Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਰਾਸ਼ਟਰ ਨੂੰ ਸਮਰਪਿਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਅਪ੍ਰੈਲ, 2015 ਵਿੱਚ ਇਸ ਸੰਸਥਾਨ ਦਾ ਨੀਂਹ ਪੱਥਰ ਰੱਖਿਆ ਸੀ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਸੈਂਟਰ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਅਤੇ ਦ੍ਰਿਸ਼ਟੀਕੋਣ ਦੇ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਜ਼ਿਕਰਯੋਗ ਹੈ ਕਿ ਸਮਾਜਿਕ-ਆਰਥਿਕ ਤਬਦੀਲੀ, ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਪ੍ਰੋਜੈਕਟ ਦਾ ਇੱਕ ਹਿੱਸਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਜਿਕ ਅਤੇ ਆਰਥਿਕ ਮੁੱਦਿਆਂ ‘ਤੇ ਖੋਜ ਦਾ ਇੱਕ ਮਹੱਤਵਪੂਰਨ ਕੇਂਦਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਮਾਵੇਸ਼ੀ ਵਿਕਾਸ ਲਈ ਥਿੰਕ ਟੈਂਕ ਵਜੋਂ ਕਾਰਜ ਕਰੇਗਾ ਅਤੇ ਸਮਾਜਿਕ ਆਰਥਿਕ ਮਾਮਲਿਆਂ ਨਾਲ ਸਬੰਧਤ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਵਿਚਾਰਕਾਂ ਅਤੇ ਦੂਰਦਰਸ਼ੀਆਂ ਨੇ ਸਾਡੇ ਦੇਸ਼ ਦੀ ਦਿਸ਼ਾ ਨੂੰ ਨਿਰਧਾਰਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਿਰਮਾਣ ਲਈ, ਉਨ੍ਹਾਂ ਦੇ ਯੋਗਦਾਨ ਲਈ, ਦੇਸ਼, ਬਾਬਾ ਸਾਹਿਬ ਦਾ ਰਿਣੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਅਤੇ ਵਿਸ਼ੇਸ਼ ਕਰਕੇ ਨੌਜਵਾਨ ਉਨ੍ਹਾਂ ਦੇ ਨਜ਼ਰੀਏ ਅਤੇ ਵਿਚਾਰਾਂ ਨੂੰ ਸਿੱਖਣ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਡਾ. ਅੰਬੇਡਕਰ ਦੇ ਜੀਵਨ ਨਾਲ ਸਬੰਧਤ ਮਹੱਤਵਪੂਰਨ ਥਾਵਾਂ ਨੂੰ ਤੀਰਥ ਯਾਤਰਾ ਕੇਂਦਰਾਂ ਵਜੋਂ ਵਿਕਸਤ ਕੀਤਾ ਗਿਆ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਦਿੱਲੀ ਵਿੱਚ ਅਲੀਪੁਰ, ਮੱਧ ਪ੍ਰਦੇਸ਼ ਵਿੱਚ ਮਹੂ, ਮੁੰਬਈ ਵਿੱਚ ਇੰਦੂ ਮਿੱਲ, ਨਾਗਪੁਰ ਵਿੱਚ ਦੀਕਸ਼ਾ ਭੂਮੀ ਅਤੇ ਲੰਡਨ ਵਿੱਚ ਉਨ੍ਹਾਂ ਦੇ ਕਮਰੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ‘ਪਾਂਚਤੀਰਥ’ ਅੱਜ ਦੀ ਪੀੜ੍ਹੀ ਵੱਲੋਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਦਾ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਲਈ ਭੀਮ ਐਪ ਡਾ. ਅੰਬੇਡਕਰ ਦੇ ਆਰਥਿਕ ਵਿਜ਼ਨ ਪ੍ਰਤੀ ਕੇਂਦਰ ਸਰਕਾਰ ਦੀ ਸ਼ਰਧਾਂਜਲੀ ਹੈ।

ਡਾ. ਅੰਬੇਡਕਰ ਵੱਲੋਂ ਸੰਵਿਧਾਨ ਸਭਾ ਨੂੰ ਦਸੰਬਰ, 1946 ਵਿੱਚ ਕੀਤੇ ਸੰਬੋਧਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਦੇ ਬਾਵਜੂਦ, ਡਾ. ਅੰਬੇਡਕਰ ਕੋਲ ਦੇਸ਼ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਕ ਪ੍ਰੇਰਣਾਮਈ ਦ੍ਰਿਸ਼ਟੀਕੋਣ ਸੀ। ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਨਹੀਂ ਕਰ ਸਕੇ । ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਵਿੱਚ ਸਮਾਜਿਕ ਬੁਰਾਈਆਂ ਨੂੰ ਸਮਾਪਤ ਕਰਨ ਦੀ ਸਮਰੱਥਾ ਹੈ।

ਪ੍ਰਧਾਨ ਮੰਤਰੀ ਨੇ ਡਾ. ਅੰਬੇਡਕਰ ਦੇ ਸ਼ਬਦਾਂ ਨੂੰ ਯਾਦ ਕੀਤਾ ਕਿ ਸਾਨੂੰ ਆਪਣੇ ਰਾਜਨੀਤਕ ਲੋਕਤੰਤਰ ਦੇ ਨਾਲ ਇੱਕ ਸਮਾਜਿਕ ਲੋਕਤੰਤਰ ਵੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਤੋਂ ਸਾਢੇ ਤਿੰਨ ਸਾਲ ਵਿੱਚ ਕੇਂਦਰ ਨੇ ਸਮਾਜਿਕ ਲੋਕਤੰਤਰ ਦੇ ਇਸ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਕੰਮ ਕੀਤਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸਰਕਾਰ ਦੇ ਉਪਰਾਲਿਆਂ ਜਿਵੇਂ ਜਨ ਧਨ ਯੋਜਨਾ, ਉੱਜਵਲਾ ਯੋਜਨਾ, ਸਵੱਛ ਭਾਰਤ ਮਿਸ਼ਨ, ਬੀਮਾ ਸਕੀਮਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਹਾਲ ਹੀ ਵਿੱਚ ਸ਼ੁਰੂ ਕੀਤੀ ਸੌਭਾਗਿਆ ਯੋਜਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਯੋਜਨਾਵਾਂ ਅਤੇ ਪ੍ਰੋਜੈਕਟਾਂ ਨੂੰ ਆਪਣੇ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਇਸ ਦਾ ਇੱਕ ਉਦਾਹਰਨ ਪੇਸ਼ ਕਰਦਾ ਹੈ। ਜਨਤਕ ਕਲਿਆਣਕਾਰੀ ਉਪਰਾਲਿਆਂ ਨੂੰ ਲਾਗੂ ਕਰਨ ਵਿੱਚ ਕੇਂਦਰ ਸਰਕਾਰ ਦੀ ਗਤੀ ਅਤੇ ਵਚਨਬੱਧਤਾ ਦਿਖਾਉਣ ਲਈ ਉਨ੍ਹਾਂ ਨੇ ਭੂਮੀ ਸਿਹਤ ਕਾਰਡ, ਮਿਸ਼ਨ ਇੰਦਰਧਨੁਸ਼ ਅਤੇ ਗ੍ਰਾਮੀਣ ਬਿਜਲੀਕਰਨ ਟੀਚਿਆਂ ਦੀ ਪ੍ਰਗਤੀ ਦੇ ਬਾਰੇ ਅਤੇ ਹੋਰ ਯੋਜਨਾਵਾਂ ਸਬੰਧੀ ਵਿਸਥਾਰ ਨਾਲ ਦੱਸਿਆ। ਪ੍ਰਧਾਨ ਮੰਤਰੀ ਨੇ ਸਵੈ ਰੋਜ਼ਗਾਰ ਸਿਰਜਣ ਲਈ ਸਟੈਂਡ ਅੱਪ ਇੰਡੀਆ ਸਕੀਮ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ‘ਨਿਊ ਇੰਡੀਆ’ ਦੇ ਸੱਦੇ ਵਾਲਾ ਭਾਰਤ ਉਹੀ ਭਾਰਤ ਹੈ ਜਿਸ ਦੀ ਡਾ. ਅੰਬੇਡਕਰ ਨੇ ਕਲਪਨਾ ਕੀਤੀ ਸੀ, ਜਿਸ ਰਾਹੀਂ ਸਾਰਿਆਂ ਨੂੰ ਸਮਾਨ ਅਵਸਰ ਅਤੇ ਅਧਿਕਾਰ, ਜਾਤ ਜ਼ੁਲਮ ਤੋਂ ਮੁਕਤ ਅਤੇ ਟੈਕਨੋਲੋਜੀ ਦੀ ਸ਼ਕਤੀ ਰਾਹੀਂ ਪ੍ਰਗਤੀ ਕਰ ਰਿਹਾ ਭਾਰਤ। ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਵਿਜ਼ਨ ਨੂੰ ਪੂਰਾ ਕਰਨ ਦੀ ਹਰੇਕ ਨੂੰ ਸਲਾਹ ਦਿੱਤੀ ਅਤੇ ਉਮੀਦ ਕੀਤੀ ਕਿ ਅਸੀਂ 2022 ਤੱਕ ਇਸ ਨੂੰ ਪੂਰਾ ਕਰਨ ਦੇ ਸਮਰੱਥ ਹੋਵਾਂਗੇ।

*****

ਏਕੇਟੀ/ਏਕੇ