ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਤਾਜਪੋਸ਼ੀ ਦਿਵਸ ਦੇ 350ਵੇਂ ਸਾਲ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਤਾਜਪੋਸ਼ੀ ਦਿਵਸ ਹਰ ਕਿਸੇ ਲਈ ਨਵੀਂ ਚੇਤਨਾ ਅਤੇ ਨਵੀਂ ਊਰਜਾ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਤਾਜਪੋਸ਼ੀ ਸਾਢੇ ਤਿੰਨ ਸੌ ਸਾਲ ਪਹਿਲਾਂ ਦੇ ਇਤਿਹਾਸਕ ਦੌਰ ਦਾ ਵਿਸ਼ੇਸ਼ ਅਧਿਆਇ ਹੈ ਅਤੇ ਉਸ ਸਮੇਂ ਦੀਆਂ ਸਵੈ-ਸ਼ਾਸਨ, ਸੁਸ਼ਾਸਨ ਅਤੇ ਖੁਸ਼ਹਾਲੀ ਦੀਆਂ ਮਹਾਨ ਗਾਥਾਵਾਂ ਅੱਜ ਵੀ ਸਾਰਿਆਂ ਨੂੰ ਪ੍ਰੇਰਿਤ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ, “ਰਾਸ਼ਟਰ ਕਲਿਆਣ ਅਤੇ ਜਨ ਕਲਿਆਣ ਸ਼ਿਵਾਜੀ ਮਹਾਰਾਜ ਦੇ ਸ਼ਾਸਨ ਦੇ ਮੂਲ ਤੱਤ ਰਹੇ ਹਨ”। ਉਨ੍ਹਾਂ ਨੋਟ ਕੀਤਾ ਕਿ ਸਵਰਾਜ ਦੀ ਪਹਿਲੀ ਰਾਜਧਾਨੀ ਰਾਏਗੜ੍ਹ ਕਿਲੇ ਦੇ ਆਂਗਨ ਵਿੱਚ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਹ ਦਿਨ ਪੂਰੇ ਮਹਾਰਾਸ਼ਟਰ ਵਿੱਚ ਇੱਕ ਉਤਸਵ ਵਜੋਂ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਅਜਿਹੇ ਸਮਾਗਮ ਸਾਲ ਭਰ ਆਯੋਜਿਤ ਕੀਤੇ ਜਾਣਗੇ ਅਤੇ ਉਨ੍ਹਾਂ ਮਹਾਰਾਸ਼ਟਰ ਸਰਕਾਰ ਨੂੰ ਯੋਜਨਾਬੰਦੀ ਅਤੇ ਇਸ ਦੇ ਅਮਲ ਲਈ ਵਧਾਈ ਵੀ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਾਢੇ ਤਿੰਨ ਸੌ ਸਾਲ ਪਹਿਲਾਂ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਤਾਜਪੋਸ਼ੀ ਹੋਈ ਸੀ ਤਾਂ ਉਸ ਵਿੱਚ ਸਵਰਾਜ ਅਤੇ ਰਾਸ਼ਟਰਵਾਦ ਦੀ ਭਾਵਨਾ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਸ਼ਿਵਾਜੀ ਮਹਾਰਾਜ ਨੇ ਹਮੇਸ਼ਾ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਵਿਚਾਰਾਂ ਦਾ ਪ੍ਰਤੀਬਿੰਬ ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਸੰਕਲਪ ਵਿੱਚ ਦੇਖਿਆ ਜਾ ਸਕਦਾ ਹੈ।”
ਨਾਗਰਿਕਾਂ ਨੂੰ ਪ੍ਰੇਰਿਤ ਅਤੇ ਭਰੋਸੇਮੰਦ ਬਣਾਈ ਰੱਖਣ ਦੀ ਨੇਤਾਵਾਂ ਦੀ ਜ਼ਿੰਮੇਵਾਰੀ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਮੇਂ ਦੇਸ਼ ਦੇ ਭਰੋਸੇ ਦੇ ਪੱਧਰ ਦੀ ਕਲਪਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਸਾਲਾਂ ਦੀ ਗ਼ੁਲਾਮੀ ਕਾਰਨ ਜਿੱਥੇ ਨਾਗਰਿਕਾਂ ਦਾ ਆਤਮ-ਵਿਸ਼ਵਾਸ ਸਭ ਤੋਂ ਹੇਠਲੇ ਪੱਧਰ ‘ਤੇ ਸੀ, ਉੱਥੇ ਹਮਲਾਵਰਾਂ ਵੱਲੋਂ ਕੀਤੇ ਜਾਂਦੇ ਹਮਲਿਆਂ ਅਤੇ ਲੁੱਟ-ਖਸੁੱਟ ਦੇ ਨਾਲ-ਨਾਲ ਗ਼ਰੀਬੀ ਨੇ ਸਮਾਜ ਨੂੰ ਕਮਜ਼ੋਰ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਸੱਭਿਆਚਾਰਕ ਕੇਂਦਰਾਂ ‘ਤੇ ਹਮਲਾ ਕਰਕੇ ਲੋਕਾਂ ਦੇ ਮਨੋਬਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਨਾ ਸਿਰਫ਼ ਹਮਲਾਵਰਾਂ ਦਾ ਮੁਕਾਬਲਾ ਕੀਤਾ, ਬਲਕਿ ਲੋਕਾਂ ਵਿੱਚ ਇਹ ਵਿਸ਼ਵਾਸ ਵੀ ਪੈਦਾ ਕੀਤਾ ਕਿ ਸਵੈ-ਸ਼ਾਸਨ ਇੱਕ ਸੰਭਾਵਨਾ ਹੈ। ਸ਼੍ਰੀ ਮੋਦੀ ਨੇ ਕਿਹਾ, “ਸ਼ਿਵਾਜੀ ਮਹਾਰਾਜ ਨੇ ਗ਼ੁਲਾਮੀ ਦੀ ਮਾਨਸਿਕਤਾ ਨੂੰ ਖਤਮ ਕਰਕੇ ਰਾਸ਼ਟਰ ਨਿਰਮਾਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ”।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਤਿਹਾਸ ਵਿੱਚ ਬਹੁਤ ਸਾਰੇ ਸ਼ਾਸਕ ਹੋਏ ਹਨ, ਜੋ ਫੌਜ ਵਿੱਚ ਆਪਣੇ ਦਬਦਬੇ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਦੀ ਪ੍ਰਸ਼ਾਸਨਿਕ ਯੋਗਤਾ ਕਮਜ਼ੋਰ ਸੀ ਅਤੇ ਇਸੇ ਤਰ੍ਹਾਂ ਬਹੁਤ ਸਾਰੇ ਸ਼ਾਸਕ ਜੋ ਆਪਣੇ ਸ਼ਾਨਦਾਰ ਸ਼ਾਸਨ ਲਈ ਜਾਣੇ ਜਾਂਦੇ ਸਨ, ਪਰ ਉਨ੍ਹਾਂ ਦੀ ਫੌਜੀ ਲੀਡਰਸ਼ਿਪ ਕਮਜ਼ੋਰ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਹਾਲਾਂਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸ਼ਖਸੀਅਤ ਸ਼ਾਨਦਾਰ ਸੀ, ਕਿਉਂਕਿ ਉਨ੍ਹਾਂ ਨੇ ‘ਸਵਰਾਜ’ ਦੇ ਨਾਲ-ਨਾਲ ‘ਸੂਰਜ’ ਦੀ ਸਥਾਪਨਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਸ਼ਿਵਾਜੀ ਮਹਾਰਾਜ ਨੇ ਛੋਟੀ ਉਮਰ ਵਿੱਚ ਹੀ ਕਿਲ੍ਹਿਆਂ ਨੂੰ ਜਿੱਤ ਕੇ ਅਤੇ ਦੁਸ਼ਮਣਾਂ ਨੂੰ ਹਰਾ ਕੇ ਆਪਣੀ ਫੌਜੀ ਅਗਵਾਈ ਦੀ ਮਿਸਾਲ ਦਿੱਤੀ, ਉਥੇ ਹੀ ਦੂਜੇ ਪਾਸੇ ਇੱਕ ਰਾਜੇ ਵਜੋਂ ਉਨ੍ਹਾਂ ਨੇ ਲੋਕ ਪ੍ਰਸ਼ਾਸਨ ਵਿੱਚ ਸੁਧਾਰ ਲਾਗੂ ਕਰਕੇ ਚੰਗੇ ਸ਼ਾਸਨ ਦਾ ਰਾਹ ਵੀ ਦਿਖਾਇਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਪਾਸੇ, ਉਨ੍ਹਾਂ ਨੇ ਹਮਲਾਵਰਾਂ ਤੋਂ ਆਪਣੇ ਰਾਜ ਅਤੇ ਸੱਭਿਆਚਾਰ ਦੀ ਰਾਖੀ ਕੀਤੀ, ਜਦਕਿ ਦੂਜੇ ਪਾਸੇ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਦਾ ਇੱਕ ਵਿਆਪਕ ਦ੍ਰਿਸ਼ਟੀਕੋਣ ਅੱਗੇ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ, “ਛਤਰਪਤੀ ਸ਼ਿਵਾਜੀ ਮਹਾਰਾਜ ਆਪਣੀ ਦੂਰਦ੍ਰਿਸ਼ਟੀ ਦੇ ਕਾਰਨ ਇਤਿਹਾਸ ਦੇ ਹੋਰਨਾਂ ਨਾਇਕਾਂ ਤੋਂ ਪੂਰੀ ਤਰ੍ਹਾਂ ਵੱਖਰੇ ਹਨ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਸ਼ਾਸਨ ਦੇ ਆਪਣੇ ਜਨ ਕਲਿਆਣਕਾਰੀ ਚਰਿੱਤਰ ਨੂੰ ਉਜਾਗਰ ਕੀਤਾ, ਜੋ ਇਹ ਭਰੋਸਾ ਦਿਵਾਉਂਦਾ ਹੈ ਕਿ ਲੋਕ ਸਵੈ-ਮਾਣ ਨਾਲ ਰਹਿੰਦੇ ਸਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਸਵਰਾਜ, ਧਰਮ, ਸੰਸਕ੍ਰਿਤੀ ਅਤੇ ਵਿਰਾਸਤ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਕਰੜਾ ਸੰਦੇਸ਼ ਦਿੱਤਾ, ਜਿਸ ਨਾਲ ਲੋਕਾਂ ਵਿੱਚ ਵਿਸ਼ਵਾਸ ਵਧਿਆ ਅਤੇ ਆਤਮ-ਨਿਰਭਰਤਾ ਦੀ ਭਾਵਨਾ ਦਾ ਪ੍ਰਚਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਨਾਲ ਰਾਸ਼ਟਰ ਪ੍ਰਤੀ ਸਨਮਾਨ ਦੀ ਭਾਵਨਾ ਵਧੀ। ਭਾਵੇਂ ਕਿਸਾਨ ਕਲਿਆਣ ਹੋਵੇ, ਮਹਿਲਾ ਸਸ਼ਕਤੀਕਰਨ ਹੋਵੇ ਜਾਂ ਸ਼ਾਸਨ ਨੂੰ ਆਮ ਆਦਮੀ ਲਈ ਪਹੁੰਚਯੋਗ ਬਣਾਉਣਾ ਹੋਵੇ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੀ ਸ਼ਾਸਨ ਪ੍ਰਣਾਲੀ ਅਤੇ ਉਨ੍ਹਾਂ ਦੀਆਂ ਨੀਤੀਆਂ ਅੱਜ ਵੀ ਉਸੇ ਤਰ੍ਹਾਂ ਪ੍ਰਾਸੰਗਿਕ ਹਨ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂ ਅੱਜ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੀ ਸਮੁੰਦਰੀ ਸਮਰੱਥਾ ਨੂੰ ਪਛਾਣਦਿਆਂ, ਨੌਸੈਨਾ ਦਾ ਵਿਸਤਾਰ ਅਤੇ ਉਸ ਦੇ ਪ੍ਰਬੰਧਨ ਹੁਨਰ ਅੱਜ ਵੀ ਹਰ ਕਿਸੇ ਲਈ ਪ੍ਰੇਰਨਾ ਸਰੋਤ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੁਆਰਾ ਬਣਾਏ ਕਿਲਿਆਂ ਦਾ ਵੀ ਜ਼ਿਕਰ ਕੀਤਾ, ਜੋ ਤੇਜ਼ ਲਹਿਰਾਂ ਅਤੇ ਜਵਾਰਭਾਟਿਆਂ ਦੀ ਮਾਰ ਝੱਲਣ ਦੇ ਬਾਵਜੂਦ ਅੱਜ ਵੀ ਸਮੁੰਦਰ ਦੇ ਵਿਚਕਾਰ ਮਾਣ ਨਾਲ ਖੜ੍ਹੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਰਾਜ ਦੇ ਵਿਸਤਾਰ ਬਾਰੇ ਵੀ ਗੱਲ ਕੀਤੀ ਅਤੇ ਜ਼ਿਕਰ ਕੀਤਾ ਕਿ ਉਨ੍ਹਾਂ ਸਮੁੰਦਰੀ ਤਟਾਂ ਤੋਂ ਪਹਾੜਾਂ ਤੱਕ ਕਿਲੇ ਬਣਾਏ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਉਸ ਸਮੇਂ ਦੌਰਾਨ ਜਲ ਪ੍ਰਬੰਧਨ ਨਾਲ ਸਬੰਧਤ ਉਨ੍ਹਾਂ ਦੇ ਪ੍ਰਬੰਧਾਂ ਨੇ ਮਾਹਰਾਂ ਨੂੰ ਹੈਰਾਨ ਕਰ ਦਿੱਤਾ। ਸ਼ਿਵਾਜੀ ਮਹਾਰਾਜ ਤੋਂ ਪ੍ਰਾਪਤ ਪ੍ਰੇਰਨਾ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਨੇ ਪਿਛਲੇ ਸਾਲ ਨੌਸੈਨਾ ਨੂੰ ਗ਼ੁਲਾਮੀ ਦੇ ਨਿਸ਼ਾਨ ਤੋਂ ਮੁਕਤ ਕੀਤਾ ਸੀ ਕਿਉਂਕਿ ਬ੍ਰਿਟਿਸ਼ ਸ਼ਾਸਨ ਦੀ ਪਛਾਣ ਵਾਲੇ ਭਾਰਤੀ ਨੌਸੈਨਾ ਦੇ ਝੰਡੇ ਦੀ ਥਾਂ ਸ਼ਿਵਾਜੀ ਮਹਾਰਾਜ ਦੇ ਪ੍ਰਤੀਕ ਨੇ ਲੈ ਲਈ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਹੁਣ ਇਹ ਝੰਡਾ ਸਮੁੰਦਰਾਂ ਅਤੇ ਅਸਮਾਨਾਂ ਵਿੱਚ ਨਵੇਂ ਭਾਰਤ ਦੇ ਮਾਣ ਦਾ ਪ੍ਰਤੀਕ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਛਤਰਪਤੀ ਸ਼ਿਵਾਜੀ ਮਹਾਰਾਜ ਦੀ ਬਹਾਦਰੀ, ਵਿਚਾਰਧਾਰਾ ਅਤੇ ਨਿਆਂ ਨੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੀ ਦਲੇਰਾਨਾ ਕਾਰਜਸ਼ੈਲੀ, ਰਣਨੀਤਕ ਹੁਨਰ ਅਤੇ ਸ਼ਾਂਤਮਈ ਰਾਜਨੀਤਿਕ ਪ੍ਰਣਾਲੀ ਅੱਜ ਵੀ ਸਾਡੇ ਲਈ ਪ੍ਰੇਰਣਾ ਸਰੋਤ ਹਨ”। ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਮਾਣ ਪ੍ਰਗਟ ਕੀਤਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੀਆਂ ਨੀਤੀਆਂ ਦੀ ਚਰਚਾ ਦੁਨੀਆ ਦੇ ਕਈ ਦੇਸ਼ਾਂ ‘ਚ ਹੁੰਦੀ ਹੈ, ਜਿੱਥੇ ਇਸ ‘ਤੇ ਖੋਜ ਹੁੰਦੀ ਹੈ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਮਾਰੀਸ਼ਸ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ। “ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਤਾਜਪੋਸ਼ੀ ਦੇ 350 ਸਾਲ ਪੂਰੇ ਹੋਣ ਦਾ ਇੱਕ ਪ੍ਰੇਰਣਾਦਾਇਕ ਅਵਸਰ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੰਨੇ ਸਾਲਾਂ ਬਾਅਦ ਵੀ, ਉਨ੍ਹਾਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਕਦਰਾਂ-ਕੀਮਤਾਂ ਸਾਨੂੰ ਅੱਗੇ ਦਾ ਰਸਤਾ ਦਿਖਾ ਰਹੀਆਂ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਦੀ 25 ਸਾਲਾਂ ਦੀ ਯਾਤਰਾ ਇਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਹੀ ਪੂਰੀ ਹੋਣੀ ਚਾਹੀਦੀ ਹੈ। ਅੰਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਇਹ ਯਾਤਰਾ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੁਪਨਿਆਂ ਦੇ ਭਾਰਤ ਦੇ ਨਿਰਮਾਣ ਦੀ ਹੋਵੇਗੀ ਸਵਰਾਜ ਦੀ ਯਾਤਰਾ, ਸੁਸ਼ਾਸਨ ਅਤੇ ਆਤਮ ਨਿਰਭਰਤਾ ਦੀ ਯਾਤਰਾ ਹੋਵੇਗੀ। ਇਹ ਇੱਕ ਵਿਕਸਤ ਭਾਰਤ ਦੀ ਯਾਤਰਾ ਹੋਵੇਗੀ।”
Chhatrapati Shivaji Maharaj is a beacon of courage and bravery. His ideals are a source of great inspiration. https://t.co/eQZgsyTMm4
— Narendra Modi (@narendramodi) June 2, 2023
*****
ਡੀਐੱਸ/ਟੀਐੱਸ
Chhatrapati Shivaji Maharaj is a beacon of courage and bravery. His ideals are a source of great inspiration. https://t.co/eQZgsyTMm4
— Narendra Modi (@narendramodi) June 2, 2023