1. ਜਪਾਨ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਸ਼ਿੰਜ਼ੋ ਅਬੇ ਦੇ ਸੱਦੇ ‘ਤੇ ਭਾਰਤ ਗਣਰਾਜ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਇਸ ਵੇਲੇ ਜਪਾਨ ਦੇ ਦੌਰੇ ‘ਤੇ ਹਨ। ਅੱਜ, 11 ਨਵੰਬਰ, 2016 ਨੂੰ ਪਹਿਲਾਂ, ਦੋਵੇਂ ਪ੍ਰਧਾਨ ਮੰਤਰੀਆਂ ਨੇ ਟੋਕੀਓ ‘ਚ ਵਿਆਪਕ ਮੁੱਦਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਦੌਰਾਨ 12 ਦਸੰਬਰ, 2015 ਨੂੰ ਪੇਸ਼ ਹੋਈ ”ਭਾਰਤ ਤੇ ਜਪਾਨ ਦ੍ਰਿਸ਼ਟੀ 2025” ਵਿੱਚ ਉਜਾਗਰ ਕੀਤੀ ਵਿਸ਼ੇਸ਼ ਰਣਨੀਤਕ ਤੇ ਅੰਤਰਰਾਸ਼ਟਰੀ ਭਾਈਵਾਲੀ ਦੀ ਨਿੱਠ ਕੇ ਸਮੀਖਿਆ ਕੀਤੀ ਗਈ। ਉਨ੍ਹਾਂ ਅਗਸਤ-ਸਤੰਬਰ 2014 ‘ਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਪਾਨ ਦੌਰੇ ਤੋਂ ਲੈ ਕੇ ਪਿਛਲੇ ਦੋ ਸਾਲਾਂ ਦੇ ਸਮੇਂ ਦੌਰਾਨ ਦੁਵੱਲੇ ਸਬੰਧਾਂ ਵਿੱਚ ਹੋਈ ਅਹਿਮ ਪ੍ਰਗਤੀ ਨੂੰ ਕਬੂਲ ਕੀਤਾ।
ਭਾਈਵਾਲੀ ਨੂੰ ਤਾਕਤ ਦਿੰਦਿਆਂ
2. ਦੋਵੇਂ ਪ੍ਰਧਾਨ ਮੰਤਰੀਆਂ ਨੇ ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਸੱਭਿਅਤਾਵਾਂ ਦੇ ਡੂੰਘੇ ਸਬੰਧਾਂ ਦੀ ਸ਼ਲਾਘਾ ਕੀਤੀ; ਜਿਨ੍ਹਾਂ ਵਿੱਚ ਬੋਧੀ ਵਿਚਾਰਧਾਰਾ ਦੀ ਸਾਂਝੀ ਵਿਰਾਸਤ ਸ਼ਾਮਲ ਹੈ ਅਤੇ ਸ਼ਾਂਤੀਪੂਰਨ ਸਹਿ-ਹੋਂਦ ਪ੍ਰਾਪਤ ਕਰਨ ਲਈ ਲੋਕਤੰਤਰ, ਖੁੱਲ੍ਹੇਪਣ ਤੇ ਵਿਧੀ-ਵਿਧਾਨ ਦੀ ਸਾਂਝੀ ਪ੍ਰਤੀਬੱਧਤਾ ਨੂੰ ਪ੍ਰਮੁੱਖ ਕਦਰਾਂ-ਕੀਮਤਾਂ ਵਜੋਂ ਉਜਾਗਰ ਕੀਤਾ। ਉਨ੍ਹਾਂ ਦੋਵੇਂ ਦੇਸ਼ਾਂ ਦੇ ਉਨ੍ਹਾਂ ਸਿਆਸੀ, ਆਰਥਿਕ ਅਤੇ ਰਣਨੀਤਕ ਹਿਤਾਂ ਦੀ ਕੇਂਦਰਮੁਖਤਾ ਦੇ ਉੱਚ ਦਰਜੇ ਦਾ ਸੁਆਗਤ ਕੀਤਾ, ਜੋ ਲੰਮੇ ਸਮੇਂ ਦੀ ਭਾਈਵਾਲੀ ਲਈ ਇੱਕ ਸਹਿਣਸ਼ੀਲ ਆਧਾਰ ਪ੍ਰਦਾਨ ਕਰਦੇ ਹਨ।
3. ਦੋਵੇਂ ਪ੍ਰਧਾਨ ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ਦੀ ਵਧ ਰਹੀ ਅਹਿਮੀਅਤ ਨੂੰ ਵਿਸ਼ਵ ਦੀ ਖ਼ੁਸ਼ਹਾਲੀ ਲਈ ਪ੍ਰਮੁੱਖ ਸੰਚਾਲਕ ਵਜੋਂ ਉਜਾਗਰ ਕੀਤਾ। ਉਨ੍ਹਾਂ ਇਸ ਖੇਤਰ ਦੇ ਅਨੇਕਵਾਦੀ ਅਤੇ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਲੋਕਤੰਤਰ, ਸ਼ਾਂਤੀ, ਵਿਧੀ-ਵਿਧਾਨ, ਸਹਿਣਸ਼ੀਲਤਾ ਅਤੇ ਵਾਤਾਵਰਨ ਲਈ ਸਤਿਕਾਰ ਜਿਹੀਆਂ ਬੁਨਿਆਦੀ ਕਦਰਾਂ-ਕੀਮਤਾਂ ਉੱਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਅਬੇ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਇਸ ਖੇਤਰ ਵਿੱਚ ”ਐਕਟ ਈਸਟ ਪਾੱਲਿਸੀ” ਲਈ ਸਰਗਰਮੀ ਨਾਲ ਕੰਮ ਕਰਨ ਦੀ ਸ਼ਲਾਘਾ ਕੀਤੀ ਤੇ ”ਮੁਕਤ ਅਤੇ ਖੁੱਲ੍ਹੀ ਹਿੰਦ-ਪ੍ਰਸ਼ਾਂਤ ਨੀਤੀ” ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਰਣਨੀਤੀ ਅਧੀਨ ਇਸ ਖੇਤਰ ਜਾਪਾਨ ਦੀ ਵਧੇਰੇ ਗਤੀਵਿਧੀਆਂ ਦੀ ਤਾਰੀਖ਼ ਕੀਤੀ। ਉਨ੍ਹਾਂ ਵਧੇਰੇ ਦੁਵੱਲੇ ਸਹਿਯੋਗ ਦੀ ਸੰਭਾਵਨਾ ਅਤੇ ਵਰਣਿਤ ਨੀਤੀ ਤੇ ਰਣਨੀਤੀ ਵਿਚਾਲੇ ਊਰਜਾ ਨੂੰ ਮਾਨਤਾ ਦਿੱਤੀ।
4. ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਏਸ਼ੀਆ ਅਤੇ ਅਫ਼ਰੀਕਾ ਵਿਚਾਲੇ ਆਪਸੀ ਕੁਨੈਕਟੀਵਿਟੀ ਵਿੱਚ ਸੁਧਾਰ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਇੱਕ ਮੁਕਤ ਅਤੇ ਖੁੱਲ੍ਹਾ ਖੇਤਰ ਬਣਾਉਣਾ ਚਾਹੀਦਾ ਹੈ, ਇਹ ਇਸ ਸਮੁੱਚੇ ਖੇਤਰ ਦੀ ਖ਼ੁਸ਼ਹਾਲੀ ਲਈ ਅਹਿਮ ਹੈ। ਉਨ੍ਹਾਂ ਭਾਰਤ ਦੀ ”ਐਕਟ ਈਸਟ” ਨੀਤੀ ਅਤੇ ਜਪਾਨ ਦੀ ‘ਮਿਆਰੀ ਬੁਨਿਆਦੀ ਢਾਂਚੇ ਵਾਸਤੇ ਵਿਸਤ੍ਰਿਤ ਭਾਈਵਾਲੀ’ ਨੂੰ ਮਿਲਾ ਕੇ ਅੱਗੇ ਵਧਣ ਦਾ ਫ਼ੈਸਲਾ ਲਿਆ, ਇਸ ਲਈ ਦੁਵੱਲੇ ਅਤੇ ਹੋਰ ਭਾਈਵਾਲਾਂ ਨਾਲ ਤਾਲਮੇਲ ਹੋਰ ਵੀ ਵਧਾਉਣਾਾ ਹੋਵੇਗਾ, ਜੋ ਖੇਤਰੀ ਅਖੰਡਤਾ ਲਈ ਬਿਹਤਰ ਹੋਵੇਗਾ ਅਤੇ ਪਰਪਸਪਰ ਸਲਾਹ-ਮਸ਼ਵਰਿਆਂ ਤੇ ਵਿਸ਼ਵਾਸ ਦੇ ਸਿਧਾਂਤਾਂ ਉੱਤੇ ਆਧਾਰਤ ਉਦਯੋਗਿਕ ਤਾਣੇ-ਬਾਣਿਆਂ ਦੇ ਨਾਲ-ਨਾਲ ਕੁਨੈਕਟੀਵਿਟੀ ਵਿੱਚ ਸੁਧਾਰ ਲਿਆਂਦਾ ਜਾਵੇ।
5. ਡੂੰਘੀ ਹੁੰਦੀ ਜਾ ਰਹੀ ਅੰਤਰ-ਨਿਰਭਰਤਾ ਵਿਸ਼ਵ ਏਜੰਡੇ ਦੀ ਗੁੰਝਲਤਾ ਦੀ ਸਮੀਖਿਆ ਕਰਦਿਆਂ, ਦੋਵੇਂ ਪ੍ਰਧਾਨ ਮੰਤਰੀਆਂ ਨੇ ਜਲਵਾਯੂ ਤਬਦੀਲੀ, ਦਹਿਸ਼ਤਗਰਦੀ ਨਾਲ ਮੁਕਾਬਲਾ ਤੇ ਹਿੰਸਕ ਅੱਤਵਾਦ ਦਾ ਸਾਹਮਣਾ ਕਰਨ, ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਸਮੇਤ ਸੰਯੁਕਤ ਰਾਸ਼ਟਰ ਦੇ ਸੁਧਾਰ ਦੇ ਨਾਲ-ਨਾਲ ਅੰਤਰਰਾਸ਼ਟਰੀ ਵਿਵਸਥਾ ਉੱਤੇ ਆਧਾਰਤ ਨਿਯਮਾਂ ਨੂੰ ਕਾਇਮ ਰੱਖਣ ਜਿਹੀਆਂ ਵਿਸ਼ਵ ਚੁਣੌਤੀਆਂ ਲਈ ਆਪਸੀ ਸਹਿਯੋਗ ਤੇ ਸਾਂਝੇ ਸਥਾਨ ਦਾ ਪਾਸਾਰ ਕਰਨ ਦਾ ਵੀ ਫ਼ੈਸਲਾ ਕੀਤਾ।
6. ਜਪਾਨ ਦੀ ਪੂੰਜੀ, ਨਵੀਨਤਾ ਤੇ ਤਕਨਾਲੋਜੀਆਂ ਅਤੇ ਭਾਰਤ ਦੀ ਉੱਚ ਵਿਕਾਸ ਵਾਲੀ ਅਰਥ-ਵਿਵਸਥਾ ਵਿੱਚ ਉਪਲਬਧ ਭਰਪੂਰ ਮਨੁੱਖੀ ਵਸੀਲੇ ਅਤੇ ਆਰਥਿਕ ਮੌਕਿਆਂ ਦੇ ਸੁਮੇਲ ਨਾਲ ਸਾਹਮਣੇ ਆ ਸਕਣ ਵਾਲੀਆਂ ਅਥਾਹ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਦੋਵੇਂ ਪ੍ਰਧਾਨ ਮੰਤਰੀਆਂ ਨੇ ਉੱਚ ਤਕਨਾਲੋਜੀ, ਪੁਲਾੜ, ਸਵੱਛ ਊਰਜਾ ਤੇ ਊਰਜਾ ਖੇਤਰ ਦੇ ਵਿਕਾਸ, ਬੁਨਿਆਦੀ ਢਾਂਚੇ ਤੇ ਸਮਾਰਟ ਸਿਟੀਜ਼, ਬਾਇਓ-ਤਕਨਾਲੋਜੀ, ਫ਼ਾਰਮਾਸਿਊਟੀਕਲਜ਼, ਆਈ.ਸੀ.ਟੀ.ਦੇ ਨਾਲ-ਨਾਲ ਉਨ੍ਹਾਂ ਦੀ ਵਿਸ਼ੇਸ਼ ਰਣਨੀਤਕ ਤੇ ਅੰਤਰਰਾਸ਼ਟਰੀ ਭਾਈਵਾਲੀਨੂੰ ਹੋਰ ਮਜ਼ਬੂਤ ਤੇ ਡੂੰਘਾ ਕਰਨ ਲਈ ਸਿੱਖਿਆ ਤੇ ਹੁਨਰ ਵਿਕਾਸ ਵਿੱਚ ਸਹਿਯੋਗ ਨੂੰ ਹੋਰ ਪ੍ਰਚੰਡ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਸੁਰੱਖਿਅਤ ਤੇ ਸਥਿਰ ਵਿਸ਼ਵ ਲਈ ਮਜ਼ਬੂਤ ਭਾਈਵਾਲੀ ਦੀ ਉਸਾਰੀ
7. ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਤੇ ਖ਼ੁਸ਼ਹਾਲੀ ਲਈ ਭਾਰਤ ਤੇ ਜਪਾਨ ਦੀ ਭੂਮਿਕਾ ਉੱਤੇ ਜ਼ੋਰ ਦਿੰਦਿਆਂ, ਦੋਵੇਂ ਪ੍ਰਧਾਨ ਮੰਤਰੀਆਂ ਨੇ ਆਪਣੀ ਸੁਰੱਖਿਆ ਤੇ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਹੋਰ ਸੰਗਠਤ ਕਰਨ ਦੀ ਲੋੜ ਨੂੰ ਦੁਹਰਾਇਆ। ਉਨ੍ਹਾਂ ਵਰਗੀਕ੍ਰਿਤ ਫ਼ੌਜੀ ਜਾਣਕਾਰੀ ਦੀ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਅਤੇ ਰੱਖਿਆ ਉਪਕਰਨ ਤੇ ਤਕਨਾਲੋਜੀ ਦੇ ਤਬਾਦਲੇ ਨਾਲ ਸਬੰਧਤ ਦੋ ਰੱਖਿਆ ਤਾਣੇ-ਬਾਣਿਆਂ ਨਾਲ ਸਬੰਧਤ ਸਮਝੌਤੇ ਲਾਗੂ ਕੀਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਦੋ-ਪਾਸੜ ਤਾਲਮੇਲ ਤੇ ਤਕਨਾਲੋਜੀ ਸਹਿਯੋਗ, ਸਹਿਕਾਰਤਾ, ਸਹਿ-ਵਿਕਾਸ ਅਤੇ ਸਹਿ-ਉਤਪਾਦਨ ਰਾਹੀਂ ਰੱਖਿਆ ਗਤੀਵਿਧੀਆਂ ਦਾ ਹੋਰ ਪਾਸਾਰ ਕਰਨ ਦੀ ਲੋੜ ਨੂੰ ਉਜਾਗਰ ਕੀਤਾ, ਜਿਨ੍ਹਾਂ ਲਈ ਵਿਸ਼ੇਸ਼ ਮੱਦਾਂ ਨੂੰ ਨਿਰਧਾਰਤ ਕਰਨ ਲਈ ਵਿਚਾਰ-ਵਟਾਂਦਰਿਆਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਇਸ ਉਦੇਸ਼ ਦੀ ਪੂਰਤੀ ਲਈ ਰੱਖਿਆ ਉਪਕਰਨ ਤੇ ਤਕਨਾਲੋਜੀ ਸਹਿਯੋਗ ਬਾਰੇ ਸਾਂਝੇ ਕਾਰਜ-ਦਲ ਕਾਇਮ ਕੀਤੇ ਜਾਣਗੇ।
8. ਦੋਵੇਂ ਪ੍ਰਧਾਨ ਮੰਤਰੀਆਂ ਨੇ ਨਵੀਂ ਦਿੱਲੀ ‘ਚ ਹੋਈ ਰੱਖਿਆ ਮੰਤਰੀਆਂ ਦੀ ਸਫ਼ਲ ਸਾਲਾਨਾ ਗੱਲਬਾਤ, ਮਾਲਾਬਾਰ ਅਭਿਆਸ ਵਿੱਚ ਜਪਾਨ ਦੀ ਨਿਯਮਤ ਸ਼ਮੂਲੀਅਤ ਅਤੇ ਵਿਸ਼ਾਖਾਪਟਨਮ ਸਮੁੰਦਰੀ ਕੰਢੇ ਦੇ ਨੇੜੇ ਅੰਤਰਰਾਸ਼ਟਰੀ ਬੇੜਾ-ਸਮੂਹ ਦੀ ਸਮੀਖਿਆ ਦੀ ਸ਼ਲਾਘਾ ਕੀਤੀ। ਉਨ੍ਹਾਂ ”2+2” ਗੱਲਬਾਤ, ਰੱਖਿਆ ਨੀਤੀ ਗੱਲਬਾਤ, ਫ਼ੌਜ-ਦੀ-ਫ਼ੌਜ ਨਾਲ ਗੱਲਬਾਤ ਅਤੇ ਤੱਟ-ਰੱਖਿਅਕਾਂ ਤੋਂ ਤੱਟ-ਰੱਖਿਅਕਾਂ ਦੇ ਸਹਿਯੋਗ ਰਾਹੀਂ ਦੁਵੱਲੀ ਸੁਰੱਖਿਆ ਅਤੇ ਰੱਖਿਆ ਗੱਲਬਾਤ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਇੱਛਾ ਨੂੰ ਮੁੜ ਦ੍ਰਿੜ੍ਹਾਇਆ। ਉਨ੍ਹਾਂ ਇਸ ਵਰ੍ਹੇ ਪਹਿਲਾਂ ਹਵਾਈ ਫ਼ੌਜ ਦੇ ਸਟਾਫ਼ ਦੀ ਹੋਈ ਸ਼ੁਰੂਆਤੀ ਗੱਲਬਾਤ ਦਾ ਵੀ ਸੁਆਗਤ ਕੀਤਾ, ਦੋਵੇਂ ਧਿਰਾਂ ਦੀ ਹੁਣ ਸਾਰੀਆਂ ਤਿੰਨੇ ਫ਼ੌਜੀ ਸੇਵਾਵਾਂ ਵਿਚਾਲੇ ਵਿਆਪਕ ਗੱਲਬਾਤ ਦਾ ਸੰਸਥਾਗਤ ਪ੍ਰਬੰਧ ਕਾਇਮ ਹੋ ਚੁੱਕਾ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਗੱਲਬਾਤ ਦਾ ਪਾਸਾਰ ਕਰਨ ਅਤੇ ਰੱਖਿਆ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਆਪਣੀ ਇੱਛਾ ਸਾਂਝੀ ਕੀਤੀ; ਜਿਸ ਲਈ ਇਨਸਾਨੀਅਤ ਦੇ ਆਧਾਰ ਉੱਤੇ ਸਹਾਇਤਾ ਅਤੇ ਆਫ਼ਤ ਸਹਾਇਤਾ (ਐੱਚ.ਏ./ਡੀ.ਆਰ.) ਅਭਿਆਸਾਂ ਲਈ ਨਿਗਰਾਨਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ ਅਤੇ ਹੋਰ ਖੇਤਰਾਂ ਵਿੱਚ ਅਮਲਿਆਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
9. ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜਪਾਨ ਦੇ ਯੂ.ਐੱਸ.-2 ਐਂਫ਼ੀਬੀਅਨ ਹਵਾਈ ਜਹਾਜ਼ ਜਿਹੇ ਆਪਣੇ ਅਤਿ-ਆਧੁਨਿਕ ਰੱਖਿਆ ਮੰਚ ਪ੍ਰਦਾਨ ਕਰਨ ਵਾਸਤੇ ਤਿਆਰ ਹੋਣ ਦੀ ਸ਼ਲਾਘਾ ਕੀਤਾ। ਇਹ ਗੱਲ ਦੋਵੇਂ ਦੇਸ਼ਾਂ ਵਿਚਾਲੇ ਉੱਚ ਦਰਜੇ ਦੇ ਵਿਸ਼ਵਾਸ ਨੂੰ ਪ੍ਰਗਟਾਉਂਦੀ ਹੈ ਅਤੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਪਾਨ ਅਤੇ ਭਾਰਤ ਦੋਵੇਂ ਹੀ ਦੁਵੱਲੇ ਰੱਖਿਆ ਆਦਾਨ-ਪ੍ਰਦਾਨ ਦੇ ਮਾਮਲੇ ਵਿੱਚ ਕਿੰਨਾ ਅੱਗੇ ਲੰਘ ਚੁੱਕੇ ਹਨ।
ਖ਼ੁਸ਼ਹਾਲੀ ਲਈ ਭਾਈਵਾਲੀ
10. ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਅਬੇ ਨੂੰ ਆਪਣੀ ਸਰਕਾਰ ਵੱਲੋਂ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਕੀਤੇ ਜਾ ਰਹੇ ‘ਮੇਕ ਇਨ ਇੰਡੀਆ,’ ‘ਡਿਜੀਟਲ ਇੰਡੀਆ,’ ‘ਸਕਿੱਲ ਇੰਡੀਆ,’ ‘ਸਮਾਰਟ ਸਿਟੀ’, ‘ਸਵੱਛ ਭਾਰਤ’ ਅਤੇ ‘ਸਟਾਰਟ-ਅੱਪ ਇੰਡੀਆ’ ਜਿਹੇ ਜਤਨਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਅਬੇ ਨੇ ਇਨ੍ਹਾਂ ਪਹਿਲਕਦਮੀਆਂ ਲਈ ਆਪਣੇ ਅਗਾਂਹਵਧੂ ਹੁਨਰਾਂ ਤੇ ਤਕਨਾਲੋਜੀਆਂ ਨੂੰ ਸਾਂਝਾ ਕਰਦਿਆਂ ਜਪਾਨ ਦਾ ਦ੍ਰਿੜ੍ਹ ਸਮਰਥਨ ਪ੍ਰਗਟਾਇਆ; ਜਿਸ ਲਈ ਓ.ਡੀ.ਏ. ਰਾਹੀਂ ਜਪਾਨੀ ਜਨਤਕ ਤੇ ਨਿਜੀ ਖੇਤਰ ਦੇ ਨਿਵੇਸ਼ ਦੀ ਸਰਗਰਮ ਗਤੀਸ਼ੀਲਤਾ ਉੱਤੇ ਜ਼ੋਰ ਦਿੱਤਾ ਜਾਵੇਗਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅਜਿਹੀਆਂ ਪਹਿਲਕਦਮੀਆਂ ਭਾਰਤ ਤੇ ਜਪਾਨ ਦੇ ਨਿਜੀ ਖੇਤਰਾਂ ਵਿਚਾਲੇ ਤਾਲਮੇਲ ਨੂੰ ਹੋਰ ਵਧਾਉਣ ਦੇ ਅਹਿਮ ਮੌਕੇ ਪ੍ਰਦਾਨ ਕਰਦੀਆਂ ਹਨ।
11. ਦੋਵੇਂ ਪ੍ਰਧਾਨ ਮੰਤਰੀਆਂ ਨੇ ਦੋਵੇਂ ਦੇਸ਼ਾਂ ਵਿਚਾਲੇ ਮੁੰਬਈ-ਅਹਿਮਦਬਾਦ ਤੇਜ਼ ਰਫ਼ਤਾਰ ਰੇਲ (ਐੱਮ.ਏ.ਐੱਚ.ਐੱਸ.ਆਰ.) ਪ੍ਰੋਜੈਕਟ, ਜਿਸ ਨੂੰ ਪ੍ਰਮੁੱਖ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ, ਵਿੱਚ ਹੋ ਰਹੀ ਸਥਿਰ ਪ੍ਰਗਤੀ ਦਾ ਸੁਆਗਤ ਕੀਤਾ; ਇਸ ਲਈ ਸਾਲ 2016 ਦੌਰਾਨ ਸਾਂਝੀ ਕਮੇਟੀ ਤਿੰਨ ਮੀਟਿੰਗਾਂ ਵਿੱਚ ਵਿਚਾਰ-ਵਟਾਂਦਰਾ ਕਰ ਚੁੱਕੀ ਹੈ।
12. ਦੋਵੇਂ ਪ੍ਰਧਾਨ ਮੰਤਰੀਆਂ ਨੇ ਐੱਮ.ਏ.ਐੱਚ.ਐੱਸ.ਆਰ. ਪ੍ਰੋਜੈਕਟ ਦੀ ਟੀਚਾ ਅਨੁਸੂਚੀ ਨੂੰ ਨੋਟ ਕੀਤਾ ਕਿ ਮਹਾਂ-ਸਲਾਹਕਾਰ ਦਸੰਬਰ 2016 ‘ਚ ਆਪਣਾ ਕੰਮ ਸ਼ੁਰੂ ਕਰ ਦੇਵੇਗਾ ਅਤੇ ਸਾਲ 2018 ਦੇ ਅੰਤ ਤੱਕ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ 2023 ਤੋਂ ਉਹ ਨਵੀਂ ਤੇਜ਼-ਰਫ਼ਤਾਰ ਰੇਲ ਪਟੜੀਆਂ ‘ਤੇ ਦੌੜਨ ਲੱਗ ਪਵੇਗੀ।
13. ਦੋਵੇਂ ਪ੍ਰਧਾਨ ਮੰਤਰੀਆਂ ਨੇ ਇੱਕ ਕਾਰਜ-ਬਲ (ਟਾਸਕ ਫ਼ੋਰਸ) ਕਾਇਮ ਕੀਤੇ ਜਾਣ ਦਾ ਵੀ ਸੁਆਗਤ ਕੀਤਾ, ਜਿਸ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਤੀਨਿਧ ਮੌਜੂਦ ਹੋਣਗੇ ਅਤੇ ਇਹ ‘ਮੇਕ ਇਨ ਇੰਡੀਆ’ ਅਤੇ ਪੜਾਅਵਾਰ ਢੰਗ ਨਾਲ ਤਕਨਾਲੋਜੀ ਦੇ ਤਬਾਦਲੇ ਲਈ ਇੱਕ ਠੋਸ ਰੂਪ-ਰੇਖਾ ਵਿਕਸਤ ਕਰੇਗੀ। ਦੋਵੇਂ ਧਿਰਾਂ ਤੇਜ਼-ਰਫ਼ਤਾਰ ਰੇਲਵੇਜ਼ ਵਿੱਚ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਰਾਹ ਤਲਾਸ਼ ਕਰਨਗੀਆਂ। ਦੋਵੇਂ ਪ੍ਰਧਾਨ ਮੰਤਰੀਆਂ ਨੇ ਤੇਜ਼-ਰਫ਼ਤਾਰ ਰੇਲ ਤਕਨਾਲੋਜੀ, ਪੜਾਅਵਾਰ ਢੰਗ ਨਾਲ ਉਸ ਦੇ ਸੰਚਾਲਨ ਅਤੇ ਰੱਖ-ਰਖਾਅ ਵਿੱਚ ਮਨੁੱਖੀ ਸਰੋਤ ਵਿਕਾਸ ਦੇ ਬਹੁਤ ਜ਼ਿਆਦਾ ਮਹੱਤਵ ਉੱਤੇ ਜ਼ੋਰ ਦਿੱਤਾ; ਜਿਸ ਵਿੱਚ ਐੱਚ.ਐੱਸ.ਆਰ. ਇੰਸਟੀਟਿਊਟ ਦੀ ਸਥਾਪਨਾ ਅਤੇ ਉਸ ਦੇ ਸਿਖਲਾਈ ਪ੍ਰੋਗਰਾਮ ਬਾਰੇ ਮੁਢਲੇ ਕੰਮ ਦੀ ਸ਼ੁਰੂਆਤ ਵੀ ਸ਼ਾਮਲ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਐੱਮ.ਏ.ਐੱਚ.ਐੱਸ.ਆਰ. ਪ੍ਰੋਜੈਕਟ ਦੀ ਰਫ਼ਤਾਰ ਨੂੰ ਵਧਾਉਣ ਦੇ ਮਹੱਤਵ ਨੂੰ ਕਬੂਲ ਕੀਤਾ ਅਤੇ ਇਸ ਲਈ ਸਾਲ 2017 ਵਿੱਚ ‘ਗ੍ਰਾਊਂਡ ਬਰੇਕਿੰਗ’ ਦੀ ਰਸਮ ਕੀਤੀ ਜਾਵੇਗੀ। ਦੋਵੇਂ ਪ੍ਰਧਾਨ ਮੰਤਰੀਆਂ ਨੇ ਭਾਰਤ ਦੀ ਰਵਾਇਤੀ ਰੇਲ ਪ੍ਰਣਾਲੀ ਦੇ ਆਧੁਨਿਕੀਕਰਨ ਤੇ ਉਸ ਦੇ ਪਾਸਾਰ ਵਿੱਚ ਭਾਰਤ ਤੇ ਜਪਾਨ ਵਿਚਾਲੇ ਵਧਦੇ ਤਾਲਮੇਲ ਉੱਤੇ ਤਸੱਲੀ ਪ੍ਰਗਟਾਈ।
14. ਦੋਵੇਂ ਪ੍ਰਧਾਨ ਮੰਤਰੀਆਂ ਨੇ ”ਨਿਰਮਾਣ ਹੁਨਰ ਤਬਾਦਲਾ ਪ੍ਰੋਤਸਾਹਨ ਪ੍ਰੋਗਰਾਮ” (ਮੈਨੂਫ਼ੈਕਚਰਿੰਗ ਸਕਿੱਲ ਟ੍ਰਾਂਸਫ਼ਰ ਪ੍ਰੋਮੋਸ਼ਨ ਪ੍ਰੋਗਰਾਮ) ਰਾਹੀਂ ਭਾਰਤ ਦੇ ਨਿਰਮਾਣ ਵਿੱਚ ਮਨੁੱਖੀ ਸਰੋਤ ਵਿਕਾਸ ਦੇ ਮਾਮਲੇ ‘ਤੇ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ। ਇਹ ਪ੍ਰੋਗਰਾਮ ਭਾਰਤ ਦਾ ਨਿਰਮਾਣ ਆਧਾਰ ਵਧਾਏਗਾ ਅਤੇ ਇਸ ਲਈ ਜਪਾਨੀ ਸ਼ੈਲੀ ਦੇ ਨਿਰਮਾਣ ਹੁਨਰਾਂ ਅਤੇ ਅਭਿਆਸਾਂ ਨਾਲ ਅਗਲੇ 10 ਵਰ੍ਹਿਆਂ ਦੌਰਾਨ 30,000 ਵਿਅਕਤੀਆਂ ਨੂੰ ਸਿਖਲਾਈ ਰਾਹੀਂ ‘ਮੇਕ ਇਨ ਇੰਡੀਆ’ ਅਤੇ ‘ਸਕਿੱਲ ਇੰਡੀਆ’ ਵਿੱਚ ਯੋਗਦਾਨ ਪਾਇਆ ਜਾਵੇਗਾ; ਜਿਸ ਦੌਰਾਨ ਜਨਤਕ ਤੇ ਨਿਜੀ ਖੇਤਰਾਂ ਵਿਚਾਲੇ ਸਹਿਯੋਗ ਰਾਹੀਂ ਭਾਰਤ ਵਿੱਚ ਜਪਾਨੀ ਕੰਪਨੀਆਂ ਵੱਲੋਂ ਮਨੋਨੀਤ ਇੰਜੀਨੀਅਰਿੰਗ ਕਾਲਜਾਂ ਵਿੱਚ ਨਿਰਮਾਣ ਲਈ ਜਪਾਨ-ਭਾਰਤ ਸੰਸਥਾਨਾਂ (ਜੇ.ਆਈ.ਐੱਮ.) ਅਤੇ ‘ਜੈਪਨੀਜ਼ ਐਂਡਾਓਡ ਕੋਰਸੇਜ਼’ (ਜੇ.ਈ.ਸੀ.) ਦੀ ਸਥਾਪਨਾ ਕੀਤੀ ਜਾਵੇਗੀ। ਇਸ ਪ੍ਰੋਗਰਾਮ ਅਧੀਨ ਪਹਿਲੇ ਤਿੰਨ ਜੇ.ਆਈ.ਐੱਮਜ਼ (ਜਿਮਜ਼) ਗੁਜਰਾਤ, ਕਰਨਾਟਕ ਅਤੇ ਰਾਜਸਥਾਨ ਸੂਬਿਆਂ ਵਿੱਚ 2017 ਦੇ ਗਰਮੀ ਦੇ ਮੌਸਮ ਤੋਂ ਆਪਣਾ ਕੰਮ ਅਰੰਭ ਕਰ ਦੇਣਗੇ।
15. ਦੋਵੇਂ ਪ੍ਰਧਾਨ ਮੰਤਰੀਆਂ ਨੇ ‘ਜਪਾਨ-ਭਾਰਤ ਨਿਵੇਸ਼ ਪ੍ਰੋਤਸਾਹਨ ਭਾਈਵਾਲੀ’ ਅਧੀਨ ਪੰਜ ਸਾਲਾਂ ਦੌਰਾਨ ਭਾਰਤ ਵਿੱਚ 3.5 ਟ੍ਰਿਲੀਅਨ ਯੇਨ ਦੀ ਜਨਤਕ ਤੇ ਨਿਜੀ ਫ਼ਾਈਨਾਂਸਿੰਗ ਦੇ ਮਾਮਲੇ ਵਿੱਚ ਹੋ ਰਹੀ ਸਥਿਰ ਪ੍ਰਗਤੀ ਦਾ ਸੁਆਗਤ ਕੀਤਾ। ਉਨ੍ਹਾਂ ਪੱਛਮੀ ਸਮਰਪਿਤ ਮਾਲ ਲਾਂਘਾ (ਡੀ.ਐੱਫ਼.ਸੀ.), ਦਿੱਲੀ-ਮੁੰਬਈ ਉਦਯੋਗਿਕ ਲਾਂਘਾ (ਡੀ.ਐੱਮ.ਆਈ.ਸੀ.) ਅਤੇ ਚੇਨਈ-ਬੈਂਗਲੁਰੂ ਉਦਯੋਗਿਕ ਲਾਂਘਾ (ਸੀ.ਬੀ.ਆਈ.ਸੀ.) ਜਿਹੇ ਪ੍ਰੋਜੈਕਟਾਂ ਵਿੱਚ ਹੋਈ ਪ੍ਰਗਤੀ ਦਾ ਵੀ ਸੁਆਗਤ ਕੀਤਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ਓ.ਡੀ.ਏ. ਪ੍ਰੋਜੈਕਟਾਂ ਨੂੰ ਸਬੰਧਤ ਤਰੀਕੇ ਲਾਗੂ ਕਰਨ ਨੂੰ ਸੁਰੱਖਿਅਤ ਬਣਾਉਣ ਦੇ ਮਹੱਤਵ ਦੀ ਪੁਸ਼ਟੀ ਵੀ ਕੀਤੀ।
16. ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਆਧੁਨਿਕੀਕਰਨ ਵਿੱਚ ਜਪਾਨ ਦੇ ਓ.ਡੀ.ਏ. ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਸਬੰਧ ਵਿੱਚ, ਦੋਵੇਂ ਪ੍ਰਧਾਨ ਮੰਤਰੀਆਂ ਨੇ ਸ਼ਹਿਰੀ ਆਵਾਜਾਈ ਖੇਤਰ ਦੇ ਓ.ਡੀ.ਏ. ਪ੍ਰੋਜੈਕਟਾਂ; ਜਿਵੇਂ ਕਿ ਚੇਨਈ ਤੇ ਅਹਿਮਦਾਬਾਦ ਮੈਟਰੋ, ਮੁੰਬਈ ਟ੍ਰਾਂਸ ਹਾਰਬਰ ਲਿੰਕ ਪ੍ਰੋਜੈਕਟ ਅਤੇ ਦਿੱਲੀ ਵਿੱਚ ਪੂਰਬੀ ਪੈਰੀਫ਼ੇਰੀ ਨਾਲ ਲਗਦੇ ਹਾਈਵੇਅ ਦੇ ਨਾਲ ਇੰਟੈਲੀਜੈਂਸ ਟ੍ਰਾਂਸਪੋਰਟ ਸਿਸਟਮ ਦੀ ਸ਼ੁਰੂਆਤ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਅਬੇ ਨੇ ਗੁਜਰਾਤ ਦੇ ਅਲਾਂਗ, ਭਾਵਨਗਰ ਜ਼ਿਲ੍ਹੇ ਦੇ ਸ਼ਿਪ-ਰੀਸਾਈਕਲਿੰਗ ਯਾਰਡਜ਼ ਦੀ ਅਪਗ੍ਰੇਡਿੰਗ ਵਿੱਚ ਸਹਿਯੋਗ ਲਈ ਜਪਾਨ ਦੀ ਇੱਛਾ ਪ੍ਰਗਟਾਈ।
17. ਦੋਵੇਂ ਪ੍ਰਧਾਨ ਮੰਤਰੀਆਂ ਨੇ ਕੁਨੈਕਟੀਵਿਟੀ ਵਧਾਉਣ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਆਪਣੀ ਮਜ਼ਬੂਤ ਪ੍ਰਤੀਬੱਧਤਾ ਪ੍ਰਗਟਾਈ ਅਤੇ ਉੱਤਰ-ਪੂਰਬੀ ਭਾਰਤ ਵਿੱਚ ਸੜਕ ਰਾਹੀਂ ਕੁਨੈਕਟੀਵਿਟੀ ਵਿੱਚ ਵਾਧਾ ਕੀਤੇ ਜਾਣ ਨਾਲ ਸਬੰਧਤ ਪ੍ਰੋਜੈਕਟਾਂ ‘ਚ ਹੋ ਰਹੀ ਪ੍ਰਗਤੀ ਦਾ ਸੁਆਗਤ ਕੀਤਾ। ਉਨ੍ਹਾਂ ਫ਼ੈਸਲਾ ਕੀਤਾ ਕਿ ਸਮਾਰਟ ਟਾਪੂ ਵਿਕਸਤ ਕਰਨ ਲਈ ਸਮਾਰਟ ਸਿਟੀਜ਼ ਦੇ ਖੇਤਰ ਵਿੱਚ ਆਪਣੇ ਸਹਿਯੋਗ ਦੀ ਉਸਾਰੀ ਕਰਨ ਦਾ ਫ਼ੈਸਲਾ ਕੀਤਾ; ਜਿਸ ਲਈ ਤਕਨਾਲੋਜੀਆਂ, ਬੁਨਿਆਦੀ ਢਾਂਚੇ, ਵਿਕਾਸ ਰਣਨੀਤੀਆਂ ਤੇ ਪ੍ਰਬੰਧ ਪ੍ਰਕਿਰਿਆਵਾਂ ਦੀ ਸ਼ਨਾਖ਼ਤ ਕਰਨ ਲਈ ਸਲਾਹ-ਮਸ਼ਵਰਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ; ਜਿਸ ਰਾਹੀਂ ਇੱਕ ਕਾਰਜਕੁਸ਼ਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਾਰਟ ਟਾਪੂਆਂ ਦੇ ਵਿਕਾਸ ਦੀ ਸੁਵਿਧਾ ਮਿਲ ਸਕੇਗੀ।
18. ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਵਿੱਚ ਸਿੰਚਾਈ ਪ੍ਰੋਜੈਕਟ ਅਤੇ ਓੜੀਸ਼ਾ ਵਿੱਚ ਵਣ ਸਰੋਤ ਪ੍ਰਬੰਧ ਲਈ ਤਿਆਰੀ ਸਰਵੇਖਣ ਅਤੇ ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਵਿੱਚ ਸਿੰਚਾਈ ‘ਚ ਸੁਧਾਰ ਲਿਆਉਣ ਵਾਸਤੇ ਓ.ਡੀ.ਏ. ਕਰਜ਼ੇ ਦੀ ਵਿਵਸਥਾ ਦੀ ਸ਼ਲਾਘਾ ਕੀਤੀ।
19. ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਵਿੱਚ ਇੱਕ ਕਨਵੈਨਸ਼ਨ ਸੈਂਟਰ ਦੇ ਨਿਰਮਾਣ ਵਿੱਚ ਸਹਿਯੋਗ ਲਈ ਜਪਾਨ ਦੇ ਜਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਦੇ ਚਿੰਨ੍ਹ ਵਜੋਂ ਇਸ ਦੀ ਪ੍ਰਤੀਕਾਤਮਕ ਅਹਿਮੀਅਤ ਨੂੰ ਮੰਨਿਆ।
20. ਪ੍ਰਧਾਨ ਮੰਤਰੀ ਅਬੇ ਨੇ ਭਾਰਤ ਵਿੱਚ ਕਾਰੋਬਾਰੀ ਮਾਹੌਲ ਵਿੱਚ ਸੁਧਾਰ ਲਿਆਉਣ ਬਾਰੇ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ ਅਤੇ ਨਿਵੇਸ਼ ਨੀਤੀਆਂ ਦੇ ਉਦਾਰੀਕਰਨ, ਇਤਿਹਾਸਕ ‘ਮਾਲ ਤੇ ਸੇਵਾਵਾਂ ਟੈਕਸ’ (ਜੀ.ਐੱਸ.ਟੀ.) ਬਿਲ ਨੂੰ ਪਾਸ ਕਰ ਕੇ ਟੈਕਸ ਪ੍ਰਣਾਲੀ ਨੂੰ ਸਰਲ ਤੇ ਤਰਕਪੂਰਨ ਬਣਾਉਣ, ਵਿੱਤੀ ਸਰੋਤਾਂ ਦੀ ਘਾਟ ਤੇ ਦੀਵਾਲੀਆਪਣ ਜ਼ਾਬਤਾ ਤੇ ਹੋਰ ਕਦਮ ਚੁੱਕਣ ਰਾਹੀਂ ਕੀਤੇ ਜਾ ਰਹੇ ਸੁਧਾਰਾਂ ਦਾ ਸੁਆਗਤ ਕੀਤਾ।
21. ਪ੍ਰਧਾਨ ਮੰਤਰੀ ਅਬੇ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਵਿੱਚ ਵਪਾਰਕ ਮਾਹੌਲ ਵਿੱਚ ਸੁਧਾਰ ਕੀਤੇ ਜਾਣ ਅਤੇ ਜਪਾਨੀ ਨਿਵੇਸ਼ਾਂ ਲਈ ਯੋਗ ਮਾਹੌਲ ਸਿਰਜਣ ਲਈ ਕੀਤੀਆਂ ਕਾਰਵਾਈਆਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਅਬੇ ਦੀਆਂ ਉਨ੍ਹਾਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ, ਜਿਹੜੀਆਂ ਜਪਾਨ ਉਦਯੋਗਿਕ ਟਾਊਨਸ਼ਿਪਸ (ਜੇ.ਆਈ.ਟੀਜ਼) ਦੀ ਸਥਾਪਨਾ ਲਈ ਕੀਤੀਆਂ ਗਈਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਨ੍ਹਾਂ ਟਾਊਨਸ਼ਿਪਸ ਦੀ ਸਥਾਪਨਾ ਨਾਲ ਤਕਨਾਲੋਜੀ ਦੀ ਵਰਤੋਂ, ਨਵੀਨਤਾ ਵਿੱਚ ਵਾਧਾ ਹੋਵੇਗਾ ਅਤੇ ਭਾਰਤ ਦੇ ਨਿਰਮਾਣ ਖੇਤਰ ਵਿੱਚ ਬਿਹਤਰੀਨ ਅਭਿਆਸ ਸਾਹਮਣੇ ਆਉਣਗੇ। ਦੋਵੇਂ ਪ੍ਰਧਾਨ ਮੰਤਰੀਆਂ ਨੇ 12 ਜੇ.ਆਈ.ਟੀਜ਼ ਵਿਚਲੇ ਕੁਝ ਖੇਤਰਾਂ ਨੂੰ ਚੁਣ ਕੇ ਮੁਢਲੇ ਤੌਰ ਉੱਤੇ ਲਾਗੂ ਕੀਤੇ ਜਾਣ ਤੇ ਵਿਸ਼ੇਸ਼ ਨਿਵੇਸ਼ ਪ੍ਰੋਤਸਾਹਨਾਂ ਫ਼ੋਕਸਡ ਯੋਜਨਾਬੰਦੀ ਸਮੇਤ ਜੇ.ਆਈ.ਟੀਜ਼ ਨਾਲ ਸਬੰਧਤ ਪ੍ਰਗਤੀ ਦਾ ਸੁਆਗਤ ਕੀਤਾ। ਉਹ ਜੇ.ਆਈ.ਟੀਜ਼ ਦੇ ਵਿਕਾਸ ਵਿੱਚ ਸਲਾਹ-ਮਸ਼ਵਰੇ ਅਤੇ ਸਹਿਯੋਗ ਨੂੰ ਜਾਰੀ ਰੱਖਣ ਲਈ ਵੀ ਸਹਿਮਤ ਹੋਏ।
22. ਪ੍ਰਧਾਨ ਮੰਤਰੀ ਅਬੇ ਨੇ ਭਾਰਤ ਵਿੱਚ ਜਪਾਨੀ ਕੰਪਨੀਆਂ ਲਈ ‘ਜਪਾਨ ਪਲੱਸ’ ਪ੍ਰਦਾਨ ਕਰ ਕੇ ਦਿੱਤੀ ਗਈ ਸੁਵਿਧਾ ਅਤੇ ਜਪਾਨ-ਭਾਰਤ ਨਿਵੇਸ਼ ਭਾਈਵਾਲੀ ਦੀ ਸੁਵਿਧਾ ਲਈ ਕੈਬਿਨੇਟ ਸਕੱਤਰ ਦੀ ਪ੍ਰਧਾਨਗੀ ਹੇਠਲੇ ‘ਕੋਰ ਗਰੁੱਪ’ ਵੱਲੋਂ ਕੀਤੇ ਤਾਲਮੇਲ ਦੀ ਵੀ ਸ਼ਲਾਘਾ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਨੇ ਦੁਵੱਲੀ ਰਣਨੀਤਕ ਆਰਥਿਕ ਗੱਲਬਾਤ, ਵਿੱਤੀ ਗੱਲਬਾਤ ਤੇ ਇਸ ਵਰ੍ਹੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੇਪਾ) ਬਾਰੇ ਹੋਈਆਂ ਸਫ਼ਲ ਮੀਟਿੰਗਾਂ ਉੱਤੇ ਤਸੱਲੀ ਪ੍ਰਗਟਾਈ ਅਤੇ ਦੁਵੱਲਾ ਸਹਿਯੋਗ ਹੋਰ ਡੂੰਘਾ ਕਰਨ ਲਈ ਅਜਿਹੇ ਵਿਚਾਰ-ਵਟਾਂਦਰਿਆਂ ਤੇ ਉਨ੍ਹਾਂ ਦੀ ਉੱਪ-ਕਮੇਟੀਆਂ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਅਕਤੂਬਰ 2016 ਵਿੱਚ ਸਮਾਜਕ ਸੁਰੱਖਿਆ ਸਮਝੌਤੇ ਦੇ ਲਾਗੂ ਹੋਣ ਦਾ ਵੀ ਸੁਆਗਤ ਕੀਤਾ, ਜਿਸ ਨਾਲ ਵਪਾਰਕ ਲਾਗਤਾਂ ਘਟਣਗੀਆਂ ਅਤੇ ਭਾਰਤ ਤੇ ਜਪਾਨ ਵਿਚਾਲੇ ਮਨੁੱਖੀ ਅਤੇ ਆਰਥਿਕ ਆਦਾਨ-ਪ੍ਰਦਾਨ ਕੀਤੇ ਜਾਣ ਵਿੱਚ ਹੋਰ ਸੁਵਿਧਾ ਹੋਵੇਗੀ।
23. ਦੋਵੇਂ ਪ੍ਰਧਾਨ ਮੰਤਰੀਆਂ ਨੇ; ਭਾਰਤ ਵਿੱਚ ਜਪਾਨੀ ਕੰਪਨੀਆਂ ਦੇ ਸਿੱਧੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ‘ਨਿਪੌਨ ਐਕਸਪੋਰਟ ਐਂਡ ਇਨਵੈਸਟਮੈਂਟ ਇਨਸ਼ਯੋਰੈਂਸ’ (ਨੈਕਸੀ) ਅਤੇ ‘ਜਪਾਨ ਬੈਂਕ ਫ਼ਾਰ ਇੰਟਰਨੈਸ਼ਨਲ ਕੋਆਪ੍ਰੇਸ਼ਨ’ (ਜੇ.ਬੀ.ਆਈ.ਸੀ.) ਦੁਆਰਾ 1.5 ਟ੍ਰਿਲੀਅਨ ਯੇਨ ਤੱਕ ਦੀ ”ਜਪਾਨ-ਇੰਡੀਆ ਮੇਕ-ਇਨ-ਇੰਡੀਆ ਸਪੈਸ਼ਲ ਫ਼ਾਈਨਾਂਸ ਫ਼ੈਸੀਲਿਟੀ” ਲਾਗੂ ਹੋਣ ਦੇ ਮਹੱਤਵ ਦੀ ਪੁਸ਼ਟੀ ਕੀਤੀ। ਉਨ੍ਹਾਂ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਫ਼ੰਡਿੰਗ ਦੇ ਮੌਕਿਆਂ ਦੀ ਤਲਾਸ਼ ਕਰਨ ਲਈ ‘ਨੈਸ਼ਨਲ ਇਨਵੈਸਟਮੈਂਟ ਐਂਡ ਇਨਫ਼ਰਾਸਟਰੱਕਚਰ ਫ਼ੰਡ’ (ਐੱਨ.ਆਈ.ਆਈ.ਐੱਫ਼.) ਅਤੇ ‘ਜਪਾਨ ਓਵਰਸੀਜ਼ ਇਨਫ਼ਰਾਸਟਰੱਕਚਰ ਇਨਵੈਸਟਮੈਂਟ ਕੋਆਪ੍ਰੇਸ਼ਨ ਫ਼ਾਰ ਟਰਾਂਸਪੋਰਟ ਐਂਡ ਅਰਬਨ ਡਿਵੈਲਪਮੈਂਟ’ (ਜੁਆਇਨ) ਵਿਚਾਲੇ ਸਹਿਮਤੀ-ਪੱਤਰ ਦਾ ਸੁਆਗਤ ਕੀਤਾ।
ਇੱਕ ਸਵੱਛ ਅਤੇ ਪ੍ਰਦੂਸ਼ਣ-ਮਕਤ ਭਵਿੱਖ ਲਈ ਇੱਕਜੁਟਤਾ ਨਾਲ ਕੰਮ ਕਰਨਾ
24. ਦੋਵੇਂ ਪ੍ਰਧਾਨ ਮੰਤਰੀਆਂ ਨੇ ਇਹ ਮੰਨਿਆ ਕਿ ਭਰੋਸੇਯੋਗ, ਸਵੱਛ ਅਤੇ ਸਸਤੀ ਉਰਜਾ ਤੱਕ ਪਹੁੰਚ; ਦੋਵੇਂ ਦੇਸ਼ਾਂ ਦੇ ਆਰਥਿਕ ਵਿਕਾਸ ਲਈ ਅਹਿਮ ਹੈ, ਅਤੇ ਇਸ ਸਬੰਧ ਵਿੱਚ, ਉਨ੍ਹਾਂ ਜਨਵਰੀ 2016 ‘ਚ ਹੋਈ ਜਪਾਨ ਅਤੇ ਭਾਰਤ ਵਿਚਾਲੇ 8ਵੀਂ ਊਰਜਾ ਗੱਲਬਾਤ ਦੁਆਰਾ ‘ਜਪਾਨ-ਭਾਰਤ ਊਰਜਾ ਭਾਈਵਾਲ ਪਹਿਲਕਦਮੀ’ ਦਾ ਸੁਆਗਤ ਕੀਤਾ। ਉਨ੍ਹਾਂ ਦੁਵੱਲਾ ਊਰਜਾ ਸਹਿਯੋਗ ਮਜ਼ਬੂਤ ਕਰਨ ਦੀ ਇੱਛਾ ਵੀ ਪ੍ਰਗਟਾਈ ਕਿਉਂਕਿ ਇਸ ਨਾਲ ਦੋਵੇਂ ਦੇਸ਼ਾਂ ‘ਚ ਕੇਵਲ ਊਰਜਾ ਦਾ ਹੀ ਵਿਕਾਸ ਨਹੀਂ ਹੋਵੇਗਾ, ਸਗੋਂ ਵਿਸ਼ਵ-ਵਿਆਪੀ ਊਰਜਾ ਸੁਰੱਖਿਆ, ਊਰਜਾ ਪਹੁੰਚ ਅਤੇ ਜਲਵਾਯੂ ਤਬਦੀਲੀ ਦੇ ਮੁੱਦੇ ਵੀ ਛੋਹੇ ਜਾਣਗੇ। ਉਨ੍ਹਾਂ ਟਿਕਾਣੇ ਦਾ ਖ਼ਾਤਮਾ ਧਾਰਾ ਸਮੇਤ ਪਾਰਦਰਸ਼ੀ ਅਤੇ ਵਿਭਿੰਨਤਾਪੂਰਨ ‘ਤਰਲ ਕੁਦਰਤੀ ਗੈਸ’ (ਐਲ.ਐੱਨ.ਜੀ.) ਬਾਜ਼ਾਰ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਇੱਛਾ ਨੂੰ ਮੁੜ ਦ੍ਰਿੜ੍ਹਾਇਆ।
25. ਦੋਵੇਂ ਪ੍ਰਧਾਨ ਮੰਤਰੀਆਂ ਨੇ ਜਲਵਾਯੂ ਤਬਦੀਲੀ ਬਾਰੇ ਪੈਰਿਸ ਸਮਝੌਤਾ ਛੇਤੀ ਲਾਗੂ ਹੋਣ ਦਾ ਸੁਆਗਤ ਕੀਤਾ ਅਤੇ ਇਸ ਸਮਝੌਤੇ ਨੂੰ ਸਫ਼ਲਤਾਪੂਰਬਕ ਲਾਗੂ ਕਰਨ ਲਈ ਨਿਯਮ ਵਿਕਸਤ ਕਰਨ ਵਾਸਤੇ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਮੁੜ ਦ੍ਰਿੜ੍ਹਾਇਆ। ਉਨ੍ਹਾਂ ਸਾਂਝੇ ਕ੍ਰੈਡਿਟਿੰਗ ਮਕੈਨਿਜ਼ਮ (ਜੇ.ਸੀ.ਐੱਮ.) ਬਾਰੇ ਛੇਤੀ ਤੋਂ ਛੇਤੀ ਹੋਰ ਸਲਾਹ-ਮਸ਼ਵਰਿਆਂ ਦੀ ਇੱਛਾ ਵੀ ਸਾਂਝੀ ਕੀਤੀ।
26. ਪ੍ਰਧਾਨ ਮੰਤਰੀ ਅਬੇ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੰਤਰਰਾਸ਼ਟਰੀ ਸੋਲਰ ਗੱਠਜੋੜ ਦੀ ਸਥਾਪਨਾ ਸਮੇਤ, ਖ਼ਾਸ ਕਰ ਕੇ ਅਖੁੱਟ ਊਰਜਾ ਦੇ ਖੇਤਰ ਵਿੱਚ ਕੀਤੇ ਜਤਨਾਂ ਦੀ ਸ਼ਲਾਘਾ ਕੀਤੀ।
27. ਦੋਵੇਂ ਪ੍ਰਧਾਨ ਮੰਤਰੀਆਂ ਨੇ ਜਪਾਨ ਦੀ ਸਰਕਾਰ ਤੇ ਭਾਰਤ ਗਣਰਾਜ ਦੀ ਸਰਕਾਰ ਵਿਚਾਲੇ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਵਿੱਚ ਸਹਿਯੋਗ ਬਾਰੇ ਸਮਝੌਤੇ ਉੱਤੇ ਹੋਏ ਹਸਤਾਖਰਾਂ ਦਾ ਸੁਆਗਤ ਕੀਤਾ; ਜਿਸ ਤੋਂ ਸਵੱਛ ਊਰਜਾ, ਆਰਥਿਕ ਵਿਕਾਸ ਤੇ ਸ਼ਾਂਤੀਪੂਰਨ ਤੇ ਸੁਰੱਖਿਅਤ ਵਿਸ਼ਵ ਲਈ ਪਰਸਪਰ ਭਰੋਸੇ ਤੇ ਰਣਨੀਤਕ ਭਾਈਵਾਲੀ ਦਾ ਨਵਾਂ ਪੱਧਰ ਪ੍ਰਤੀਬਿੰਬਤ ਹੁੰਦਾ ਹੈ।
28. ਵਾਤਾਵਰਨ-ਪੱਖੀ ਊਰਜਾ ਕਾਰਜਕੁਸ਼ਲ ਤਕਨਾਲੋਜੀਆਂ ਵਿੱਚ ਆਪਣੀਆਂ ਨਿਜੀ ਤੇ ਜਨਤਕ ਖੇਤਰ ਦੀਆਂ ਇਕਾਈਆਂ ਵਿਚਾਲੇ ਵਧਦੇ ਤਾਲਮੇਲ ਦਾ ਸੁਆਗਤ ਕਰਦਿਆਂ, ਦੋਵੇਂ ਪ੍ਰਧਾਨ ਮੰਤਰੀਆਂ ਨੇ ਸਵੱਛ ਕੋਲ਼ਾ ਤਕਨਾਲੋਜੀਆਂ ਅਤੇ ਹਾਈਬ੍ਰਿਡ ਵਾਹਨਾਂ, ਬਿਜਲਈ ਵਾਹਨਾਂ ਆਦਿ ਸਮੇਤ ਪ੍ਰਦੂਸ਼ਣ-ਮੁਕਤ ਵਾਹਨਾਂ ਨੂੰ ਹਰਮਨਪਿਆਰਾ ਬਣਾਉਣ ਜਿਹੇ ਖੇਤਰਾਂ ਵਿੱਚ ਹੋਰ ਸਹਿਯੋਗ ਉਤਸ਼ਾਹਿਤ ਕੀਤੇ ਜਾਣ ਦੇ ਮਹੱਤਵ ਨੂੰ ਉਜਾਗਰ ਕੀਤਾ।
29. ਦੋਵੇਂ ਪ੍ਰਧਾਨ ਮੰਤਰੀਆਂ ਨੇ ਸੁਰੱਖਿਅਤ ਅਤੇ ਵਾਤਾਵਰਨ ਪੱਖੋਂ ਮਜ਼ਬੂਤ ਸਮੁੰਦਰੀ ਜਹਾਜ਼ਾਂ ਦੀ ਰੀਸਾਈਕਲਿੰਗ, 2009 ਲਈ ਹਾਂਗ ਕਾਂਗ ਅੰਤਰਰਾਸ਼ਟਰੀ ਕਨਵੈਨਸ਼ਨ ਛੇਤੀ ਮੁਕੰਮਲ ਕੀਤੇ ਜਾਣ ਦੀ ਇੱਛਾ ਪ੍ਰਗਟਾਈ।
ਭਵਿੱਖ-ਆਧਾਰਤ ਭਾਈਵਾਲੀ ਦੀ ਨੀਂਹ ਰੱਖਣਾ
30. ਦੋਵੇਂ ਪ੍ਰਧਾਨ ਮੰਤਰੀਆਂ ਨੇ ਸਮਾਜਾਂ ਨੂੰ ਬੁਨਿਆਦੀ ਤੌਰ ਉੱਤੇ ਬਦਲਣ ਲਈ ਵਿਗਿਆਨ ਤੇ ਤਕਨਾਲੋਜੀ ਦੇ ਹੋਰ ਵਧੇਰੇ ਦੁਵੱਲੇ ਤਾਲਮੇਲ ਦੀਆਂ ਵਿਸ਼ਾਲ ਸੰਭਾਵਨਾਵਾਂ ਨੂੰ ਮੰਨਿਆ। ਉਨ੍ਹਾਂ ਪੁਲਾੜ ਸਹਿਯੋਗ ਵਧਾਉਣ ਦੇ ਮਹੱਤਵ ਉੱਤੇ ਵੀ ਜ਼ੋਰ ਦਿੱਤਾ ਅਤੇ ਜੈਕਸਾ (JAXA) ਤੇ ਇਸਰੋ (ISRO) ਵਿਚਾਲੇ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ JAMSTEC ਵਿਚਾਲੇ ਸਹਿਯੋਗ ਪੱਤਰ (ਐੱਮ.ਓ.ਸੀ.) ਸਮੇਤ ਸਮੁੰਦਰੀ ਜਹਾਜ਼ਾਂ, ਭੂਮੀ ਤੇ ਵਾਯੂਮੰਡਲ ਵਿਗਿਆਨਾਂ ਦੇ ਖੇਤਰ ਵਿੱਚ ਸਹਿਯੋਗ ਵਧਣ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਸੂਚਨਾ ਤਕਨਾਲੋਜੀ ਅਤੇ ਇਲੈਕਟ੍ਰੌਨਿਕਸ ਬਾਰੇ ਦੁਵੱਲੇ ਸਾਂਝੇ ਕਾਰਜ ਦਲ ਰਾਹੀਂ ਦੁਵੱਲੇ ਸੂਚਨਾ ਤਕਨਾਲੋਜੀ ਤੇ ਆਈ.ਓ.ਟੀ. ਸਹਿਯੋਗ, ਜੈਟਰੋ ਅਤੇ ਵਿਗਿਆਨ ਤੇ ਤਕਨਾਲੋਜੀ ਬਾਰੇ ਸਾਂਝੀ ਕਮੇਟੀ ਦੇ ਸਹਿਯੋਗ ਨਾਲ ਜਪਾਨ-ਭਾਤ ਆਈ.ਓ.ਟੀ. ਨਿਵੇਸ਼ ਪਹਿਲਕਦਮੀ ਵਿੱਚ ਹੋਈ ਪ੍ਰਗਤੀ ਨੂੰ ਨੋਟ ਕੀਤਾ।
31. ਦੋਵੇਂ ਪ੍ਰਧਾਨ ਮੰਤਰੀਆਂ ਨੇ; ਆਫ਼ਤ ਦੌਰਾਨ ਜੋਖਮ ਘਟਾਉਣ ਵਾਲੇ ਸੰਯੁਕਤ ਰਾਸ਼ਟਰ ਦੀ ਤੀਜੀ ਵਿਸ਼ਵ ਕਾਨਫ਼ਰੰਸ ਤੋਂ ਬਾਅਦ ਨਵੀਂ ਦਿੱਲੀ ਵਿੱਚ; ‘ਆਫ਼ਤ ਦੌਰਾਨ ਜੋਖਮ ਘਟਾਉਣ ਬਾਰੇ ਏਸ਼ੀਆਈ ਮੰਤਰੀਆਂ ਦੀ ਕਾਨਫ਼ਰੰਸ’ ਦੀ ਸਫ਼ਲਤਾ ਦਾ ਸੁਆਗਤ ਕੀਤਾ। ਉਨ੍ਹਾਂ ਆਫ਼ਤ ਪ੍ਰਬੰਧ ਅਤੇ ਆਫ਼ਤ ਦੌਰਾਨ ਖ਼ਤਰਾ ਘਟਾਉਣ ਦੇ ਖੇਤਰ ਵਿੱਚ ਸਹਿਯੋਗ ਦੀ ਸੰਭਾਵਨਾ ਨੂੰ ਮੰਨਿਆ। ਉਨ੍ਹਾਂ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਦੇ ਮਹੱਤਵ ਨੂੰ ਵੀ ਮੰਨਿਆ ਕਿਉਂਕਿ ਇਸ ਨਾਲ ਇਸ ਮਾਮਲੇ ਨਾਲ ਸਬੰਧਤ ਖ਼ਤਰਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਪ੍ਰੋਤਸਾਹਨ ਮਿਲੇਗਾ ਅਤੇ ਇਨ੍ਹਾਂ ਦਾ ਹੱਲ ਲੱਭਣ ਲਈ ਔਜ਼ਾਰ (ਢੰਗ-ਤਰੀਕੇ) ਵਿਕਸਤ ਕੀਤੇ ਜਾ ਸਕਣਗੇ।
32. ਦੋਵੇਂ ਪ੍ਰਧਾਨ ਮੰਤਰੀਆਂ ਨੇ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ, ਸਟੈੱਮ ਸੈੱਲ ਖੋਜ, ਫ਼ਾਰਮਾਸਿਉਟੀਕਲਜ਼ ਅਤੇ ਮੈਡੀਕਲ ਉਪਕਰਨਾਂ ਸਮੇਤ ਸਿਹਤ-ਸੰਭਾਲ ਦੇ ਖੇਤਰ ਵਿੱਚ ਸਹਿਯੋਗ ਲਈ ਹੋਈ ਪ੍ਰਗਤੀ ਦਾ ਵੀ ਸੁਆਗਤ ਕੀਤਾ। ਉਨ੍ਹਾਂ ਜਪਾਨ ਵਿੱਚ ਜੈਨਰਿਕ ਦਵਾਈਆਂ ਦੇ ਗਿਣਾਤਮਕ ਹਿੱਸੇ ਨਾਲ ਸਬੰਧਤ ਟੀਚੇ ਦੀ ਰੌਸ਼ਨੀ ਵਿੱਚ ਭਾਰਤੀ ਤੇ ਜਪਾਨੀ ਫ਼ਾਰਮਾਸਿਉਟੀਕਲ ਕੰਪਨੀਆਂ ਵਿਚਾਲੇ ਤਾਲਮੇਲ ਕਾਇਮ ਕਰਨ ਲਈ ਮੌਕਿਆਂ ਦੀ ਸੰਭਾਵਨਾ ਨੂੰ ਵੀ ਨੋਟ ਕੀਤਾ।
ਟਿਕਾਊ ਭਾਈਵਾਲੀ ਲਈ ਲੋਕਾਂ ਵਿੱਚ ਨਿਵੇਸ਼ ਕਰਨਾ
33. ਦੋਵੇਂ ਪ੍ਰਧਾਨ ਮੰਤਰੀਆਂ ਨੇ ਸੱਭਿਆਚਾਰ ਅਤੇ ਸੈਰ-ਸਪਾਟਾ ਦੇ ਖੇਤਰ ਵਿੱਚ ਸਾਲ 2017 ਨੂੰ ਭਾਰਤ-ਜਪਾਨ ਦੇ ਦੋਸਤਾਨਾ ਆਦਾਨ-ਪ੍ਰਦਾਨਾਂ ਦੇ ਵਰ੍ਹੇ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਖੇਤਰ ਵਿੱਚ ਐੱਮ.ਓ.ਸੀ. ਦਾ ਸੁਆਗਤ ਕੀਤਾ। ਉਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਸੈਰ-ਸਪਾਟੇ ਦੇ ਪ੍ਰਵਾਹ ਨੂੰ ਹੱਲਾਸ਼ੇਰੀ ਦੇਣ ਦੀ ਆਪਣੀ ਮਜ਼ਬੂਤ ਇੱਛਾ ਪ੍ਰਗਟਾਈ ਅਤੇ ਭਾਰਤ-ਜਪਾਨ ਸੈਰ-ਸਪਾਟਾ ਕੌਂਸਲ ਦੀ ਪਹਿਲੀ ਮੀਟਿੰਗ ਉੱਤੇ ਤਸੱਲੀ ਜ਼ਾਹਿਰ ਕੀਤੀ ਅਤੇ ਸਾਲ 2017 ਵਿੱਚ ਜਾਪਾਨ ‘ ਦੂਜੀ ਮੀਟਿੰਗ ਦੀ ਇੱਛਾ ਪ੍ਰਗਟਾਈ। ਉਨ੍ਹਾਂ ਵਿੱਤੀ ਸਾਲ 2016 ਦੌਰਾਨ ‘ਜਪਾਨ ਰਾਸ਼ਟਰੀ ਸੈਰ-ਸਪਾਟਾ ਸੰਗਠਨ’ (ਜੇ.ਐੱਨ.ਟੀ.ਓ.) ਦੀ ਯੋਜਨਾਬੱਧ ਸ਼ੁਰੂਆਤ ਦਾ ਵੀ ਸੁਆਗਤ ਕੀਤਾ।
34. ਪ੍ਰਧਾਨ ਮੰਤਰੀ ਅਬੇ ਨੇ ਭਾਰਤੀ ਵਿਦਿਆਰਥੀਆਂ ਵੀਜ਼ਾ ਜ਼ਰੂਰਤ ਤੋਂ ਛੋਟ ਦਾ ਐਲਾਨ ਕੀਤਾ ਅਤੇ ਭਾਰਤੀ ਨਾਗਰਿਕਾਂ ਦੀਆਂ ਅਰਜ਼ੀਆਂ ਲੈਣ ਦੇ ਸਥਾਨਾਂ ਦੀ ਗਿਣਤੀ ਵਧਾ ਕੇ 20 ਕਰਨ ਦੀ ਆਪਣੀ ਇੱਛਾ ਪ੍ਰਗਟਾਈ। ਪ੍ਰਧਾਨ ਮੰਤਰੀ ਅਬੇ ਨੇ ਜਪਾਨੀ ਸੈਲਾਨੀਆਂ ਤੇ ਨਿਵੇਸ਼ਕਾਂ ਲਈ ‘ਆਮਦ-ਉੱਤੇ’-ਵੀਜ਼ਾ ਦੀ ਸਹੂਲਤ ਅਤੇ ਲੰਮੀ ਮਿਆਦ ਦੇ ਵੀਜ਼ੇ ਦੇਣ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
35. ਪ੍ਰਧਾਨ ਮੰਤਰੀ ਅਬੇ ਨੇ ਏਸ਼ੀਆ ਵਿੱਚ ਹੁਨਰਮੰਦ ਮਨੁੱਖੀ ਵਸੀਲਿਆਂ ਦੇ ਆਦਾਨ-ਪ੍ਰਦਾਨ ਵਿੱਚ ਵਾਧਾ ਕਰਨ ਲਈ ਜਪਾਨ ਦੀ ਨਵੀਂ ਪਹਿਲਕਦਮੀ ‘ਇਨੋਵੇਟਿਵ ਏਸ਼ੀਆ’ ਤੋਂ ਵੀ ਜਾਣੂ ਕਰਵਾਇਆ। ਦੋਵੇਂ ਪ੍ਰਧਾਨ ਮੰਤਰੀਆਂ ਨੇ ਆਸ ਪ੍ਰਗਟਾਈ ਕਿ ਇਹ ਪਹਿਲਕਦਮੀ ਭਾਰਤੀ ਵਿਦਿਆਰਥੀਆਂ ਲਈ ਵਜ਼ੀਫ਼ਾ ਅਤੇ ਇੰਟਰਨਸ਼ਿਪ ਮੌਕਿਆਂ ਦਾ ਲਾਭ ਉਠਾਉਣ ਦੇ ਨਵੇਂ ਪ੍ਰਵੇਸ਼-ਮਾਰਗ ਪ੍ਰਦਾਨ ਕਰੇਗੀ ਅਤੇ ਇਸ ਨਾਲ ਨਵੀਨਤਾ ਹੋਰ ਪ੍ਰਫ਼ੁੱਲਤ ਹੋਵੇਗੀ।
36. ਦੋਵੇਂ ਪ੍ਰਧਾਨ ਮੰਤਰੀਆਂ ਨੇ ਸਿੱਖਿਆ ਬਾਰੇ ਪਹਿਲੀ ਦੁਵੱਲੀ ਉੱਚ-ਪੱਧਰੀ ਗੱਲਬਾਤ ਦੇ ਸਫ਼ਲਤਾਪੂਰਬਕ ਸੰਪੰਨ ਹੋਣ ‘ਤੇ ਤਸੱਲੀ ਪ੍ਰਗਟਾਈ ਅਤੇ ਵਿਸਤ੍ਰਿਤ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਤੱਕ ਦੇ ਸੰਸਥਾਗਤ ਸੰਪਰਕਾਂ ਸਮੇਤ ਸਿੱਖਿਆ ਦੇ ਖੇਤਰ ਵਿੱਚ ਤਾਲਮੇਲ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ‘ਸਕੂਰਾ (SAKURA) ਵਿਗਿਆਨ ਯੋਜਨਾ’ (ਵਿਗਿਆਨ ਦੇ ਖੇਤਰ ਵਿੰੱਚ ਜਪਾਨ-ਏਸ਼ੀਆ ਦੇ ਨੌਜਵਾਨਾਂ ਦੇ ਆਦਾਨ-ਪ੍ਰਦਾਨ ਦਾ ਪ੍ਰੋਗਰਾਮ – ਜਿਸ ਅਧੀਨ ਨੌਜਵਾਨ ਭਾਰਤੀ ਵਿਦਿਆਰਥੀਆਂ ਤੇ ਖੋਜਕਾਰਾਂ ਨੂੰ ਜਪਾਨ ਜਾਣ ਦਾ ਮੌਕਾ ਮਿਲਦਾ ਹੈ) ਜਿਹੀਆਂ ਪਹਿਲਕਦਮੀਆਂ ਤੇ ਵਿਦਿਅਕ ਮਾੱਡਲਾਂ ਨਾਲ ਸਬੰਧਤ ਬਿਹਤਰੀਨ ਅਭਿਆਸ ਸਾਂਝੇ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ।
37. ਦੋਵੇਂ ਪ੍ਰਧਾਨ ਮੰਤਰੀਆਂ ਨੇ ਭਾਰਤ ਦੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਅਤੇ ਜਪਾਨ ਦੇ ਸਿੱਖਿਆ, ਸੱਭਿਆਚਾਰ, ਖੇਡਾਂ, ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਵਿਚਾਲੇ ਖੇਡਾਂ ਬਾਰੇ ਐੱਮ.ਓ.ਸੀ. ਉੱਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ; ਇਸ ਰਾਹੀਂ 2020 ‘ਚ ਟੋਕੀਓ ਵਿਖੇ ਹੋਣ ਵਾਲੇ ਉਲੰਪਿਕਸ ਤੇ ਪੈਰਾਲਿੰਪਕਸ ਉੱਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦਿਆਂ ਤਜਰਬੇ, ਹੁਨਰ, ਤਕਨੀਕਾਂ, ਸੂਚਨਾ ਤੇ ਗਿਆਨ ਸਾਂਝਾ ਕਰਨ ਨੂੰ ਪ੍ਰੋਤਸਾਹਨ ਮਿਲੇਗਾ। ਪ੍ਰਧਾਨ ਮੰਤਰੀ ਅਬੇ ਨੇ ਇਸ ਗੱਲ ਦਾ ਸੁਆਗਤ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2020 ‘ਚ ਟੋਕੀਓ ਵਿਖੇ ਹੋਣ ਵਾਲੇ ਉਲੰਪਿਕਸ ਤੇ ਪੈਰਾਲਿੰਪਕਸ ਦਾ ਸਫ਼ਲ ਆਯੋਜਨ ਕਰਨ ਲਈ ਜਪਾਨ ਦੇ ਜਤਨਾਂ ਦੀ ਹਮਾਇਤ ਕਰਨ ਦੀ ਪੇਸ਼ਕਸ਼ ਕੀਤੀ ਸੀ।
38. ਦੋਵੇਂ ਪ੍ਰਧਾਨ ਮੰਤਰੀਆਂ ਨੇ ਸਰਕਾਰ ਦੇ ਸਾਰੇ ਪੱਧਰਾਂ ਵਿਚਾਲੇ, ਸੰਸਦ ਮੈਂਬਰਾਂ ਵਿਚਾਲੇ ਅਤੇ ਪ੍ਰੀਫ਼ੈਕਚਰਜ਼ ਅਤੇ ਸੂਬਿਆਂ ਵਿਚਾਲੇ ਆਪਸੀ ਗੱਲਬਾਤ ਵਿੱਚ ਵਾਧਾ ਕੀਤੇ ਜਾਣ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੁਵੱਲੇ ਸਹਿਯੋਗ ਬਾਰੇ ਗੁਜਰਾਤ ਸੂਬੇ ਅਤੇ ਹਿਯੋਗੋ ਪ੍ਰੀਫ਼ੈਕਚਰ ਵਿਚਾਲੇ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਆਪੋ-ਆਪਣੀ ਸੱਭਿਆਚਾਰਕ ਵਿਰਾਸਤ ਨਾਲ ਅਟੁੱਟ ਤਰੀਕੇ ਜੁੜੇ ਦੋ ਪ੍ਰਾਚੀਨ ਸ਼ਹਿਰਾਂ ਕਿਯੋਟੋ ਨਗਰ ਅਤੇ ਵਾਰਾਣਸੀ ਵਿਚਾਲੇ ਸਬੰਧ ਮਜ਼ਬੂਤ ਹੋਣ ਉੱਤੇ ਵੀ ਤਸੱਲੀ ਪ੍ਰਗਟਾਈ।
39. ਪ੍ਰਧਾਨ ਮੰਤਰੀ ਮੋਦੀ ਨੇ ਯੋਗਾ ਦਾ ਅੰਤਰਰਾਸ਼ਟਰੀ ਦਿਵਸ ਮਨਾਉਣ ਲਈ ਜਪਾਨ ਵਿੱਚ ਵਧਦੀ ਜਾ ਰਹੀ ਦਿਲਚਸਪੀ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਸਭ ਤੋਂ ਵੱਧ ਵੱਕਾਰੀ ਯੋਗਾ ਸੰਸਥਾਨਾਂ ਵਿੱਚ ਸਿਖਲਾਈ ਲਈ ਭਾਰਤੀ ਵਜ਼ੀਫ਼ਿਆਂ ਦਾ ਲਾਭ ਲੈਣ ਵਾਸਤੇ ਵੀ ਜਪਾਨ ਦੇ ਯੋਗਾ ਉਤਸ਼ਾਹੀਆਂ ਨੂੰ ਹੱਲਾਸ਼ੇਰੀ ਦਿੱਤੀ।
40. ਦੋਵੇਂ ਪ੍ਰਧਾਨ ਮੰਤਰੀਆਂ ਨੇ ਮਹਿਲਾ ਸਸ਼ੱਕਤੀਕਰਨ ਅਤੇ ਇਸ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਦੀ ਲੋੜ ਦੇ ਮਹੱਤਵ ਨੂੰ ਮੰਨਿਆ ਅਤੇ ਇਸ ਮਾਮਲੇ ਵਿੱਚ ‘ਵਿਸ਼ਵ ਮਹਿਲਾ ਅਸੈਂਬਲੀ’ (ਡਬਲਿਊ.ਏ.ਡਬਲਿਊ.!) ਜਿਹੀਆਂ ਕਾਨਫ਼ਰੰਸਾਂ ਰਾਹੀਂ ਜਤਨ ਕਰਨ ਉੱਤੇ ਸਹਿਮਤੀ ਪ੍ਰਗਟਾਈ।
41. ਇਹ ਵਿਚਾਰ ਸਾਂਝਾ ਕੀਤਾ ਗਿਆ ਕਿ ਏਸ਼ੀਆ ਦੇ ਭਵਿੱਖ ਦੀ ਉਸਾਰੀ; ਅਹਿੰਸਾ, ਸਹਿਣਸ਼ੀਲਤਾ ਅਤੇ ਏਸ਼ੀਆ ਵਿੱਚ ਲੋਕਤੰਤਰ ਦੀਆਂ ਰਵਾਇਤਾਂ ਦੇ ਸਕਾਰਾਤਮਕ ਪ੍ਰਭਾਵ ਰਾਹੀਂ ਕੀਤੇ ਜਾਣ ਦੀ ਲੋੜ ਹੈ, ਦੋਵੇਂ ਪ੍ਰਧਾਨ ਮੰਤਰੀਆਂ ਨੇ ਜਨਵਰੀ 2016 ‘ਚ ਟੋਕੀਓ ਵਿਖੇ ‘ਏਸ਼ੀਆ ਵਿੱਚ ਸਾਂਝੀਆਂ ਕਦਰਾਂ-ਕੀਮਤਾਂ ਤੇ ਲੋਕਤੰਤਰ’ ਵਿਸ਼ੇ ਉੱਤੇ ਹੋਏ ਸੰਮੇਲਨ ਦਾ ਸੁਆਗਤ ਕੀਤਾ ਅਤੇ 2017 ਵਿੱਚ ਇਸ ਸਬੰਧੀ ਅਗਲੀ ਕਾਨਫ਼ਰੰਸ ਕਰਨ ਦੀ ਇੱਛਾ ਪ੍ਰਗਟਾਈ।
ਹਿੰਦ-ਪ੍ਰਸ਼ਾਂਤ ਖੇਤਰ ਤੇ ਉਸ ਤੋਂ ਵੀ ਅਗਾਂਹ ਨਿਯਮਾਂ ਉੱਤੇ ਆਧਾਰਤ ਅੰਤਰਰਾਸ਼ਟਰੀ ਵਿਵਸਥਾ ਮਜ਼ਬੂਤ ਕਰਨ ਲਈ ਸਾਂਝੇ ਤੌਰ ਉੱਤੇ ਕੰਮ ਕਰਨਾ
42. ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਸੰਭਾਵਨਾ ਉੱਤੇ ਜ਼ੋਰ ਦਿੱਤਾ ਕਿ ਭਾਰਤ ਤੇ ਜਪਾਨ ਵਿਚਾਲੇ ਆਪਸੀ ਤਾਲਮੇਲ ਰਾਹੀਂ 21ਵੀਂ ਸਦੀ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਖ਼ੁਸ਼ਹਾਲੀ ਆਵੇਗੀ। ਉਨ੍ਹਾਂ ਸਾਂਝੀਆਂ ਕਦਰਾਂ-ਕੀਮਤਾਂ, ਕੇਂਦਰਮੁਖੀ ਦਿਲਚਸਪੀਆਂ ਅਤੇ ਪੂਰਕ ਹੁਨਰਾਂ ਤੇ ਵਸੀਲਿਆਂ ਦੀ ਤਾਕਤ ਦਾ ਲਾਭ ਉਠਾਉਣ ਦਾ ਫ਼ੈਸਲਾ ਕੀਤਾ, ਜਿਸ ਨਾਲ ਆਰਥਿਕ ਤੇ ਸਮਾਜਕ ਵਿਕਾਸ, ਸਮਰੱਥਾ ਨਿਰਮਾਣ, ਕੁਨੈਕਟੀਵਿਟੀ ਅਤੇ ਇਸ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਉਤਸ਼ਾਹ ਮਿਲੇਗਾ। ਇਸ ਸਬੰਧੀ ਪ੍ਰਧਾਨ ਮੰਤਰੀ ਅਬੇ ਨੇ ਦੋਵੇਂ ਦੇਸ਼ਾਂ ਦੇ ਮਨੁੱਖੀ, ਵਿੱਤੀ ਤੇ ਤਕਨਾਲੋਜੀਕਲ ਵਸੀਲਿਆਂ ਨੂੰ ਆਪਸ ਵਿੱਚ ਜੋੜਨ ਦੀ ਇੱਕ ਨਵੀਂ ਪਹਿਲਕਦਮੀ ਦਾ ਪ੍ਰਸਤਾਵ ਰੱਖਿਆ, ਤਾਂ ਜੋ ਜਪਾਨੀ ਓ.ਡੀ.ਏ. ਪ੍ਰੋਜੈਕਟਾਂ ਸਮੇਤ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਹੋ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸੰਬਧੀ ਦੁਵੱਲੇ ਸਹਿਯੋਗ ਦੇ ਮਹੱਤਵ ਨੂੰ ਮੰਨਿਆ।
43. ਦੋਵੇਂ ਪ੍ਰਧਾਨ ਮੰਤਰੀਆਂ ਨੇ ਅਫ਼ਰੀਕਾ ਵਿੱਚ ਸਹਿਯੋਗ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਭਾਰਤ-ਜਪਾਨ ਗੱਲਬਾਤ ਦੇ ਮਹੱਤਵ ਨੂੰ ਉਜਾਗਰ ਕੀਤਾ; ਜਿਸ ਨਾਲ ਸਿਖਲਾਈ ਤੇ ਸਮਰੱਥਾ ਨਿਰਮਾਣ, ਸਿਹਤ, ਬੁਨਿਆਦੀ ਢਾਂਚਾ ਤੇ ਕੁਨੈਕਟੀਵਿਟੀ ਜਿਹੇ ਖੇਤਰਾਂ ਸਮੇਤ ਵਿਸ਼ੇਸ਼ ਸਾਂਝੇ ਪ੍ਰੋਜੈਕਟਾਂ ਦੀ ਤਲਾਸ਼ ਕਰਨ ਵਿੱਚ ਉਨ੍ਹਾਂ ਦੇ ਉੱਦਮਾਂ ਨੁੰ ਹੱਲਾਸ਼ੇਰੀ ਮਿਲੇਗੀ। ਇਸ ਮਾਮਲੇ ਵਿੱਚ, ਉਨ੍ਹਾਂ ਏਸ਼ੀਆ ਤੇ ਅਫ਼ਰੀਕਾ ਵਿੱਚ ਉਦਯੋਗਿਕ ਲਾਂਘਿਆਂ ਤੇ ਉਦਯੋਗਿਕ ਤਾਣੇ-ਬਾਣੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਨਾਲ ਸਾਂਝੀ ਅਤੇ ਸਹਿਯੋਗਪੂਰਨ ਨੀਤੀ ਰਾਹੀਂ ਅੱਗੇ ਵਧਣ ਦੀ ਆਪਣੀ ਇੱਛਾ ਪ੍ਰਗਟਾਈ।
44. ਦੋਵੇਂ ਪ੍ਰਧਾਨ ਮੰਤਰੀਆਂ ਨੇ ਦੱਖਣੀ ਏਸ਼ੀਆ ਅਤੇ ਈਰਾਨ ਤੇ ਅਫ਼ਗ਼ਾਨਿਸਤਾਨ ਜਿਹੇ ਗੁਆਂਢੀ ਖੇਤਰ ਵਿੰਚ ਸ਼ਾਂਤੀ ਤੇ ਖ਼ੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਚਾਹਬਹਾਰ ਲਈ ਬੁਨਿਆਦੀ ਢਾਂਚੇ ਅਤੇ ਕੁਨੈਕਟੀਵਿਟੀ ਦੇ ਵਿਕਾਸ ਦੇ ਨਾਲ-ਨਾਲ ਦੁਵੱਲੇ ਅਤੇ ਤਿਪੱਖੀ ਸਹਿਯੋਗ ਰਾਹੀਂ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਅਜਿਹੇ ਸਹਿਯੋਗ ਲਈ ਵੇਰਵੇ ਇਕੱਠੇ ਕਰਨ ਦਾ ਕੰਮ ਆਪਣੇ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਕਿਹ।
45. ਦੋਵੇਂ ਪ੍ਰਧਾਨ ਮੰਤਰੀਆਂ ਨੇ ਜਪਾਨ, ਭਾਰਤ ਅਤੇ ਅਮਰੀਕਾ ਵਿਚਾਲੇ ਤਿਪੱਖੀ ਗੱਲਬਾਤ ਕੀਤੇ ਜਾਣ ਅਤੇ ਐੱਚ.ਏ./ਡੀ.ਆਰ., ਖੇਤਰੀ ਕੁਨੈਕਟੀਵਿਟੀ ਤੇ ਇਸ ਦੇ ਨਾਲ-ਨਾਲ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਦੌਰਾਨ ਸੁਰੱਖਿਆ ਜਿਹੇ ਖੇਤਰਾਂ ਵਿੱਚ ਸਹਿਯੋਗ ਤੇ ਤਾਲਮੇਲ ਨੂੰ ਹੋਰ ਮਜ਼ਬੂਤ ਕੀਤੇ ਜਾਣ ਦਾ ਸੁਆਗਤ ਕੀਤਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ਜਪਾਨ, ਭਾਰਤ ਤੇ ਆਸਟਰੇਲੀਆ ਵਿਚਾਲੇ ਨਿਰੰਤਰ ਤੇ ਡੂੰਘੇਰੀ ਤਿਪੱਖੀ ਗੱਲਬਾਤ ਦਾ ਵੀ ਸੁਆਗਤ ਕੀਤਾ।
46. ਖੇਤਰੀ, ਸਿਆਸੀ, ਆਰਥਿਕ ਤੇ ਸੁਰੱਖਿਆ ਮੁੱਦਿਆਂ ਬਾਰੇ ਵਿਚਾਰ-ਚਰਚਾ ਕਰਨ ਲਈ ਪ੍ਰਮੁੱਖ ਆਗੂਆਂ ਦੀ ਅਗਵਾਈ ਹੇਠਲੀ ਫ਼ੋਰਮ ਵਜੋਂ ਪੂਰਬੀ ਏਸ਼ੀਆ ਸਿਖ਼ਰ ਸੰਮੇਲਨ (ਈ.ਏ.ਐੱਸ.) ਪ੍ਰਕਿਰਿਆ ਮਜ਼ਬੂਤ ਕੀਤੇ ਜਾਣ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕਰਦਿਆਂ ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਸਿਖ਼ਰ ਸੰਮੇਲਨ ਨੂੰ ਹੋਰ ਵੀ ਗਤੀਸ਼ੀਲ ਸਰਗਰਮ ਪ੍ਰਕਿਰਿਆ ਬਣਾਉਣ ਵਾਸਤੇ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਜਕਾਰਤਾ ਵਿੱਚ ਈ.ਏ.ਐੱਸ. ਰਾਜਦੂਤਾਂ ਦੀ ਮੀਟਿੰਗ ਸੱਦਣ ਅਤੇ ਆਸੀਆਨ ਸਕੱਤਰੇਤ ਦੇ ਅੰਦਰ ਈ.ਏ.ਐੱਸ. ਇਕਾਈ ਦੀ ਸਥਾਪਨਾ ਕੀਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਈ.ਏ.ਐੱਸ. ਤਾਣੇ-ਬਾਣੇ ਦੇ ਅੰਦਰ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ‘ਚ ਸਹਿਯੋਗ ਤੇ ਖੇਤਰੀ ਕੁਨੈਕਟੀਵਿਟੀ ਵਿੱਚ ਵਾਧਾ ਕੀਤੇ ਜਾਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
47. ਦੋਵੇਂ ਪ੍ਰਧਾਨ ਮੰਤਰੀਆਂ ਨੇ ਆਸੀਆਨ ਖੇਤਰੀ ਫ਼ੋਰਮ, ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ, ਵਿਸਤ੍ਰਿਤ ਆਸੀਆਨ ਮੇਰੀਟਾਈਮ ਫ਼ੋਰਮ ਜਿਹੀਆਂ ਆਸੀਆਨ ਦੀ ਅਗਵਾਈ ਹੇਠਲੀਆਂ ਫ਼ੋਰਮਾਂ ਵਿੱਚ ਸਹਿਯੋਗ-ਵਾਧੇ ਰਾਹੀਂ ਅਤੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਦੀ ਸੁਰੱਖਿਆ, ਦਹਿਸ਼ਤਗਰਦੀ ਤੇ ਹਿੰਸਕ ਅੱਤਵਾਦ ਅਤੇ ਜਲਵਾਯੂ ਤਬਦੀਲੀ ਸਮੇਤ ਵਿਸ਼ਵ ਤੇ ਖੇਤਰੀ ਚੁਣੌਤੀਆਂ ਨਾਲ ਨਿਪਟਣ ਲਈ ਉਨ੍ਹਾਂ ਦੀਆਂ ਕਾਰਵਾਈਆਂ ਦੇ ਤਾਲਮੇਲ ਨਾਲ ਖੇਤਰੀ ਉਸਾਰੀ ਨੂੰ ਮਜ਼ਬੂਤੀ ਨਾਲ ਵਿਕਸਤ ਕਰਨ ਤੇ ਉਸ ਨੂੰ ਆਕਾਰ ਦੇਣ ਦੀ ਆਪਣੀ ਇੱਛਾ ਪ੍ਰਗਟਾਈ।
48. ਉਨ੍ਹਾਂ ਆਪਣੀ ਮਜ਼ਬੂਤ ਇੱਛਾ ਪ੍ਰਗਟਾਈ ਕਿ ਖੇਤਰੀ ਅਤੇ ਤਿਪੱਖੀ ਗੱਲਬਾਤ ਦੇ ਇਹ ਪ੍ਰਬੰਧ ਹੋਰ ਵਿਕਸਤ ਹੋਣਗੇ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਸੰਤੁਲਿਤ, ਖੁੱਲ੍ਹੀ, ਸਮਾਵੇਸ਼ੀ ਭਾਵ ਸਭ ਦੀ ਸ਼ਮੂਲੀਅਤ ਵਾਲੀ, ਸਥਿਰ, ਪਾਰਦਰਸ਼ੀ ਤੇ ਨਿਯਮਾਂ ਉੱਤੇ ਆਧਾਰਤ ਆਰਥਿਕ, ਸਿਆਸੀ ਤੇ ਸੁਰੱਖਿਆ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਣਗੇ।
49. ਦੋਵੇਂ ਪ੍ਰਧਾਨ ਮੰਤਰੀਆਂ ਨੇ ਹਰ ਪ੍ਰਕਾਰ ਦੀ ਦਹਿਸ਼ਤਗਰਦੀ ਦੀ ਬਹੁਤ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਮਾਮਲੇ ਵਿੱਚ ‘ਕਿਸੇ ਕਿਸਮ ਦਾ ਕੋਈ ਲਿਹਾਜ਼ ਨਾ ਵਰਤਣ’ ਦੀ ਭਾਵਨਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੋਟ ਕੀਤਾ ਕਿ ਦਹਿਸ਼ਗਰਦੀ ਅਤੇ ਹਿੰਸਕ ਅੱਤਵਾਦ ਦੀ ਸਮੱਸਿਆ ਹੁਣ ਨਿੱਤ ਵਧਦੀ ਜਾ ਰਹੀ ਹੈ ਤੇ ਇਸ ਦੀ ਪਹੁੰਚ ਸਰਬਵਿਆਪਕ ਹੋ ਗਈ ਹੈ। ਉਨ੍ਹਾਂ ਢਾਕਾ ਅਤੇ ਉੜੀ ਵਿਖੇ ਹੋਏ ਹਾਲੀਆ ਦਹਿਸ਼ਤਗਰਦ ਹਮਲਿਆਂ ਦੇ ਦੋਵੇਂ ਦੇਸ਼ਾਂ ਦੇ ਪੀੜਤਾਂ ਦੇ ਦੁਖੀ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟਾਈ। ਉਨ੍ਹਾਂ ਸਾਰੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਮਤਾ ਨੰਬਰ 1267 ਅਤੇ ਹੋਰ ਸਬੰਧਤ ਮਤੇ ਲਾਗੂ ਕਰਨ ਦਾ ਸੱਦਾ ਦਿੱਤਾ, ਜੋ ਦਹਿਸ਼ਗਰਦ ਇਕਾਈਆਂ ਨਾਲ ਸਬੰਧਤ ਹਨ। ਉਨ੍ਹਾਂ ਸਾਰੇ ਦੇਸ਼ਾਂ ਨੂੰ ਦਹਿਸ਼ਤਗਰਦਾਂ ਦੇ ਸੁਰੱਖਿਅਤ ਟਿਕਾਣਿਆਂ, ਉਨ੍ਹਾਂ ਦੇ ਬੁਨਿਆਦੀ ਢਾਂਚਿਆਂ ਦਾ ਖ਼ਾਤਮਾ ਕਰਨ, ਦਹਿਸ਼ਤਗਰਦਾਂ ਦੇ ਨੈੱਟਵਰਕਸ ਅਤੇ ਉਨ੍ਹਾਂ ਦੀ ਵਿੱਤੀ ਇਮਦਾਦ ਦੇ ਸਾਰੇ ਰਾਹ ਤਹਿਸ-ਨਹਿਸ ਕਰਨ ਅਤੇ ਸਰਹੱਦ-ਪਾਰ ਦਹਿਸ਼ਤਗਰਦਾਂ ਦੀਆਂ ਗਤੀਵਿਧੀਆਂ ਰੋਕਣ ਦਾ ਸੱਦਾ ਦਿੱਤਾ। ਉਨ੍ਹਾਂ ਸਾਰੇ ਦੇਸ਼ਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਖੇਤਰ ਤੋਂ ਜਾ ਕੇ ਦੂਜੇ ਦੇਸ਼ਾਂ ਵਿੱਚ ਦਹਿਸ਼ਗਰਦ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਿਪਟਣ ਦੀ ਲੋੜ ਨੂੰ ਸਮਝਣ। ਉਨ੍ਹਾਂ ਸੂਚਨਾ ਤੇ ਖ਼ੁਫ਼ੀਆ ਜਾਣਕਾਰੀ ਸਾਂਝੇ ਕੀਤੇ ਜਾਣ ਦੀ ਪ੍ਰਕਿਰਿਆ ਵਿੰਚ ਵਾਧੇ ਰਾਹੀਂ ਅਤੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦਾ ਟਾਕਰਾ ਕਰਨ ਵਿੱਚ ਮਜ਼ਬੂਤ ਅੰਤਰਰਾਸ਼ਟਰੀ ਭਾਈਵਾਲੀ ਕਾਇਮ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ਦੋਵੇਂ ਧਿਰਾਂ ਵਿਚਾਲੇ ਸੂਚਨਾ ਤੇ ਖ਼ੁਫ਼ੀਆ ਜਾਣਕਾਰੀ ਦੇ ਵਧੇਰੇ ਆਦਾਨ-ਪ੍ਰਦਾਨ ਰਾਹੀਂ ਦਹਿਸ਼ਤਗਰਦੀ ਦਾ ਟਾਕਰਾ ਕਰਨ ਬਾਰੇ ਚੱਲ ਰਹੀ ਦੁਵੱਲੀ ਗੱਲਬਾਤ ਅਤੇ ਇਸ ਮਾਮਲੇ ਵਿੱਚ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਕਿ ਉਹ ਮੁੰਬਈ ‘ਚ ਨਵੰਬਰ 2008 ਦੌਰਾਨ ਹੋਏ ਦਹਿਸ਼ਤਗਰਦ ਹਮਲੇ ਅਤੇ 2016 ‘ਚ ਪਠਾਨਕੋਟ ਦੇ ਦਹਿਸ਼ਤਗਰਦ ਹਮਲੇ ਦੇ ਦੋਸ਼ੀਆਂ ਤੇ ਸਾਜ਼ਿਸ਼-ਘਾੜਿਆਂ ਨੂੰ ਸਜ਼ਾਵਾਂ ਦੇਵੇ।
50. ਦੋਵੇਂ ਪ੍ਰਧਾਨ ਮੰਤਰੀਆਂ ਨੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ, ਪੁਲਾੜ ਅਤੇ ਸਾਈਬਰ ਜਿਹੇ ਸਾਂਝੇ ਅੰਤਰਰਾਸ਼ਟਰੀ ਖੇਤਰਾਂ ਦੀ ਸੁਰੱਖਿਆ ਲਈ ਵਧੇਰੇ ਸਹਿਯੋਗ ਨੂੰ ਦ੍ਰਿੜ੍ਹਾਇਆ।
51. ਦੋਵੇਂ ਪ੍ਰਧਾਨ ਮੰਤਰੀਆਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੇ ਆਧਾਰ ਉੱਤੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਤੇ ਕਿਸੇ ਦੇਸ਼ ਦੇ ਵਾਯੂਮੰਡਲ ਵਿੱਚੋਂ ਦੀ ਉਡਾਣਾਂ ਅਤੇ ਬੇਰੋਕ ਕਾਨੂੰਨੀ ਵਪਾਰ ਦੀ ਆਜ਼ਾਦੀ ਦੇ ਸਤਿਕਾਰ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ, ਜਿਵੇਂ ਕਿ ‘ਸਮੁੰਦਰ ਦੇ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ’ (UNCLOS) ਵਿੱਚ ਵਰਣਨ ਕੀਤਾ ਗਿਆ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਸਾਰੀਆਂ ਧਿਰਾਂ ਨੂੰ ਆਪਣੇ ਵਿਵਾਦ ਸ਼ਾਂਤੀਪੂਰਨ ਤਰੀਕਿਆਂ ਨਾਲ ਅਤੇ ਸ਼ਕਤੀ ਜਾਂ ਧਮਕੀ ਦੀ ਵਰਤੋਂ ਕੀਤੇ ਬਗ਼ੈਰ ਨਿਬੇੜਨ ਦੀ ਬੇਨਤੀ ਕੀਤੀ ਅਤੇ ਆਖਿਆ ਕਿ ਕੋਈ ਗਤੀਵਿਧੀਆਂ ਕਰਨ ਵਿੱਚ ਸਵੈ-ਸੰਜਮ ਵਰਤਿਆ ਜਾਵੇ ਅਤੇ ਤਣਾਅ ਵਧਾਉਣ ਵਾਲੀਆਂ ਇੱਕਤਰਫ਼ਾ ਕਾਰਵਾਈਆਂ ਕਰਨ ਤੋਂ ਬਚਿਆ ਜਾਵੇ। UNCLOS ਵਿੱਚ ਸਰਕਾਰੀ ਧਿਰਾਂ ਦੇ ਆਗੂਆਂ ਵਜੋਂ, ਦੋਵੇਂ ਪ੍ਰਧਾਨ ਮੰਤਰੀਆਂ ਨੇ ਆਪਣੇ ਵਿਚਾਰ ਦੁਹਰਾਉਂਦਿਆਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਇਸ UNCLOS ਪ੍ਰਤੀ ਅਥਾਹ ਸਤਿਕਾਰ ਪ੍ਰਗਟਾਉਣਾ ਚਾਹੀਦਾ ਹੈ, ਕਿਉਂਕਿ ਇਹ ਕਨਵੈਨਸ਼ਨ ਸਮੁੰਦਰਾਂ ਅਤੇ ਮਹਾਂਸਾਗਰਾਂ ਲਈ ਅੰਤਰਰਾਸ਼ਟਰੀ ਕਾਨੂੰਨੀ ਵਿਵਸਥਾ ਸਥਾਪਤ ਕਰਦੀ ਹੈ। ਦੱਖਣੀ ਚੀਨ ਦੇ ਸਮੁੰਦਰ ਬਾਰੇ, ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸੇ ਗੱਲ ਉੱਤੇ ਜ਼ੋਰ ਦਿੱਤਾ ਕਿ ਵਿਵਾਦਾਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ਨਾਲ ਅਤੇ UNCLOS ਸਮੇਤ ਅੰਤਰਰਾਸ਼ਟਰੀ ਕਾਨੂੰਨ ਦੇ ਸਰਬਵਿਆਪਕ ਤੌਰ ਉੱਤੇ ਮਾਨਤਾ-ਪ੍ਰਾਪਤ ਸਿਧਾਂਤਾਂ ਅਨੁਸਾਰ ਹੀ ਲੱਭਿਆ ਜਾਵੇ।
52. ਦੋਵੇਂ ਪ੍ਰਧਾਨ ਮੰਤਰੀਆਂ ਨੇ ਉੱਤਰੀ ਕੋਰੀਆ ਵੱਲੋਂ ਕੀਤੇ ਜਾ ਰਹੇ ਆਪਣੇ ਪ੍ਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਸਾਇਲ ਪ੍ਰੋਗਰਾਮਾਂ ਦੇ ਨਿਰੰਤਰ ਵਿਕਾਸ ਅਤੇ ਆਪਣੇ ਯੂਰੇਨੀਅਮ ਵਿਕਾਸ ਗਤੀਵਿਧੀਆਂ ਦੀ ਨਿਖੇਧੀ ਕੀਤੀ ਅਤੇ ਉੱਤਰੀ ਕੋਰੀਆ ਨੂੰ ਸਖ਼ਤੀ ਨਾਲ ਅਨੁਰੋਧ ਕੀਤਾ ਗਿਆ ਕਿ ਉਹ ਭੜਕਾਹਟ ਪੈਦਾ ਕਰਨ ਵਾਲੀਆਂ ਹੋਰ ਗਤੀਵਿਧੀਆਂ ਨੂੰ ਅੰਜਾਮ ਨਾ ਦੇਵੇ ਅਤੇ ਸੰਯੁਕਤ ਰਾਸ਼ਟਰ ਦੇ ਸਬੰਧਤ ਮਤਿਆਂ ਅਧੀਨ ਬਣਦੀਆਂ ਆਪਣੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਅਤੇ ਪ੍ਰਤੀਬੱਧਤਾਵਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇ ਅਤੇ ਕੋਰੀਆਈ ਪ੍ਰਾਇਦੀਪ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰੇ। ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਖੇਤਰ ਲਈ ਖ਼ਤਰਾ ਬਣਨ ਵਾਲੀਆਂ ਪਾਸਾਰ ਗਤੀਵਿਧੀਆਂ ਵਿਰੁੱਧ ਸਹਿਯੋਗ ਦੇ ਆਪਣੇ ਇਰਾਦੇ ਨੂੰ ਮੁੜ ਦ੍ਰਿੜ੍ਹਾਇਆ। ਉਨ੍ਹਾਂ ਉੱਤਰੀ ਕੋਰੀਆ ਨੂੰ ਅਗ਼ਵਾ ਦੀਆਂ ਘਟਨਾਵਾਂ ਦੇ ਮੁੱਦੇ ਦਾ ਛੇਤੀ ਤੋਂ ਛੇਤੀ ਹੱਲ ਲੱਭਣ ਦੀ ਬੇਨਤੀ ਵੀ ਕੀਤੀ।
53. ਪ੍ਰਧਾਨ ਮੰਤਰੀ ਅਬੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਪਾਨ ਵੱਲੋਂ ‘ਸ਼ਾਂਤੀ ਵਿੱਚ ਸਰਗਰਮ ਯੋਗਦਾਨ’ ਜਿਹੀਆਂ ਪਹਿਲਕਦਮੀਆਂ ਰਾਹੀਂ ਖੇਤਰ ਵਿੱਚ ਸ਼ਾਂਤੀ, ਸਥਿਰਤਾ ਕਾਇਮ ਕਰਨ ਤੇ ਖ਼ੁਸ਼ਹਾਲੀ ਲਿਆਉਣ ਵਿੱਚ ਆਪਣੇ ਯੋਗਦਾਨ ਬਾਰੇ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਮੋਦੀ ਨੇ ਖੇਤਰੀ ਤੇ ਅੰਤਰਰਾਸ਼ਟਰੀ ਸਥਿਰਤਾ ਤੇ ਖ਼ੁਸ਼ਹਾਲੀ ਵਿੱਚ ਜਪਾਨ ਦੇ ਸਕਾਰਾਤਮਕ ਯੋਗਦਾਨ ਨੂੰ ਕਬੂਲ ਕੀਤਾ।
54. ਦੋਵੇਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਵਿੱਚ ਸੁਧਾਰਾਂ ਦੀ ਪ੍ਰਕਿਰਿਆ ਛੇਤੀ ਤੋਂ ਛੇਤੀ ਲਾਗੂ ਕਰਨ ਦਾ ਸੱਦਾ ਦਿੱਤਾ; ਜਿਸ ਵਿੱਚ; 21ਵੀਂ ਸਦੀ ਦੀਆਂ ਸਮਕਾਲੀ ਅਸਲੀਅਤਾਂ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਵਧੇਰੇ ਉਚਿਤ, ਪ੍ਰਭਾਵਸ਼ਾਲੀ ਤੇ ਪ੍ਰਤੀਨਿਧ ਬਣਾਉਣਾ ਸ਼ਾਮਲ ਹੈ ਅਤੇ ਇਸ ਉਦੇਸ਼ੀ ਪੂਰਤੀ ਵਿੱਚ ਹਮ-ਖ਼ਿਆਲ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਦਾ ਆਪਣਾ ਸੰਕਲਪ ਦੁਹਰਾਇਆ। ਉਨ੍ਹਾਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਸੁਧਾਰਾਂ ਬਾਰੇ ‘ਦੋਸਤਾਂ ਦਾ ਸਮੂਹ’ ਕਾਇਮ ਕੀਤੇ ਜਾਣ ਦਾ ਸੁਆਗਤ ਕੀਤਾ, ਜਿਸ ਰਾਹੀਂ ਟੈਕਸਟ-ਆਧਾਰਤ ਗੱਲਬਾਤ ਦੀ ਸ਼ੁਰੂਆਤ ਵੱਲ ਅਹਿਮ ਹਿੱਲਜੁੱਲ ਸਮੇਤ ਸਮਝੌਤੇ ਲਈ ਚੱਲ ਰਹੀਆਂ ਅੰਤਰ-ਸਰਕਾਰੀ ਵਿਚਾਰ-ਚਰਚਾਵਾਂ ਨੂੰ ਹੁਲਾਰਾ ਮਿਲੇਗਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ਇੱਕ-ਦੂਜੇ ਦੀ ਉਮੀਦਵਾਰੀ ਲਈ ਆਪਣੀ ਹਮਾਇਤ ਦੁਹਰਾਈ, ਜੋ ਇਸ ਸਾਂਝੀ ਮਾਨਤਾ ਉੱਤੇ ਦ੍ਰਿੜ੍ਹਤਾ ਨਾਲ ਟਿਕੀ ਹੋਈ ਹੈ ਕਿ ਭਾਰਤ ਅਤੇ ਜਪਾਨ ਦੋਵੇਂ ਸੰਯੁਕਤ ਰਾਸ਼ਟਰ ਦੀ ਵਿਸਤ੍ਰਿਤ ਸਲਾਮਤੀ ਕੌਂਸਲ ਵਿੱਚ ਸਥਾਈ ਮੈਂਬਰਸ਼ਿਪ ਲਈ ਉਚਿਤ ਉਮੀਦਵਾਰ ਹਨ।
55. ਭਾਰਤ ਨੂੰ ਸਭ ਤੋਂ ਵੱਡੀ ਜਮਹੂਰੀਅਤ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੀ ਵਿਸ਼ਾਲ ਅਰਥ ਵਿਵਸਥਾ ਵਜੋਂ ਕਬੂਲ ਕਰਦਿਆਂ ਜਪਾਨ ਨੇ ‘ਏਪੇਕ’ (APEC) ਵਿੱਚ ਭਾਰਤ ਦੀ ਮੈਂਬਰਸ਼ਿਪ ਦਾ ਦ੍ਰਿੜ੍ਹਤਾਪੂਰਬਕ ਸਮਰਥਨ ਕੀਤਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਵਪਾਰ ਤੇ ਨਿਵੇਸ਼ ਦੇ ਉਦਾਰੀਕਰਨ ਤੇ ਸੁਵਿਧਾ ਲਈ ਕੰਮ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਆਧੁਨਿਕ, ਵਿਆਪਕ, ਉੱਚ-ਮਿਆਰੀ ਤੇ ਪਰਸਪਰ ਲਾਹੇਵੰਦ ‘ਖੇਤਰੀ ਵਿਆਪਕ ਆਰਥਿਕ ਭਾਈਵਾਲੀ’ (ਆਰ.ਸੀ.ਈ.ਪੀ.) ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਸਹਿਯੋਗ ਨੂੰ ਮੁੜ ਦ੍ਰਿੜ੍ਹਾਇਆ। ਦੋਵੇਂ ਪ੍ਰਧਾਨ ਮੰਤਰੀਆਂ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਦੇ ਵਪਾਰ ਸੁਵਿਧਾ ਸਮਝੌਤੇ ਰਾਹੀਂ ਅਤੇ ਮਾਲ ਤੇ ਸੇਵਾਵਾਂ ਦੇ ਵਧੇ ਕਾਰੋਬਾਰ ਰਾਹੀਂ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਨਿਵੇਸ਼ ਰਾਹੀਂ ਵਪਾਰਕ ਉਦਾਰੀਕਰਨ ਤੇ ਉਸ ਦੀ ਸੁਵਿਧਾ ਲਈ ਕੰਮ ਕਰਨ ਦਾ ਫ਼ੈਸਲਾ ਕੀਤਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸਪਾਤ ਦੀ ਵਧੇਰੇ ਸਮਰੱਥਾ ਬਾਰੇ ਵਿਸ਼ਵ ਫ਼ੋਰਮ ਦੇ ਗਠਨ ਸਮੇਤ ਇਸਪਾਤ ਉਦਯੋਗਾਂ ਵਿੱਚ ਵਧੇਰੇ ਸਮਰੱਥਾ ਬਾਰੇ ਸੰਚਾਰ ਤੇ ਸਹਿਯੋਗ ਵਧਾਉਣ ਦੇ ਮਹੱਤਵ ਨੂੰ ਮੁੜ ਦ੍ਰਿੜ੍ਹਾਇਆ; ਜਿਵੇਂ ਕਿ ਇਸ ਵਰ੍ਹੇ ਜੀ-20 ਦੇਸ਼ਾਂ ਦੇ ਆਗੂਆਂ ਨੇ ਵੀ ਸੱਦਾ ਦਿੱਤਾ ਸੀ।
56. ਦੋਵੇਂ ਪ੍ਰਧਾਨ ਮੰਤਰੀਆਂ ਨੇ ਪ੍ਰਮਾਣੂ ਹਥਿਆਰਾਂ ਦੇ ਮੁਕੰਮਲ ਖ਼ਾਤਮੇ ਦੀ ਸਾਂਝੀ ਪ੍ਰਤੀਬੱਧਤਾ ਦੇ ਸੰਕਲਪ ਨੂੰ ਦੋਹਰਾਇਆ। ਪ੍ਰਧਾਨ ਮੰਤਰੀ ਅਬੇ ਨੇ ‘ਪ੍ਰਮਾਣੂ ਪਰੀਖਣ ਉੱਤੇ ਰੋਕ ਬਾਰੇ ਵਿਆਪਕ ਸੰਧੀ’ (ਸੀ.ਟੀ.ਬੀ.ਟੀ.) ਛੇਤੀ ਲਾਗੂ ਕੀਤੇ ਜਾਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੋਵਾਂ ਨੇ ਸ਼ੈਨਨ ਫ਼ੈਸਲੇ ਦੇ ਆਧਾਰ ਉੱਤੇ ਇੱਕ ਗ਼ੈਰ-ਵਿਤਕਰਾਪੂਰਨ, ਬਹੁ-ਪੱਖੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਅਤੇ ਪ੍ਰਭਾਵਸ਼ਾਲੀ ਪੁਸ਼ਟੀਯੋਗ ਫ਼ਿਸਾਇਲ ਸਮੱਗਰੀ ਕੱਟ-ਆੱਫ਼ ਸੰਧੀ (ਐੱਫ਼.ਐੱਮ.ਸੀ.ਟੀ.) ਲਈ ਗੱਲਬਾਤ ਨੂੰ ਛੇਤੀ ਤੋਂ ਛੇਤੀ ਅੰਤਿਮ ਰੂਪ ਦੇਣ ਦੀ ਤੁਰੰਤ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪ੍ਰਮਾਣੂ ਹਥਿਆਰਾਂ ਦੇ ਪਾਸਾਰ ਤੇ ਪ੍ਰਮਾਣੂ ਦਹਿਸ਼ਤਗਰਦੀ ਦੀਆਂ ਚੁਣੌਤੀਆਂ ਦੇ ਹੱਲ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਆਪਣਾ ਸੰਕਲਪ ਪ੍ਰਗਟਾਇਆ।
57. ਦੋਵੇਂ ਪ੍ਰਧਾਨ ਮੰਤਰੀਆਂ ਨੇ ਪ੍ਰਭਾਵਸ਼ਾਲੀ ਰਾਸ਼ਟਰੀ ਬਰਾਮਦ ਨਿਯੰਤ੍ਰਣ ਪ੍ਰਣਾਲੀਆਂ ਦੇ ਮਹੱਤਵ ਨੂੰ ਮੰਨਿਆ। ਜਪਾਨ ਨੇ ‘ਮਿਸਾਇਲ ਟੈਕਨਾਲੋਜੀ ਕੰਟਰੋਲ ਰਿਜੀਮ’ (ਐੱਮ.ਟੀ.ਸੀ.ਆਰ.) ਅਤੇ ‘ਹੇਗ ਕੋਡ ਆ੍ਵੱ ਕੰਡਕਟ ਅਗੇਂਸਟ ਬੈਲਿਸਟਿਕ ਮਿਸਾਇਲ ਪ੍ਰੌਲਿਫ਼ਿਰੇਸ਼ਨ’ (ਐੱਚ.ਸੀ.ਓ.ਸੀ.) ਤੱਕ ਭਾਰਤ ਦੀ ਹਾਲੀਆ ਪਹੁੰਚ ਅਤੇ ਬਰਾਮਦ ਨਿਯੰਤ੍ਰਣ ਸ਼ਾਸਨਾਂ ਨਾਲ ਗਤੀਵਿਧੀਆਂ ਵਧਾਉਣ ਦਾ ਸੁਆਗਤ ਕੀਤਾ। ਦੋਵੇਂ ਪ੍ਰਧਾਨ ਮੰਤਰੀਆਂ ਨੇ ਅੰਤਰਰਾਸ਼ਟਰੀ ਅਪਸਾਰ ਜਤਨਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਨੂੰ ਬਾਕੀ ਦੇ ਤਿੰਨ ਅੰਤਰਰਾਸ਼ਟਰੀ ਬਰਾਮਦ ਨਿਯੰਤ੍ਰਣ ਸ਼ਾਸਨਾਂ: ਪ੍ਰਮਾਣੂ ਸਪਲਾਇਰਜ਼ ਗਰੁੱਪ, ਵਾਸਨਾਰ ਵਿਵਸਥਾ ਅਤੇ ਆਸਟਰੇਲੀਆ ਗਰੁੱਪ ਦਾ ਮੁਕੰਮਲ ਮੈਂਬਰ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਸਿੱਟਾ
58. ਪ੍ਰਧਾਨ ਮੰਤਰੀ ਮੋਦੀ ਨੇ ਜਪਾਨ ਸਰਕਾਰ ਤੇ ਉੱਥੋਂ ਦੀ ਜਨਤਾ ਦਾ ਉਨ੍ਹਾਂ ਵੱਲੋਂ ਦਿੱਤੀ ਗਈ ਨਿੱਘੀ ਪ੍ਰਾਹੁਣਚਾਰੀ ਲਈ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਅਬੇ ਨੂੰ ਅਗਲੀ ਸਿਖ਼ਰ ਸੰਮੇਲਨ ਮੁਲਾਕਾਤ ਲਈ ਕਿਸੇ ਪਰਸਪਰ ਸੁਵਿਧਾਜਨਕ ਸਮੇਂ ‘ਤੇ ਭਾਰਤ ਆਉਣ ਦਾ ਹਾਰਦਿਕ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅਬੇ ਨੇ ਇਸ ਸੱਦੇ ਨੂੰ ਸਤਿਕਾਰ ਨਾਲ ਪ੍ਰਵਾਨ ਕਰ ਲਿਆ।
AKT/NT