Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਇਜ਼ਰਾਈਲ ਅਤੇ ਜਰਮਨੀ ਦਾ ਅਗਲਾ ਦੌਰਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 4-6 ਜੁਲਾਈ, 2017 ਨੂੰ ਇਜ਼ਰਾਈਲ ਦਾ ਦੌਰਾ ਕਰਨਗੇ । ਪ੍ਰਧਾਨ ਮੰਤਰੀ 6-8 ਜੁਲਾਈ, 2017 ਨੁੰ 12ਵੇਂ ਜੀ-20 ਸਿਖਰ ਸੰਮੇਲਨ ਵਿੱਚ ਹਾਜ਼ਰ ਹੋਣ ਵਾਸਤੇ ਜਰਮਨੀ ਵਿੱਚ ਹੈਮਬਰਗ ਦਾ ਵੀ ਦੌਰਾ ਕਰਨਗੇ ।

ਆਪਣੇ ਫੇਸਬੁੱਕ ਖਾਤੇ ਚੋਂ ਸੰਦੇਸ਼/ਸੂਚਨਾ ਭੇਜਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ:

“ਪ੍ਰਧਾਨ ਮੰਤਰੀ, ਬੈਂਜਾਮਿਨ ਨੇਤਨਯਾਹੂ ਦੇ ਸੱਦੇ ਤੇ ਮੈਂ 4-6 ਜੁਲਾਈ, 2017 ਨੁੰ ਇਜ਼ਰਾਈਲ ਦਾ ਦੌਰਾ ਕਰਾਂਗਾ।

ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਇਸ ਬੇਮਿਸਾਲ ਦੌਰੇ ਲਈ ਬਹੁਤ ਹੀ ਉੱਤਸੁਕ ਹਾਂ ਕਿਉਂਕਿ ਇਹ ਦੋਹਾਂ ਮੁਲਕਾਂ ਅਤੇ ਲੋਕਾਂ ਨੂੰ ਬਹੁਤ ਹੀ ਨਜ਼ਦੀਕ ਲੈ ਆਵੇਗਾ । ਇਸ ਸਾਲ ਭਾਰਤ ਅਤੇ ਇਜਰਾਈਲ ਆਪਣੇ ਸਫਾਰਤੀ ਸਬੰਧਾਂ ਦੇ 25 ਸਾਲ ਪੂਰੇ ਕਰ ਰਹੇ ਹਨ ।

ਸਾਂਝੇ ਹਿਤ ਵਾਸਤੇ ਵੱਖ-ਵੱਖ ਖੇਤਰਾਂ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਸਿਲਸਿਲੇ ਵਿੱਚ ਮੈਂ ਪ੍ਰਧਾਨ ਮੰਤਰੀ, ਨੇਤਨਯਾਹੂ ਨਾਲ ਬਹੁਤ ਹੀ ਗਹਿਰਾਈ ਨਾਲ ਗੱਲਬਾਤ ਕਰਾਂਗਾ । ਸਾਨੂੰ ਹੋਰ ਮੁੱਖ ਸਾਝੀਆਂ ਚੁਣੌਤੀਆਂ ਜਿਵੇਂ ਕਿ ਦਹਿਸ਼ਤਵਾਦ ਆਦਿ ਬਾਰੇ ਚਰਚਾ ਕਰਨ ਦਾ ਵੀ ਮੌਕਾ ਮਿਲੇਗਾ । ਮੈਂ ਰਾਸ਼ਟਰਪਤੀ ਰੇਵਨ ਰੁਵੀ ਰਿਵਲਨ – ਜਿਨ੍ਹਾਂ ਦਾ ਪਿਛਲੇ ਸਾਲ ਨਵੰਬਰ ਵਿੱਚ ਦਿੱਲੀ ਵਿਖੇ ਸਵਾਗਤ ਕਰਨ ਦੀ ਮੈਨੂੰ ਖੁਸ਼ੀ ਪ੍ਰਾਪਤ ਹੋਈ ਸੀ, ਨੂੰ ਵੀ ਮਿਲਾਂਗਾ ਅਤੇ ਹੋਰ ਉੱਘੇ ਨੇਤਾਵਾਂ ਨੂੰ ਵੀ ਮਿਲਾਂਗਾ ।

ਇਸ ਦੌਰੇ ਦੌਰਾਨ ਮੇਰਾ ਪ੍ਰੋਗਰਾਮ ਮੈਨੂੰ ਇਜ਼ਰਾਈਲੀ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਮਿਲਣ ਦਾ ਸੁਅਵਸਰ ਪ੍ਰਦਾਨ ਕਰੇਗਾ । ਮੈਂ ਵੱਡੀ ਗਿਣਤੀ ਵਿੱਚ ਇਜ਼ਰਾਈਲ ਵਿੱਚ ਵੱਸੇ ਉਨ੍ਹਾਂ ਪ੍ਰਵਾਸੀ ਭਾਰਤੀਆਂ ਨਾਲ ਸੰਪਰਕ ਕਰਨ ਲਈ ਵਿਸ਼ੇਸ਼ ਰੂਪ ਵਿੱਚ ਉੱਤਸਕ ਹਾਂ ਜੋ ਦੋਹਾਂ ਮੁਲਕਾਂ ਦੇ ਲੋਕਾਂ ਵਿਚਕਾਰ ਚਿਰਸਥਾਈ ਸਬੰਧਾ ਦੀ ਪ੍ਰਤੀਨਿਧੱਤਾ ਕਰਦੇ ਹਨ।

ਆਰਥਕ ਪੱਖ ਤੋਂ, ਮੈਂ ਉੱਘੇ ਭਾਰਤੀ ਅਤੇ ਇਜ਼ਰਾਇਲੀ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਸਟਾਰਟ-ਅਪਸ ਨੁੰ ਵਪਾਰ ਅਤੇ ਨਿਵੇਸ਼ ਇੱਕਜੁੱਟਤਾ ਵਿੱਚ ਵਾਧਾ ਕਰਨ ਲਈ ਸਾਡੀ ਸਾਂਝੀ ਪ੍ਰਾਥਮਿਕਤਾ ਤੇ ਚਰਚਾ ਕਰਨ ਵਾਸਤੇ ਮਿਲਾਂਗਾ । ਇਸ ਦੇ ਨਾਲ ਹੀ ਮੈਂ ਸਬੰਧਤ ਥਾਵਾਂ ਦਾ ਦੌਰਾ ਕਰਕੇ ਟੈਕਨੋਲੋਜੀ ਅਤੇ ਇਨੋਵੇਸ਼ਨ(ਨਵੀਨਤਾ) ਵਿੱਚ ਇਜ਼ਰਾਈਲ ਦੀਆਂ ਪ੍ਰਾਪਤੀਆਂ ਅੰਦਰਲੀ ਸੂਝ ਹਾਸਲ ਕਰਨ ਦੀ ਆਸ ਰੱਖਦਾ ਹਾਂ । ਆਪਣੇ ਠਹਿਰਨ ਦੌਰਾਨ, ਮੈਂ ਹੌਲੋਕੌਸਟ (ਘੱਲੂਘਾਰਾ) ਜਿਸ ਦੀ ਗਿਣਤੀ ਮਨੁੱਖੀ ਇਤਿਹਾਸ ਵਿਚਲੇ ਮਹਾਨ ਦੁਖਾਂਤਾਂ ਵਿੱਚ ਹੁੰਦੀ ਹੈ, ਦੇ ਸ਼ਿਕਾਰ ਹੋਏ ਲੋਕਾਂ ਦੀ ਯਾਦ ਨੂੰ ਸਨਮਾਨ ਦੇਣ ਹਿੱਤ ‘ਯਾਦ ਵੈਸ਼ਮ ਯਾਦਗਾਰੀ ਅਜਾਇਬਘਰ’ ਦਾ ਦੌਰਾ ਕਰਾਂਗਾ । ਬਾਅਦ ਵਿੱਚ ਮੈਂ ਉਨ੍ਹਾਂ ਸਾਹਸੀ ਭਾਰਤੀ ਸਿਪਾਹੀਆਂ ਨੂੰ ਸ਼ਰਧਾਂਜਲੀ ਦਿਆਂਗਾ ਜਿਨ੍ਹਾਂ ਨੇ 1918 ਵਿੱਚ ਹੈਫਾ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ ।

6 ਜੁਲਾਈ ਦੀ ਸ਼ਾਮ ਮੈ ਜਰਮਨੀ ਵੱਲੋਂ ਕਰਵਾਏ ਜਾ ਰਹੇ 12ਵੇਂ ਜੀ-20 ਸਿਖਰ ਸੰਮੇਲਨ ਵਿੱਚ ਭਾਗ ਲੈਣ ਲਈ ਹੈਮਬਰਗ ਦਾ ਦੌਰਾ ਸ਼ੁਰੂ ਕਰਾਂਗਾ । 7 ਅਤੇ 8 ਜੁਲਾਈ, ਲਗਭਗ ਦੋ ਦਿਨ ਮੈਂ ਜੀ-20 ਮੁਲਕਾਂ ਦੇ ਨੇਤਾਵਾਂ ਨਾਲ ਉਨ੍ਹਾਂ ਮਹੱਤਵਪੂਰਨ ਮੁੱਦਿਆਂ ਤੇ ਗੱਲਬਾਤ ਕਰਾਂਗਾ ਜੋ ਆਰਥਕ ਵਿਕਾਸ, ਟਿਕਾਊ ਵਿਕਾਸ ਅਤੇ ਸ਼ਾਂਤੀ ਤੇ ਸਥਿਰਤਾ ਨਾਲ ਸਬੰਧਤ ਹਨ ਅਤੇ ਅੱਜ ਸਾਡੀ ਦੁਨੀਆ ਨੂੰ ਪ੍ਰਭਾਵਿਤ ਕਰ ਰਹੇ ਹਨ ।

ਅਸੀਂ ਪਿਛਲੇ ਸਾਲ ਹੈਂਗਜ਼ੌ (Hangzhou) ਸਿਖਰ ਸੰਮੇਲਨ ਵਿੱਚ ਲਏ ਗਏ ਫੈਸਲਿਆਂ ਤੇ ਹੋਈ ਪ੍ਰਗਤੀ ਦਾ ਲੇਖਾ ਜੋਖਾ ਕਰਾਂਗੇ ਅਤੇ ਦਹਿਸ਼ਤਵਾਦ, ਜਲਵਾਯੂ, ਟਿਕਾਊ ਵਿਕਾਸ, ਵਿਕਾਸ ਤੇ ਵਪਾਰ, ਡਿਜੀਟਲਾਈਜੇਸ਼ਨ, ਸਿਹਤ, ਰੋਜ਼ਗਾਰ, ਸਥਾਨ ਪਰਿਵਰਤਨ, ਮਹਿਲਾ ਸਸ਼ਕਤੀਕਰਣ ਅਤੇ ਅਫਰੀਕਾ ਨਾਲ ਭਾਈਵਾਲੀ ਆਦਿ ਮੁੱਦਿਆਂ ਦਾ ਚਿੰਤਨ ਕਰਾਂਗੇ । ਇਸ ਸਾਲ ਲਈ ਵਿਸ਼ਾ-ਵਸਤੂ ਹੈ “ਅੰਤਰ-ਸਬੰਧਤ ਵਿਸ਼ਵ ਦੀ ਰਚਨਾ ।“

ਪਹਿਲਾਂ ਦੀ ਤਰ੍ਹਾਂ, ਮੈਂ ਸਿਖਰ ਸੰਮੇਲਨ ਦੇ ਨਾਲ-ਨਾਲ, ਨੇਤਾਵਾਂ ਨੂੰ ਮਿਲ ਕੇ ਸਾਂਝੇ ਹਿਤਾਂ ਨਾਲ ਸਬੰਧਤ ਦੁਵੱਲੇ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਕਰਨ ਲਈ ਉੱਤਸੁਕ ਹਾਂ ।

***

AKT/AK