ਰਾਸ਼ਟਰੀ ਰਾਜਧਾਨੀ ਵਿੱਚ 71 ਵਰ੍ਹਿਆਂ ਬਾਅਦ ਆਯੋਜਿਤ ਇਹ ਸੰਮੇਲਨ ਮਰਾਠੀ ਸਾਹਿਤ ਦੀ ਸਦੀਵੀ ਪ੍ਰਸੰਗਿਕਤਾ ਦਾ ਉਤਸਵ ਮਨਾਉਣ ਦੇ ਨਾਲ ਸਮਕਾਲੀ ਸੰਵਾਦ ਵਿੱਚ ਇਸ ਦੀ ਭੂਮਿਕਾ ਦਾ ਪਤਾ ਲਗਾਏਗਾ
ਹਾਲ ਹੀ ਵਿੱਚ ਸਰਕਾਰ ਨੇ ਮਰਾਠੀ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ ਅਤੇ ਭਾਰਤ ਦੀ ਸਮ੍ਰਿੱਧ ਸੰਸਕ੍ਰਿਤੀ ਅਤੇ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਫਰਵਰੀ ਨੂੰ ਸ਼ਾਮ ਕਰੀਬ 4:30 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ 98ਵੇਂ ਅਖਿਲ ਭਾਰਤੀਯ ਮਰਾਠੀ ਸਾਹਿਤ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਉਹ ਮੌਜੂਦ ਜਨ ਸਮੂਹ ਨੂੰ ਸੰਬੋਧਨ ਵੀ ਕਰਨਗੇ।
ਇਹ ਸੰਮੇਲਨ 21 ਤੋਂ 23 ਫਰਵਰੀ ਤੱਕ ਚਲੇਗਾ ਅਤੇ ਇਸ ਵਿੱਚ ਪੈਨਲ ਚਰਚਾ, ਪੁਸਤਕ ਪ੍ਰਦਰਸ਼ਨੀਆਂ, ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਤਿਸ਼ਠਿਤ ਸਾਹਿਤਕਾਰਾਂ ਦੇ ਨਾਲ ਸੰਵਾਦ ਸੈਸ਼ਨ ਆਯੋਜਿਤ ਕੀਤੇ ਜਾਣਗੇ। ਸੰਮੇਲਨ ਮਰਾਠੀ ਸਾਹਿਤ ਦੀ ਸਦੀਵੀ ਪ੍ਰਸੰਗਿਕਤਾ ਦਾ ਉਤਸਵ ਮਨਾਏਗਾ ਅਤੇ ਸਮਕਾਲੀ ਸੰਵਾਦ ਵਿੱਚ ਇਸ ਦੀ ਭੂਮਿਕਾ ਦਾ ਪਤਾ ਲਗਾਏਗਾ, ਜਿਸ ਵਿੱਚ ਭਾਸ਼ਾ ਸੰਭਾਲ਼, ਅਨੁਵਾਦ ਅਤੇ ਸਾਹਿਤਕ ਕਾਰਜਾਂ ‘ਤੇ ਡਿਜੀਟਲਾਈਜ਼ੇਸ਼ਨ ਦੇ ਪ੍ਰਭਾਵ ਜਿਹੇ ਵਿਸ਼ੇ ਸ਼ਾਮਲ ਹੋਣਗੇ।
ਰਾਸ਼ਟਰੀ ਰਾਜਧਾਨੀ ਵਿੱਚ 71 ਵਰ੍ਹਿਆਂ ਬਾਅਦ ਆਯੋਜਿਤ ਮਰਾਠੀ ਸਾਹਿਤ ਸੰਮੇਲਨ ਵਿੱਚ ਪੁਣੇ ਤੋਂ ਦਿੱਲੀ ਤੱਕ ਇੱਕ ਪ੍ਰਤੀਕਾਤਮਕ ਸਾਹਿਤਕ ਟ੍ਰੇਨ ਯਾਤਰਾ ਵੀ ਸ਼ਾਮਲ ਹੈ, ਜਿਸ ਵਿੱਚ 1,200 ਪ੍ਰਤੀਭਾਗੀ ਹੋਣਗੇ, ਜੋ ਸਾਹਿਤ ਦੀ ਏਕੀਕ੍ਰਿਤ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ। ਇਸ ਵਿੱਚ 2,600 ਤੋਂ ਵੱਧ ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ, 50 ਪੁਸਤਕਾਂ ਦਾ ਲੋਕਅਰਪਣ ਹੋਵੇਗਾ ਅਤੇ 100 ਬੁੱਕ ਸਟਾਲ ਲਗਾਏ ਜਾਣਗੇ। ਦੇਸ਼ ਭਰ ਤੋਂ ਪ੍ਰਤਿਸ਼ਠਿਤ ਵਿਦਵਾਨ, ਲੇਖਕ, ਕਵੀ ਅਤੇ ਸਾਹਿਤ ਪ੍ਰੇਮੀ ਇਸ ਵਿੱਚ ਭਾਗ ਲੈਣਗੇ।
*********
ਐੱਮਜੇਪੀਐੱਸ/ਵੀਜੇ