ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚਮੜਾ ਅਤੇ ਫੁਟਵੀਅਰ ਖੇਤਰ ਵਿੱਚ ਰੋਜ਼ਗਾਰ ਦੀ ਸਿਰਜਣਾ ਲਈ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਪੈਕੇਜ ਵਿੱਚ 2017-18 ਤੋਂ ਲੈ ਕੇ 2019-20 ਤੱਕ ਦੇ ਤਿੰਨ ਵਿੱਤੀ ਸਾਲਾਂ ਦੌਰਾਨ 2600 ਕਰੋੜ ਰੁਪਏੇ ਦੇ ਪ੍ਰਵਾਨਤ ਖਰਚੇ ਨਾਲ ਭਾਰਤੀ ਫੁਟਵੀਅਰ , ਚਮੜਾ ਅਤੇ ਸਹਾਇਕ ਸਮਾਨ ਵਿਕਾਸ ਪ੍ਰੋਗਰਾਮ ਨੂੰ ਲਾਗੂ ਕਰਨਾ ਸ਼ਾਮਿਲ ਹੈ।
ਪ੍ਰਮੁੱਖ ਪ੍ਰਭਾਵ
ਕੇਂਦਰੀ ਖੇਤਰ ਦੀ ਇਸ ਯੋਜਨਾ ਨਾਲ ਚਮੜਾ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਰਾਹ ਪੱਧਰਾ ਹੋਵੇਗਾ, ਚਮੜਾ ਖੇਤਰ ਨਾਲ ਜੁੜੀਆਂ ਵਿਸ਼ੇਸ਼ ਵਾਤਾਵਰਣ ਸੰਬੰਧੀ ਚਿੰਤਾਵਾਂ ਦੂਰ ਹੋਣਗੀਆਂ, ਵਾਧੂ ਨਿਵੇਸ਼ ਵਿੱਚ ਸਹੂਲਤ ਹੋਵੇਗੀ, ਰੋਜ਼ਗਾਰ ਪੈਦਾ ਹੋਣਗੇ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ। ਜ਼ਿਆਦਾ ਟੈਕਸ ਪ੍ਰੋਤਸਾਹਨ ਨਾਲ ਇਸ ਖੇਤਰ ਵਿੱਚ ਵਿਆਪਕ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ ਅਤੇ ਇਸ ਖੇਤਰ ਦੇ ਸੀਜ਼ਨਲ ਸਰੂਪ ਨੂੰ ਧਿਆਨ ਵਿੱਚ ਰੱਖਦਿਆਂ ਕਿਰਤ ਕਾਨੂੰਨਾਂ ਵਿੱਚ ਸੁਧਾਰ ਨਾਲ ਉਤਪਾਦਨ ਪੱਧਰ ਵਿੱਚ ਵਾਧਾ ਸੰਭਵ ਹੋ ਸਕੇਗਾ।
ਵਿਸ਼ੇਸ਼ ਪੈਕੇਜ ਵਿੱਚ ਤਿੰਨ ਸਾਲਾਂ ਦੌਰਾਨ 3.24 ਲੱਖ ਨਵੇਂ ਰੋਜ਼ਗਾਰ ਨੂੰ ਸਿਰਜਣ ਦੀ ਸਮਰੱਥਾ ਹੈ ਅਤੇ ਇਸ ਨਾਲ ਫੁਟਵੀਅਰ, ਚਮੜਾ ਅਤੇ ਸਹਾਇਕ ਸਮਾਨ ਖੇਤਰ ਉੱਤੇ ਅਸਰ ਵਜੋਂ ਦੋ ਲੱਖ ਰੋਜ਼ਗਾਰਾਂ ਨੂੰ ਬਕਾਇਦਾ ਸਰੂਪ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।
ਭਾਰਤੀ ਫੁਟਵੀਅਰ, ਚਮੜਾ ਅਤੇ ਸਹਾਇਕ ਸਮਾਨ ਵਿਕਾਸ ਪ੍ਰੋਗਰਾਮ ਦਾ ਵੇਰਵਾ
ਮਾਨਵ ਸੰਸਾਧਨ ਵਿਕਾਸ (ਐੱਚਆਰਡੀ) ਉਪ ਯੋਜਨਾ—ਐੱਚਆਰਡੀ ਉਪ ਯੋਜਨਾ ਵਿੱਚ 15,000 ਰੁਪਏ ਪ੍ਰਤੀ ਵਿਅਕਤੀ ਦੀ ਦਰ ਨਾਲ ਬੇਰੋਜ਼ਗਾਰ ਵਿਅਕਤੀਆਂ ਨੂੰ ਪਲੇਸਮੈਂਟ ਨਾਲ ਸਬੰਧਤ ਮੁਹਾਰਤ ਵਿਕਾਸ ਟ੍ਰੇਨਿੰਗ , 5000 ਰੁਪਏ ਪ੍ਰਤੀ ਕਰਮਚਾਰੀ ਦੀ ਦਰ ਨਾਲ ਕੰਮ ਕਰ ਰਹੇ ਕਾਮਿਆਂ ਨੂੰ ਮੁਹਾਰਤ ਵਾਧਾ ਟ੍ਰੇਨਿੰਗ ਅਤੇ ਪ੍ਰਤੀ ਵਿਅਕਤੀ 2 ਲੱਖ ਰੁਪਏ ਦੀ ਦਰ ਨਾਲ ਟਰੇਨਰਾਂ ਨੂੰ ਟ੍ਰੇਨਿੰਗ ਦੇਣ ਲਈ ਸਹਾਇਤਾ ਦੇਣ ਦਾ ਪ੍ਰਸਤਾਵ ਹੈ। ਮੁਹਾਰਤ ਵਿਕਾਸ ਟ੍ਰੇਨਿੰਗ ਨਾਲ ਸੰਬੰਧਤ ਸਹਾਇਤਾ ਪ੍ਰਾਪਤ ਕਰਨ ਲਈ 75 ਪ੍ਰਤੀਸ਼ਤ ਟਰੇਂਡ ਵਿਅਕਤੀਆਂ ਦੀ ਪਲੇਸਮੈਂਟ ਲਾਜ਼ਮੀ ਕਰਨ ਦਾ ਪ੍ਰਸਤਾਵ ਹੈ। ਇਸ ਉਪ ਯੋਜਨਾ ਅਧੀਨ 696 ਕਰੋੜ ਰੁਪਏ ਦੇ ਪ੍ਰਸਤਾਵਿਤ ਖਰਚੇ ਨਾਲ ਤਿੰਨ ਸਾਲ ਦੌਰਾਨ 4.32 ਲੱਖ ਬੇਰੁਜ਼ਗਾਰ ਵਿਅਕਤੀਆਂ ਨੂੰ ਟਰੇਂਡ ਕਰਨ/ਮੁਹਾਰਤ ਪ੍ਰਦਾਨ ਕਰਨ , 75,000 ਮੌਜੂਦਾ ਮੁਲਾਜ਼ਮਾਂ ਦੀ ਮੁਹਾਰਤ ਵਿੱਚ ਵਾਧਾ ਕਰਨ ਅਤੇ 150 ਮੁੱਖ ਟ੍ਰੇਨਿੰਗ ਦੇਣ ਵਾਲਿਆਂ ਨੂੰ ਟਰੇਂਡ ਕਰਨ ਦਾ ਪ੍ਰਸਤਾਵ ਹੈ।
ਚਮੜਾ ਖੇਤਰ ਦੇ ਏਕੀਕ੍ਰਿਤ ਵਿਕਾਸ (ਆਈਡੀਐੱਲਐੱਸ) ਦੀ ਉਪ ਯੋਜਨਾ—ਆਈਡੀਐੱਲਐੱਸ ਉਪ ਯੋਜਨਾ ਅਧੀਨ ਮੌਜੂਦਾ ਯੂਨਿਟਾਂ ਦੇ ਆਧੁਨਿਕੀਕਰਣ/ਤਕਨੀਕੀ ਵਿਕਾਸ ਦੇ ਨਾਲ ਨਾਲ ਨਵੇਂ ਯੂਨਿਟਾਂ ਦੀ ਸਥਾਪਨਾ ਲਈ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਨੂੰ ਨਵੇਂ ਪਲਾਂਟ ਅਤੇ ਮਸ਼ੀਨਰੀ ਦੀ ਲਾਗਤ ਦੇ 20 % ਦੀ ਦਰ ਨਾਲ ਬੈਕਐਂਡ ਨਿਵੇਸ਼ ਗਰਾਂਟ/.ਸਬਸਿਡੀ ਪ੍ਰਦਾਨ ਕਰਕੇ ਰੋਜ਼ਗਾਰ ਸਿਰਜਣ ਸਮੇਤ ਨਿਰਮਾਣ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦਾ ਪ੍ਰੋਗਰਾਮ ਹੈ। ਇਸ ਉਪ ਯੋਜਨਾ ਅਧੀਨ 425 ਕਰੋੜ ਰੁਪਏ ਦੇ ਪ੍ਰਸਤਾਵਿਤ ਖਰਚੇ ਨਾਲ 3 ਸਾਲਾਂ ਦੌਰਾਨ ਚਮੜਾ, ਫੁਟਵੀਅਰ ਅਤੇ ਸਹਾਇਕ ਸਮਾਨ ਅਤੇ ਕਲਪੁਰਜ਼ਾ ਖੇਤਰ ਦੇ 1000 ਯੂਨਿਟਾਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਹੈ।
ਸੰਸਥਾਗਤ ਸਹੂਲਤਾਂ ਦੀ ਸਥਾਪਨਾ ਦੀ ਉਪ ਯੋਜਨਾ—ਇਸ ਉਪ ਯੋਜਨਾ ਅਧੀਨ ਤਿੰਨ ਸਾਲ ਦੌਰਾਨ 147 ਕਰੋੜ ਰੁਪਏ ਦੇ ਪ੍ਰਸਤਾਵਿਤ ਖਰਚੇ ਨਾਲ ਫੁਟਵੀਅਰ ਡਿਜ਼ਾਈਨ ਅਤੇ ਵਿਕਾਸ ਸੰਸਥਾਨ (ਐੱਫਡੀਡੀਆਈ) ਦੇ ਕੁਝ ਮੌਜੂਦਾ ਕੰਪਲੈਕਸਾਂ ਦਾ ਦਰਜਾ ਵਧਾ ਕੇ ਉਨ੍ਹਾਂ ਨੂੰ ਵਧੀਆ ਕੇਂਦਰਾਂ ਵਿੱਚ ਤਬਦੀਲ ਕਰਨ ਅਤੇ ਪ੍ਰਸਤਾਵਿਤ ਮੇਗਾ ਚਮੜਾ ਕਲਸਟਰਾਂ, ਜੋ ਪ੍ਰੋਜੈਕਟ ਸੰਬੰਧੀ ਪ੍ਰਸਤਾਵਾਂ ਉੱਤੇ ਅਧਾਰਤ ਹੋਣਗੇ, ਦੇ ਨੇੜੇ ਤੇੜੇ ਪੂਰੀਆਂ ਸਹੂਲਤਾਂ ਨਾਲ ਲੈਸ ਤਿੰਨ ਨਵੇਂ ਮੁਹਾਰਤ ਕੇਂਦਰਾਂ ਦੀ ਸਥਾਪਨਾ ਲਈ ਐੱਫਡੀਡੀਆਈ ਦੀ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਸਤਾਵ ਹੈ।
ਮੈਗਾ ਚਮੜਾ ,ਫੁਟਵੀਅਰ ਅਤੇ ਸਹਾਇਕ ਸਮਾਨ ਕਲਸਟਰ (ਐੱਮਐੱਲਐੱਫਸੀ) ਉਪ ਯੋਜਨਾ— ਐੱਮਐੱਲਐੱਫਸੀ ਉਪ ਯੋਜਨਾ ਦਾ ਉਦੇਸ਼ ਮੈਗਾ ਚਮੜਾ , ਫੁਟਵੀਅਰ ਅਤੇ ਸਹਾਇਕ ਸਮਾਨ ਕਲਸਟਰ ਦੀ ਸਥਾਪਨਾ ਕਰਕੇ ਚਮੜਾ, ਫੁਟਵੀਅਰ ਅਤੇ ਸਹਾਇਕ ਸਮਾਨ ਖੇਤਰ ਨੂੰ ਬੁਨਿਆਦੀ ਢਾਂਚੇ ਸਬੰਧੀ ਸਹਾਇਤਾ ਪ੍ਰਦਾਨ ਕਰਨਾ ਹੈ। ਢੁਕਵੀਂ ਪ੍ਰੋਜੈਕਟ ਲਾਗਤ ਦੇ 50 % ਤੱਕ ਸ਼੍ਰ੍ਰੇਣੀਬੱਧ ਸਹਾਇਤਾ ਦੇਣ ਦਾ ਪ੍ਰਸਤਾਵ ਹੈ, ਜਿਸ ਵਿੱਚ ਜ਼ਮੀਨ ਦੀ ਲਾਗਤ ਸ਼ਾਮਲ ਨਹੀਂ ਹੋਵੇਗੀ ਅਤੇ ਇਸ ਅਧੀਨ ਵੱਧ ਤੋਂ ਵੱਧ ਸਬਸਿਡੀ 125 ਕਰੋੜ ਰੁਪਏ ਤੱਕ ਸੀਮਤ ਹੋਵੇਗੀ। ਤਿੰਨ ਸਾਲ ਦੌਰਾਨ 3-4 ਨਵੇਂ ਐੱਮਐੱਲਐੱਫਸੀ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ 360 ਕਰੋੜ ਰੁਪਏ ਦੇ ਖਰਚੇ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਚਮੜਾ ਟੈਕਨਾਲੋਜੀ, ਖੋਜ ਅਤੇ ਚੌਗਿਰਦੇ ਸਬੰਧੀ ਮੁੱਦਿਆਂ ਨਾਲ ਜੁੜੀ ਉਪ ਯੋਜਨਾ—ਇਸ ਉਪ ਯੋਜਨਾ ਅਧੀਨ ਪ੍ਰੋਜੈਕਟ ਲਾਗਤ ਦੇ 70 % ਦਰ ਨਾਲ ਸਾਂਝੇ ਸੀਈਟੀਪੀਜ਼ ਦਾ ਦਰਜਾ ਵਧਾਉਣ/ਸਥਾਪਨਾ ਲਈ ਸਹਾਇਤਾ ਦੇਣ ਦਾ ਪ੍ਰਸਤਾਵ ਹੈ। ਇਸ ਉਪ ਯੋਜਨਾ ਅਧੀਨ ਰਾਸ਼ਟਰੀ ਪੱਧਰ ਦੀ ਖੇਤਰਵਾਰ ਉਦਯੋਗ ਕੌਂਸਲ ਨੂੰ ਸਹਾਇਤਾ ਦੇਣ ਦੇ ਨਾਲ ਨਾਲ ਚਮੜਾ, ਫੁਟਵੀਅਰ ਅਤੇ ਸਹਾਇਕ ਸਮਾਨ ਖੇਤਰ ਲਈ ਵਿਜ਼ਨ ਦਸਤਾਵੇਜ਼ ਤਿਆਰ ਕਰਨ ਲਈ ਵੀ ਮਦਦ ਦਿੱਤੀ ਜਾਵੇਗੀ। ਇਸ ਉਪ ਯੋਜਨਾ ਲਈ ਤਿੰਨ ਸਾਲ ਵਿੱਚ ਪ੍ਰਸਤਾਵਿਤ ਖਰਚਾ 782 ਕਰੋੜ ਰੁਪਏ ਹੈ।
ਚਮੜਾ, ਫੁਟਵੀਅਰ ਅਤੇ ਸਹਾਇਕ ਸਮਾਨ ਖੇਤਰ ਵਿੱਚ ਭਾਰਤੀ ਬ੍ਰਾਂਡਾਂ ਨੂੰ ਉਤਸ਼ਾਹਿਤ ਕਰਨ ਦੀ ਉਪ ਯੋਜਨਾ—ਇਸ ਉਪ ਯੋਜਨਾ ਅਧੀਨ ਬ੍ਰਾਂਡ ਨੂੰ ਹੁਲਾਰਾ ਦੇਣ ਲਈ ਪ੍ਰਵਾਨਤ ਯੂਨਿਟਾਂ ਨੂੰ ਸਹਾਇਤਾ ਦੇਣ ਦਾ ਪ੍ਰਸਤਾਵ ਹੈ। ਇਸ ਅਧੀਨ ਤਿੰਨ ਸਾਲਾਂ ਦੌਰਾਨ ਹਰੇਕ ਸਾਲ ਸਰਕਾਰੀ ਸਹਾਇਤਾ ਕੁੱਲ ਪ੍ਰੋਜੈਕਟ ਲਾਗਤ ਦਾ 50 % ਤੈਅ ਕਰਨ ਦਾ ਪ੍ਰਸਤਾਵ ਹੈ ਜੋ ਹਰੇਕ ਬ੍ਰਾਂਡ ਲਈ ਵੱਧ ਤੋਂ ਵੱਧ 3 ਕਰੋੜ ਰੁਪਏ ਹੋਵੇਗੀ। ਇਸ ਉਪ ਯੋਜਨਾ ਅਧੀਨ 90 ਕਰੋੜ ਰੁਪਏ ਦੇ ਪ੍ਰਸਤਾਵਿਤ ਖਰਚੇ ਨਾਲ 3 ਸਾਲਾਂ ਦੌਰਾਨ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ 10 ਭਾਰਤੀ ਬ੍ਰਾਂਡਾਂ ਨੂੰ ਪ੍ਰਫੁੱਲਿਤ ਕਰਨ ਦਾ ਪ੍ਰਸਤਾਵ ਹੈ।
ਚਮੜਾ, ਫੁਟਵੀਅਰ ਅਤੇ ਸਹਇਕ ਸਮਾਨ ਖੇਤਰ ਲਈ ਵਾਧੂ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਦੀ ਉਪ ਯੋਜਨਾ—ਇਸ ਉਪ ਯੋਜਨਾ ਅਧੀਨ ਈਪੀਐੱਫਓ ਵਿੱਚ ਨਾਮ ਦਰਜ ਕਰਵਾਉਣ ਵਾਲੇ ਚਮੜਾ, ਫੁਟਵੀਅਰ ਅਤੇ ਸਹਾਇਕ ਸਮਾਨ ਖੇਤਰ ਦੇ ਸਾਰੇ ਨਵੇਂ ਕਰਮਚਾਰੀਆਂ ਲਈ ਉਨ੍ਹਾਂ ਦੇ ਨਿਯੋਜਨ ਦੇ ਪਹਿਲੇ ਤਿੰਨ ਸਾਲ ਦੌਰਾਨ ਈਪੀਐੱਫ ਵਿੱਚ ਮਾਲਕ ਦਾ 3.67 % ਯੋਗਦਾਨ ਦੇਣ ਦਾ ਪ੍ਰਸਤਾਵ ਹੈ। ਇਹ ਉਪ ਯੋਜਨਾ 15000 ਰੁਪਏ ਤੱਕ ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਲਾਗੂ ਹੋਵੇਗੀ। 100 ਕਰੋੜ ਰੁਪਏ ਦੇ ਪ੍ਰਸਤਾਵਿਤ ਖਰਚੇ ਨਾਲ ਸੰਬੰਧਿਤ ਖੇਤਰਾਂ ਵਿੱਚ ਤਕਰੀਬਨ 2,00,000 ਰੋਜ਼ਗਾਰਾਂ ਨੂੰ ਰਸਮੀ ਕਰਨ ਵਿੱਚ ਮਦਦ ਮਿਲੇਗੀ।
ਵਿਸ਼ੇਸ਼ ਪੈਕੇਜ ਵਿੱਚ ਕਿਰਤ ਕਾਨੂੰਨਾਂ ਨੂੰ ਸੁਖਾਲਾ ਬਣਾਉਣ ਲਈ ਉਪਾਅ ਅਤੇ ਰੋਜ਼ਗਾਰ ਸਿਰਜਣਾ ਲਈ ਉਤਸ਼ਾਹ ਵੀ ਸ਼ਾਮਲ ਹਨ ਜਿਨ੍ਹਾਂ ਦਾ ਵਰਣਨ ਹੇਠਾਂ ਕੀਤਾ ਗਿਆ ਹੈ—
ਇਨਕਮ ਟੈਕਸ ਕਾਨੂੰਨ ਦੀ ਧਾਰਾ 80 ਜੇਜੇਏ ਦਾ ਦਾਇਰਾ ਵਧਾਉਣਾ—ਕਿਸੇ ਕਾਰਖਾਨੇ ਵਿੱਚ ਵਸਤਾਂ ਦੇ ਉਤਪਾਦਨ ਵਿੱਚ ਲੱਗੀ ਭਾਰਤੀ ਕੰਪਨੀ ਵਲੋਂ ਨਵੇਂ ਕਰਮਚਾਰੀਆਂ ਨੂੰ ਤਿੰਨ ਸਾਲ ਤੱਕ ਅਦਾ ਕੀਤੇ ਗਏ ਵਾਧੂ ਮਿਹਨਤਾਨੇ ਉੱਤੇ ਉਸ ਨੂੰ ਟੈਕਸ ਕਟੌਤੀ ਦਾ ਲਾਭ ਦੇਣ ਲਈ ਇਨਕਮ ਟੈਕਸ ਕਾਨੂੰਨ ਦੀ ਧਾਰਾ 80 ਜੇਜੇਏ ਅਧੀਨ ਕਿਸੇ ਕਰਮਚਾਰੀ ਲਈ ਇੱਕ ਸਾਲ ਵਿੱਚ ਘੱਟੋ ਘੱਟ 240 ਦਿਨ ਦੇ ਰੁਜ਼ਗਾਰ ਦੇ ਪ੍ਰਬੰਧਾਂ ਵਿੱਚ ਹੋਰ ਜ਼ਿਆਦਾ ਢਿੱਲ ਦੇ ਕੇ ਫੁਟਵੀਅਰ , ਚਮੜਾ ਅਤੇ ਸਹਾਇਕ ਸਮਾਨ ਖੇਤਰ ਲਈ ਇਸ ਨੂੰ ਘੱਟੋ-ਘੱਟ 150 ਦਿਨ ਕੀਤਾ ਜਾਵੇਗਾ। ਇਹ ਕਦਮ ਇਸ ਖੇਤਰ ਦੇ ਸੀਜ਼ਨਲ ਸਰੂਪ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਜਾ ਰਿਹਾ ਹੈ।
ਮਿਥੀ ਮਿਆਦ ਦੇ ਰੋਜ਼ਗਾਰ ਦੀ ਸ਼ੁਰੂਆਤ—ਦੁਨੀਆ ਭਰ ਵਿੱਚ ਵਿਆਪਕ ਨਿਵੇਸ਼ ਆਕਰਸ਼ਿਤ ਕਰਨ ਲਈ ਸਨਅਤੀ ਰੋਜ਼ਗਾਰ (ਸਥਾਈ ਹੁਕਮ) ਕਾਨੂੰਨ 1946 ਦੀ ਧਾਰਾ 15 ਦੀ ਉਪ ਧਾਰਾ (1) ਅਧੀਨ ਮਿਥੀ ਮਿਆਦ ਵਾਲੇ ਰੋਜ਼ਗਾਰ ਦੀ ਸ਼ੁਰੂਆਤ ਕਰਕੇ ਕਿਰਤ ਸਬੰਧੀ ਮੁੱਦਿਆਂ ਦੇ ਰੈਗੂਲੇਟਰੀ ਢਾਂਚੇ ਨੂੰ ਦਰੁਸਤ ਕਰਨ ਦਾ ਪ੍ਰਸਤਾਵ ਹੈ। ਚਮੜਾ, ਫੁਟਵੀਅਰ ਅਤੇ ਸਹਾਇਕ ਸਮਾਨ ਸਨਅਤ ਦੇ ਮੌਸਮੀ (ਸੀਜ਼ਨਲ) ਸਰੂਪ ਨੂੰ ਧਿਆਨ ਵਿੱਚ ਰੱਖਦਿਆ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਏਕੇਟੀ/ਵੀਬੀਏ/ਐੱਸ ਐੱਚ