋਲ੍ਹਣ ਦੀ ਇਜਾਜ਼ਤ ਦੇਣ ਦਾ ਕੰਮ ਚੱਲ ਰਿਹਾ ਹੈ। ਇਸ ਗੱਲ ਉੱਤੇ ਵੀ ਸਹਿਮਤੀ ਹੋਈ ਕਿ ਅਧਿਕਾਰੀਆਂ ਦੀ ਇੱਕ ਸਾਂਝੀ ਕਮੇਟੀ ਕਾਇਮ ਕੀਤੀ ਜਾਵੇ ਜੋ ਕਿ ਕਈ ਬਦਲਾਅ, ਜਿਨ੍ਹਾਂ ਵਿੱਚ ਰੁਪੀ-ਰਿਆਲ ਸਮਝੌਤਾ, ਏਸ਼ੀਅਨ ਕਲੀਅਰਿੰਗ ਯੂਨੀਅਨ ਮੈਕੇਨਿਜ਼ਮ ਵਗੈਰਾ ਬਾਰੇ ਵਿਚਾਰ ਕਰੇ ਤਾਂਕਿ ਇੱਕ ਫੰਕਸ਼ਨਲ ਪੇਮੈਂਟ ਸਿਸਟਮ ਚੈਨਲ ਬਣ ਸਕੇ।

ਦੋਹਰੇ ਟੈਕਸੇਸ਼ਨ ਤੋਂ ਬਚਾਅ ਬਾਰੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਸੁਆਗਤ ਕੀਤਾ ਗਿਆ ਕਿਉਂਕਿ ਇਸ ਨਾਲ ਵਪਾਰਕ ਮਾਹੌਲ ਪੈਦਾ ਹੋਵੇਗਾ। ਦੋਵੇਂ ਧਿਰਾਂ ਪਹਿਲੇ ਵਪਾਰ ਸਮਝੌਤੇ ਉੱਤੇ ਲਿਖਤੀ ਗੱਲਬਾਤ ਲਈ ਸਹਿਮਤ ਹੋਈਆਂ ਅਤੇ ਨਾਲ ਹੀ ਇੱਕ ਮਿੱਥੇ ਸਮੇਂ ਵਿੱਚ ਇੱਕ ਦੁਵੱਲੀ ਨਿਵੇਸ਼ ਸੰਧੀ ਕਰਨ ਲਈ ਗੱਲਬਾਤ ਲਈ ਵੀ ਤਿਆਰ ਹੋਈਆਂ।

ਆਰਥਿਕ ਅਤੇ ਵਪਾਰਕ ਸਹਿਯੋਗ ਵਧਾਉਣ ਵਿੱਚ ਵਪਾਰ ਅਤੇ ਸਨਅਤ ਦੀ ਭੂਮਿਕਾ ਨੂੰ ਮਹਿਸੂਸ ਕਰਦੇ ਹੋਏ ਦੋਹਾਂ ਆਗੂਆਂ ਨੇ ਕਨਫੈੱਡਰੇਸ਼ਨ ਆਵ੍ ਇੰਡੀਅਨ ਇੰਡਸਟਰੀ (ਸੀਆਈਆਈ) ਦਾ ਖੇਤਰੀ ਦਫਤਰ ਤਹਿਰਾਨ ਵਿੱਚ ਪਿਛਲੇ ਸਾਲ ਖੋਲ੍ਹਣ ਬਾਰੇ ਜੋ ਫੈਸਲਾ ਹੋਇਆ ਸੀ, ਅਤੇ ਦੋਹਾਂ ਧਿਰਾਂ ਵਿੱਚ ਆਪਸੀ ਸਹਿਯੋਗ ਦੇ ਜਿਨ੍ਹਾਂ ਸਮਝੌਤਿਆਂ ਉੱਤੇ ਦਸਤਖ਼ਤ ਹੋਏ ਸਨ, ਉਸ ਦਾ ਵੀ ਸੁਆਗਤ ਕੀਤਾ। ਭਾਰਤ ਵਲੋਂ ਕਿਹਾ ਗਿਆ ਕਿ ਉਹ ਭਾਰਤ ਵਿੱਚ ਇਰਾਨ ਚੈਂਬਰ ਆਵ੍ ਕਾਮਰਸ ਐਂਡ ਇੰਡਸਟਰੀ ਦਾ ਦਫ਼ਤਰ ਖੋਲ੍ਹੇ ਜਾਣ ਦੀ ਉਡੀਕ ਵਿੱਚ ਹੈ।

ਭਾਰਤ ਅਤੇ ਇਰਾਨ ਗਣਰਾਜ ਵਿਸ਼ਵ ਵਪਾਰ ਸੰਗਠਨ ਅਤੇ ਇਸ ਦੇ ਮੈਂਬਰ ਦੇਸ਼ਾਂ ਵੱਲੋਂ ਇਸ ਰਲੇਵੇਂ ਦੇ ਅਮਲ ਨੂੰ ਮੁੜ ਸਰਗਰਮ ਕਰਨ ਲਈ ਸਰਵਸੰਮਤੀ ਕਾਇਮ ਕਰਨ ਦੇ ਯਤਨਾਂ ਦੀ ਪੂਰੀ ਹਮਾਇਤ ਕਰਦੇ ਹਨ।

ਮਿੱਤਰਤਾ ਭਰੇ ਤਬਾਦਲੇ ਅਤੇ ਲੋਕਾਂ ਤੋਂ ਲੋਕਾਂ ਤੱਕ ਸੰਪਰਕ ਨੂੰ ਉਤਸ਼ਾਹਿਤ ਕਰਨਾ

ਦੋਹਾਂ ਦੇਸ਼ਾਂ ਵਿੱਚ ਮਿੱਤਰਤਾਪੂਰਣ ਤਬਾਦਲੇ ਨੂੰ ਸੁਖਾਲਾ ਬਣਾਉਣ ਲਈ ਇਹ ਸਹਿਮਤੀ ਬਣੀ ਕਿ ਭਾਰਤ ਇਰਾਨੀ ਸ਼ਹਿਰੀਆਂ ਲਈ ਈ ਵੀਜ਼ਾ ਸਹੂਲਤ ਦੀ ਸ਼ੁਰੂਆਤ ਕਰੇਗਾ ਅਤੇ ਇਰਾਨ ਵੀ ਭਾਰਤੀ ਸ਼ਹਿਰੀਆਂ ਨੂੰ ਈ ਵੀਜ਼ਾ ਸਹੂਲਤ ਪ੍ਰਦਾਨ ਕਰੇਗਾ। ਸਾਰੇ ਡਿਪਲੋਮੈਟਿਕ ਪਾਸਪੋਰਟਧਾਰਕਾਂ ਨੂੰ ਵੀਜ਼ੇ ਤੋਂ ਛੋਟ ਇਸ ਦਿਸ਼ਾ ਵਿੱਚ ਇੱਕ ਕਦਮ ਹੈ। ਦੋਹਾਂ ਧਿਰਾਂ ਨੇ ਮਨੁੱਖਤਾਵਾਦੀ ਮਸਲਿਆਂ ਦੀ ਅਹਿਮੀਅਤ ਨੂੰ ਸਵੀਕਾਰਿਆ । ਇਰਾਨ ਵੱਲੋਂ ਭਾਰਤ ਦੀ ਇਸ ਬੇਨਤੀ ਉੱਤੇ ਦੁਵੱਲ ਢੰਗ ਨਾਲ ਵਿਚਾਰ ਹੋਵੇਗੀ ਕਿ ਇਰਾਨ ਵਿੱਚ ਕੌਂਸਲੇਟ ਨੂੰ ਅੱਪਗਰੇਡ ਕੀਤਾ ਜਾਵੇ।

ਸਭਿਅਤਾ ਦੀਆਂ ਨੀਹਾਂ ਨੂੰ ਪੱਕਾ ਕਰਨ ਅਤੇ ਸਭਿਆਚਾਰਕ ਸੰਪਰਕ ਨੂੰ ਮਜ਼ਬੂਤ ਕਰਨ ਲਈ ਅਤੇ ਇੱਕ ਦੂਜੇ ਪ੍ਰਤੀ ਵਧੀਆ ਸੂਝ-ਬੂਝ ਕਾਇਮ ਕਰਨ ਲਈ ਇਹ ਸਹਿਮਤੀ ਬਣੀ ਕਿ 2018-19 ਵਿੱਚ ਇਰਾਨ ਵਿੱਚ ਭਾਰਤ ਮੇਲੇ ਦਾ ਆਯੋਜਨ ਕੀਤਾ ਜਾਵੇ, ਤਹਿਰਾਨ ਯੂਨੀਵਰਸਿਟੀ ਵਿੱਚ ਇੰਡੀਅਨ ਸੱਟਡੀਜ਼ ਲਈ ਇੱਕ ਚੇਅਰ ਕਾਇਮ ਕੀਤੀ ਜਾਵੇ, ਇਰਾਨੀ ਡਿਪਲੋਮੈਟਾਂ ਲਈ ਫੌਰਨ (Foreign) ਸਰਵਿਸ ਇੰਸਟੀਟਿਊਟ ਆਵ੍ ਇੰਡੀਆ ਰਾਹੀਂ ਇੰਡੀਆਲੋਜੀ ਕੋਰਸ ਸ਼ੁਰੂ ਕੀਤੇ ਜਾਣ, ਭਾਰਤ ਵਿੱਚ ਪਾਰਸੀ ਭਾਸ਼ਾ ਦੇ ਕੋਰਸ ਕਰਵਾਉਣ ਲਈ ਮਦਦ ਕੀਤੀ ਜਾਵੇ, ਆਰਕੀਆਲੋਜੀ, ਮਿਊਜ਼ੀਅਮ ਆਰਕਾਈਵਜ਼ ਅਤੇ ਲਾਇਬ੍ਰੇਰੀਆਂ ਵਿੱਚ ਸਹਿਯੋਗ ਵਧਾਇਆ ਜਾਵੇ।

ਸੁਰੱਖਿਆ ਅਤੇ ਰੱਖਿਆ ਸਹਿਯੋਗ

ਦੋਹਾਂ ਧਿਰਾਂ ਨੇ ਉਨ੍ਹਾਂ ਦੀਆਂ ਰਾਸ਼ਟਰੀ ਸੁਰੱਖਿਆ ਕੌਂਸਲਾਂ ਵਿੱਚ ਵਧ ਰਹੀ ਗੱਲਬਾਤ ਅਤੇ ਸਹਿਯੋਗ ਦਾ ਸੁਆਗਤ ਕੀਤਾ ਅਤੇ ਰੈਗੂਲਰ ਅਤੇ ਸੰਸਥਾਗਤ ਸਲਾਹ ਮਸ਼ਵਰੇ ਨੂੰ ਵਧਾਉਣ ਦਾ ਫੈਸਲਾ ਕੀਤਾ। ਇਹ ਵਿਚਾਰ ਵਟਾਂਦਰਾ ਦਹਿਸ਼ਤਵਾਦ, ਸੁਰੱਖਿਆ ਅਤੇ ਸਬੰਧਤ ਮੁੱਦਿਆਂ, ਜਿਵੇਂ ਕਿ ਸੰਗਠਿਤ ਜੁਰਮ, ਮਨੀ ਲਾਂਡਰਿੰਗ, ਨਸ਼ੀਲੀਆਂ ਦਵਾਈਆਂ ਅਤੇ ਸਾਈਬਰ ਕ੍ਰਾਈਮ ਦੁਆਲੇ ਕੇਂਦ੍ਰਿਤ ਹੁੰਦਾ ਹੈ।

ਦੋਹਾਂ ਧਿਰਾਂ ਨੇ ਮੈਰੀਟਾਈਮ ਦੇ ਖੇਤਰ ਵਿੱਚ ਸਹਿਯੋਗ ਨੂੰ ਨੂੰ ਵਧਾਉਣ ਵਿੱਚ ਵੀ ਦਿਲਚਸਪੀ ਵਿਖਾਈ। ਇਹ ਫੈਸਲਾ ਹੋਇਆ ਕਿ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਲਈ ਗੱਲਬਾਤ ਕੀਤੀ ਜਾਵੇ, ਇਸ ਗੱਲਬਾਤ ਵਿੱਚ ਨੇਵੀ ਦੇ ਜਹਾਜ਼ਾਂ ਦੀ ਪੋਰਟ ਕਾਲ, ਟ੍ਰੇਨਿੰਗ ਅਤੇ ਰੱਖਿਆ ਵਫਦਾਂ ਦਾ ਨਿਰੰਤਰ ਅਦਾਨ-ਪ੍ਰਦਾਨ ਸ਼ਾਮਲ ਹੈ।

ਦੋਹਾਂ ਧਿਰਾਂ ਨੇ ਸਕਾਰਾਤਮਕ ਤੌਰ ‘ਤੇ ਮਹਿਸੂਸ ਕੀਤਾ ਕਿ ਸਜ਼ਾਯਾਫਤਾ ਵਿਅਕਤੀਆਂ ਦੇ ਵਟਾਂਦਰੇ, ਦੋਹਾਂ ਧਿਰਾਂ ਵਲੋਂ ਹਵਾਲਗੀ ਸੰਧੀ, ਸ਼ਹਿਰੀ ਅਤੇ ਵਪਾਰਕ ਮੁੱਦਿਆਂ ਉੱਤੇ ਆਪਸੀ ਕਾਨੂੰਨੀ ਸਹਾਇਤਾ ਸੰਧੀ ਬਾਰੇ ਸਹਿਮਤੀ ਬਣਨ ਵਿੱਚ ਪ੍ਰਗਤੀ ਹੋਈ ਹੈ।

ਹੋਰ ਖੇਤਰ

ਦੋਵੇਂ ਧਿਰਾਂ ਹੋਰ ਬਹੁਤ ਸਾਰੇ ਖੇਤਰਾਂ , ਜਿਨ੍ਹਾਂ ਵਿੱਚ ਕਿ ਉੱਚ ਵਿਦਿਆ, ਵਿਗਿਆਨ ਅਤੇ ਤਕਨਾਲੋਜੀ, ਖੇਤੀ, ਕਿਰਤ, ਅਤੇ ਉੱਦਮਤਾ, ਸੈਰ ਸਪਾਟਾ, ਡਾਕ, ਵਗੈਰਾ ਸ਼ਾਮਲ ਹਨ, ਵਿੱਚ ਦੁਵੱਲੇ ਸਹਿਯੋਗ ਲਈ ਸਹਿਮਤ ਹੋਈਆਂ। ਅਜਿਹਾ ਰੈਗੂਲਰ ਗੱਲਬਾਤ ਅਤੇ ਸੰਸਥਾਗਤ ਢਾਂਚੇ ਦੀ ਵਰਤੋਂ ਰਾਹੀਂ ਹੀ ਸੰਭਵ ਹੈ। ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਕਿ ਉਹ ਇਸ ਬਾਰੇ ਹੋਰ ਵੇਰਵੇ ਤਿਆਰ ਕਰਨ।

ਖੇਤਰੀ ਅਤੇ ਅੰਤਰਰਾਸ਼ਟਰੀ ਮਸਲੇ

ਦੋਹਾਂ ਆਗੂਆਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਸਥਿਤੀ ਬਾਰੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਬਹੁਪੱਖੀਵਾਦ ਨੂੰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਰੂਹਾਨੀ ਨੇ ਭਾਰਤ ਦੀਆਂ ਅੰਤਰਰਾਸ਼ਟਰੀ ਖੇਤਰ ਵਿੱਚ ਵੱਡੀ ਭੂਮਿਕਾ ਨਿਭਾਉਣ ਦੀਆਂ ਭਾਵਨਾਵਾਂ ਨੂੰ ਤਸਲੀਮ ਕੀਤਾ। ਦੋਹਾਂ ਆਗੂਆਂ ਨੇ ਸੰਯੁਕਤ ਰਾਸ਼ਟਰ ਦੀ ਮਜ਼ਬੂਤੀ ਦੀ ਗੱਲ ਦੁਹਰਾਈ ਅਤੇ ਸੁਰੱਖਿਆ ਪਰਿਸ਼ਦ ਵਿੱਚ ਜਲਦੀ ਸੁਧਾਰ ਉੱਤੇ ਜ਼ੋਰ ਦਿੱਤਾ। ਦੋਹਾਂ ਨੇ ਦੁਹਰਾਇਆ ਕਿ ਉਹ ਸੁਰੱਖਿਆ ਪਰਿਸ਼ਦ ਵਿੱਚ ਵਿਸਤ੍ਰਿਤ ਸੁਧਾਰਾਂ ਲਈ ਅੰਤਰ -ਸਰਕਾਰੀ ਗੱਲਬਾਤ (ਆਈਜੀਐੱਨ) ਦੇ ਹਮਾਇਤੀ ਹਨ। ਦੋਹਾਂ ਆਗੂਆਂ ਨੇ ਬਹੁ-ਉਦੇਸ਼ੀ ਵਿੱਤੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਇਨ੍ਹਾਂ ਵਿੱਚ ਸੁਧਾਰ ਲਈ ਸਹਿਮਤੀ ਪ੍ਰਗਟਾਈ। ਉਹ ਅੰਤਰਰਾਸ਼ਟਰੀ ਆਰਥਿਕ ਫੈਸਲੇ ਲੈਣ ਦੇ ਅਮਲ ਵਿੱਚ ਵਿਕਾਸਸ਼ੀਲ ਦੇਸ਼ਾਂ ਦੇ ਹਿੱਸਾ ਲੈਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਵੀ ਸਹਿਮਤ ਸਨ।

ਦਹਿਸ਼ਤਵਾਦ ਅਤੇ ਹਿੰਸਕ ਅਤਿਵਾਦ ਦੀਆਂ ਚੁਣੌਤੀਆਂ ਨੂੰ ਮਾਨਤਾ ਦਿੰਦੇ ਹੋਏ , ਦੋਹਾਂ ਆਗੂਆਂ ਨੇ ਦਹਿਸ਼ਤਵਾਦ ਦੇ ਕਿਸੇ ਵੀ ਸਰੂਪ ਨਾਲ ਨਜਿੱਠਣ ਦੇ ਆਪਣੇ ਮਜ਼ਬੂਤ ਇਰਾਦੇ ਨੂੰ ਦੁਹਰਾਉਂਦੇ ਹੋਏ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਦਹਿਸ਼ਤਵਾਦ ਦੇ ਹੱਕ ਵਿੱਚ ਕਿਸੇ ਵੀ ਤਰ੍ਹਾਂ ਦੀ ਦਲੀਲ ਨਹੀਂ ਚੱਲ ਸਕਦੀ। ਉਨ੍ਹਾਂ ਕਿਹਾ ਕਿ ਦਹਿਸ਼ਤਵਾਦ ਵਿਰੁੱਧ ਜੰਗ ਸਿਰਫ ਦਹਿਸ਼ਤਵਾਦੀ ਸੰਗਠਨਾਂ ਨਾਲ ਨਜਿੱਠਣ ਜਾਂ ਦਹਿਸ਼ਤ ਪਸੰਦਾਂ ਜਾਂ ਉਨ੍ਹਾਂ ਦੇ ਸੰਗਠਨਾਂ ਅਤੇ ਢਾਂਚੇ ਦੇ ਖਾਤਮੇ ਲਈ ਹੀ ਨਹੀਂ ਹੋਣੀ ਚਾਹੀਦੀ ਪਰੰਤੂ ਦਹਿਸ਼ਤਵਾਦ ਲਈ ਢੁੱਕਵੇਂ ਮਾਹੌਲ ਅਤੇ ਸਥਿਤੀਆਂ ਦਾ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੇ ਅਤੇ ਉਨ੍ਹਾਂ ਨੂੰ ਠੀਕ ਕਰਨ ਦਾ ਵੀ ਯਤਨ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਦਹਿਸ਼ਤਵਾਦ ਨੂੰ ਕਿਸੇ ਧਰਮ, ਰਾਸ਼ਟਰੀਅਤਾ, ਜਾਂ ਧਾਰਮਿਕ ਗਰੁੱਪ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਬੇਨਤੀ ਕੀਤੀ ਕਿ ਅਤਿਵਾਦ ਦੀਆਂ ਸਭ ਪਨਾਹਗਾਹਾਂ ਨੂੰ ਤੁਰੰਤ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਦਹਿਸ਼ਤਵਾਦ ਦੀ ਹਮਾਇਤ ਕਰਦੇ ਹਨ ਉਨ੍ਹਾਂ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਯੂਐੱਨਜੀਏ ਵਿਖੇ ਦਹਿਸ਼ਤਵਾਦ ਬਾਰੇ ਅੰਤਰਰਾਸ਼ਟਰੀ ਕਨਵੈਨਸ਼ਨ ਉੱਤੇ ਦਸਤਖ਼ਤ ਕਰਨ । ਦੋਹਾਂ ਧਿਰਾਂ ਨੇ ਯੂਐੱਨਜੀਏ ਦੇ 2013 ਦੇ ਇੱਕ ਸਰਵਸੰਮਤ ਮਤੇ ਦੀ ਪੁਸ਼ਟੀ ਕੀਤੀ । ਇਹ ਮਤਾ ਇਰਾਨੀ ਰਾਸ਼ਟਰਪਤੀ ਦੇ ”ਹਿੰਸਾ ਅਤੇ ਅਤਿਵਾਦ ਵਿਰੁੱਧ ਦੁਨੀਆ” (ਵੇਵ) ਦੇ ਵਿਚਾਰ ਨਾਲ ਸਬੰਧਤ ਸੀ। ਦੋਹਾਂ ਨੇ ਕਿਹਾ ਕਿ ਦਹਿਸ਼ਤਵਾਦੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਉਸ ਦੇ ਸਹਾਇੱਕ ਅਨਸਰਾਂ ਅਤੇ ਉਨ੍ਹਾਂ ਨੂੰ ਮਿਲਦੀ ਹਮਾਇਤ ਦਾ ਮੁਕੰਮਲ ਖਾਤਮਾ ਕੀਤਾ ਜਾਵੇ।

ਭਾਰਤੀ ਧਿਰ ਨੇ ਦੁਹਰਾਇਆ ਕਿ ਉਹ ਸਾਂਝੇ ਵਿਸਤ੍ਰਿਤ ਪਲੈਨ ਆਵ੍ ਐੱਕਸ਼ਨ (ਜੇਸੀਪੀਓਏ) ਦੀ ਹਮਾਇਤ ਕਰਦਾ ਹੈ , ਜਿਸ ਦੀ ਤਾਈਦ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਕੀਤੀ ਗਈ ਹੈ ਅਤੇ ਜੋ ਗ਼ੈਰ ਪ੍ਰਫੁਲੀਕਰਣ ਢਾਂਚੇ, ਅੰਤਰਰਾਸ਼ਟਰੀ ਸ਼ਾਂਤੀ , ਸਥਿਰਤਾ, ਅਤੇ ਸੁਰੱਖਿਆ ਲਈ ਅਹਿਮ ਹੈ ।

ਦੋਹਾਂ ਧਿਰਾਂ ਨੇ ਜ਼ੋਰ ਦਿੱਤਾ ਕਿ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਇੱਕ ਮਜ਼ਬੂਤ, ਖੁਸ਼ਹਾਲ, ਸਾਂਝੇ, ਲੋਕਰਾਜੀ ਅਤੇ ਸੁਤੰਤਰ ਅਫ਼ਗਾਨਿਸਤਾਨ ਉੱਤੇ ਨਿਰਭਰ ਹੈ । ਉਨ੍ਹਾਂ ਨੇ ਉਸ ਦੇਸ਼ ਵਿੱਚ ਰਾਸ਼ਟਰੀ ਸਰਕਾਰ ਦੀ ਹਮਾਇਤ ਕੀਤੀ। ਉਨ੍ਹਾਂ ਨੇ ਭਾਰਤ-ਇਰਾਨ-ਅਫ਼ਗਾਨਿਸਤਾਨ ਤਿਕੋਣੇਸਲਾਹ ਮਸ਼ਵਰੇ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਜਿਸ ਵਿੱਚ ਚਾਬਹਾਰ ਮੁੱਦੇ ਉੱਤੇ ਉਨ੍ਹਾਂ ਦਾ ਸਹਿਯੋਗ ਵੀ ਸ਼ਾਮਲ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਖੇਤਰ ਦੇ ਦੇਸ਼ਾਂ ਨੂੰ ਖੇਤਰੀ ਕਨੈਕਟੀਵਿਟੀ ਵਧਾਉਣ ਲਈ ਰੁਕਾਵਟਾਂ ਦੂਰ ਕਰਨ ਲਈ ਕੰਮ ਕਰਨ ਲਈ ਅੱਗੇ ਆਉਣ ਲਈ ਕਿਹਾ।

ਰਾਸ਼ਟਰਪਤੀ ਰੂਹਾਨੀ ਨੇ ਭਾਰਤ ਵਿੱਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਵਫਦ ਦੀ ਸ਼ਾਨਦਾਰ ਮੇਜ਼ਬਾਨੀ ਦੀ ਪ੍ਰਸ਼ੰਸਾ ਕੀਤੀ ਅਤੇ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਇਸਲਾਮੀ ਗਣਰਾਜ ਇਰਾਨ ਦਾ ਦੌਰਾ ਕਰਨ ਦਾ ਸੱਦਾ ਦਿੱਤਾ। ਇਨ੍ਹਾਂ ਸੱਦਿਆਂ ਨੂੰ ਪ੍ਰਵਾਨ ਕਰ ਲਿਆ ਗਿਆ ਅਤੇ ਡਿਪਲੋਮੈਟਿਕ ਚੈਨਲਾਂ ਰਾਹੀਂ ਇਨ੍ਹਾਂ ਦੀਆਂ ਤਰੀਕਾਂ ਦਾ ਫੈਸਲਾ ਕਰਨ ਬਾਰੇ ਸਹਿਮਤੀ ਬਣੀ।

****

ਏਕੇਟੀ/ਐੱਚਐੱਸ