Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਵਿੱਚ ਲੋਕ ਸਭਾ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਦੀ ਨਵੀਂ ਇਮਾਰਤ ਵਿੱਚ ਲੋਕ ਸਭਾ ਨੂੰ ਸੰਬੋਧਨ ਕੀਤਾ।

 

ਸਦਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਵੇਂ ਸੰਸਦ ਭਵਨ ਦਾ ਇਤਿਹਾਸਕ ਪਹਿਲਾ ਸੈਸ਼ਨ ਹੈ ਅਤੇ ਇਸ ਮੌਕੇ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਨਵੀਂ ਸੰਸਦ ਦੇ ਪਹਿਲੇ ਹੀ ਦਿਨ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਨੂੰ ਸੰਬੋਧਨ ਕਰਨ ਦਾ ਮੌਕਾ ਦੇਣ ਲਈ ਸਪੀਕਰ ਦਾ ਧੰਨਵਾਦ ਕੀਤਾ ਅਤੇ ਸਦਨ ਦੇ ਮੈਂਬਰਾਂ ਦਾ ਨਿੱਘਾ ਸੁਆਗਤ ਕੀਤਾ।

 

ਇਸ ਮੌਕੇ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਅੰਮ੍ਰਿਤ ਕਾਲ ਦੀ ਸਵੇਰ ਹੈ ਕਿਉਂਕਿ ਭਾਰਤ ਭਵਿੱਖ ਲਈ ਦ੍ਰਿੜ ਇਰਾਦੇ ਨਾਲ ਨਵੇਂ ਸੰਸਦ ਭਵਨ ਵੱਲ ਵਧ ਰਿਹਾ ਹੈ। ਹਾਲ ਹੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਗਿਆਨ ਦੇ ਖੇਤਰ ਵਿੱਚ ਚੰਦਰਯਾਨ 3 ਦੀਆਂ ਪ੍ਰਾਪਤੀਆਂ ਅਤੇ ਜੀ20 ਸੰਗਠਨ ਅਤੇ ਗਲੋਬਲ ਪੱਧਰ ‘ਤੇ ਇਸ ਦੇ ਪ੍ਰਭਾਵ ਦਾ ਜ਼ਿਕਰ ਕੀਤਾ। ਉਨ੍ਹਾਂ ਟਿੱਪਣੀ ਕੀਤੀ ਕਿ ਭਾਰਤ ਲਈ ਇਹ ਇੱਕ ਵਿਲੱਖਣ ਮੌਕਾ ਹੈ ਅਤੇ ਇਸੇ ਰੋਸ਼ਨੀ ਵਿੱਚ ਅੱਜ ਦੇਸ਼ ਦੀ ਨਵੀਂ ਸੰਸਦ ਭਵਨ ਕਾਰਜਸ਼ੀਲ ਹੋ ਰਹੀ ਹੈ। ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਗਣੇਸ਼ ਸਮ੍ਰਿੱਧੀ, ਸ਼ੁਭ, ਤਰਕ ਅਤੇ ਗਿਆਨ ਦੇ ਦੇਵਤਾ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਹ ਸੰਕਲਪਾਂ ਨੂੰ ਪੂਰਾ ਕਰਨ ਅਤੇ ਨਵੇਂ ਉਤਸ਼ਾਹ ਅਤੇ ਊਰਜਾ ਨਾਲ ਨਵੀਂ ਯਾਤਰਾ ਸ਼ੁਰੂ ਕਰਨ ਦਾ ਸਮਾਂ ਹੈ।” ਗਣੇਸ਼ ਚਤੁਰਥੀ ਅਤੇ ਨਵੀਂ ਸ਼ੁਰੂਆਤ ਦੇ ਮੌਕੇ ਲੋਕਮਾਨਯ ਤਿਲਕ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਦੌਰਾਨ ਲੋਕਮਾਨਯ ਤਿਲਕ ਨੇ ਗਣੇਸ਼ ਚਤੁਰਥੀ ਨੂੰ ਪੂਰੇ ਦੇਸ਼ ਵਿੱਚ ਸਵਰਾਜ ਦੀ ਲਾਟ ਜਗਾਉਣ ਦਾ ਮਾਧਿਅਮ ਬਣਾਇਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਅਸੀਂ ਉਸੇ ਪ੍ਰੇਰਨਾ ਨਾਲ ਅੱਗੇ ਵਧ ਰਹੇ ਹਾਂ। 

 

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਅੱਜ ਸੰਵਤਸਰੀ ਪਰਵ ਵੀ ਹੈ, ਜੋ ਮੁਆਫ਼ੀ ਦਾ ਤਿਉਹਾਰ ਹੈ। ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਕਿਹਾ ਕਿ ਇਹ ਤਿਉਹਾਰ ਕਿਸੇ ਜਾਣਬੁੱਝ ਕੇ ਅਤੇ ਅਣਜਾਣੇ ਵਿੱਚ ਕੀਤੇ ਗਏ ਕੰਮਾਂ ਲਈ ਮੁਆਫ਼ੀ ਮੰਗਣ ਬਾਰੇ ਹੈ ਜਿਸ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ। ਪ੍ਰਧਾਨ ਮੰਤਰੀ ਨੇ ਤਿਉਹਾਰ ਦੀ ਭਾਵਨਾ ਨਾਲ ਸਾਰਿਆਂ ਨੂੰ ਮਿੱਛਾਮੀ ਦੁੱਕਾਡਨ ਵੀ ਕਿਹਾ ਅਤੇ ਅਤੀਤ ਦੀਆਂ ਸਾਰੀਆਂ ਕੁੜੱਤਣਵਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਲਈ ਕਿਹਾ। 

 

ਪ੍ਰਧਾਨ ਮੰਤਰੀ ਨੇ ਪਵਿੱਤਰ ਸੇਂਗੋਲ ਦੀ ਮੌਜੂਦਗੀ ਦਾ ਜ਼ਿਕਰ ਪੁਰਾਣੇ ਅਤੇ ਨਵੇਂ ਦਰਮਿਆਨ ਕੜੀ ਵਜੋਂ ਅਤੇ ਆਜ਼ਾਦੀ ਦੀ ਪਹਿਲੀ ਰੋਸ਼ਨੀ ਦੇ ਗਵਾਹ ਵਜੋਂ ਕੀਤਾ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਸੇਂਗੋਲ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਛੋਹਿਆ ਸੀ। ਸ਼੍ਰੀ ਮੋਦੀ ਨੇ ਕਿਹਾ, ਇਸ ਲਈ ਸੇਂਗੋਲ ਸਾਨੂੰ ਸਾਡੇ ਅਤੀਤ ਦੇ ਬਹੁਤ ਮਹੱਤਵਪੂਰਨ ਹਿੱਸੇ ਨਾਲ ਜੋੜਦਾ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਇਮਾਰਤ ਦੀ ਸ਼ਾਨ ਅੰਮ੍ਰਿਤ ਕਾਲ ਨੂੰ ਅਭਿਸ਼ੇਕ ਕਰਦੀ ਹੈ ਅਤੇ ਸ਼੍ਰਮਿਕਾਂ ਅਤੇ ਇੰਜੀਨੀਅਰਾਂ ਦੀ ਸਖ਼ਤ ਮਿਹਨਤ ਨੂੰ ਯਾਦ ਕਰਦੀ ਹੈ ਜੋ ਮਹਾਮਾਰੀ ਦੌਰਾਨ ਵੀ ਇਮਾਰਤ ‘ਤੇ ਕੰਮ ਕਰਦੇ ਰਹੇ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਮੁੱਚੇ ਸਦਨ ਦੁਆਰਾ ਇਨ੍ਹਾਂ ਸ਼੍ਰਮਿਕਾਂ ਅਤੇ ਇੰਜੀਨੀਅਰਾਂ ਲਈ ਤਾੜੀਆਂ ਦੀ ਗੂੰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿੱਚ 30 ਹਜ਼ਾਰ ਤੋਂ ਵੱਧ ਵਰਕਰਾਂ ਨੇ ਯੋਗਦਾਨ ਪਾਇਆ ਅਤੇ ਇੱਕ ਡਿਜੀਟਲ ਕਿਤਾਬ ਦੀ ਮੌਜੂਦਗੀ ਦਾ ਜ਼ਿਕਰ ਕੀਤਾ ਜਿਸ ਵਿੱਚ ਸ਼੍ਰਮਿਕਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। 

 

ਸਾਡੇ ਕੰਮਾਂ ‘ਤੇ ਜਜ਼ਬਾਤਾਂ ਅਤੇ ਭਾਵਨਾਵਾਂ ਦੇ ਪ੍ਰਭਾਵ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਡੀਆਂ ਭਾਵਨਾਵਾਂ ਸਾਡੇ ਆਚਰਣ ਵਿੱਚ ਸਾਡੀ ਅਗਵਾਈ ਕਰਨਗੀਆਂ। ਉਨ੍ਹਾਂ ਕਿਹਾ, “ਭਵਨ (ਇਮਾਰਤ) ਬਦਲ ਗਿਆ ਹੈ, ਭਾਵ (ਭਾਵਨਾ) ਵੀ ਬਦਲਣਾ ਚਾਹੀਦਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ “ਦੇਸ਼ ਦੀ ਸੇਵਾ ਕਰਨ ਲਈ ਸੰਸਦ ਸਰਵਉੱਚ ਸਥਾਨ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਦਨ ਕਿਸੇ ਰਾਜਨੀਤਿਕ ਪਾਰਟੀ ਦੇ ਫਾਇਦੇ ਲਈ ਨਹੀਂ ਹੈ, ਬਲਕਿ ਸਿਰਫ਼ ਰਾਸ਼ਟਰ ਦੇ ਵਿਕਾਸ ਲਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂਬਰ ਹੋਣ ਦੇ ਨਾਤੇ ਸਾਨੂੰ ਆਪਣੇ ਸ਼ਬਦਾਂ, ਵਿਚਾਰਾਂ ਅਤੇ ਕੰਮਾਂ ਨਾਲ ਸੰਵਿਧਾਨ ਦੀ ਭਾਵਨਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਸਪੀਕਰ ਨੂੰ ਭਰੋਸਾ ਦਿਵਾਇਆ ਕਿ ਹਰ ਮੈਂਬਰ ਸਦਨ ਦੀਆਂ ਉਮੀਦਾਂ ਅਤੇ ਇੱਛਾਵਾਂ ‘ਤੇ ਖਰਾ ਉਤਰੇਗਾ ਅਤੇ ਉਨ੍ਹਾਂ ਦੀ ਅਗਵਾਈ ‘ਚ ਕੰਮ ਕਰੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਦਨ ਵਿੱਚ ਮੈਂਬਰਾਂ ਦਾ ਵਿਵਹਾਰ ਇੱਕ ਅਜਿਹਾ ਕਾਰਕ ਹੋਵੇਗਾ ਜੋ ਇਹ ਨਿਰਧਾਰਤ ਕਰਦਾ ਹੈ ਕਿ ਕੀ ਉਹ ਸੱਤਾਧਾਰੀ ਪ੍ਰਬੰਧ ਦਾ ਹਿੱਸਾ ਹੋਣਗੇ ਜਾਂ ਵਿਰੋਧੀ ਧਿਰ ਦਾ ਕਿਉਂਕਿ ਸਾਰੀਆਂ ਕਾਰਵਾਈਆਂ ਜਨਤਾ ਦੀਆਂ ਨਜ਼ਰਾਂ ਵਿੱਚ ਹੋ ਰਹੀਆਂ ਹਨ।

 

ਸਾਂਝੇ ਕਲਿਆਣ ਲਈ ਸਮੂਹਿਕ ਸੰਵਾਦ ਅਤੇ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਉਦੇਸ਼ ਦੀ ਏਕਤਾ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਸੰਸਦੀ ਪਰੰਪਰਾਵਾਂ ਦੀ ਲਕਸ਼ਮਣ ਰੇਖਾ ਦੀ ਪਾਲਣਾ ਕਰਨੀ ਚਾਹੀਦੀ ਹੈ।” 

 

ਸਮਾਜ ਦੇ ਪ੍ਰਭਾਵੀ ਪਰਿਵਰਤਨ ਵਿੱਚ ਰਾਜਨੀਤੀ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪੁਲਾੜ ਤੋਂ ਲੈ ਕੇ ਖੇਡਾਂ ਤੱਕ ਦੇ ਖੇਤਰਾਂ ਵਿੱਚ ਭਾਰਤੀ ਮਹਿਲਾਵਾਂ ਦੇ ਯੋਗਦਾਨ ‘ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਜੀ20 ਦੌਰਾਨ ਦੁਨੀਆ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਧਾਰਨਾ ਨੂੰ ਅਪਣਾਇਆ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਸਰਕਾਰ ਦੇ ਕਦਮ ਸਾਰਥਕ ਰਹੇ ਹਨ। ਉਨ੍ਹਾਂ ਕਿਹਾ ਕਿ ਜਨ-ਧਨ ਯੋਜਨਾ ਦੇ 50 ਕਰੋੜ ਲਾਭਾਰਥੀਆਂ ਵਿੱਚੋਂ ਜ਼ਿਆਦਾਤਰ ਖਾਤੇ ਮਹਿਲਾਵਾਂ ਦੇ ਹਨ। ਉਨ੍ਹਾਂ ਨੇ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੀਆਂ ਯੋਜਨਾਵਾਂ ਵਿੱਚ ਮਹਿਲਾਵਾਂ ਲਈ ਲਾਭਾਂ ਦਾ ਵੀ ਜ਼ਿਕਰ ਕੀਤਾ। 

 

ਇਹ ਨੋਟ ਕਰਦੇ ਹੋਏ ਕਿ ਕਿਸੇ ਵੀ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਇਤਿਹਾਸ ਰਚਿਆ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਮੌਕਾ ਭਾਰਤ ਦੀ ਵਿਕਾਸ ਯਾਤਰਾ ਵਿੱਚ ਉਹ ਪਲ ਹੈ ਜਦੋਂ ਇਤਿਹਾਸ ਲਿਖਿਆ ਜਾ ਰਿਹਾ ਹੈ।

 

ਮਹਿਲਾਵਾਂ ਦੇ ਰਾਖਵੇਂਕਰਨ ‘ਤੇ ਸੰਸਦ ਵਿੱਚ ਹੋਈ ਚਰਚਾ ਅਤੇ ਵਿਚਾਰ-ਵਟਾਂਦਰੇ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਮੁੱਦੇ ‘ਤੇ ਪਹਿਲਾ ਬਿੱਲ 1996 ਵਿੱਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਅਟਲ ਜੀ ਦੇ ਕਾਰਜਕਾਲ ਦੌਰਾਨ ਕਈ ਵਾਰ ਸਦਨ ਵਿੱਚ ਪੇਸ਼ ਕੀਤਾ ਗਿਆ ਸੀ ਪਰ ਇਹ ਮਹਿਲਾਵਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸੰਖਿਆ ਵਿੱਚ ਲੋੜੀਂਦਾ ਸਮਰਥਨ ਪ੍ਰਾਪਤ ਨਹੀਂ ਕਰ ਸਕਿਆ। ਸ਼੍ਰੀ ਮੋਦੀ ਨੇ ਕਿਹਾ “ਮੇਰਾ ਮੰਨਣਾ ਹੈ ਕਿ ਰੱਬ ਨੇ ਮੈਨੂੰ ਇਹ ਕੰਮ ਕਰਨ ਲਈ ਚੁਣਿਆ ਹੈ।” ਉਨ੍ਹਾਂ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਸੰਸਦ ਵਿੱਚ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਹਰੀ ਝੰਡੀ ਦੇਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ “19 ਸਤੰਬਰ 2023 ਦਾ ਇਹ ਇਤਿਹਾਸਕ ਦਿਨ ਭਾਰਤ ਦੇ ਇਤਿਹਾਸ ਵਿੱਚ ਅਮਰ ਹੋਣ ਜਾ ਰਿਹਾ ਹੈ।” ਹਰ ਖੇਤਰ ਵਿੱਚ ਮਹਿਲਾਵਾਂ ਦੇ ਵਧਦੇ ਯੋਗਦਾਨ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਨੀਤੀ ਨਿਰਮਾਣ ਵਿੱਚ ਵੱਧ ਤੋਂ ਵੱਧ ਮਹਿਲਾਵਾਂ ਨੂੰ ਸ਼ਾਮਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਵਿੱਚ ਹੋਰ ਵਾਧਾ ਹੋ ਸਕੇ। ਉਨ੍ਹਾਂ ਮੈਂਬਰਾਂ ਨੂੰ ਇਸ ਇਤਿਹਾਸਕ ਦਿਨ ‘ਤੇ ਮਹਿਲਾਵਾਂ ਲਈ ਮੌਕਿਆਂ ਦੇ ਦਰਵਾਜ਼ੇ ਖੋਲ੍ਹਣ ਦੀ ਤਾਕੀਦ ਕੀਤੀ। 

 

ਪ੍ਰਧਾਨ ਮੰਤਰੀ ਨੇ ਸਮਾਪਨ ਕਰਦਿਆਂ ਕਿਹਾ “ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ, ਸਾਡੀ ਸਰਕਾਰ ਅੱਜ ਇੱਕ ਪ੍ਰਮੁੱਖ ਸੰਵਿਧਾਨਕ ਸੋਧ ਬਿੱਲ ਪੇਸ਼ ਕਰ ਰਹੀ ਹੈ। ਇਸ ਬਿੱਲ ਦਾ ਉਦੇਸ਼ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਨਾਰੀਸ਼ਕਤੀ ਵੰਦਨ ਅਧਿਨਿਯਮ ਸਾਡੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰੇਗਾ। ਮੈਂ ਦੇਸ਼ ਦੀਆਂ ਮਾਤਾਵਾਂ, ਭੈਣਾਂ ਅਤੇ ਬੇਟੀਆਂ ਨੂੰ ਨਾਰੀਸ਼ਕਤੀ ਵੰਦਨ ਅਧਿਨਿਯਮ ਲਈ ਵਧਾਈ ਦਿੰਦਾ ਹਾਂ। ਮੈਂ ਦੇਸ਼ ਦੀਆਂ ਸਾਰੀਆਂ ਮਾਤਾਵਾਂ, ਭੈਣਾਂ ਅਤੇ ਬੇਟੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਇਸ ਬਿੱਲ ਨੂੰ ਕਾਨੂੰਨ ਬਣਾਉਣ ਲਈ ਪ੍ਰਤੀਬੱਧ ਹਾਂ। ਮੈਂ ਇਸ ਸਦਨ ਦੇ ਸਾਰੇ ਸਹਿਯੋਗੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿਉਂਕਿ ਇੱਕ ਪਵਿੱਤਰ ਸ਼ੁਭ ਸ਼ੁਰੂਆਤ ਕੀਤੀ ਜਾ ਰਹੀ ਹੈ, ਜੇਕਰ ਇਹ ਬਿੱਲ ਸਰਬਸੰਮਤੀ ਨਾਲ ਕਾਨੂੰਨ ਬਣ ਜਾਂਦਾ ਹੈ ਤਾਂ ਇਸਦੀ ਸ਼ਕਤੀ ਕਈ ਗੁਣਾ ਵਧ ਜਾਵੇਗੀ। ਇਸ ਲਈ, ਮੈਂ ਦੋਵਾਂ ਸਦਨਾਂ ਨੂੰ ਪੂਰੀ ਸਹਿਮਤੀ ਨਾਲ ਬਿੱਲ ਪਾਸ ਕਰਨ ਦੀ ਤਾਕੀਦ ਕਰਦਾ ਹਾਂ।”

 

 

 

 

 

 

 ********

 

ਡੀਐੱਸ/ਟੀਐੱਸ