ਕੁਵੈਤ ਰਾਜ ਦੇ ਮਹਾਮਹਿਮ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ਸੱਦੇ ‘ਤੇ, ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 21-22 ਦਸੰਬਰ 2024 ਨੂੰ ਕੁਵੈਤ ਦੀ ਸਰਕਾਰੀ ਯਾਤਰਾ ਕੀਤੀ। ਇਹ ਉਨ੍ਹਾਂ ਦੀ ਕੁਵੈਤ ਦੀ ਪਹਿਲੀ ਯਾਤਰਾ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 21 ਦਸੰਬਰ 2024 ਨੂੰ ਕੁਵੈਤ ਵਿੱਚ 26ਵੇਂ ਅਰੇਬੀਅਨ ਗਲਫ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਮਹਾਮਹਿਮ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ‘ਸਨਮਾਨਿਤ ਮਹਿਮਾਨ’ ਦੇ ਰੂਪ ਵਿੱਚ ਹਿੱਸਾ ਲਿਆ।
ਕੁਵੈਤ ਦੇ ਮਹਾਮਹਿਮ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਅਤੇ ਕੁਵੈਤ ਦੇ ਕ੍ਰਾਊਨ ਪ੍ਰਿੰਸ ਸ਼ੇਖ ਸਬਾ ਅਲ-ਖਾਹਿਦ ਅਲ-ਸਬਾਹ ਅਲ-ਹਮਦ ਅਲ-ਮੁਬਾਰਕ ਅਲ-ਸਬਾਹ ਨੇ 22 ਦਸੰਬਰ 2024 ਨੂੰ ਬਯਾਂ ਪੈਲੇਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਨੀ ਕੀਤੀ ਅਤੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਰਾਜ ਦਾ ਸਰਬਉੱਚ ਪੁਰਸਕਾਰ ‘ਆਰਡਰ ਆਵ੍ ਮੁਬਾਰਕ ਅਲ ਕਬੀਰ’ ਪ੍ਰਦਾਨ ਕਰਨ ਦੇ ਲਈ ਕੁਵੈਤ ਦੇ ਮਹਾਮਹਿਮ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ਪ੍ਰਤੀ ਆਪਣੀ ਗਹਿਰੀ ਸ਼ਲਾਘਾ ਵਿਅਕਤ ਕੀਤੀ। ਲੀਡਰਾਂ ਨੇ ਆਪਸੀ ਹਿਤ ਦੇ ਦੁਵੱਲੇ, ਆਲਮੀ, ਖੇਤਰੀ ਅਤੇ ਬਹੁਪੱਖੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਪਰੰਪਰਾਗਤ, ਗਹਿਰੇ ਅਤੇ ਦੋਸਤਾਨਾ ਦੁਵੱਲੇ ਸਬੰਧਾਂ ਅਤੇ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਗਹਿਰਾ ਕਰਨ ਦੀ ਇੱਛਾ ਨੂੰ ਦੇਖਦੇ ਹੋਏ, ਦੋਹਾਂ ਲੀਡਰਾਂ ਨੇ ਭਾਰਤ ਅਤੇ ਕੁਵੈਤ ਦੇ ਦਰਮਿਆਨ ਸਹਿਯੋਗ ਨੂੰ ‘ਰਣਨੀਤਕ ਸਾਂਝੇਦਾਰੀ’(‘Strategic Partnership’) ਦੇ ਪੱਧਰ ਤੱਕ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ। ਲੀਡਰਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਦੋਹਾਂ ਦੇਸ਼ਾਂ ਦੇ ਸਾਂਝੇ ਹਿਤਾਂ ਦੇ ਅਨੁਰੂਪ ਹੈ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਪਰਸਪਰ ਲਾਭ ਲਈ ਹੈ। ਦੋਨਾਂ ਦੇਸ਼ਾਂ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ਨਾਲ ਸਾਡੇ ਦੀਰਘਕਾਲੀ ਇਤਿਹਾਸਿਕ ਸਬੰਧਾਂ ਨੂੰ ਵਿਆਪਕ ਅਤੇ ਗਹਿਰਾ ਬਣਾਇਆ ਜਾ ਸਕੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਸਟੇਟ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਅਹਿਮਦ ਅਬਦੁੱਲ੍ਹਾ ਅਲ-ਅਹਿਮਦ ਅਲ-ਜਬਰ ਅਲ-ਮੁਬਾਰਕ ਅਲ-ਸਬਾਹ ਦੇ ਨਾਲ ਦੁਵੱਲੀ ਵਾਰਤਾ ਕੀਤੀ। ਨਵ ਸਥਾਪਿਤ ਰਣਨੀਤਕ ਸਾਂਝੇਦਾਰੀ ਦੀ ਰੋਸ਼ਨੀ ਵਿੱਚ, ਦੋਹਾਂ ਧਿਰਾਂ ਨੇ ਰਾਜਨੀਤਕ, ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਊਰਜਾ, ਸੱਭਿਆਚਾਰ, ਸਿੱਖਿਆ, ਟੈਕਨੋਲੋਜੀ ਅਤੇ ਲੋਕਾਂ ਦੇ ਆਪਸੀ ਸਬੰਧਾਂ ਸਹਿਤ ਪ੍ਰਮੁੱਖ ਖੇਤਰਾਂ ਵਿੱਚ ਵਿਆਪਕ ਅਤੇ ਵਿਵਸਥਿਤ ਸਹਿਯੋਗ ਦੇ ਜ਼ਰੀਏ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
ਦੋਹਾਂ ਧਿਰਾਂ ਨੇ ਸਾਂਝੇ ਇਤਿਹਾਸ ਅਤੇ ਸੱਭਿਆਚਾਰਕ ਸਮਾਨਤਾਵਾਂ ‘ਤੇ ਅਧਾਰਿਤ ਸਦੀਆਂ ਪੁਰਾਣੇ ਇਤਿਹਾਸਿਕ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਵਿਭਿੰਨ ਪੱਧਰਾਂ ‘ਤੇ ਨਿਯਮਿਤ ਗੱਲਬਾਤ ‘ਤੇ ਸੰਤੋਸ਼ ਵਿਅਕਤ ਕੀਤਾ, ਜਿਸ ਨੇ ਬਹੁਆਯਾਮੀ ਦੁਵੱਲੇ ਸਹਿਯੋਗ ਵਿੱਚ ਗਤੀ ਪੈਦਾ ਕਰਨ ਅਤੇ ਉਸ ਨੂੰ ਬਣਾਈ ਰੱਖਣ ਵਿੱਚ ਮਦਦ ਕੀਤੀ ਹੈ। ਦੋਹਾਂ ਧਿਰਾਂ ਨੇ ਮੰਤਰੀ ਪੱਧਰੀ ਅਤੇ ਸੀਨੀਅਰ-ਅਧਿਕਾਰੀ ਪੱਧਰਾਂ ‘ਤੇ ਨਿਯਮਿਤ ਦੁਵੱਲੇ ਅਦਾਨ-ਪ੍ਰਦਾਨ ਦੇ ਜ਼ਰੀਏ ਉੱਚ ਪੱਧਰੀ ਅਦਾਨ-ਪ੍ਰਦਾਨ ਵਿੱਚ ਹਾਲ ਦੀ ਗਤੀ ਨੂੰ ਬਣਾਈ ਰੱਖਣ ‘ਤੇ ਜ਼ੋਰ ਦਿੱਤਾ।
ਦੋਹਾਂ ਧਿਰਾਂ ਨੇ ਭਾਰਤ ਅਤੇ ਕੁਵੈਤ ਦੇ ਦਰਮਿਆਨ ਹਾਲ ਹੀ ਵਿੱਚ ਸਹਿਯੋਗ ‘ਤੇ ਸੰਯੁਕਤ ਕਮਿਸ਼ਨ (ਜੇਸੀਸੀ-JCC) ਦੀ ਸਥਾਪਨਾ ਦਾ ਸੁਆਗਤ ਕੀਤਾ। ਜੇਸੀਸੀ(JCC) ਦੋਹਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਦੇ ਸੰਪੂਰਨ ਆਯਾਮ ਦੀ ਸਮੀਖਿਆ ਅਤੇ ਨਿਗਰਾਨੀ ਕਰਨ ਦੇ ਲਈ ਇੱਕ ਸੰਸਥਾਗਤ ਵਿਵਸਥਾ ਹੋਵੇਗੀ ਅਤੇ ਇਸ ਦੀ ਅਗਵਾਈ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਕਰਨਗੇ। ਵਿਭਿੰਨ ਖੇਤਰਾਂ ਵਿੱਚ ਸਾਡੇ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਦੇ ਲਈ, ਸਿਹਤ, ਜਨਸ਼ਕਤੀ ਅਤੇ ਹਾਇਡ੍ਰੋਕਾਰਬਨਸ ‘ਤੇ ਮੌਜੂਦਾ ਜੇਡਬਲਿਊਜੀਜ਼(JWGs) ਦੇ ਇਲਾਵਾ ਵਪਾਰ, ਨਿਵੇਸ਼, ਸਿੱਖਿਆ ਅਤੇ ਕੌਸ਼ਲ ਵਿਕਾਸ, ਸਾਇੰਸ ਅਤੇ ਟੈਕਨੋਲੋਜੀ, ਸੁਰੱਖਿਆ ਅਤੇ ਆਤੰਕਵਾਦ-ਰੋਧੀ, ਖੇਤੀਬਾੜੀ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਨਵੇਂ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀਜ਼- JWGs) ਸਥਾਪਿਤ ਕੀਤੇ ਗਏ ਹਨ। ਦੋਹਾਂ ਧਿਰਾਂ ਨੇ ਜਲਦੀ ਤੋਂ ਜਲਦੀ ਜੇਸੀਸੀ (JCC) ਅਤੇ ਇਸ ਦੇ ਤਹਿਤ ਜੇਡਬਲਿਊਜੀਜ਼ (JWGs) ਦੀਆਂ ਬੈਠਕਾਂ ਆਯੋਜਿਤ ਕਰਨ ‘ਤੇ ਜ਼ੋਰ ਦਿੱਤਾ।
ਦੋਹਾਂ ਧਿਰਾਂ ਨੇ ਕਿਹਾ ਕਿ ਵਪਾਰ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ ਸਥਾਈ ਕੜੀ (enduring link) ਰਿਹਾ ਹੈ ਅਤੇ ਦੁਵੱਲੇ ਵਪਾਰ ਵਿੱਚ ਹੋਰ ਵਾਧਾ ਅਤੇ ਵਿਵਿਧੀਕਰਣ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਾਰੋਬਾਰੀ ਵਫ਼ਦਾਂ (business delegations) ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਅਤੇ ਸੰਸਥਾਗਤ ਸਬੰਧਾਂ(institutional linkages) ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ।
ਇਹ ਮੰਨਦੇ ਹੋਏ ਕਿ ਭਾਰਤੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਉੱਭਰਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਕੁਵੈਤ ਦੀ ਮਹੱਤਵਪੂਰਨ ਨਿਵੇਸ਼ ਸਮਰੱਥਾ ਨੂੰ ਸਵੀਕਾਰ ਕਰਦੇ ਹੋਏ, ਦੋਹਾਂ ਧਿਰਾਂ ਨੇ ਭਾਰਤ ਵਿੱਚ ਨਿਵੇਸ਼ ਦੇ ਵਿਭਿੰਨ ਅਵਸਰਾਂ ‘ਤੇ ਚਰਚਾ ਕੀਤੀ। ਕੁਵੈਤੀ ਧਿਰ ਨੇ ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ ਦੇ ਲਈ ਅਨੁਕੂਲ ਵਾਤਾਵਰਣ ਬਣਾਉਣ ਵਿੱਚ ਭਾਰਤ ਦੁਆਰਾ ਉਠਾਏ ਗਏ ਕਦਮਾਂ ਦਾ ਸੁਆਗਤ ਕੀਤਾ ਅਤੇ ਟੈਕਨੋਲੋਜੀ, ਟੂਰਿਜ਼ਮ, ਸਿਹਤ ਸੰਭਾਲ਼, ਖੁਰਾਕ-ਸੁਰੱਖਿਆ, ਲੌਜਿਸਟਿਕਸ ਸਹਿਤ ਵਿਭਿੰਨ ਖੇਤਰਾਂ ਵਿੱਚ ਨਿਵੇਸ਼ ਦੇ ਅਵਸਰਾਂ ਦਾ ਪਤਾ ਲਗਾਉਣ ਵਿੱਚ ਰੁਚੀ ਵਿਅਕਤ ਕੀਤੀ। ਉਨ੍ਹਾਂ ਨੇ ਕੁਵੈਤ ਦੇ ਨਿਵੇਸ਼ ਅਧਿਕਾਰੀਆਂ ਅਤੇ ਭਾਰਤੀ ਸੰਸਥਾਵਾਂ, ਕੰਪਨੀਆਂ ਅਤੇ ਫੰਡਾਂ ਦੇ ਦਰਮਿਆਨ ਨਿਕਟ ਅਤੇ ਅਧਿਕ ਜੁੜਾਅ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਅਤੇ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਸਬੰਧਿਤ ਅਧਿਕਾਰੀਆਂ ਨੂੰ ਦੁਵੱਲੀ ਨਿਵੇਸ਼ ਸੰਧੀ ‘ਤੇ ਚਲ ਰਹੀ ਗੱਲਬਾਤ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਪੂਰਾ ਕਰਨ ਦਾ ਭੀ ਨਿਰਦੇਸ਼ ਦਿੱਤਾ।
ਦੋਹਾਂ ਧਿਰਾਂ ਨੇ ਊਰਜਾ ਖੇਤਰ ਵਿੱਚ ਆਪਣੀ ਦੁਵੱਲੀ ਸਾਂਝੇਦਾਰੀ ਨੂੰ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਦੁਵੱਲੇ ਊਰਜਾ ਵਪਾਰ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ, ਉਹ ਇਸ ਬਾਤ ‘ਤੇ ਸਹਿਮਤ ਹੋਏ ਕਿ ਇਸ ਨੂੰ ਹੋਰ ਵਧਾਉਣ ਦੀ ਸਮਰੱਥਾ ਮੌਜੂਦ ਹੈ। ਉਨ੍ਹਾਂ ਨੇ ਸਹਿਯੋਗ ਨੂੰ ਖਰੀਦਦਾਰ-ਵਿਕ੍ਰੇਤਾ ਸਬੰਧਾਂ ਤੋਂ ਅੱਗੇ ਅਪਸਟ੍ਰੀਮ ਅਤੇ ਡਾਊਨਸਟ੍ਰੀਮ ਸੈਕਟਰਾਂ ਵਿੱਚ ਅਧਿਕ ਸਹਿਯੋਗ ਦੇ ਨਾਲ ਵਿਆਪਕ ਸਾਂਝੇਦਾਰੀ ਵਿੱਚ ਬਦਲਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਦੋਹਾਂ ਧਿਰਾਂ ਨੇ ਤੇਲ ਅਤੇ ਗੈਸ ਦੀ ਖੋਜ ਅਤੇ ਉਤਪਾਦਨ, ਰਿਫਾਇਨਿੰਗ, ਇੰਜੀਨੀਅਰਿੰਗ ਸੇਵਾਵਾਂ, ਪੈਟਰੋਕੈਮੀਕਲ ਉਦਯੋਗਾਂ, ਨਵੀਂ ਅਤੇ ਅਖੁੱਟ ਊਰਜਾ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਲਈ ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਸਮਰਥਨ ਦੇਣ ਦੀ ਇੱਛਾ ਵਿਅਕਤ ਕੀਤੀ। ਦੋਹਾਂ ਧਿਰਾਂ ਨੇ ਭਾਰਤ ਦੇ ਰਣਨੀਤਕ ਪੈਟਰੋਲੀਅਮ ਰਿਜ਼ਰਵ ਪ੍ਰੋਗਰਾਮ (India’s Strategic Petroleum Reserve Programme) ਵਿੱਚ ਕੁਵੈਤ ਦੀ ਭਾਗੀਦਾਰੀ ‘ਤੇ ਚਰਚਾ ਕਰਨ ‘ਤੇ ਭੀ ਸਹਿਮਤੀ ਵਿਅਕਤ ਕੀਤੀ।
ਦੋਹਾਂ ਧਿਰਾਂ ਨੇ ਇਸ ਬਾਤ ‘ਤੇ ਸਹਿਮਤੀ ਵਿਅਕਤ ਕੀਤੀ ਕਿ ਰੱਖਿਆ, ਭਾਰਤ ਅਤੇ ਕੁਵੈਤ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਘਟਕ ਹੈ। ਦੋਹਾਂ ਧਿਰਾਂ ਨੇ ਰੱਖਿਆ ਦੇ ਖੇਤਰ ਵਿੱਚ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ ਜੋ ਸੰਯੁਕਤ ਮਿਲਿਟਰੀ ਅਭਿਆਸ, ਰੱਖਿਆ ਕਰਮੀਆਂ ਦੀ ਟ੍ਰੇਨਿੰਗ, ਤਟਵਰਤੀ ਰੱਖਿਆ, ਸਮੁੰਦਰੀ ਸੁਰੱਖਿਆ, ਰੱਖਿਆ ਉਪਕਰਣਾਂ ਦੇ ਸੰਯੁਕਤ ਵਿਕਾਸ ਅਤੇ ਉਤਪਾਦਨ ਸਹਿਤ ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਜ਼ਰੂਰੀ ਰੂਪਰੇਖਾ ਪ੍ਰਦਾਨ ਕਰੇਗਾ।
ਦੋਹਾਂ ਧਿਰਾਂ ਨੇ ਸੀਮਾ ਪਾਰ ਆਤੰਕਵਾਦ ਸਹਿਤ ਆਤੰਕਵਾਦ ਦੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਦੀ ਸਪਸ਼ਟ ਤੌਰ ‘ਤੇ ਨਿੰਦਾ ਕੀਤੀ ਅਤੇ ਆਤੰਕਵਾਦ ਦੇ ਵਿੱਤ ਪੋਸ਼ਣ ਨੈੱਟਵਰਕ ਅਤੇ ਸੁਰੱਖਿਅਤ ਠਿਕਾਣਿਆਂ ਨੂੰ ਰੋਕਣ ਅਤੇ ਆਤੰਕੀ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਦਾ ਸੱਦਾ ਦਿੱਤਾ। ਸੁਰੱਖਿਆ ਦੇ ਖੇਤਰ ਵਿੱਚ ਵਰਤਮਾਨ ਵਿੱਚ ਚਲ ਰਹੇ ਦੁਵੱਲੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ, ਦੋਹਾਂ ਧਿਰਾਂ ਨੇ ਆਤੰਕਵਾਦ-ਰੋਧੀ ਅਭਿਯਾਨਾਂ, ਸੂਚਨਾ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ, ਅਨੁਭਵਾਂ, ਬਿਹਤਰੀਨ ਪਿਰਤਾਂ ਅਤੇ ਟੈਕਨੋਲੋਜੀਆਂ ਦੇ ਵਿਕਾਸ ਅਤੇ ਅਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਵਿੱਚ ਸਹਿਯੋਗ ਵਧਾਉਣ ਅਤੇ ਕਾਨੂੰਨ ਲਾਗੂਕਰਨ, ਐਂਟੀ-ਮਨੀ ਲਾਂਡਰਿੰਗ(ਮਨੀ ਲਾਂਡਰਿੰਗ ਵਿਰੋਧੀ), ਮਾਦਕ ਪਦਾਰਥਾਂ ਦੀ ਤਸਕਰੀ ਅਤੇ ਹੋਰ ਅੰਤਰਰਾਸ਼ਟਰੀ ਅਪਰਾਧਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਦੋਹਾਂ ਧਿਰਾਂ ਨੇ ਸਾਇਬਰ ਸੁਰੱਖਿਆ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਤਰੀਕਿਆਂ ਅਤੇ ਉਪਾਵਾਂ ‘ਤੇ ਚਰਚਾ ਕੀਤੀ, ਜਿਸ ਵਿੱਚ ਆਤੰਕਵਾਦ, ਕੱਟੜਪੰਥੀ ਅਤੇ ਸਮਾਜਿਕ ਸਦਭਾਵ ਨੂੰ ਵਿਗਾੜਨ ਦੇ ਲਈ ਸਾਇਬਰਸਪੇਸ ਦੇ ਉਪਯੋਗ ਦੀ ਰੋਕਥਾਮ ਸ਼ਾਮਲ ਹੈ। ਭਾਰਤੀ ਧਿਰ ਨੇ “ਆਤੰਕਵਾਦ ਦਾ ਮੁਕਾਬਲਾ ਕਰਨ ਅਤੇ ਸੀਮਾ ਸੁਰੱਖਿਆ ਦੇ ਲਈ ਸੁਦ੍ਰਿੜ੍ਹ ਤੰਤਰ ਬਣਾਉਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਵਧਾਉਣ- ਦੁਸ਼ਾਂਬੇ ਪ੍ਰਕਿਰਿਆ ਦਾ ਕੁਵੈਤ ਪੜਾਅ” ‘ਤੇ ਚੌਥੇ ਉੱਚ ਪੱਧਰੀ ਸੰਮੇਲਨ ਦੇ ਪਰਿਣਾਮਾਂ ਦੀ ਪ੍ਰਸ਼ੰਸਾ ਕੀਤੀ, ਜਿਸ ਨੂੰ 4-5 ਨਵੰਬਰ, 2024 ਨੂੰ ਕੁਵੈਤ ਰਾਜ ਦੁਆਰਾ ਆਯੋਜਿਤ ਕੀਤਾ ਗਿਆ ਸੀ।
ਦੋਹਾਂ ਧਿਰਾਂ ਨੇ ਸਿਹਤ ਸਹਿਯੋਗ ਨੂੰ ਦੁਵੱਲੇ ਸਬੰਧਾਂ ਦੇ ਮਹੱਤਵਪੂਰਨ ਥੰਮ੍ਹਾਂ ਵਿੱਚੋਂ ਇੱਕ ਦੇ ਰੂਪ ਵਿੱਚ ਸਵੀਕਾਰ ਕੀਤਾ ਅਤੇ ਇਸ ਮਹੱਤਵਪੂਰਨ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ। ਦੋਹਾਂ ਧਿਰਾਂ ਨੇ ਕੋਵਿਡ-19 ਮਹਾਮਾਰੀ(COVID- 19 pandemic) ਦੇ ਦੌਰਾਨ ਦੁਵੱਲੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕੁਵੈਤ ਵਿੱਚ ਇੰਡੀਅਨ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਪਲਾਂਟ ਸਥਾਪਿਤ ਕਰਨ ਦੀ ਸੰਭਾਵਨਾ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਡਰੱਗ ਰੈਗੂਲੇਟਰੀ ਅਥਾਰਿਟੀਆਂ ਦੇ ਦਰਮਿਆਨ ਸਹਿਮਤੀ ਪੱਤਰ ‘ਤੇ ਚਲ ਰਹੀਆਂ ਚਰਚਾਵਾਂ ਵਿੱਚ ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਇੱਛਾ ਭੀ ਵਿਅਕਤ ਕੀਤੀ।
ਦੋਹਾਂ ਧਿਰਾਂ ਨੇ ਉੱਭਰਦੀਆਂ ਟੈਕਨੋਲੋਜੀਆਂ, ਸੈਮੀਕੰਡਕਟਰਸ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਸਹਿਤ ਟੈਕਨੋਲੋਜੀ ਦੇ ਖੇਤਰ ਵਿੱਚ ਗਹਿਨ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਰੁਚੀ ਵਿਅਕਤ ਕੀਤੀ। ਉਨ੍ਹਾਂ ਨੇ ਬੀ2ਬੀ ਸਹਿਯੋਗ (B2B cooperation) ਦਾ ਪਤਾ ਲਗਾਉਣ, ਈ-ਗਵਰਨੈਂਸ ਨੂੰ ਅੱਗੇ ਵਧਾਉਣ ਅਤੇ ਇਲੈਕਟ੍ਰੌਨਿਕਸ ਅਤੇ ਆਈਟੀ ਖੇਤਰ (electronics and IT sector) ਵਿੱਚ ਨੀਤੀਆਂ ਅਤੇ ਰੈਗੂਲੇਸ਼ਨਸ ਵਿੱਚ ਦੋਹਾਂ ਦੇਸ਼ਾਂ ਦੇ ਉਦੋਯਗਾਂ/ਕੰਪਨੀਆਂ ਦੀ ਸੁਵਿਧਾ ਦੇ ਲਈ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ।
ਕੁਵੈਤੀ ਧਿਰ ਨੇ ਭਾਰਤ ਦੇ ਨਾਲ ਖੁਰਾਕ-ਸੁਰੱਖਿਆ (food-security) ਸੁਨਿਸ਼ਚਿਤ ਕਰਨ ਦੇ ਲਈ ਸਹਿਯੋਗ ਵਿੱਚ ਭੀ ਰੁਚੀ ਵਿਅਕਤ ਕੀਤੀ। ਦੋਹਾਂ ਧਿਰਾਂ ਨੇ ਭਾਰਤ ਦੇ ਫੂਡ ਪਾਰਕਾਂ ਵਿੱਚ ਕੁਵੈਤੀ ਕੰਪਨੀਆਂ ਦੁਆਰਾ ਨਿਵੇਸ਼ ਸਹਿਤ ਸਹਿਯੋਗ ਦੇ ਵਿਭਿੰਨ ਤਰੀਕਿਆਂ ‘ਤੇ ਚਰਚਾ ਕੀਤੀ।
ਭਾਰਤੀ ਧਿਰ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ- ISA) ਦਾ ਮੈਂਬਰ ਬਣਨ ਦੇ ਕੁਵੈਤ ਦੇ ਫ਼ੈਸਲੇ ਦਾ ਸੁਆਗਤ ਕੀਤਾ, ਜੋ ਕਾਰਬਨ ਦੇ ਘੱਟ ਉਤਸਰਜਨ ਨਾਲ ਜੁੜੇ ਤਰੀਕਿਆਂ ਨੂੰ ਵਿਕਸਿਤ ਕਰਨ ਅਤੇ ਤੈਨਾਤ ਕਰਨ ਅਤੇ ਟਿਕਾਊ ਊਰਜਾ ਸਮਾਧਾਨਾਂ ਨੂੰ ਹੁਲਾਰਾ ਦੇਣ ਵਿੱਚ ਸਹਿਯੋਗ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਦੋਨੋਂ ਧਿਰਾਂ ਆਈਐੱਸਏ (ISA) ਦੇ ਤਹਿਤ ਦੁਨੀਆ ਭਰ ਵਿੱਚ ਸੋਲਰ ਐਨਰਜੀ ਦੀ ਸਥਾਪਨਾ ਵਧਾਉਣ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋਏ।
ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦੇ ਸਿਵਲ ਏਵੀਏਸ਼ਨ ਅਧਿਕਾਰੀਆਂ ਦੇ ਦਰਮਿਆਨ ਹਾਲ ਦੀਆਂ ਬੈਠਕਾਂ ਦਾ ਉਲੇਖ ਕੀਤਾ। ਦੋਹਾਂ ਧਿਰਾਂ ਨੇ ਦੁਵੱਲੀਆਂ ਉਡਾਣ ਸੀਟ ਸਮਰੱਥਾਵਾਂ (bilateral flight seat capacities) ਦੇ ਵਾਧੇ ਅਤੇ ਸਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਜਲਦੀ ਹੀ ਪਰਸਪਰ ਤੌਰ ‘ਤੇ ਸਵੀਕਾਰਯੋਗ ਸਮਾਧਾਨ ਤੱਕ ਪਹੁੰਚਣ ਦੇ ਲਈ ਚਰਚਾ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ।
2025-2029 ਦੇ ਲਈ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ-CEP) ਦੇ ਨਵੀਨੀਕਰਣ ਦੀ ਸ਼ਲਾਘਾ ਕਰਦੇ ਹੋਏ, ਜੋ ਕਲਾ, ਸੰਗੀਤ ਅਤੇ ਸਾਹਿਤ ਉਤਸਵਾਂ ਵਿੱਚ ਅਧਿਕ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰੇਗਾ, ਦੋਹਾਂ ਧਿਰਾਂ ਨੇ ਲੋਕਾਂ ਦੇ ਦਰਮਿਆਨ ਆਪਸੀ ਸੰਪਰਕ ਵਧਾਉਣ ਅਤੇ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
ਦੋਹਾਂ ਧਿਰਾਂ ਨੇ 2025-2028 ਦੇ ਲਈ ਖੇਡਾਂ ਦੇ ਖੇਤਰ ਵਿੱਚ ਸਹਿਯੋਗ ‘ਤੇ ਕਾਰਜਕਾਰੀ ਪ੍ਰੋਗਰਾਮ (Executive Program) ‘ਤੇ ਹਸਤਾਖਰ ਕੀਤੇ ਜਾਣ ‘ਤੇ ਸੰਤੋਸ਼ ਵਿਅਕਤ ਕੀਤਾ, ਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਖਿਡਾਰੀਆਂ ਦੇ ਆਪਸੀ ਅਦਾਨ-ਪ੍ਰਦਾਨ ਅਤੇ ਦੌਰੇ , ਵਰਕਸ਼ਾਪਾਂ, ਸੈਮੀਨਾਰਾਂ ਅਤੇ ਸੰਮੇਲਨਾਂ ਦੇ ਆਯੋਜਨ, ਖੇਡ ਪ੍ਰਕਾਸ਼ਨਾਂ ਦੇ ਅਦਾਨ-ਪ੍ਰਦਾਨ ਸਹਿਤ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰੇਗਾ।
ਦੋਹਾਂ ਧਿਰਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਿੱਖਿਆ ਸਹਿਯੋਗ ਦਾ ਇੱਕ ਮਹੱਤਵਪੂਰਨ ਖੇਤਰ ਹੈ, ਜਿਸ ਵਿੱਚ ਦੋਹਾਂ ਦੇਸ਼ਾਂ ਦੀਆਂ ਉਚੇਰੀ ਵਿੱਦਿਅਕ ਸੰਸਥਾਵਾਂ ਦੇ ਦਰਮਿਆਨ ਸੰਸਥਾਗਤ ਸਬੰਧਾਂ ਅਤੇ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਦੋਹਾਂ ਧਿਰਾਂ ਨੇ ਐਜੂਕੇਸ਼ਨਲ ਟੈਕਨੋਲੋਜੀ ‘ਤੇ ਸਹਿਯੋਗ ਕਰਨ ਅਤੇ ਐਜੂਕੇਸ਼ਨਲ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੇ ਲਈ ਔਨਲਾਇਨ ਲਰਨਿੰਗ ਪਲੈਟਫਾਰਮਾਂ ਅਤੇ ਡਿਜੀਟਲ ਲਾਇਬ੍ਰੇਰੀਆਂ ਦੇ ਅਵਸਰਾਂ ਦੀ ਖੋਜ ਕਰਨ ਵਿੱਚ ਭੀ ਰੁਚੀ ਵਿਅਕਤ ਕੀਤੀ।
ਸ਼ੇਖ ਸਊਦ ਅਲ ਨਾਸਿਰ ਅਲ ਸਬਾਹ ਕੁਵੈਤੀ ਡਿਪਲੋਮੈਟਿਕ ਇੰਸਟੀਟਿਊਟ ਅਤੇ ਸੁਸ਼ਮਾ ਸਵਰਾਜ ਇੰਸਟੀਟਿਊਟ ਆਵ੍ ਫੌਰੇਨ ਸਰਵਿਸ (ਐੱਸਐੱਸਆਈਐੱਫਐੱਸ- SSIFS) ਦੇ ਦਰਮਿਆਨ ਸਹਿਮਤੀ ਪੱਤਰ ਦੇ ਤਹਿਤ ਗਤੀਵਿਧੀਆਂ ਦੇ ਹਿੱਸੇ ਦੇ ਰੂਪ ਵਿੱਚ, ਦੋਹਾਂ ਧਿਰਾਂ ਨੇ ਨਵੀਂ ਦਿੱਲੀ ਦੇ ਐੱਸਐੱਸਆਈਐੱਫਐੱਸ (SSIFS) ਵਿੱਚ ਕੁਵੈਤ ਦੇ ਡਿਪਲੋਮੈਟਾਂ ਅਤੇ ਅਧਿਕਾਰੀਆਂ ਦੇ ਲਈ ਵਿਸ਼ੇਸ਼ ਪਾਠਕ੍ਰਮ ਆਯੋਜਿਤ ਕਰਨ ਦੇ ਪ੍ਰਸਤਾਵ ਦਾ ਸੁਆਗਤ ਕੀਤਾ।
ਦੋਹਾਂ ਧਿਰਾਂ ਨੇ ਸਵੀਕਾਰ ਕੀਤਾ ਕਿ ਸਦੀਆਂ ਪੁਰਾਣੇ ਲੋਕਾਂ ਦੇ ਦਰਮਿਆਨ ਆਪਸੀ ਸਬੰਧ (people-to-people ties) ਇਤਿਹਾਸਿਕ ਭਾਰਤ-ਕੁਵੈਤ ਸਬੰਧਾਂ ਦੇ ਇੱਕ ਮੂਲਭੂਤ ਥੰਮ੍ਹ ਦੀ ਪ੍ਰਤੀਨਿਧਤਾ ਕਰਦੇ ਹਨ। ਕੁਵੈਤੀ ਲੀਡਰਸ਼ਿਪ ਨੇ ਆਪਣੇ ਦੇਸ਼ ਦੀ ਪ੍ਰਗਤੀ ਅਤੇ ਵਿਕਾਸ ਦੇ ਲਈ ਕੁਵੈਤ ਵਿੱਚ ਭਾਰਤੀ ਸਮੁਦਾਇ ਦੁਆਰਾ ਨਿਭਾਈ ਗਈ ਭੂਮਿਕਾ ਅਤੇ ਯੋਗਦਾਨ ਦੇ ਲਈ ਗਹਿਰੀ ਪ੍ਰਸ਼ੰਸਾ ਵਿਅਕਤ ਕੀਤੀ, ਇਸ ਬਾਤ ਦਾ ਉਲੇਖ ਕਰਦੇ ਹੋਏ ਕਿ ਕੁਵੈਤ ਵਿੱਚ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਸ਼ਾਂਤੀਪੂਰਨ ਅਤੇ ਮਿਹਨਤੀ ਸੁਭਾਅ ਦੇ ਲਈ ਬਹੁਤ ਸਨਮਾਨ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਵਿੱਚ ਬੜੇ ਅਤੇ ਜੀਵੰਤ ਭਾਰਤੀ ਸਮੁਦਾਇ ਦੇ ਕਲਿਆਣ ਅਤੇ ਭਲਾਈ ਨੂੰ ਸੁਨਿਸ਼ਚਿਤ ਕਰਨ ਦੇ ਲਈ ਕੁਵੈਤ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ।
ਦੋਹਾਂ ਧਿਰਾਂ ਨੇ ਜਨਸ਼ਕਤੀ ਗਤੀਸ਼ੀਲਤਾ ਅਤੇ ਮਾਨਵ ਸੰਸਾਧਨ (manpower mobility and human resources) ਦੇ ਖੇਤਰ ਵਿੱਚ ਦੀਰਘਕਾਲੀ ਅਤੇ ਇਤਿਹਾਸਿਕ ਸਹਿਯੋਗ ਦੀ ਗਹਿਰਾਈ ਅਤੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਹਾਂ ਧਿਰਾਂ ਨੇ ਪ੍ਰਵਾਸੀਆਂ, ਕਿਰਤ ਗਤੀਸ਼ੀਲਤਾ ਅਤੇ ਆਪਸੀ ਹਿਤਾਂ ਨਾਲ ਜੁੜੇ ਮੁੱਦਿਆਂ (expatriates, labour mobility and matters of mutual interest) ‘ਤੇ ਧਿਆਨ ਦੇਣ ਦੇ ਲਈ ਕਾਂਸੁਲਰ ਵਾਰਤਾ(Consular Dialogue) ਦੇ ਨਾਲ-ਨਾਲ ਕਿਰਤ ਅਤੇ ਜਨਸ਼ਕਤੀ ਵਾਰਤਾ (Labour and Manpower Dialogue) ਦੀਆਂ ਨਿਯਮਿਤ ਬੈਠਕਾਂ ਆਯੋਜਿਤ ਕਰਨ ‘ਤੇ ਸਹਿਮਤੀ ਜਤਾਈ।
ਦੋਹਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਮੰਚਾਂ (UN and other multilateral fora) ‘ਤੇ ਦੋਹਾਂ ਧਿਰਾਂ ਦੇ ਦਰਮਿਆਨ ਉਤਕ੍ਰਿਸ਼ਟ ਤਾਲਮੇਲ ਦੀ ਸ਼ਲਾਘਾ ਕੀਤੀ। ਭਾਰਤੀ ਧਿਰ ਨੇ 2023 ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ-SCO) ਦੀ ਭਾਰਤ ਦੀ ਪ੍ਰਧਾਨਗੀ (India’s Presidency) ਦੇ ਦੌਰਾਨ ਐੱਸਸੀਓ (SCO) ਵਿੱਚ ‘ਸੰਵਾਦ ਭਾਗੀਦਾਰ’(‘dialogue partner’) ਦੇ ਰੂਪ ਵਿੱਚ ਕੁਵੈਤ ਦੇ ਪ੍ਰਵੇਸ਼ ਦਾ ਸੁਆਗਤ ਕੀਤਾ। ਭਾਰਤੀ ਧਿਰ ਨੇ ਏਸ਼ਿਆਈ ਸਹਿਯੋਗ ਵਾਰਤਾ (ਏਸੀਡੀ- ACD) ਵਿੱਚ ਕੁਵੈਤ ਦੀ ਸਰਗਰਮ ਭੂਮਿਕਾ ਦੀ ਭੀ ਸ਼ਲਾਘਾ ਕੀਤੀ। ਕੁਵੈਤੀ ਧਿਰ ਨੇ ਏਸੀਡੀ (ACD) ਨੂੰ ਇੱਕ ਖੇਤਰੀ ਸੰਗਠਨ ਵਿੱਚ ਬਦਲਣ ਦੀ ਸੰਭਾਵਨਾ ਤਲਾਸ਼ਣ ਦੇ ਲਈ ਜ਼ਰੂਰੀ ਪ੍ਰਯਾਸ ਕਰਨ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਵਰ੍ਹੇ ਕੁਵੈਤ ਦੁਆਰਾ ਜੀਸੀਸੀ ਦੀ ਪ੍ਰਧਾਨਗੀ (Presidency of GCC) ਗ੍ਰਹਿਣ ਕਰਨ ‘ਤੇ ਮਹਾਮਹਿਮ ਅਮੀਰ ਨੂੰ ਵਧਾਈਆਂ ਦਿੱਤੀਆਂ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਉਨ੍ਹਾਂ ਦੀ ਦੂਰਦਰਸ਼ੀ ਲੀਡਰਸ਼ਿਪ ਵਿੱਚ ਭਾਰਤ-ਜੀਸੀਸੀ ਦੇ ਦਰਮਿਆਨ ਵਧਦਾ ਸਹਿਯੋਗ (growing India-GCC cooperation) ਹੋਰ ਮਜ਼ਬੂਤ ਹੋਵੇਗਾ। ਦੋਹਾਂ ਧਿਰਾਂ ਨੇ 9 ਸਤੰਬਰ 2024 ਨੂੰ ਰਿਯਾਦ ਵਿੱਚ ਆਯੋਜਿਤ ਵਿਦੇਸ਼ ਮੰਤਰੀ ਪੱਧਰ ਦੀ ਰਣਨੀਤਕ ਵਾਰਤਾ ਦੇ ਲਈ ਪਹਿਲੀ ਭਾਰਤ-ਜੀਸੀਸੀ ਸੰਯੁਕਤ ਮੰਤਰੀ ਪੱਧਰੀ ਬੈਠਕ ਦੇ ਪਰਿਣਾਮਾਂ ਦਾ ਸੁਆਗਤ ਕੀਤਾ। ਜੀਸੀਸੀ ਦੇ ਵਰਤਮਾਨ ਪ੍ਰਧਾਨ (current Chair of GCC) ਦੇ ਰੂਪ ਵਿੱਚ ਕੁਵੈਤੀ ਧਿਰ ਨੇ ਸਿਹਤ, ਵਪਾਰ, ਸੁਰੱਖਿਆ, ਖੇਤੀਬਾੜੀ ਅਤੇ ਖੁਰਾਕ ਸੁਰੱਖਿਆ, ਟ੍ਰਾਂਸਪੋਰਟੇਸ਼ਨ, ਐਨਰਜੀ, ਸੱਭਿਆਚਾਰ ਆਦਿ ਜਿਹੇ ਖੇਤਰਾਂ ਵਿੱਚ ਹਾਲ ਹੀ ਵਿੱਚ ਅਪਣਾਈ ਗਈ ਸੰਯੁਕਤ ਕਾਰਜ ਯੋਜਨਾ (Joint Action Plan) ਦੇ ਤਹਿਤ ਭਾਰਤ-ਜੀਸੀਸੀ ਸਹਿਯੋਗ ਨੂੰ ਗਹਿਰਾ ਕਰਨ ਦੇ ਲਈ ਪੂਰਨ ਸਮਰਥਨ ਦਾ ਭਰੋਸਾ ਦਿੱਤਾ। ਦੋਹਾਂ ਧਿਰਾਂ ਨੇ ਭਾਰਤ-ਜੀਸੀਸੀ ਮੁਕਤ ਵਪਾਰ ਸਮਝੌਤੇ (India-GCC Free Trade Agreement) ਨੂੰ ਜਲਦੀ ਪੂਰਾ ਕਰਨ ਦੇ ਮਹੱਤਵ ‘ਤੇ ਭੀ ਬਲ ਦਿੱਤਾ।
ਸੰਯੁਕਤ ਰਾਸ਼ਟਰ ਸੁਧਾਰਾਂ ਦੇ ਸੰਦਰਭ ਵਿੱਚ, ਦੋਹਾਂ ਲੀਡਰਾਂ ਨੇ ਆਲਮੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਇੱਕ ਮਹੱਤਵਪੂਰਨ ਕਾਰਕ ਦੇ ਰੂਪ ਵਿੱਚ ਸਮਕਾਲੀਨ ਹਕੀਕਤਾਂ ਨੂੰ ਪ੍ਰਤੀਬਿੰਬਿਤ ਕਰਨ ਵਾਲੇ ਸੰਯੁਕਤ ਰਾਸ਼ਟਰ ‘ਤੇ ਕੇਂਦ੍ਰਿਤ ਇੱਕ ਪ੍ਰਭਾਵੀ ਬਹੁਪੱਖੀ ਪ੍ਰਣਾਲੀ (effective multilateral system) ਦੇ ਮਹੱਤਵ ‘ਤੇ ਜ਼ੋਰ ਦਿੱਤਾ। ਦੋਹਾਂ ਧਿਰਾਂ ਨੇ ਮੈਂਬਰਸ਼ਿਪ ਦੀਆਂ ਦੋਹਾਂ ਸ਼੍ਰੇਣੀਆਂ ਵਿੱਚ ਵਿਸਤਾਰ ਦੇ ਜ਼ਰੀਏ ਸੁਰੱਖਿਆ ਪਰਿਸ਼ਦ ਸਹਿਤ ਸੰਯੁਕਤ ਰਾਸ਼ਟਰ ਸੁਧਾਰਾਂ ਦੀ ਜ਼ਰੂਰਤ ‘ਤੇ ਬਲ ਦਿੱਤਾ, ਤਾਕਿ ਇਸ ਨੂੰ ਅਧਿਕ ਪ੍ਰਤੀਨਿਧਤਾ ਅਧਾਰਿਤ, ਭਰੋਸੇਯੋਗ ਅਤੇ ਪ੍ਰਭਾਵੀ ਬਣਾਇਆ ਜਾ ਸਕੇ।
ਯਾਤਰਾ ਦੇ ਦੌਰਾਨ ਨਿਮਨਲਿਖਤ ਦਸਤਾਵੇਜ਼ਾਂ ‘ਤੇ ਹਸਤਾਖਰ ਕੀਤੇ ਗਏ /ਅਦਾਨ-ਪ੍ਰਦਾਨ ਕੀਤੇ ਗਏ, ਜੋ ਬਹੁਆਯਾਮੀ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੇ ਲਈ ਅਵਸਰਾਂ ਦਾ ਮਾਰਗ ਪੱਧਰਾ ਕਰਨਗੇ:
ਰੱਖਿਆ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਅਤੇ ਕੁਵੈਤ ਦੇ ਦਰਮਿਆਨ ਸਹਿਮਤੀ ਪੱਤਰ।
ਵਰ੍ਹੇ 2025-2029 ਦੇ ਲਈ ਭਾਰਤ ਅਤੇ ਕੁਵੈਤ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ(Cultural Exchange Programme)।
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਅਤੇ ਪਬਲਿਕ ਅਥਾਰਿਟੀ ਫੌਰ ਯੂਥ ਐਂਡ ਸਪੋਰਟਸ, ਕੁਵੈਤ ਸਰਕਾਰ ਦੇ ਦਰਮਿਆਨ ਵਰ੍ਹੇ 2025-2028 ਦੇ ਲਈ ਖੇਡਾਂ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਅਤੇ ਕੁਵੈਤ ਦੇ ਦਰਮਿਆਨ ਕਾਰਜਕਾਰੀ ਪ੍ਰੋਗਰਾਮ (Executive Programme)।
ਕੁਵੈਤ ਦੀ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ-ISA) ਦੀ ਮੈਂਬਰਸ਼ਿਪ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਫ਼ਦ ਨੂੰ ਦਿੱਤੀ ਗਏ ਗਰਮਜੋਸ਼ੀ ਭਰੀ ਪਰਾਹੁਣਚਾਰੀ ਦੇ ਲਈ ਕੁਵੈਤ ਰਾਜ ਦੇ ਮਹਾਮਹਿਮ ਅਮੀਰ ਦਾ ਧੰਨਵਾਦ ਕੀਤਾ। ਇਸ ਯਾਤਰਾ ਨੇ ਭਾਰਤ ਅਤੇ ਕੁਵੈਤ ਦੇ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਦੇ ਮਜ਼ਬੂਤ ਸਬੰਧਾਂ ਦੀ ਪੁਸ਼ਟੀ ਕੀਤੀ। ਲੀਡਰਾਂ ਨੇ ਆਸ਼ਾ ਵਿਅਕਤ ਕੀਤੀ ਕਿ ਇਹ ਨਵੀਂ ਸਾਂਝੇਦਾਰੀ ਵਧਦੀ ਰਹੇਗੀ, ਜਿਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਖੇਤਰੀ ਅਤੇ ਆਲਮੀ ਸਥਿਰਤਾ ਵਿੱਚ ਯੋਗਦਾਨ ਮਿਲੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਦੇ ਮਹਾਮਹਿਮ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ, ਕ੍ਰਾਊਨ ਪ੍ਰਿੰਸ ਮਹਾਮਹਿਮ ਸ਼ੇਖ ਸਬਾਹ ਅਲ-ਖਾਲਿਦ ਅਲ-ਸਬਾਹ ਅਲ-ਹਮਦ ਅਲ-ਮੁਬਾਰਕ ਅਲ-ਸਬਾਹ ਅਤੇ ਕੁਵੈਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਅਹਿਮਦ ਅਬਦੁੱਲ੍ਹਾ ਅਲ-ਅਹਿਮਦ ਅਲ-ਜਬਰ ਅਲ-ਮੁਬਾਰਕ ਅਲ-ਸਬਾਹ ਨੂੰ ਭਾਰਤ ਆਉਣ ਦਾ ਸੱਦਾ ਭੀ ਦਿੱਤਾ।
*****
ਐੱਮਜੇਪੀਐੱਸ/ਐੱਸਟੀ/ਐੱਸਕੇਐੱਸ
PM @narendramodi and HH Sheikh Ahmed Abdullah Al-Ahmed Al-Sabah, the PM of Kuwait, had a productive meeting. They discussed ways to deepen bilateral ties, with a special emphasis on bolstering cooperation in sectors such as trade, investment, energy, defence, people-to-people… pic.twitter.com/fwagygF9tx
— PMO India (@PMOIndia) December 22, 2024
Held fruitful discussions with HH Sheikh Ahmed Abdullah Al-Ahmed Al-Sabah, the Prime Minister of Kuwait. Our talks covered the full range of India-Kuwait relations, including trade, commerce, people-to-people ties and more. Key MoUs and Agreements were also exchanged, which will… pic.twitter.com/dSWV8VgMb8
— Narendra Modi (@narendramodi) December 22, 2024
أجريت مناقشات مثمرة مع سمو الشيخ أحمد عبد الله الأحمد الصباح، رئيس وزراء الكويت. تناولت محادثاتنا كامل نطاق العلاقات بين الهند والكويت، بما في ذلك التجارة والعلاقات بين الشعبين والمزيد. كما تم تبادل مذكرات التفاهم والاتفاقيات المهمة، مما سيعزز العلاقات الثنائية. pic.twitter.com/7Wt1Cha7Hu
— Narendra Modi (@narendramodi) December 22, 2024