Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਡਤਾਲ, ਗੁਜਰਾਤ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੇ 200ਵੇਂ ਸਲਾਨਾ ਜਸ਼ਨਾਂ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਡਤਾਲ, ਗੁਜਰਾਤ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੇ 200ਵੇਂ ਸਲਾਨਾ ਜਸ਼ਨਾਂ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਵਡਤਾਲ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੀ 200ਵੀਂ ਵਰ੍ਹੇਗੰਢ ਦੇ ਜਸ਼ਨ ਵਿੱਚ ਹਿੱਸਾ ਲਿਆ। ਵੀਡੀਓ ਕਾਨਫਰੰਸਿੰਗ ਰਾਹੀਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸ਼੍ਰੀ ਸਵਾਮੀਨਾਰਾਇਣ ਦੇ ਅਸ਼ੀਰਵਾਦ ਨਾਲ ਹੀ 200ਵੀਂ ਵਰ੍ਹੇਗੰਢ ਦੇ ਸਮਾਗਮ ਕਰਵਾਏ ਜਾ ਰਹੇ ਹਨ। ਦੁਨੀਆ ਭਰ ਤੋਂ ਆਏ ਸਾਰੇ ਚੇਲਿਆਂ ਦਾ ਸਵਾਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਵਾਮੀਨਾਰਾਇਣ ਮੰਦਿਰ ਦੀ ਪਰੰਪਰਾ ਵਿੱਚ ਸੇਵਾ ਸਭ ਤੋਂ ਪ੍ਰਮੁੱਖ ਹੈ ਅਤੇ ਚੇਲੇ ਅੱਜ ਸੇਵਾ ਵਿੱਚ ਲੀਨ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਮੀਡੀਆ ਵਿੱਚ ਇਸ ਸਮਾਰੋਹ ਦੇ ਜਸ਼ਨਾਂ ਨੂੰ ਦੇਖ ਕੇ ਖੁਸ਼ੀ ਹੋਈ।

ਇਹ ਨੋਟ ਕਰਦੇ ਹੋਏ ਕਿ ਵਡਤਾਲ ਧਾਮ ਵਿੱਚ 200 ਵੇਂ ਵਰ੍ਹੇ ਦਾ ਜਸ਼ਨ ਮਹਿਜ਼ ਇਤਿਹਾਸ ਨਹੀਂ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਸਮੇਤ ਬਹੁਤ ਸਾਰੇ ਚੇਲਿਆਂ ਲਈ ਇੱਕ ਬਹੁਤ ਮਹੱਤਵਪੂਰਨ ਘਟਨਾ ਸੀ ਜੋ ਵਡਤਾਲ ਧਾਮ ਵਿੱਚ ਅਥਾਹ ਸ਼ਰਧਾ ਨਾਲ ਇੱਥੇ ਵੱਡੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਇਹ ਮੌਕਾ ਭਾਰਤੀ ਸੰਸਕ੍ਰਿਤੀ ਦੇ ਸਦੀਵੀ ਪ੍ਰਵਾਹ ਦਾ ਪ੍ਰਮਾਣ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਸ਼੍ਰੀ ਸਵਾਮੀਨਾਰਾਇਣ ਦੁਆਰਾ ਵਡਤਾਲ ਧਾਮ ਦੀ ਸਥਾਪਨਾ ਦੇ 200 ਸਾਲਾਂ ਬਾਅਦ ਵੀ, ਅਧਿਆਤਮਿਕ ਚੇਤਨਾ ਨੂੰ ਜ਼ਿੰਦਾ ਰੱਖਿਆ ਗਿਆ ਹੈ ਅਤੇ ਸ਼੍ਰੀ ਸਵਾਮੀਨਾਰਾਇਣ ਦੀਆਂ ਸਿੱਖਿਆਵਾਂ ਅਤੇ ਊਰਜਾ ਨੂੰ ਅੱਜ ਤੱਕ ਵੀ ਅਨੁਭਵ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਮੰਦਿਰ ਦੇ 200ਵੇਂ ਸਾਲ ਦੇ ਜਸ਼ਨਾਂ ‘ਤੇ ਸਾਰੇ ਸੰਤਾਂ ਅਤੇ ਪੈਰੋਕਾਰਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਭਾਰਤ ਸਰਕਾਰ ਨੇ ਦੋ ਸੌ (200) ਰੁਪਏ ਦਾ ਚਾਂਦੀ ਦਾ ਸਮਾਰਕ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚਿੰਨ੍ਹ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿੱਚ ਇਸ ਮਹਾਨ ਮੌਕੇ ਦੀਆਂ ਯਾਦਾਂ ਨੂੰ ਤਾਜ਼ਾ ਰੱਖਣਗੇ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਵਾਮੀਨਾਰਾਇਣ ਨਾਲ ਸਬੰਧਿਤ ਹਰ ਵਿਅਕਤੀ ਇਸ ਪਰੰਪਰਾ ਨਾਲ ਆਪਣੇ ਮਜ਼ਬੂਤ ​​ਨਿੱਜੀ, ਅਧਿਆਤਮਿਕ ਅਤੇ ਸਮਾਜਿਕ ਸਬੰਧਾਂ ਤੋਂ ਜਾਣੂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਸੰਤਾਂ ਦੀ ਪਵਿੱਤਰ ਸੰਗਤ ਦਾ ਆਨੰਦ ਮਾਣਿਆ ਹੈ ਅਤੇ ਹੁਣ ਵੀ ਦੇਸ਼ ਦੇ ਵਿਕਾਸ ਲਈ ਸਾਰਥਕ ਵਿਚਾਰਾਂ ਦਾ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਹ ਹੋਰ ਰੁਝੇਵਿਆਂ ਕਾਰਨ ਵਿਅਕਤੀਗਤ ਤੌਰ ‘ਤੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ, ਹਾਲਾਂਕਿ ਉਹ ਮਾਨਸਿਕ ਤੌਰ ‘ਤੇ ਵਡਤਾਲ ਧਾਮ ਵਿੱਚ ਮੌਜੂਦ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਸਤਿਕਾਰਯੋਗ ਸੰਤ ਪਰੰਪਰਾ ਭਾਰਤ ਦੀ ਵਿਸ਼ੇਸ਼ਤਾ ਰਹੀ ਹੈ ਅਤੇ ਇੱਕ ਰਿਸ਼ੀ ਜਾਂ ਸੰਤ ਜਾਂ ਮਹਾਤਮਾ ਹਮੇਸ਼ਾ ਔਖੇ ਸਮੇਂ ਵਿੱਚ ਪ੍ਰਗਟ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸਵਾਮੀਨਾਰਾਇਣ ਵੀ ਅਜਿਹੇ ਸਮੇਂ ਆਏ ਸਨ ਜਦੋਂ ਦੇਸ਼ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਬਾਅਦ ਕਮਜ਼ੋਰ ਹੋ ਗਿਆ ਸੀ ਅਤੇ ਆਪਣੇ ਆਪ ਤੋਂ ਵਿਸ਼ਵਾਸ ਗੁਆ ਚੁੱਕਿਆ ਸੀ। ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਭਗਵਾਨ ਸਵਾਮੀਨਾਰਾਇਣ ਅਤੇ ਉਸ ਸਮੇਂ ਦੇ ਸਾਰੇ ਸੰਤਾਂ ਨੇ ਨਾ ਸਿਰਫ ਇੱਕ ਨਵੀਂ ਅਧਿਆਤਮਿਕ ਊਰਜਾ ਦਿੱਤੀ, ਸਗੋਂ ਸਾਡੇ ਸਵੈ-ਮਾਣ ਨੂੰ ਵੀ ਜਗਾਇਆ ਅਤੇ ਸਾਡੀ ਪਛਾਣ ਨੂੰ ਮੁੜ ਸੁਰਜੀਤ ਕੀਤਾ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਸਿੱਖਿਆ ਪੱਤਰੀ ਅਤੇ ਬਚਨ ਅਮ੍ਰਿਤ ਦੇ ਯੋਗਦਾਨ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਲਿਜਾਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਵਡਤਾਲ ਧਾਮ ਮਾਨਵਤਾ ਦੀ ਸੇਵਾ ਅਤੇ ਇੱਕ ਨਵੇਂ ਯੁੱਗ ਦੇ ਨਿਰਮਾਣ ਵਿੱਚ ਵੱਡੇ ਯੋਗਦਾਨ ਦੇ ਨਾਲ ਇੱਕ ਮਹਾਨ ਪ੍ਰੇਰਣਾ ਬਣ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸੇ ਵਡਤਾਲ ਧਾਮ ਨੇ ਸਮਾਜ ਤੋਂ ਵਾਂਝੇ ਹੋਏ ਸਮਾਜ ਨੂੰ ਸਗਰਾਮ ਜੀ ਵਰਗੇ ਮਹਾਨ ਚੇਲੇ ਦਿੱਤੇ ਹਨ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਅੱਜ ਵਡਤਾਲ ਧਾਮ ਦੁਆਰਾ ਦੂਰ-ਦੁਰਾਡੇ ਦੇ ਆਦਿਵਾਸੀ ਖੇਤਰਾਂ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਭੋਜਨ, ਆਸਰਾ, ਸਿੱਖਿਆ ਦੇ ਨਾਲ ਸੇਵਾਵਾਂ ਅਤੇ ਪ੍ਰੋਜੈਕਟ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਖੇਤਰਾਂ ਵਿੱਚ ਮਹਿਲਾ ਸਿੱਖਿਆ ਵਰਗੀਆਂ ਮਹੱਤਵਪੂਰਨ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਸ਼੍ਰੀ ਮੋਦੀ ਨੇ ਵਡਤਾਲ ਧਾਮ ਦੀਆਂ ਹੋਰ ਸੇਵਾਵਾਂ ਜਿਵੇਂ ਕਿ ਗਰੀਬਾਂ ਦੀ ਸੇਵਾ ਕਰਨਾ, ਨਵੀਂ ਪੀੜ੍ਹੀ ਦਾ ਨਿਰਮਾਣ ਕਰਨਾ, ਆਧੁਨਿਕਤਾ ਅਤੇ ਅਧਿਆਤਮਿਕਤਾ ਦਾ ਸੁਮੇਲ ਕਰਕੇ ਭਾਰਤੀ ਸੰਸਕ੍ਰਿਤੀ ਨੂੰ ਸੰਭਾਲਣਾ ਆਦਿ ਬਾਰੇ ਚਾਨਣਾ ਪਾਇਆ। ਸ਼੍ਰੀ ਮੋਦੀ ਨੇ ਵਡਤਾਲ ਧਾਮ ਦੇ ਸੰਤਾਂ ਅਤੇ ਸ਼ਰਧਾਲੂਆਂ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕੀਤਾ ਅਤੇ ਚੰਗੇ ਭਵਿੱਖ ਲਈ ਸਵੱਛਤਾ ਤੋਂ ਲੈ ਕੇ ਵਾਤਾਵਰਣ ਤੱਕ ਦੀਆਂ ਮੁਹਿੰਮਾਂ ਨੂੰ ਸ਼ੁਰੂ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਇਸ ਨੂੰ ਆਪਣੀ ਜ਼ਿੰਮੇਵਾਰੀ ਵਜੋਂ ਸਵੀਕਾਰ ਕੀਤਾ ਹੈ ਅਤੇ ਇਸ ਨੂੰ ਪੂਰੇ ਦਿਲ ਅਤੇ ਰੂਹ ਨਾਲ ਨਿਭਾਉਣ ਵਿੱਚ ਲੱਗੇ ਹੋਏ ਹਨ। ਸ਼੍ਰੀ ਮੋਦੀ ਨੇ ਇਹ ਵੀ ਨੋਟ ਕੀਤਾ ਕਿ ਸਵਾਮੀਨਾਰਾਇਣ ਪਰੰਪਰਾ ਦੇ ਪੈਰੋਕਾਰਾਂ ਨੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੇ ਤਹਿਤ ਇੱਕ ਲੱਖ ਤੋਂ ਵੱਧ ਰੁੱਖ ਲਗਾਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਉਦੇਸ਼ ਹੁੰਦਾ ਹੈ ਜੋ ਕਿਸੇ ਦੇ ਜੀਵਨ ਨੂੰ ਨਿਰਧਾਰਤ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮਕਸਦ ਸਾਡੇ ਮਨ, ਕਰਮ ਅਤੇ ਬਚਨ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਜਦੋਂ ਮਨੁੱਖ ਨੂੰ ਜੀਵਨ ਦਾ ਮਕਸਦ ਮਿਲ ਜਾਂਦਾ ਹੈ ਤਾਂ ਸਾਰਾ ਜੀਵਨ ਹੀ ਬਦਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਤਾਂ-ਮਹਾਂਪੁਰਖਾਂ ਨੇ ਹਰ ਯੁੱਗ ਵਿੱਚ ਲੋਕਾਂ ਨੂੰ ਆਪਣੇ ਜੀਵਨ ਦੇ ਉਦੇਸ਼ ਤੋਂ ਜਾਣੂ ਕਰਵਾਇਆ ਹੈ। ਸ਼੍ਰੀ ਮੋਦੀ ਨੇ ਸਾਡੇ ਸਮਾਜ ਵਿੱਚ ਸੰਤਾਂ-ਮਹਾਂਪੁਰਖਾਂ ਦੇ ਵੱਡੇ ਯੋਗਦਾਨ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਜਦੋਂ ਪੂਰਾ ਸਮਾਜ ਅਤੇ ਦੇਸ਼ ਇੱਕ ਉਦੇਸ਼ ਦੀ ਪੂਰਤੀ ਲਈ ਇਕਜੁੱਟ ਹੋ ਜਾਵੇਗਾ, ਤਾਂ ਇਹ ਯਕੀਨੀ ਤੌਰ ‘ਤੇ ਪੂਰਾ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਧਾਰਮਿਕ ਸੰਸਥਾਵਾਂ ਨੇ ਅੱਜ ਨੌਜਵਾਨਾਂ ਨੂੰ ਇੱਕ ਵੱਡਾ ਉਦੇਸ਼ ਦਿੱਤਾ ਹੈ ਅਤੇ ਪੂਰਾ ਦੇਸ਼ ਵਿਕਸਿਤ ਭਾਰਤ ਦੇ ਇੱਕ ਪਰਿਭਾਸ਼ਿਤ ਟੀਚੇ ਨਾਲ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਵਡਤਾਲ ਦੇ ਸੰਤਾਂ-ਮਹਾਂਪੁਰਖਾਂ ਅਤੇ ਪੂਰੇ ਸਵਾਮੀਨਾਰਾਇਣ ਪਰਿਵਾਰ ਨੂੰ ਵਿਕਸਿਤ ਭਾਰਤ ਦੇ ਇਸ ਪਵਿੱਤਰ ਮਕਸਦ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਸੁਤੰਤਰਤਾ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੀ ਲਾਲਸਾ ਇੱਕ ਸਦੀ ਤੱਕ ਸਮਾਜ ਦੇ ਵੱਖ-ਵੱਖ ਕੋਨਿਆਂ ਵਿੱਚ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹੀ ਅਤੇ ਇੱਕ ਵੀ ਦਿਨ ਅਜਿਹਾ ਨਹੀਂ, ਇੱਕ ਵੀ ਪਲ ਅਜਿਹਾ ਨਹੀਂ ਲੰਘਿਆ ਜਦੋਂ ਲੋਕਾਂ ਨੇ ਆਜ਼ਾਦੀ ਦੇ ਆਪਣੇ ਇਰਾਦਿਆਂ, ਆਪਣੇ ਸੁਪਨਿਆਂ, ਆਪਣੇ ਸੰਕਲਪਾਂ ਨੂੰ ਤਿਆਗ ਦਿੱਤਾ ਹੋਵੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਲਾਲਸਾ ਆਜ਼ਾਦੀ ਦੇ ਅੰਦੋਲਨ ਵਿੱਚ ਪਾਈ ਗਈ ਸੀ, ਉਹੀ ਲਾਲਸਾ ਵਿਕਸਿਤ ਭਾਰਤ ਲਈ 140 ਕਰੋੜ ਦੇਸ਼ ਵਾਸੀਆਂ ਲਈ ਹਰ ਪਲ ਜ਼ਰੂਰੀ ਸੀ। ਉਨ੍ਹਾਂ ਨੇ ਸਾਰੇ ਸੰਤਾਂ-ਮਹਾਂਪੁਰਖਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਆਉਣ ਵਾਲੇ 25 ਸਾਲਾਂ ਤੱਕ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਲੈ ਕੇ ਜਿਉਣਾ ਚਾਹੀਦਾ ਹੈ ਅਤੇ ਹਰ ਪਲ ਇਸ ਨਾਲ ਜੁੜੇ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰੇਕ ਨੂੰ ਵਿਕਸਿਤ ਭਾਰਤ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਸਥਾਨ ‘ਤੇ ਹੋਵੇ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਲਈ ਪਹਿਲੀ ਸ਼ਰਤ ਇਸ ਨੂੰ ਆਤਮ-ਨਿਰਭਰ ਭਾਰਤ ਬਣਾਉਣਾ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਕਿਸੇ ਬਾਹਰੀ ਵਿਅਕਤੀ ਦੀ ਲੋੜ ਨਹੀਂ ਹੈ ਪਰ ਭਾਰਤ ਦੇ 140 ਕਰੋੜ ਨਾਗਰਿਕਾਂ ਦੀ ਲੋੜ ਹੈ। ਸ਼੍ਰੀ ਮੋਦੀ ਨੇ ਸਮਾਗਮ ਵਿੱਚ ਮੌਜੂਦ ਚੇਲਿਆਂ ਨੂੰ ਵੋਕਲ ਫਾਰ ਲੋਕਲ ਨੂੰ ਉਤਸ਼ਾਹਿਤ ਕਰਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇੱਕ ਵਿਕਸਿਤ ਭਾਰਤ ਲਈ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਸਵਾਰਥੀ ਹਿੱਤ ਸਮਾਜ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਯਤਨਾਂ ਨੂੰ ਇਕਜੁੱਟ ਢੰਗ ਨਾਲ ਹਰਾਉਣ ਲਈ ਇਸ ਕੋਸ਼ਿਸ਼ ਦੀ ਗੰਭੀਰਤਾ ਨੂੰ ਸਮਝਣਾ ਲਾਜ਼ਮੀ ਹੈ।

ਸ਼੍ਰੀ ਮੋਦੀ ਨੇ ਭਗਵਾਨ ਸ਼੍ਰੀ ਸਵਾਮੀਨਾਰਾਇਣ ਦੀਆਂ ਸਿੱਖਿਆਵਾਂ ‘ਤੇ ਜ਼ੋਰ ਦਿੱਤਾ ਕਿ ਕਠਿਨ ਤਪੱਸਿਆ ਨਾਲ ਵੱਡੇ ਟੀਚਿਆਂ ਨੂੰ ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ, ਕਿਵੇਂ ਇੱਕ ਨੌਜਵਾਨ ਦਿਮਾਗ ਰਾਸ਼ਟਰ ਦੇ ਨਿਰਮਾਣ ਲਈ ਫੈਸਲਾਕੁੰਨ ਦਿਸ਼ਾ ਲੈਣ ਦੀ ਸਮਰੱਥਾ ਰੱਖਦਾ ਹੈ ਅਤੇ ਨੌਜਵਾਨ ਕਿਵੇਂ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਨ ਅਤੇ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਯੋਗ, ਕਾਬਲ ਅਤੇ ਪੜ੍ਹੇ-ਲਿਖੇ ਨੌਜਵਾਨ ਬਣਾਉਣ ਕਰਨ ਦੀ ਲੋੜ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਸਸ਼ਕਤ ਅਤੇ ਹੁਨਰਮੰਦ ਨੌਜਵਾਨ ਵਿਕਸਿਤ ਭਾਰਤ ਲਈ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਆਲਮੀ ਮੰਗ ਹੋਰ ਵਧੇਗੀ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਵਿਸ਼ਵ ਵਿੱਚ ਭਾਰਤ ਦੀ ਹੁਨਰਮੰਦ ਮਨੁੱਖੀ ਸ਼ਕਤੀ ਦੀ ਮੰਗ ਬਹੁਤ ਜ਼ਿਆਦਾ ਹੈ ਅਤੇ ਪੂਰੀ ਦੁਨੀਆ ਭਾਰਤ ਦੀ ਮਜ਼ਬੂਤ ​​ਨੌਜਵਾਨ ਸ਼ਕਤੀ ਤੋਂ ਆਕਰਸ਼ਿਤ ਹੋਈ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਨੌਜਵਾਨ ਨਾ ਸਿਰਫ਼ ਦੇਸ਼ ਸਗੋਂ ਦੁਨੀਆ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਹੋਣਗੇ। ਸ਼੍ਰੀ ਮੋਦੀ ਨੇ ਸਵਾਮੀਨਾਰਾਇਣ ਸੰਪਰਦਾ ਵੱਲੋਂ ਨਸ਼ਾ ਛੁਡਾਉਣ ਦੇ ਯਤਨਾਂ ‘ਤੇ ਚਾਨਣਾ ਪਾਉਂਦਿਆਂ ਸੰਤਾਂ-ਮਹਾਂਪੁਰਖਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਯੋਗਦਾਨ ਪਾਉਣ ਅਤੇ ਉਨ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮੁਹਿੰਮਾਂ ਅਤੇ ਯਤਨ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਜ਼ਰੂਰੀ ਹਨ ਅਤੇ ਇਹ ਲਗਾਤਾਰ ਕੀਤੇ ਜਾਣੇ ਹਨ।

ਸ਼੍ਰੀ ਮੋਦੀ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੋਈ ਵੀ ਦੇਸ਼ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸਨੂੰ ਆਪਣੀ ਵਿਰਾਸਤ ‘ਤੇ ਮਾਣ ਹੋਵੇ ਅਤੇ ਇਸ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਭਾਰਤ ਦਾ ਮੰਤਰ ਵਿਕਾਸ ਦੇ ਨਾਲ-ਨਾਲ ਇਸਦੀ ਵਿਰਾਸਤ ਵੀ ਹੈ। ਸ਼੍ਰੀ ਮੋਦੀ ਨੇ ਅਯੁੱਧਿਆ ਦੀ ਉਦਾਹਰਣ ਦਿੰਦੇ ਹੋਏ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਭਾਰਤ ਦੇ ਹਜ਼ਾਰਾਂ ਸਾਲ ਪੁਰਾਣੇ ਵਿਰਾਸਤੀ ਕੇਂਦਰਾਂ ਦੀ ਸ਼ਾਨ ਨੂੰ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਕਿ ਕਦੇ ਤਬਾਹ ਮੰਨੇ ਜਾਂਦੇ ਸਨ। ਉਨ੍ਹਾਂ ਨੇ ਕਾਸ਼ੀ, ਕੇਦਾਰਨਾਥ, ਪਾਵਗੜ੍ਹ, ਮੋਢੇਰਾ ਦੇ ਸੂਰਯ ਮੰਦਿਰ, ਸੋਮਨਾਥ ਦੇ ਰੂਪਾਂਤਰ ਦੀਆਂ ਉਦਾਹਰਣਾਂ ਵੀ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਚਾਰੇ ਪਾਸੇ ਇੱਕ ਨਵੀਂ ਚੇਤਨਾ ਅਤੇ ਇੱਕ ਨਵੀਂ ਕ੍ਰਾਂਤੀ ਦਿਖਾਈ ਦੇ ਰਹੀ ਹੈ। ਸ਼੍ਰੀ ਮੋਦੀ ਨੇ ਇਹ ਵੀ ਨੋਟ ਕੀਤਾ ਕਿ ਸੈਂਕੜੇ ਸਾਲ ਪੁਰਾਣੀਆਂ ਦੇਵੀ-ਦੇਵਤਾਵਾਂ ਦੀਆਂ ਚੋਰੀ ਹੋਈਆਂ ਮੂਰਤੀਆਂ ਭਾਰਤ ਨੂੰ ਵਾਪਸ ਕੀਤੀਆਂ ਜਾ ਰਹੀਆਂ ਹਨ। ਲੋਥਲ ਦੇ ਮੁੜ ਵਿਕਾਸ ਪ੍ਰੋਜੈਕਟ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਭਿਆਚਾਰਕ ਚੇਤਨਾ ਦੀ ਮੁਹਿੰਮ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਸ ਧਰਤੀ, ਇਸ ਦੇਸ਼ ਨੂੰ ਪਿਆਰ ਕਰਨ ਵਾਲੇ ਸਾਰੇ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ, ਜੋ ਇਸ ਦੀਆਂ ਪਰੰਪਰਾਵਾਂ ਨੂੰ ਪਿਆਰ ਕਰਦੇ ਹਨ, ਆਪਣੇ ਸੱਭਿਆਚਾਰ ‘ਤੇ ਮਾਣ ਕਰਦੇ ਹਨ, ਜੋ ਆਪਣੇ ਵਿਰਸੇ ਦੀ ਕਦਰ ਕਰਦੇ ਹਨ। ਸ਼੍ਰੀ ਮੋਦੀ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਵਡਤਾਲ ਧਾਮ ਵਿੱਚ ਭਗਵਾਨ ਸਵਾਮੀਨਾਰਾਇਣ ਦੀਆਂ ਕਲਾਕ੍ਰਿਤੀਆਂ ਦਾ ਅਜਾਇਬ ਘਰ ‘ਅਕਸ਼ਰ ਭੁਵਨ’ ਵੀ ਇਸ ਅਭਿਆਨ ਦਾ ਇੱਕ ਹਿੱਸਾ ਸੀ। ਸਾਰਿਆਂ ਨੂੰ ਵਧਾਈ ਦਿੰਦੇ ਹੋਏ, ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਅਕਸ਼ਰ ਭੁਵਨ ਭਾਰਤ ਦੀ ਅਮਰ ਅਧਿਆਤਮਿਕ ਵਿਰਾਸਤ ਦਾ ਇੱਕ ਸ਼ਾਨਦਾਰ ਮੰਦਿਰ ਬਣੇਗਾ।

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇੱਕ ਵਿਕਸਿਤ ਭਾਰਤ ਦਾ ਉਦੇਸ਼ ਤਾਂ ਹੀ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕੇਗਾ ਜਦੋਂ 140 ਕਰੋੜ ਭਾਰਤੀ ਇੱਕ ਸਾਂਝੇ ਉਦੇਸ਼ ਨੂੰ ਪੂਰਾ ਕਰਨ ਲਈ ਇਕਜੁੱਟ ਹੋ ਜਾਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਸਾਡੇ ਸੰਤਾਂ ਦਾ ਮਾਰਗਦਰਸ਼ਨ ਬਹੁਤ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਦੁਨੀਆ ਭਰ ਤੋਂ ਆਏ ਸਾਰੇ ਸੰਤਾਂ ਨੂੰ ਹਰ 12 ਸਾਲਾਂ ਬਾਅਦ ਆਯੋਜਿਤ ਕੀਤੇ ਜਾਣ ਵਾਲੇ ਪੂਰਨ ਕੁੰਭ ਬਾਰੇ ਦੁਨੀਆ ਭਰ ਵਿੱਚ ਪ੍ਰਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸੰਤਾਂ ਨੂੰ ਬੇਨਤੀ ਕੀਤੀ ਕਿ ਉਹ ਦੁਨੀਆ ਭਰ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਪ੍ਰਯਾਗਰਾਜ ਵਿੱਚ ਹੋਣ ਵਾਲੇ ਪੂਰਨ ਕੁੰਭ ਬਾਰੇ ਗੈਰ-ਭਾਰਤੀ ਮੂਲ ਦੇ ਵਿਦੇਸ਼ੀਆਂ ਨੂੰ ਜਾਣੂ ਕਰਵਾਉਣ। ਉਨ੍ਹਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਕੁੰਭ ਮੇਲੇ ਵਿਚ ਵਿਦੇਸ਼ਾਂ ਵਿਚੋਂ ਆਪਣੀ ਹਰ ਸ਼ਾਖਾ ਤੋਂ ਘੱਟੋ-ਘੱਟ 100 ਵਿਦੇਸ਼ੀ ਸ਼ਰਧਾਲੂਆਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਲਿਆਉਣ ਲਈ ਉਪਰਾਲੇ ਕਰਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸਮੁੱਚੀ ਦੁਨੀਆ ਵਿੱਚ ਜਾਗਰੂਕਤਾ ਫੈਲਾਉਣ ਦਾ ਕੰਮ ਹੋਵੇਗਾ ਜੋ ਸੰਤਾਂ ਵਲੋਂ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਮੋਦੀ ਨੇ ਵਿਅਕਤੀਗਤ ਤੌਰ ‘ਤੇ ਹਾਜ਼ਰ ਨਾ ਹੋਣ ਲਈ ਮੁਆਫੀ ਮੰਗੀ ਅਤੇ ਸਵਾਮੀਨਾਰਾਇਣ ਮੰਦਿਰ ਦੇ ਸਾਰੇ ਸੰਤਾਂ ਅਤੇ ਚੇਲਿਆਂ ਨੂੰ ਦੋ-ਸ਼ਤਾਬਦੀ ਸਮਾਰੋਹਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪਿਛੋਕੜ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 11 ਨਵੰਬਰ 2024 ਨੂੰ ਗੁਜਰਾਤ ਦੇ ਵਡਤਾਲ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਿਰ ਦੀ 200ਵੀਂ ਵਰ੍ਹੇਗੰਢ ਦੇ ਜਸ਼ਨ ਵਿੱਚ ਹਿੱਸਾ ਲਿਆ। ਵਡਤਾਲ ਵਿੱਚ ਸਥਿਤ ਸ਼੍ਰੀ ਸਵਾਮੀਨਾਰਾਇਣ ਮੰਦਿਰ ਕਈ ਦਹਾਕਿਆਂ ਤੋਂ ਲੋਕਾਂ ਦੇ ਸਮਾਜਿਕ ਅਤੇ ਅਧਿਆਤਮਿਕ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ।

************

ਐੱਮਜੇਪੀਐੱਸ/ਐੱਸਆਰ