Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਰੰਟਲਾਈਨ ਨੌਸੈਨਿਕ ਜਹਾਜਾਂ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਰੰਟਲਾਈਨ ਨੌਸੈਨਿਕ ਜਹਾਜਾਂ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਮੁੰਬਈ ਦੇ ਨੌਸੈਨਾ ਡੌਕਯਾਰਡ ਵਿੱਚ ਨੌਸੈਨਾ ਦੇ ਤਿੰਨ ਮੋਹਰੀ ਲੜਾਕੂ ਜਹਾਜ਼ਾਂ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਇਸ ਅਵਸਰ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 15 ਜਨਵਰੀ ਦਾ ਦਿਨ ਸੈਨਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਰੇਕ ਬਹਾਦਰ ਯੋਧੇ ਨੂੰ ਨਮਨ ਕੀਤਾ। ਉਨ੍ਹਾਂ ਨੇ ਇਸ ਅਵਸਰ ’ਤੇ ਸਾਰੇ ਬਹਾਦਰ ਯੋਧਿਆਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਸਮੁੰਦਰੀ ਵਿਰਾਸਤ, ਨੌਸੈਨਾ ਦੇ ਗੌਰਵਸ਼ਾਲੀ ਇਤਿਹਾਸ ਅਤੇ ਆਤਮਨਿਰਭਰ ਭਾਰਤ ਅਭਿਯਾਨ ਦੇ ਲਈ ਇੱਕ ਵੱਡਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਭਾਰਤ ਵਿੱਚ ਨੌਸੈਨਾ ਨੂੰ ਇੱਕ ਨਵੀਂ ਤਾਕਤ ਅਤੇ ਦ੍ਰਿਸ਼ਟੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਸਰਕਾਰ ਨੇ ਸ਼ਿਵਾਜੀ ਮਹਾਰਾਜ ਦੀ ਭੂਮੀ ’ਤੇ ਭਾਰਤ ਦੀ 21ਵੀਂ ਸਦੀ ਦੀ ਨੌਸੈਨਾ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਪਹਿਲੀ ਵਾਰ ਹੈ ਕਿ ਇੱਕ ਵਿਨਾਸ਼ਕਾਰੀ, ਫ੍ਰੀਗੇਟ ਅਤੇ ਪਣਡੁੱਬੀ ਦੀ ਟ੍ਰਾਈ-ਕਮਿਸ਼ਨਿੰਗ ਕੀਤੀ ਜਾ ਰਹੀ ਹੈ।” ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਵੀ ਮਾਣ ਵਾਲੀ ਗੱਲ ਹੈ ਕਿ ਤਿੰਨੋਂ ਫਰੰਟਲਾਈਨ ਪਲੇਟਫਾਰਮ ਭਾਰਤ ਵਿੱਚ ਬਣੇ ਹਨ। ਉਨ੍ਹਾਂ ਨੇ ਇਸ ਉਪਲਬਧੀ ਦੇ ਲਈ ਭਾਰਤੀ ਨੌਸੈਨਾ, ਨਿਰਮਾਣ ਕਾਰਜ ਵਿੱਚ ਸ਼ਾਮਲ ਸਾਰੇ ਲੋਕਾਂ ਅਤੇ ਭਾਰਤ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ।

ਸ਼੍ਰੀ ਮੋਦੀ ਨੇ ਕਿਹਾ – “ਅੱਜ ਦਾ ਪ੍ਰੋਗਰਾਮ ਸਾਡੀ ਸ਼ਾਨਦਾਰ ਵਿਰਾਸਤ ਨੂੰ ਭਵਿੱਖ ਦੀਆਂ ਇੱਛਾਵਾਂ ਨਾਲ ਜੋੜਦਾ ਹੈ।” ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਲੰਮਾ ਸਮੁੰਦਰੀ ਸਫ਼ਰ, ਵਣਜ, ਨੌਸੈਨਾ ਰੱਖਿਆ ਅਤੇ ਜਹਾਜ ਉਦਯੋਗ ਨਾਲ ਜੁੜਿਆ ਇੱਕ ਅਮੀਰ ਇਤਿਹਾਸ ਰਿਹਾ ਹੈ। ਇਸ ਅਮੀਰ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਭਾਰਤ ਦੁਨੀਆ ਵਿੱਚ ਇੱਕ ਪ੍ਰਮੁੱਖ ਸਮੁੰਦਰੀ ਸ਼ਕਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਲਾਂਚ ਕੀਤੇ ਗਏ ਪਲੇਟਫਾਰਮ ਇਸਦੀ ਇੱਕ ਝਲਕ ਦਿਖਾਉਂਦੇ ਹਨ। ਪ੍ਰਧਾਨ ਮੰਤਰੀ ਨੇ ਚੋਲ ਵੰਸ਼ ਦੇ ਸਮੁੰਦਰੀ ਕੌਸ਼ਲ ਨੂੰ ਸਮਰਪਿਤ ਆਈਐੱਨਐੱਸ ਨੀਲਗਿਰੀ ਅਤੇ ਸੂਰਤ ਜੰਗੀ ਜਹਾਜ ਸਮੇਤ ਨਵੇਂ ਪਲੇਟਫਾਰਮਾਂ ਦੇ ਲਾਂਚ ਦਾ ਜ਼ਿਕਰ ਕੀਤਾ, ਜੋ ਉਸ ਯੁੱਗ ਦੀ ਯਾਦ ਦਿਵਾਉਂਦੇ ਹਨ ਜਦੋਂ ਗੁਜਰਾਤ ਦੀਆਂ ਬੰਦਰਗਾਹਾਂ ਭਾਰਤ ਨੂੰ ਪੱਛਮੀ ਏਸ਼ੀਆ ਨਾਲ ਜੋੜਦੀਆਂ ਸਨ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਪਹਿਲੀ ਪਣਡੁੱਬੀ ਕਲਵਰੀ ਦੇ ਕਮਿਸ਼ਨਿੰਗ ਤੋਂ ਬਾਅਦ ਪੀ75 ਵਰਗ ਦੀ ਛੇਵੀਂ ਵਾਘਸ਼ੀਰ ਪਣਡੁੱਬੀ ਦੇ ਕਮਿਸ਼ਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵੇਂ ਫਰੰਟੀਅਰ ਪਲੇਟਫਾਰਮ ਭਾਰਤ ਦੀ ਸੁਰੱਖਿਆ ਅਤੇ ਪ੍ਰਗਤੀ ਦੋਵਾਂ ਨੂੰ ਵਧਾਉਣਗੇ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ – “ਭਾਰਤ ਨੂੰ ਅੱਜ ਵਿਸ਼ਵ ਪੱਧਰ ’ਤੇ ਵਿਸ਼ੇਸ਼ ਰੂਪ ਨਾਲ਼ ਗਲੋਬਲ ਸਾਊਥ ਵਿੱਚ ਇੱਕ ਭਰੋਸੇਮੰਦ ਅਤੇ ਜ਼ਿੰਮੇਵਾਰ ਭਾਈਵਾਲ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ।” ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਵਿਸਤਾਰਵਾਦ ਦੀ ਨਹੀਂ ਬਲਕਿ ਵਿਕਾਸ ਦੀ ਭਾਵਨਾ ਨਾਲ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਇੱਕ ਖੁੱਲ੍ਹੇ, ਸੁਰੱਖਿਅਤ, ਸਮਾਵੇਸ਼ੀ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਟਵਰਤੀ ਦੇਸ਼ਾਂ ਦੇ ਵਿਕਾਸ ਦੀ ਗੱਲ ਆਈ ਤਾਂ ਭਾਰਤ ਨੇ ਐੱਸਏਜੀਏਆਰ (ਖੇਤਰ ਵਿੱਚ ਸਾਰਿਆਂ ਦੇ ਲਈ ਸੁਰੱਖਿਆ ਅਤੇ ਵਿਕਾਸ) ਦਾ ਮੰਤਰ ਪੇਸ਼ ਕੀਤਾ ਅਤੇ ਇਸ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧਿਆ। ਸ਼੍ਰੀ ਮੋਦੀ ਨੇ ਜੀ20 ਦੀ ਪ੍ਰਧਾਨਗੀ ਦੇ ਦੌਰਾਨ ਭਾਰਤ ਦੀ ਅਗਵਾਈ ’ਤੇ ਚਾਨਣਾ ਪਾਉਂਦੇ ਹੋਏ “ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ” ਦੇ ਮੰਤਰ ਨੂੰ ਉਤਸ਼ਾਹਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕੋਵਿਡ-19 ਦੇ ਖ਼ਿਲਾਫ਼ ਵਿਸ਼ਵਵਿਆਪੀ ਲੜਾਈ ਦੇ ਦੌਰਾਨ “ਇੱਕ ਧਰਤੀ, ਇੱਕ ਸਿਹਤ” ਦੇ ਭਾਰਤ ਦੇ ਦ੍ਰਿਸ਼ਟੀਕੋਣ ਦਾ ਵੀ ਜ਼ਿਕਰ ਕੀਤਾ, ਜੋ ਦੁਨੀਆ ਨੂੰ ਇੱਕ ਪਰਿਵਾਰ ਮੰਨਣ ਅਤੇ ਸਮਾਵੇਸ਼ੀ ਵਿਕਾਸ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਪੂਰੇ ਖੇਤਰ ਦੀ ਰੱਖਿਆ ਅਤੇ ਸੁਰੱਖਿਆ ਨੂੰ ਆਪਣੀ ਜ਼ਿੰਮੇਵਾਰੀ ਮੰਨਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਿਸ਼ਵ ਸੁਰੱਖਿਆ, ਅਰਥਵਿਵਸਥਾ ਅਤੇ ਭੂ-ਰਾਜਨੀਤਿਕ ਗਤੀਸ਼ੀਲਤਾ ਨੂੰ ਆਕਾਰ ਦੇਣ ਵਿੱਚ ਭਾਰਤ ਵਰਗੇ ਸਮੁੰਦਰੀ ਦੇਸ਼ਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ, ਖੇਤਰੀ ਜਲ ਦੀ ਸੁਰੱਖਿਆ, ਨੈਵੀਗੇਸ਼ਨ ਦੀ ਆਜ਼ਾਦੀ ਸੁਨਿਸ਼ਚਿਤ ਕਰਨ ਅਤੇ ਆਰਥਿਕ ਪ੍ਰਗਤੀ ਅਤੇ ਊਰਜਾ ਸੁਰੱਖਿਆ ਦੇ ਲਈ ਵਪਾਰ ਸਪਲਾਈ ਲਾਈਨਾਂ ਅਤੇ ਸਮੁੰਦਰੀ ਮਾਰਗਾਂ ਨੂੰ ਸੁਰੱਖਿਅਤ ਕਰਨ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਖੇਤਰ ਨੂੰ ਅੱਤਵਾਦ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਬਚਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਸਮੁੰਦਰ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾਉਣ, ਰਸਦ ਕੁਸ਼ਲਤਾ ਵਧਾਉਣ ਅਤੇ ਸ਼ਿਪਿੰਗ ਉਦਯੋਗ ਦਾ ਸਮਰਥਨ ਕਰਨ ਵਿੱਚ ਵਿਸ਼ਵਵਿਆਪੀ ਭਾਈਵਾਲ ਬਣਨ ਦੀ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੁਰਲੱਭ ਖਣਿਜਾਂ ਅਤੇ ਮੱਛੀ ਭੰਡਾਰਾਂ ਵਰਗੇ ਸਮੁੰਦਰੀ ਸੰਸਾਧਨਾਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਉਨ੍ਹਾਂ ਦੇ ਪ੍ਰਬੰਧਨ ਕਰਨ ਦੀ ਸਮਰੱਥਾ ਵਿਕਸਿਤ ਕਰਨ ਦੀ ਜ਼ਰੂਰਤ ’ਤੇ ਵੀ ਚਾਨਣਾ ਪਾਇਆ। ਨਵੇਂ ਸ਼ਿਪਿੰਗ ਮਾਰਗਾਂ ਅਤੇ ਸੰਚਾਰ ਦੇ ਸਮੁੰਦਰੀ ਮਾਰਗਾਂ ਵਿੱਚ ਨਿਵੇਸ਼ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਸ ਗੱਲ ’ਤੇ ਸੰਤੁਸ਼ਟੀ ਵਿਅਕਤ ਕਰਦੇ ਹੋਏ ਕਿ ਭਾਰਤ ਇਸ ਦਿਸ਼ਾ ਵਿੱਚ ਲਗਾਤਾਰ ਕਦਮ ਚੁੱਕ ਰਿਹਾ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਭਾਰਤ ਹਿੰਦ ਮਹਾਸਾਗਰ ਖੇਤਰ ਵਿੱਚ ਪਹਿਲੇ ਪ੍ਰਤਿਕਿਰਿਆਦਾਤਾ ਦੇ ਰੂਪ ਵਿੱਚ ਉੱਭਰਿਆ ਹੈ।” ਉਨ੍ਹਾਂ ਨੇ ਜ਼ਿਕਰ ਕੀਤਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ, ਭਾਰਤੀ ਨੌਸੈਨਾ ਨੇ ਸੈਂਕੜੇ ਲੋਕਾਂ ਦੀ ਜਾਨ ਬਚਾਈ ਹੈ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਰਗੋ ਨੂੰ ਸੁਰੱਖਿਅਤ ਕੀਤਾ ਹੈ, ਜਿਸ ਨਾਲ ਭਾਰਤ, ਭਾਰਤੀ ਨੌਸੈਨਾ ਅਤੇ ਤੱਟ ਰੱਖਿਅਕ ਬਲਾਂ ਵਿੱਚ ਵਿਸ਼ਵਵਿਆਪੀ ਵਿਸ਼ਵਾਸ ਵਧਿਆ ਹੈ। ਪ੍ਰਧਾਨ ਮੰਤਰੀ ਨੇ ਦੱਖਣ-ਪੂਰਬੀ ਏਸ਼ੀਆ (ਆਸਿਯਾਨ), ਆਸਟ੍ਰੇਲੀਆ, ਖਾੜੀ ਦੇਸ਼ਾਂ ਅਤੇ ਅਫ਼ਰੀਕੀ ਦੇਸ਼ਾਂ ਦੇ ਨਾਲ ਭਾਰਤ ਦੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਸਦਾ ਸਿਹਰਾ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੀ ਮੌਜੂਦਗੀ ਅਤੇ ਸਮਰੱਥਾਵਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਸੈਨਾ ਅਤੇ ਆਰਥਿਕ ਦੋਵਾਂ ਹੀ ਦ੍ਰਿਸ਼ਟੀਕੋਣਾਂ ਤੋਂ ਅੱਜ ਦੇ ਆਯੋਜਨ ਦੇ ਦੋਹਰੇ ਮਹੱਤਵ ’ਤੇ ਚਾਨਣਾ ਪਾਇਆ।

ਸ਼੍ਰੀ ਮੋਦੀ ਨੇ 21ਵੀਂ ਸਦੀ ਵਿੱਚ ਭਾਰਤ ਦੀਆਂ ਸੈਨਿਕ ਸਮਰੱਥਾਵਾਂ ਨੂੰ ਵਧਾਉਣ ਅਤੇ ਆਧੁਨਿਕ ਬਣਾਉਣ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਕਿਹਾ, “ਭਾਵੇਂ ਇਹ ਜ਼ਮੀਨ ਹੋਵੇ, ਪਾਣੀ ਹੋਵੇ, ਹਵਾ ਹੋਵੇ, ਡੂੰਘਾ ਸਮੁੰਦਰ ਹੋਵੇ ਜਾਂ ਅਨੰਤ ਪੁਲਾੜ ਹੋਵੇ, ਭਾਰਤ ਹਰ ਜਗ੍ਹਾ ਆਪਣੇ ਹਿੱਤਾਂ ਦੀ ਰੱਖਿਆ ਕਰ ਰਿਹਾ ਹੈ।” ਉਨ੍ਹਾਂ ਨੇ ਚੀਫ਼ ਆਵ੍ ਡਿਫੈਂਸ ਸਟਾਫ ਦੀ ਸਥਾਪਨਾ ਸਮੇਤ ਕੀਤੇ ਜਾ ਰਹੇ ਹੋਰ ਨਿਰੰਤਰ ਸੁਧਾਰਾਂ ’ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਹਥਿਆਰਬੰਦ ਬਲਾਂ ਨੂੰ ਹੋਰ ਵਧੇਰੇ ਕੁਸ਼ਲ ਬਣਾਉਣ ਦੇ ਲਈ ਥੀਏਟਰ ਕਮਾਂਡ ਦੇ ਲਾਗੂ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਹਥਿਆਰਬੰਦ ਬਲਾਂ ਦੁਆਰਾ ਆਤਮਨਿਰਭਰਤਾ ਨੂੰ ਅਪਨਾਉਣ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸੰਕਟ ਦੇ ਸਮੇਂ ਹੋਰ ਦੇਸ਼ਾਂ ’ਤੇ ਨਿਰਭਰਤਾ ਘੱਟ ਕਰਨ ਦੇ ਸ਼ਲਾਘਾਯੋਗ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੇ 5,000 ਤੋਂ ਵੱਧ ਵਸਤਾਂ ਅਤੇ ਉਪਕਰਣਾਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਦਾ ਹੁਣ ਆਯਾਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਭਾਰਤੀ ਸੈਨਿਕਾਂ ਦੁਆਰਾ ਘਰੇਲੂ ਤੌਰ ’ਤੇ ਉਤਪਾਦਤ ਉਪਕਰਣਾਂ ਦੀ ਵਰਤੋਂ ’ਤੇ ਉਨ੍ਹਾਂ ਦੇ ਵਧਦੇ ਆਤਮਵਿਸ਼ਵਾਸ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਰਨਾਟਕ ਵਿੱਚ ਦੇਸ਼ ਦੇ ਸਭ ਤੋਂ ਵੱਡੇ ਹੈਲੀਕਾਪਟਰ ਨਿਰਮਾਣ ਕਾਰਖਾਨੇ ਅਤੇ ਹਥਿਆਰਬੰਦ ਬਲਾਂ ਦੇ ਲਈ ਇੱਕ ਟ੍ਰਾਂਸਪੋਰਟ ਏਅਰਕ੍ਰਾਫਟ ਕਾਰਖਾਨੇ ਦੀ ਸਥਾਪਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਤੇਜਸ ਲੜਾਕੂ ਜਹਾਜ ਦੀਆਂ ਉਪਲਬਧੀਆਂ ਅਤੇ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਰੱਖਿਆ ਗਲਿਆਰਿਆਂ ਦੇ ਵਿਕਾਸ ’ਤੇ ਚਾਨਣਾ ਪਾਇਆ, ਜੋ ਰੱਖਿਆ ਉਤਪਾਦਨ ਵਿੱਚ ਤੇਜ਼ੀ ਲਿਆ ਰਹੇ ਹਨ। ਪ੍ਰਧਾਨ ਮੰਤਰੀ ਨੇ ਨੌਸੈਨਾ ਦੁਆਰਾ ਮੇਕ ਇਨ ਇੰਡੀਆ ਪਹਿਲ ਦੇ ਮਹੱਤਵਪੂਰਨ ਵਿਸਥਾਰ ’ਤੇ ਸੰਤੁਸ਼ਟੀ ਵਿਅਕਤ ਕੀਤੀ ਅਤੇ ਮਝਗਾਂਵ ਡੌਕਯਾਰਡ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਨੌਸੈਨਾ ਵਿੱਚ 33 ਜਹਾਜ਼ਾਂ ਅਤੇ ਸੱਤ ਪਣਡੁੱਬੀਆਂ ਨੂੰ ਸ਼ਾਮਿਲ ਕਰਨ ਦਾ ਜ਼ਿਕਰ ਕੀਤਾ, ਜਿਸ ਵਿੱਚ 40 ਵਿੱਚੋਂ 39 ਨੌਸੈਨਾ ਦੇ ਜਹਾਜਾਂ ਦਾ ਨਿਰਮਾਣ ਭਾਰਤੀ ਸ਼ਿਪਯਾਰਡਾਂ ਵਿੱਚ ਕੀਤਾ ਗਿਆ। ਇਸ ਵਿੱਚ ਸ਼ਾਨਦਾਰ ਆਈਐੱਨਐੱਸ ਵਿਕਰਾਂਤ ਏਅਰਕ੍ਰਾਫਟ ਕੈਰੀਅਰ ਅਤੇ ਆਈਐੱਨਐੱਸ ਅਰਿਹੰਤ ਅਤੇ ਆਈਐੱਨਐੱਸ ਅਰਿਘਾਟ ਵਰਗੀਆਂ ਪ੍ਰਮਾਣੂ ਪਣਡੁੱਬੀਆਂ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਅਭਿਯਾਨ ਨੂੰ ਅੱਗੇ ਵਧਾਉਣ ਦੇ ਲਈ ਹਥਿਆਰਬੰਦ ਬਲਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ ਦਾ ਰੱਖਿਆ ਉਤਪਾਦਨ 1.25 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ ਅਤੇ ਦੇਸ਼ 100 ਤੋਂ ਵੱਧ ਦੇਸ਼ਾਂ ਨੂੰ ਰੱਖਿਆ ਉਪਕਰਣ ਨਿਰਯਾਤ ਕਰ ਰਿਹਾ ਹੈ। ਉਨ੍ਹਾਂ ਨੇ ਨਿਰੰਤਰ ਸਮਰਥਨ ਦੇ ਨਾਲ ਭਾਰਤ ਦੇ ਰੱਖਿਆ ਖੇਤਰ ਵਿੱਚ ਤੇਜ਼ੀ ਨਾਲ ਬਦਲਾਅ ਦਾ ਭਰੋਸਾ ਜਤਾਇਆ।

ਸ਼੍ਰੀ ਮੋਦੀ ਨੇ ਕਿਹਾ, “ਮੇਕ ਇਨ ਇੰਡੀਆ ਪਹਿਲ ਨਾ ਸਿਰਫ਼ ਭਾਰਤ ਦੇ ਹਥਿਆਰਬੰਦ ਬਲਾਂ ਦੀਆਂ ਸਮਰੱਥਾਵਾਂ ਨੂੰ ਵਧਾ ਰਹੀ ਹੈ ਬਲਕਿ ਆਰਥਿਕ ਪ੍ਰਗਤੀ ਦੇ ਨਵੇਂ ਰਸਤੇ ਵੀ ਖੋਲ੍ਹ ਰਹੀ ਹੈ।” ਉਨ੍ਹਾਂ ਨੇ ਜਹਾਜ਼ ਨਿਰਮਾਣ ਈਕੋਸਿਸਟਮ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਜਹਾਜ਼ ਨਿਰਮਾਣ ਵਿੱਚ ਨਿਵੇਸ਼ ਕੀਤੇ ਗਏ ਹਰੇਕ ਰੁਪਏ ਦਾ ਅਰਥਵਿਵਸਥਾ ’ਤੇ ਲਗਭਗ ਦੁੱਗਣਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਵਿੱਚ ਦੇਸ਼ ਵਿੱਚ 60 ਵੱਡੇ ਜਹਾਜ਼ ਨਿਰਮਾਣਅਧੀਨ ਹਨ, ਜਿਨ੍ਹਾਂ ਦੀ ਕੀਮਤ ਲਗਭਗ 1.5 ਲੱਖ ਕਰੋੜ ਰੁਪਏ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਨਿਵੇਸ਼ ਨਾਲ਼ ਲਗਭਗ 3 ਲੱਖ ਕਰੋੜ ਰੁਪਏ ਦਾ ਆਰਥਿਕ ਸੰਚਾਲਨ ਹੋਵੇਗਾ ਅਤੇ ਰੋਜ਼ਗਾਰ ਦੇ ਮਾਮਲੇ ਵਿੱਚ ਛੇ ਗੁਣਾ ਗੁਣਾਂਕ ਪ੍ਰਭਾਵ ਪਵੇਗਾ। ਇਹ ਦੇਖਦੇ ਹੋਏ ਕਿ ਜਹਾਜ਼ ਦੇ ਜ਼ਿਆਦਾਤਰ ਹਿੱਸੇ ਘਰੇਲੂ ਐੱਮਐੱਸਐੱਮਈ ਤੋਂ ਆਉਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਜੇਕਰ ਇੱਕ ਜਹਾਜ਼ ਦਾ ਨਿਰਮਾਣ 2,000 ਕਾਮੇ ਕਰ ਰਹੇ ਹਨ, ਤਾਂ ਇਹ ਹੋਰ ਉਦਯੋਗਾਂ, ਖਾਸ ਕਰਕੇ ਐੱਮਐੱਸਐੱਮਈ ਖੇਤਰ ਵਿੱਚ ਲਗਭਗ 12,000 ਨੌਕਰੀਆਂ ਦੀ ਸਿਰਜਣਾ ਕਰਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਤੇਜ਼ ਪ੍ਰਗਤੀ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੈਨੂਫੈਕਚਰਿੰਗ ਅਤੇ ਨਿਰਯਾਤ ਸਮਰੱਥਾ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਸੈਂਕੜੇ ਨਵੇਂ ਜਹਾਜ਼ਾਂ ਅਤੇ ਕੰਟੇਨਰਾਂ ਦੀ ਜ਼ਰੂਰਤ ਦੇ ਵੱਲ ਧਿਆਨ ਦਿਵਾਇਆ। ਉਨ੍ਹਾਂ ਨੇ ਕਿਹਾ ਕਿ ਬੰਦਰਗਾਹ ਅਧਾਰਿਤ ਵਿਕਾਸ ਮਾਡਲ ਪੂਰੀ ਅਰਥਵਿਵਸਥਾ ਨੂੰ ਗਤੀ ਦੇਵੇਗਾ ਅਤੇ ਹਜ਼ਾਰਾਂ ਨਵੇਂ ਰੋਜ਼ਗਾਰ ਦੀ ਸਿਰਜਣਾ ਕਰੇਗਾ। ਸਮੁੰਦਰੀ ਖੇਤਰ ਵਿੱਚ ਵਧਦੇ ਰੋਜ਼ਗਾਰ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਨਾਵਿਕਾਂ ਦੀ ਸੰਖਿਆ 2014 ਵਿੱਚ 1,25,000 ਸੀ ਜੋ ਅੱਜ ਵਧ ਕੇ ਦੁੱਗਣੀ ਲਗਭਗ 3,00,000 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਨਾਵਿਕਾਂ ਦੀ ਸੰਖਿਆ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਿਲ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦਾ ਤੀਸਰਾ ਕਾਰਜਕਾਲ ਕਈ ਵੱਡੇ ਫੈਸਲਿਆਂ ਦੇ ਨਾਲ ਸ਼ੁਰੂ ਹੋਇਆ ਹੈ ਅਤੇ ਉਨ੍ਹਾਂ ਨੇ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਨਵੀਆਂ ਨੀਤੀਆਂ ਦੇ ਤੇਜ਼ੀ ਨਾਲ ਨਿਰਮਾਣ ਅਤੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ’ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਲਕਸ਼ ਦੇਸ਼ ਦੇ ਹਰ ਕੋਨੇ ਅਤੇ ਹਰ ਖੇਤਰ ਵਿੱਚ ਵਿਕਾਸ ਸੁਨਿਸ਼ਚਿਤ ਕਰਨਾ ਹੈ, ਜਿਸ ਵਿੱਚ ਬੰਦਰਗਾਹ ਖੇਤਰ ਦਾ ਵਿਸਥਾਰ ਇਸ ਵਿਜਨ ਦਾ ਹਿੱਸਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਤੀਸਰੇ ਕਾਰਜਕਾਲ ਵਿੱਚ ਪਹਿਲਾ ਵੱਡਾ ਫੈਸਲਾ ਮਹਾਰਾਸ਼ਟਰ ਵਿੱਚ ਵਧਾਵਨ ਬੰਦਰਗਾਹ ਨੂੰ ਮਨਜ਼ੂਰੀ ਦੇਣਾ ਸੀ। ਉਨ੍ਹਾਂ ਨੇ ਕਿਹਾ ਕਿ 75,000 ਕਰੋੜ ਰੁਪਏ ਦੇ ਨਿਵੇਸ਼ ਨਾਲ ਇਸ ਆਧੁਨਿਕ ਬੰਦਰਗਾਹ ਦਾ ਨਿਰਮਾਣ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਮਹਾਰਾਸ਼ਟਰ ਵਿੱਚ ਹਜ਼ਾਰਾਂ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।

ਸਰਹੱਦਾਂ ਅਤੇ ਸਮੁੰਦਰੀ ਤੱਟਾਂ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਦੀ ਕਨੈਕਟੀਵਿਟੀ ’ਤੇ ਪਿਛਲੇ ਦਹਾਕੇ ਵਿੱਚ ਕੀਤੇ ਗਏ ਬੇਮਿਸਾਲ ਕੰਮਾਂ ’ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਜੰਮੂ ਅਤੇ ਕਸ਼ਮੀਰ ਵਿੱਚ ਸੋਨਮਾਰਗ ਸੁਰੰਗ ਦੇ ਹਾਲ ਹੀ ਵਿੱਚ ਉਦਘਾਟਨ ਦਾ ਜ਼ਿਕਰ ਕੀਤਾ, ਜਿਸ ਨਾਲ ਕਾਰਗਿਲ ਅਤੇ ਲੱਦਾਖ ਵਰਗੇ ਸਰਹੱਦੀ ਖੇਤਰਾਂ ਤੱਕ ਆਸਾਨੀ ਨਾਲ਼ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਨੇ ਪਿਛਲੇ ਸਾਲ ਅਰੁਣਾਚਲ ਪ੍ਰਦੇਸ਼ ਵਿੱਚ ਸੇਲਾ ਸੁਰੰਗ ਦੇ ਉਦਘਾਟਨ ’ਤੇ ਟਿੱਪਣੀ ਕੀਤੀ, ਜੋ ਐੱਲਏਸੀ ਤੱਕ ਸੈਨਾ ਦੀ ਪਹੁੰਚ ਵਿੱਚ ਸੁਧਾਰ ਕਰ ਰਹੀ ਹੈ। ਉਨ੍ਹਾਂ ਨੇ ਸ਼ਿੰਕੁਨ ਲਾ ਸੁਰੰਗ ਅਤੇ ਜੋਜਿਲਾ ਸੁਰੰਗ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ’ਤੇ ਤੇਜ਼ੀ ਨਾਲ਼ ਚੱਲ ਰਹੇ ਕੰਮ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤਮਾਲਾ ਪ੍ਰੋਜੈਕਟ ਸਰਹੱਦੀ ਖੇਤਰਾਂ ਵਿੱਚ ਸ਼ਾਨਦਾਰ ਰਾਸ਼ਟਰੀ ਰਾਜਮਾਰਗਾਂ ਦਾ ਇੱਕ ਨੈੱਟਵਰਕ ਬਣਾ ਰਿਹਾ ਹੈ ਅਤੇ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਸਰਹੱਦੀ ਪਿੰਡਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਦਹਾਕੇ ਵਿੱਚ ਦੂਰ-ਦੁਰਾਡੇ ਦੇ ਟਾਪੂਆਂ ’ਤੇ ਸਰਕਾਰ ਦੇ ਫੋਕਸ ਬਾਰੇ ਚਾਨਣਾ ਪਾਇਆ, ਜਿਸ ਵਿੱਚ ਅਣ-ਆਬਾਦ ਟਾਪੂਆਂ ਦੀ ਨਿਯਮਤ ਨਿਗਰਾਨੀ ਅਤੇ ਨਾਮਕਰਨ ਸ਼ਾਮਿਲ ਹੈ। ਉਨ੍ਹਾਂ ਨੇ ਹਿੰਦ ਮਹਾਸਾਗਰ ਵਿੱਚ ਪਾਣੀ ਦੇ ਹੇਠਾਂ ਦੇ ਸਮੁੰਦਰੀ ਪਰਬਤਾਂ ਦੇ ਨਾਮਕਰਨ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚੋਂ ਪੰਜ ਸਥਾਨਾਂ ਦਾ ਨਾਮਕਰਨ ਪਿਛਲੇ ਸਾਲ ਭਾਰਤ ਦੀ ਪਹਿਲ ’ਤੇ ਇੱਕ ਅੰਤਰਰਾਸ਼ਟਰੀ ਸੰਗਠਨ ਦੁਆਰਾ ਕੀਤਾ ਗਿਆ ਸੀ। ਇਨ੍ਹਾਂ ਵਿੱਚ ਹਿੰਦ ਮਹਾਸਾਗਰ ਵਿੱਚ ਅਸ਼ੋਕ ਸੀਮਾਉਂਟ, ਹਰਸ਼ਵਰਧਨ ਸੀਮਾਉਂਟ, ਰਾਜਾ ਰਾਜਾ ਚੋਲ ਸੀਮਾਉਂਟ, ਕਲਪਤਰੂ ਰਿਜ ਅਤੇ ਚੰਦਰਗੁਪਤ ਰਿਜ ਸ਼ਾਮਿਲ ਹਨ, ਜੋ ਭਾਰਤ ਦਾ ਗੌਰਵ ਵਧਾਉਂਦੇ ਹਨ।

ਭਵਿੱਖ ਵਿੱਚ ਬਾਹਰੀ ਪੁਲਾੜ ਅਤੇ ਡੂੰਘੇ ਸਮੁੰਦਰਾਂ ਦੋਵਾਂ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਨ੍ਹਾਂ ਖੇਤਰਾਂ ਵਿੱਚ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਦੇ ਲਈ ਭਾਰਤ ਦੇ ਯਤਨਾਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਸਮੁੰਦਰਯਾਨ ਪ੍ਰੋਜੈਕਟ ’ਤੇ ਟਿੱਪਣੀ ਕੀਤੀ, ਜਿਸਦਾ ਉਦੇਸ਼ ਵਿਗਿਆਨੀਆਂ ਨੂੰ ਸਮੁੰਦਰ ਵਿੱਚ 6,000 ਮੀਟਰ ਦੀ ਡੂੰਘਾਈ ਤੱਕ ਲੈ ਜਾਣਾ ਹੈ, ਜੋ ਕਿ ਸਿਰਫ਼ ਕੁਝ ਦੇਸ਼ਾਂ ਦੁਆਰਾ ਹਾਸਿਲ ਕੀਤੀ ਗਈ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।

ਭਾਰਤ ਨੂੰ ਬਸਤੀਵਾਦ ਦੇ ਪ੍ਰਤੀਕਾਂ ਤੋਂ ਮੁਕਤ ਕਰਕੇ 21ਵੀਂ ਸਦੀ ਵਿੱਚ ਆਤਮਵਿਸ਼ਵਾਸ ਦੇ ਨਾਲ ਅੱਗੇ ਵਧਣ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਇਸ ਸਬੰਧ ਵਿੱਚ ਭਾਰਤੀ ਨੌਸੈਨਾ ਦੁਆਰਾ ਦਿਖਾਈ ਗਈ ਅਗਵਾਈ ’ਤੇ ਚਾਨਣਾ ਪਾਇਆ ਅਤੇ ਕਿਹਾ ਕਿ ਨੌਸੈਨਾ ਨੇ ਆਪਣੇ ਝੰਡੇ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਗੌਰਵਸ਼ਾਲੀ ਪਰੰਪਰਾ ਨਾਲ਼ ਜੋੜਿਆ ਹੈ ਅਤੇ ਉਸੇ ਅਨੁਸਾਰ ਐਡਮਿਰਲ ਰੈਂਕ ਦੇ ਏਪੌਲੇਟਸ ਨੂੰ ਫਿਰ ਤੋਂ ਡਿਜ਼ਾਈਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਕ ਇਨ ਇੰਡੀਆ ਪਹਿਲ ਅਤੇ ਆਤਮਨਿਰਭਰਤਾ ਦੇ ਲਈ ਅਭਿਯਾਨ ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਸ਼ਟਰ ਗੌਰਵ ਦੇ ਪਲ ਪ੍ਰਾਪਤ ਕਰਨਾ ਜਾਰੀ ਰੱਖੇਗਾ ਅਤੇ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਵਿੱਚ ਯੋਗਦਾਨ ਦੇਵੇਗਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜ਼ਿੰਮੇਵਾਰੀਆਂ ਅਲੱਗ-ਅਲੱਗ ਹੋ ਸਕਦੀਆਂ ਹਨ, ਪਰ ਲਕਸ਼ ਇੱਕ ਹੀ ਹੈ – ਵਿਕਸਿਤ ਭਾਰਤ। ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਆਪਣੀ ਗੱਲ ਦੀ ਸਮਾਪਤੀ ਕੀਤੀ ਕਿ ਅੱਜ ਪ੍ਰਾਪਤ ਕੀਤੇ ਗਏ ਨਵੇਂ ਫਰੰਟੀਅਰ ਪਲੇਟਫਾਰਮ ਰਾਸ਼ਟਰ ਦੇ ਸੰਕਲਪ ਨੂੰ ਮਜ਼ਬੂਤ ਕਰਨਗੇ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਅਵਸਰ ’ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀਪੀ ਰਾਧਾਕ੍ਰਿਸ਼ਣਨ, ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ, ਕੇਂਦਰੀ ਰੱਖਿਆ ਰਾਜ ਮੰਤਰੀ ਸ਼੍ਰੀ ਸੰਜਯ ਸੇਠ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਸ਼੍ਰੀ ਅਜੀਤ ਪਵਾਰ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।

ਪਿਛੋਕੜ

ਤਿੰਨ ਪ੍ਰਮੁੱਖ ਨੌਸੈਨਾ ਲੜਾਕੂ ਜਹਾਜਾਂ ਦੀ ਸ਼ੁਰੂਆਤ ਰੱਖਿਆ ਮੈਨੂਫੈਕਚਰਿੰਗ ਅਤੇ ਸਮੁੰਦਰੀ ਸੁਰੱਖਿਆ ਵਿੱਚ ਵਿਸ਼ਵ ਨੇਤਾ ਬਣਨ ਦੇ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਛਲਾਂਗ ਹੈ। ਪੀ15ਬੀ ਗਾਈਡੇਡ ਮਿਸਾਈਲ ਵਿਨਾਸ਼ਕ ਪ੍ਰੋਜੈਕਟ ਦਾ ਚੌਥਾ ਅਤੇ ਅੰਤਿਮ ਜਹਾਜ, ਆਈਐੱਨਐੱਸ ਸੂਰਤ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਵਿਨਾਸ਼ਕ ਜਹਾਜਾਂ ਵਿੱਚੋਂ ਇੱਕ ਹੈ। ਇਸ ਵਿੱਚ 75 ਪ੍ਰਤੀਸ਼ਤ ਸਵਦੇਸ਼ੀ ਸਮੱਗਰੀ ਹੈ ਅਤੇ ਇਹ ਅਤਿ-ਆਧੁਨਿਕ ਹਥਿਆਰ-ਸੈਂਸਰ ਪੈਕੇਜ ਅਤੇ ਉੱਨਤ ਨੈੱਟਵਰਕ-ਕੇਂਦ੍ਰਿਤ ਸਮਰੱਥਾਵਾਂ ਨਾਲ਼ ਲੈਸ ਹੈ। ਪੀ17ਏ ਸਟੀਲਥ ਫ੍ਰੀਗੇਟ ਪ੍ਰੋਜੈਕਟ ਦਾ ਪਹਿਲਾ ਜਹਾਜ ਆਈਐੱਨਐੱਸ ਨੀਲਗਿਰੀ, ਭਾਰਤੀ ਨੌਸੈਨਾ ਦੇ ਜੰਗੀ ਜਹਾਜ ਡਿਜ਼ਾਈਨ ਬਿਊਰੋ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਵਿੱਚ ਉੱਨਤ ਉੱਤਰਜੀਵਿਤਾ, ਸਮੁੰਦਰੀ ਸਮਰੱਥਾ ਅਤੇ ਗੁਪਤ ਰਹਿਣ ਦੀ ਸਮਰੱਥਾ ਦੇ ਲਈ ਉੱਨਤ ਵਿਸ਼ੇਸ਼ਤਾਵਾਂ ਸ਼ਾਮਿਲ ਹਨ, ਜੋ ਸਵਦੇਸ਼ੀ ਫ੍ਰੀਗੇਟ ਦੀ ਅਗਲੀ ਪੀੜ੍ਹੀ ਨੂੰ ਦਰਸਾਉਂਦਾ ਪੀ75 ਸਕਾਰਪੀਨ ਪ੍ਰੋਜੈਕਟ ਦੀ ਛੇਵੀਂ ਅਤੇ ਅੰਤਿਮ ਪਣਡੁੱਬੀ ਆਈਐੱਨਐੱਸ ਵਾਘਸ਼ੀਰ, ਪਣਡੁੱਬੀ ਨਿਰਮਾਣ ਵਿੱਚ ਭਾਰਤ ਦੀ ਵਧਦੀ ਮੁਹਾਰਤ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਸਦਾ ਨਿਰਮਾਣ ਫਰਾਂਸ ਦੇ ਨੌਸੈਨਾ ਸਮੂਹ ਦੇ ਸਹਿਯੋਗ ਨਾਲ ਕੀਤਾ ਗਿਆ ਹੈ।

**************

ਐੱਮਜੇਪੀਐੱਸ/ ਐੱਸਆਰ