Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਕੀਤੇ ਸੰਬੋਧਨ ਦਾ ਮੂਲ-ਪਾਠ


ਮੇਰੇ ਪਿਆਰੇ ਦੇਸ਼ ਵਾਸੀਓ,

ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਸਮਾਪਤੀ, ਨਵੀਆਂ ਆਸਾਂ ਅਤੇ ਨਵੀਆਂ ਖ਼ੁਸ਼ੀਆਂ ਨਾਲ ਹੋਈ ਹੋਵੇਗੀ। ਅੱਜ ਤੁਹਾਨੂੰ ਕੁਝ ਖ਼ਾਸ ਬੇਨਤੀ ਕਰਨੀ ਚਾਹੁੰਦਾ ਹਾਂ।

ਇਸ ਵਾਰਤਾ ਵਿੱਚ ਕੁਝ ਗੰਭੀਰ ਵਿਸ਼ੇ, ਕੁਝ ਅਹਿਮ ਫ਼ੈਸਲੇ ਤੁਹਾਡੇ ਨਾਲ ਸਾਂਝੇ ਕਰਾਂਗਾ। ਤੁਹਾਨੂੰ ਧਿਆਨ ਹੋਵੇਗਾ ਕਿ ਜਦੋਂ ਤੁਸੀਂ 2014 ਮਈ ਵਿੱਚ ਸਾਨੂੰ ਜ਼ਿੰਮੇਵਾਰੀ ਸੌਂਪੀ ਸੀ, ਤਦ ਵਿਸ਼ਵ ਦੀ ਅਰਥ ਵਿਵਸਥਾ ਵਿੱਚ BRICS ਦੇ ਸੰਦਰਭ ਵਿੱਚ ਇਹ ਆਮ ਚਰਚਾ ਸੀ ਕਿ BRICS ਵਿੱਚ ਜੋ ‘ਆਈ’ ਅੱਖਰ, ਜੋ India ਨਾਲ ਜੁੜਿਆ ਹੋਇਆ ਹੈ, ਲੋਕ ਕਹਿੰਦੇ ਸਨ ਕਿ BRICS ਵਿੱਚ ਜੋ ‘ਆਈ’ ਹੈ, ਉਹ ਰਿੜ੍ਹ ਰਿਹਾ ਹੈ। ਲਗਾਤਾਰ ਦੋ ਸਾਲਾਂ ਦੇ ਦੇਸ਼ ਭਰ ਵਿੱਚ ਕਾਲ ਦੇ ਬਾਵਜੂਦ, ਪਿਛਲੇ ਢਾਈ ਸਾਲਾਂ ‘ਚ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਅੱਜ ਭਾਰਤ ਨੇ ਗਲੋਬਲ ਇਕੌਨੋਮੀ ਵਿੱਚ ਇੱਕ ‘ਬ੍ਰਾਈਟ ਸਪੌਟ’ ਭਾਵ ਚਮਕਦੇ ਤਾਰੇ ਵਜੋਂ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਅਜਿਹਾ ਨਹੀਂ ਹੈ ਕਿ ਇਹ ਦਾਅਵਾ ਅਸੀਂ ਕਰ ਰਹੇ ਹਾਂ, ਸਗੋਂ ਇਹ ਅਵਾਜ਼ ਇੰਟਰਨੈਸ਼ਨਲ ਮੌਨੇਟਰੀ ਫ਼ੰਡ (IMF) ਅਤੇ ਵਰਲਡ ਬੈਂਕ ਤੋਂ ਗੂੰਜ ਰਹੀ ਹੈ।

ਭੈਣੋ, ਭਰਾਵੋ,

ਵਿਕਾਸ ਦੀ ਇਸ ਦੌੜ ਵਿੱਚ ਸਾਡਾ ਮੂਲ-ਮੰਤਰ ਰਿਹਾ ਹੈ ”ਸਬਕਾ ਸਾਥ, ਸਬਕਾ ਵਿਕਾਸ”। ਇਹ ਸਰਕਾਰ ਗ਼ਰੀਬਾਂ ਨੂੰ ਸਮਰਪਿਤ ਹੈ ਅਤੇ ਸਮਰਪਿਤ ਰਹੇਗੀ। ਗ਼ਰੀਬੀ ਦੇ ਵਿਰੁੱਧ ਸਾਡੀ ਜੰਗ ਦਾ ਮੁੱਖ ਸ਼ਸਤਰ ਰਿਹਾ ਹੈ – ਗ਼ਰੀਬਾਂ ਦੀ ਦੇਸ਼ ਦੀ ਅਰਥ ਵਿਵਸਥਾ ਅਤੇ ਸੰਪੰਨਤਾ ਵਿੱਚ ਸਰਗਰਮ ਭਾਗੀਦਾਰੀ ਭਾਵ ਗ਼ਰੀਬਾਂ ਦਾ ਸਸ਼ਕਤੀਕਰਨ, ਗ਼ਰੀਬਾਂ ਦਾ ਐਂਪਾਵਰਮੈਂਟ। ਇਸ ਯਤਨ ਦੀ ਝਲਕ ਤੁਸੀਂ ਲੋਕਾਂ ਨੂੰ

ਪ੍ਰਧਾਨ ਮੰਤਰੀ ਜਨ-ਧਨ ਯੋਜਨਾ,

ਜਨ-ਧਨ ਰਾਹੀਂ ਜਨ-ਸੁਰੱਖਿਆ ਯੋਜਨਾ,

ਆਰਥਿਕ ਗਤੀਵਿਧੀਆਂ ਲਈ ਪ੍ਰਧਾਨ ਮੰਤਰੀ ਮੁਦਰਾ ਰਿਣ ਯੋਜਨਾ,

ਦਲਿਤ, ਆਦਿਵਾਸੀ ਅਤੇ ਮਹਿਲਾ ਉੱਦਮੀਆਂ ਲਈ ਸਟੈਂਡ-ਅੱਪ ਇੰਡੀਆ,

ਗ਼ਰੀਬਾਂ ਦੇ ਘਰ ਗੈਸ ਦਾ ਚੁੱਲ੍ਹਾ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ,

ਕਿਸਾਨਾਂ ਦੀ ਆਮਦਨ ਸੁਰੱਖਿਅਤ ਕਰਨ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ

ਉਨ੍ਹਾਂ ਨੂੰ ਆਪਣੇ ਖੇਤਾਂ ਤੋਂ ਸਹੀ ਪੈਦਾਵਾਰ ਹਾਸਲ ਕਰਨ ਲਈ Soil ਹੈਲਥ ਕਾਰਡ ਯੋਜਨਾ ਅਤੇ

ਸਹੀ ਫ਼ਸਲ ਦੀ ਸਹੀ ਕੀਮਤ ਲੈਣ ਲਈ e-NAM ਭਾਵ ਰਾਸ਼ਟਰੀ ਖੇਤੀ ਬਾਜ਼ਾਰ ਯੋਜਨਾ – ਇਨ੍ਹਾਂ ਸਭ ਵਿੱਚ ਇਹ ਸਾਫ਼ ਵਿਖਾਈ ਦਿੰਦਾ ਹੈ, ਇਹ ਸਰਕਾਰ ਪਿੰਡ, ਗ਼ਰੀਬ ਅਤੇ ਕਿਸਾਨ ਨੂੰ ਸਮਰਪਿਤ ਹੈ।

ਮੇਰੇ ਪਿਆਰੇ ਦੇਸ਼ ਵਾਸੀਓ,

ਪਿਛਲੇ ਦਹਾਕਿਆਂ ‘ਚ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਕਾਲਾ ਧਨ ਜਿਹੀਆਂ ਬੀਮਾਰੀਆਂ ਨੇ ਆਪਣੀਆਂ ਜੜ੍ਹਾਂ ਜਮਾ ਲਈਆਂ ਹਨ ਅਤੇ ਦੇਸ਼ ‘ਚੋਂ ਗ਼ਰੀਬੀ ਹਟਾਉਣ ਵਿੱਚ ਇਹ ਭ੍ਰਿਸ਼ਟਾਚਾਰ, ਇਹ ਕਾਲਾ ਧਨ, ਇਹ ਗੋਰਖ ਧੰਦਾ ਸਭ ਤੋਂ ਵੱਡੀ ਰੁਕਾਵਟ ਹੈ।

ਇੱਕ ਪਾਸੇ ਤਾਂ ਵਿਸ਼ਵ ਵਿੱਚ ਅਸੀਂ ਆਰਥਿਕ ਰਫ਼ਤਾਰ ਵਿੱਚ ਤੇਜ਼ੀ ਨਾਲ ਵਧਣ ਵਾਲੇ ਦੇਸ਼ਾਂ ਵਿੱਚੋਂ ਸਭ ਤੋਂ ਅੱਗੇ ਹਾਂ। ਦੂਜੇ ਪਾਸੇ ਭ੍ਰਿਸ਼ਟਾਚਾਰ ਦੀ ਗਲੋਬਲ ਰੈਂਕਿੰਗ ਵਿੱਚ ਦੋ ਸਾਲ ਪਹਿਲਾਂ ਭਾਰਤ ਲਗਭਗ ਸੌਵੇਂ ਨੰਬਰ ‘ਤੇ ਸੀ। ਕਈ ਕਦਮ ਚੁੱਕਣ ਦੇ ਬਾਵਜੂਦ ਅਸੀਂ ਛਿਹੱਤਰਵੇਂ ਨੰਬਰ ਉੱਤੇ ਪੁੱਜ ਸਕੇ ਹਾਂ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭ੍ਰਿਸ਼ਟਾਚਹਾਰ ਅਤੇ ਕਾਲੇ ਧਨ ਦਾ ਜਾਲ ਕਿੰਨੇ ਵਿਆਪਕ ਰੂਪ ਵਿੱਚ ਦੇਸ਼ ਵਿੱਚ ਵਿਛਿਆ ਹੈ।

ਭ੍ਰਿਸ਼ਟਾਚਾਰ ਦੀ ਬੀਮਾਰੀ ਨੂੰ ਕੁਝ ਵਰਗ ਵਿਸ਼ੇਸ਼ ਦੇ ਲੋਕਾਂ ਨੇ ਆਪਣੇ ਸੁਆਰਥ ਕਾਰਨ ਫੈਲਾ ਰੱਖਿਆ ਹੈ। ਗ਼ਰੀਬਾਂ ਦੇ ਹੱਕ ਨੂੰ ਨਜ਼ਰਅੰਦਾਜ਼ ਕਰ ਕੇ ਇਹ ਖ਼ੁਦ ਵਧਦੇ-ਫੁੱਲਦੇ ਰਹੇ ਹਨ। ਕੁਝ ਲੋਕਾਂ ਨੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਇਸ ਦਾ ਭਰਪੂਰ ਲਾਭ ਉਠਾਇਆ। ਦੂਜੇ ਪਾਸੇ, ਈਮਾਨਦਾਰ ਲੋਕਾਂ ਨੇ ਇਸ ਵਿਰੁੱਧ ਜੰਗ ਵੀ ਲੜੀ ਹੈ। ਦੇਸ਼ ਦੇ ਕਰੋੜਾਂ ਨਾਗਰਿਕਾਂ ਨੇ ਈਮਾਨਦਾਰੀ ਨੂੰ ਜਿਉਂ ਕੇ ਵਿਖਾਇਆ ਹੈ।

ਅਸੀਂ ਆਮ ਤੌਰ ‘ਤੇ ਇਹ ਸੁਣਦੇ ਹਾਂ ਕਿ ਗ਼ਰੀਬ ਆਟੋ ਡਰਾਇਵਰ ਆਪਣੀ ਗੱਡੀ ਵਿੱਚ ਛੁੱਟ ਗਏ ਸੋਨੇ ਦੇ ਗਹਿਣਿਆਂ ਵਾਲੇ ਬੈਗ ਨੂੰ ਉਸ ਦੇ ਅਸਲ ਮਾਲਕ ਨੂੰ ਕਿਵੇਂ ਲੱਭ ਕੇ ਮੋੜ ਦਿੰਦਾ ਹੈ, ਕਈ ਵਾਰ ਅਸੀਂ ਸੁਣਦੇ ਹਾਂ ਕਿ ਕੋਈ ਟੈਕਸੀ ਡਰਾਈਵਰ, ਯਾਤਰੀਆਂ ਦਾ ਕੋਈ ਸਮਾਨ ਜੇ ਛੁੱਟ ਜਾਂਦਾ ਹੈ, ਮੋਬਾਇਲ ਫ਼ੋਨ ਰਹਿ ਜਾਂਦਾ ਹੈ, ਤਾਂ ਆਪਣੇ ਖ਼ਰਚੇ ਨਾਲ ਉਨ੍ਹਾਂ ਨੂੰ ਲੱਭਣ ਜਾਂਦਾ ਹੈ ਅਤੇ ਪਹੁੰਚਾ ਦਿੰਦਾ ਹੈ, ਸਬਜ਼ੀ ਵੇਚਣ ਵਾਲਾ ਵੀ, ਆਮ ਦੁਕਾਨ ਵਾਲਾ ਵੀ, ਜੇ ਗਾਹਕ ਤੋਂ ਗ਼ਲਤੀ ਨਾਲ ਵੱਧ ਪੈਸੇ ਲੈ ਲਏ, ਤਾਂ ਉਸ ਨੂੰ ਸੱਦ ਕੇ ਮੋੜ ਦਿੰਦਾ ਹੈ।

ਪਿਆਰੇ ਦੇਸ਼ ਵਾਸੀਓ,

ਇਸ ਗੱਲ ਦਾ ਇਹ ਸਬੂਤ ਹੈ ਕਿ ਹਿੰਦੁਸਤਾਨ ਦਾ ਆਮ ਤੋਂ ਆਮ ਨਾਗਰਿਕ ਈਮਾਨਦਾਰ ਹੈ, ਪਰ ਪਿਆਰੇ ਦੇਸ਼ ਵਾਸੀਓ, ਹਰ ਦੇਸ਼ ਦੇ ਵਿਕਾਸ ਦੇ ਇਤਿਹਾਸ ਵਿੱਚ ਅਜਿਹੇ ਪਲ ਆਏ ਹਨ, ਜਦੋਂ ਇੱਕ ਤਾਕਤਵਰ ਅਤੇ ਫ਼ੈਸਲਾਕੁੰਨ ਕਦਮ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇਸ ਦੇਸ਼ ਨੇ ਇਹ ਸਾਲਾਂ ਤੋਂ ਮਹਿਸੂਸ ਕੀਤਾ ਹੈ ਕਿ ਭ੍ਰਿਸ਼ਟਾਚਾਰ, ਕਾਲਾ ਧਨ, ਜਾਅਲੀ ਨੋਟ ਅਤੇ ਆਤੰਕਵਾਦ ਅਜਿਹੇ ਨਾਸੂਰ ਹਨ, ਜੋ ਦੇਸ਼ ਨੂੰ ਵਿਕਾਸ ਦੀ ਦੌੜ ਵਿੱਚ ਪਿੱਛੇ ਧੱਕਦੀ ਹੈ। ਦੇਸ਼ ਨੂੰ, ਸਮਾਜ ਨੂੰ ਅੰਦਰੇ ਅੰਦਰ ਖੋਖਲਾ ਕਰ ਦਿੰਦੀ ਹੈ।

ਮੇਰੇ ਪਿਆਰੇ ਦੇਸ਼ ਵਾਸੀਓ,

ਆਤੰਕਵਾਦ ਦੀ ਭਿਆਨਕਤਾ ਨੂੰ ਕੌਣ ਨਹੀਂ ਜਾਣਦਾ ਹੈ? ਕਿੰਨੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਪਰ ਕੀ ਤੁਸੀਂ ਸੋਚਿਆ ਹੈ ਕਿ ਇਨ੍ਹਾਂ ਆਤੰਕਵਾਦੀਆਂ ਨੂੰ ਪੈਸਾ ਕਿੱਥੋਂ ਮੁਹੱਈਆ ਹੁੰਦਾ ਹੈ? ਸਰਹੱਦ ਪਾਰ ਦੇ ਸਾਡੇ ਦੁਸ਼ਮਣ ਜਾਅਲੀ ਨੋਟਾਂ ਰਾਹੀਂ, ਨਕਲੀ ਨੋਟਾਂ ਰਾਹੀਂ ਆਪਣਾ ਧੰਦਾ ਭਾਰਤ ਵਿੱਚ ਚਲਾਉਂਦੇ ਹਨ ਅਤੇ ਇਹ ਸਾਲਾਂ ਤੋਂ ਚੱਲ ਰਿਹਾ ਹੈ। ਅਨੇਕਾਂ ਵਾਰ 500 ਅਤੇ ਹਜ਼ਾਰ ਰੁਪਏ ਦੇ ਜਾਅਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੇ ਫੜੇ ਵੀ ਗਏ ਹਨ ਅਤੇ ਇਹ ਨੋਟ ਜ਼ਬਤ ਵੀ ਕੀਤੇ ਗਏ ਹਨ।

ਭੈਣੋ, ਭਰਾਵੋ,

ਇੱਕ ਪਾਸੇ ਆਤੰਕਵਾਦ ਅਤੇ ਜਾਅਲੀ ਨੋਟ ਦਾ ਜਾਲ ਦੇਸ਼ ਨੂੰ ਤਬਾਹ ਕਰ ਰਿਹਾ ਹੈ। ਦੂਜੇ ਪਾਸੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀ ਚੁਣੌਤੀ ਦੇਸ਼ ਦੇ ਸਾਹਮਣੇ ਬਣੀ ਹੋਈ ਹੈ। ਅਸੀਂ ਕੰਮ ਸੰਭਾਲਣ ਦੇ ਤੁਰੰਤ ਬਾਅਦ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਜੰਗ ਦੀ ਸ਼ੁਰੂਆਤ ਕਰਦਿਆਂ ਅਨੇਕਾਂ ਪ੍ਰਭਾਵੀ ਕਦਮ ਚੁੱਕੇ, ਜਿਵੇਂ:

• ਕਾਲੇ ਧਨ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਪ੍ਰਧਾਨਗੀ ਹੇਠ SIT ਦਾ ਗਠਨ ਕੀਤਾ।

• ਵਿਦੇਸ਼ਾਂ ਵਿੱਚ ਜਮ੍ਹਾ ਕਾਲੇ ਧਨ ਲਈ 2015 ਵਿੱਚ ਮਜ਼ਬੂਤ ਕਾਨੂੰਨ ਬਣਾਉਣ ਦਾ ਕੰਮ ਅਸੀਂ ਕੀਤਾ।

• ਕਾਲੇ ਧਨ ਨੂੰ ਵਿਦੇਸ਼ਾਂ ਤੋਂ ਲਿਆਉਣ ਲਈ ਵੱਖ-ਵੱਖ ਦੇਸ਼ਾਂ ਨਾਲ ਟੈਕਸ ਸਮਝੌਤਿਆਂ ਵਿੱਚ ਅਸੀਂ ਤਬਦੀਲੀ ਕੀਤੀ, ਨਵੇਂ ਸਮਝੌਤੇ ਕੀਤੇ।

• ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਨਾਲ ਸੂਚਨਾ ਦੇ ਆਦਾਨ-ਪ੍ਰਦਾਨ, information exchange ਦੀ ਵਿਵਸਥਾ ਕੀਤੀ।

• ਭ੍ਰਿਸ਼ਟਾਚਾਰੀਆਂ ਦੀ ਬੇਨਾਮੀ ਜਾਇਦਾਦ ਨੂੰ ਰੋਕਣ ਲਈ ਅਗਸਤ 2016 ਵਿੱਚ ਇੱਕ ਹੋਰ ਮਜ਼ਬੂਤ ਕਾਨੂੰਨ

• ਇਸ ਕਾਨੂੰਨ ਰਾਹੀਂ ਇੱਕ ਬਹੁਤ ਵੱਡੇ ਚੋਰ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਗਿਆ।

• ਦੇਸ਼ ਵਿੱਚ ਅਣ-ਐਲਾਨੀ ਆਮਦਨ ਨੂੰ ਪੈਨਲਟੀ ਦੇ ਨਾਲ ਐਲਾਨੇ ਜਾਣ ਦੀ ਯੋਜਨਾ ਵਿੱਚ ਕਾਫ਼ੀ ਵੱਡੀ ਮਾਤਰਾ ਵਿੱਚ ਅਣ-ਐਲਾਨੀ ਆਮਦਨ ਉਜਾਗਰ ਹੋਈ।

ਮੇਰੇ ਪਿਆਰੇ ਦੇਸ਼ ਵਾਸੀਓ,

ਇਨ੍ਹਾਂ ਸਾਰੇ ਯਤਨਾਂ ਨਾਲ, ਪਿਛਲੇ ਢਾਈ ਸਾਲਾਂ ਵਿੱਚ ਭ੍ਰਿਸ਼ਟਾਚਾਰੀਆਂ ਤੋਂ ਲਗਭਗ ਸਵਾ ਲੱਖ ਕਰੋੜ ਰੁਪਏ ਦਾ ਕਾਲਾ ਧਨ ਬਾਹਰ ਆਇਆ ਹੈ। ਅਜਿਹੇ ਕਰੋੜਾਂ ਭਾਰਤ-ਵਾਸੀ, ਜਿਨ੍ਹਾਂ ਦੀ ਰਗ਼-ਰਗ਼ ਵਿੱਚ ਈਮਾਨਦਾਰੀ ਦੌੜਦੀ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ, ਕਾਲੇ ਧਨ, ਬੇਨਾਮੀ ਜਾਇਦਾਦ, ਜਾਅਲੀ ਨੋਟ ਅਤੇ ਅੱਤਵਾਦ ਵਿਰੁੱਧ ਜੰਗ ਫ਼ੈਸਲਾਕੁੰਨ ਹੋਣੀ ਚਾਹੀਦੀ ਹੈ। ਕਿਹੜਾ ਈਮਾਨਦਾਰ ਨਾਗਰਿਕ ਅਜਿਹਾ ਹੋਵੇਗਾ, ਜਿਸ ਨੂੰ ਅਫ਼ਸਰਾਂ ਦੇ ਘਰ ਬਿਸਤਰ ਦੇ ਹੇਠੋਂ ਜਾਂ ਥਾਂ-ਥਾਂ ਬੋਰੀਆਂ ਵਿੱਚ ਕਰੋੜਾਂ ਰੁਪਏ ਮਿਲਣ ਦੀ ਖ਼ਬਰ ਤੋਂ ਦਰਦ ਨਾ ਹੁੰਦਾ ਹੋਵੇ?

ਅੱਜ ਦੇਸ਼ ਦੀ ਮੁਦਰਾ-ਵਿਵਸਥਾ ਦਾ ਹਾਲ ਇਹ ਹੈ ਕਿ ਦੇਸ਼ ਵਿੱਚ ਕੁੱਲ ਸਿੱਕਿਆਂ ਅਤੇ ਨੋਟਾਂ ਦੀ ਕੀਮਤ ਵਿੱਚ 500 ਅਤੇ 1,000 ਰੁਪਏ ਵਾਲੇ ਨੋਟਾਂ ਦਾ ਹਿੱਸਾ ਲਗਭਗ 80 ਤੋਂ 90 ਫ਼ੀ ਸਦੀ ਤੱਕ ਪੁੱਜ ਗਿਆ ਹੈ।

ਦੇਸ਼ ਵਿੱਚ ਕੇਸ਼ ਦਾ ਵਧੇਰੇ ਸਰਕੂਲੇਸ਼ਨ ਦਾ ਇੱਕ ਸਿੱਧਾ ਸਬੰਧ ਭ੍ਰਿਸ਼ਟਾਚਾਰ ਨਾਲ ਹੈ। ਭ੍ਰਿਸ਼ਟਾਚਾਰ ਰਾਹੀਂ ਕਮਾਏ ਕੈਸ਼ ਦਾ ਕਾਰੋਬਾਰ ਮਹਿੰਗਾਈ ਉੱਤੇ ਵੱਡਾ ਅਸਰ ਪੈਦਾ ਕਰਦਾ ਹੈ। ਇਸ ਦੀ ਮਾਰ ਗ਼ਰੀਬਾਂ ਨੂੰ ਝੱਲਣੀ ਪੈਂਦੀ ਹੈ। ਇਸ ਦਾ ਸਿੱਧਾ ਅਸਰ ਗ਼ਰੀਬ ਅਤੇ ਮੱਧ ਵਰਗ ਦੀ ਖ਼ਰੀਦ-ਸ਼ਕਤੀ ਉੱਤੇ ਪੈਂਦਾ ਹੈ। ਤੁਹਾਡਾ ਖ਼ੁਦ ਦਾ ਤਜਰਬਾ ਹੋਵੇਗਾ, ਜਦੋਂ ਮਕਾਨ ਜਾਂ ਜ਼ਮੀਨ ਖ਼ਰੀਦਦੇ ਸਮੇਂ ਤੁਹਾਡੇ ਤੋਂ ਕੁਝ ਧਨ ਚੈੱਕ ਰਾਹੀਂ ਲੈਣਗੇ ਅਤੇ ਜ਼ਿਆਦਾਤਰ ਧਨ-ਰਾਸ਼ੀ ਕੈਸ਼ ਵਿੱਚ ਮੰਗੀ ਜਾਂਦੀ ਹੋਵੇਗੀ। ਈਮਾਨਦਾਰ ਵਿਅਕਤੀ ਲਈ ਕੁਝ ਵੀ ਖ਼ਰੀਦਣਾ ਹੋਵੇ, ਉਸ ਕੋਲ ਕਾਲਾ ਧਨ ਨਹੀਂ ਹੈ, ਤਾਂ ਮੁਸੀਬਤ ਹੋ ਜਾਂਦੀ ਹੈ। ਕੈਸ਼ ਦੇ ਇਸ ਧੰਦੇ ਕਾਰਨ ਮਕਾਨ, ਜ਼ਮੀਨ, ਉਚੇਰੀ ਸਿੱਖਿਆ ਅਤੇ ਮੈਡੀਕਲ ਜਿਹੀਆਂ ਅਨੇਕ ਸੇਵਾਵਾਂ ਅਤੇ ਵਸਤਾਂ ਦੀਆਂ ਕੀਮਤਾਂ ਵਿੱਚ ਬਹੁਤ ਜ਼ਿਆਦਾ ਬਨਾਵਟੀ ਵਾਧਾ ਹੁੰਦਾ ਹੈ, artificial increase ਹੁੰਦਾ ਹੈ।

ਭ੍ਰਿਸ਼ਟਾਚਾਰ ਰਾਹੀਂ ਜਮ੍ਹਾ ਕੀਤਾ ਗਿਆ ਧਨ ਹੋਵੇ ਜਾਂ ਕਾਲਾ ਧਨ ਹੋਵੇ, ਇਹ ਦੋਵੇਂ ਬੇਨਾਮੀ ਹਵਾਲਾ ਕਾਰੋਬਾਰ ਨੂੰ ਤਾਕਤ ਦਿੰਦੇ ਹਨ। ਅਤੇ ਅਸੀਂ ਜਾਣਦੇ ਹਾਂ ਕਿ ਹਵਾਲਾ ਦੀ ਵਰਤੋਂ ਆਤੰਕਵਾਦੀਆਂ ਨੇ ਹਥਿਆਰਾਂ ਦੀ ਖ਼ਰੀਦੋ-ਫ਼ਰੋਖ਼ਤ ਵਿੱਚ ਵੀ ਕੀਤੀ ਹੈ। ਚੋਣਾਂ ਵਿੱਚ ਕਾਲੇ ਧਨ ਦੇ ਅਸਰ ਦੀ ਚਰਚਾ ਤਾਂ ਸਾਲਾਂ ਤੋਂ ਹੋ ਰਹੀ ਹੈ।

ਭੈਣੋ, ਭਰਾਵੋ,

ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਰੂਪੀ ਦੀਮਕ ਤੋਂ ਅਜ਼ਾਦ ਕਰਵਾਉਣ ਲਈ ਇੱਕ ਹੋਰ ਸਖ਼ਤ ਕਦਮ ਚੁੱਕਣਾ ਜ਼ਰੂਰੀ ਹੋ ਗਿਆ ਹੈ।

ਅੱਜ ਅੱਧ ਰਾਤ ਭਾਵ 8 ਨਵੰਬਰ, 2016 ਦੀ ਰਾਤ 12 ਵਜੇ ਤੋਂ ਇਸ ਵੇਲੇ ਜਾਰੀ 500 ਰੁਪਏ ਅਤੇ 1,000 ਰੁਪਏ ਦੇ ਕਰੰਸੀ ਨੋਟ ਲੀਗਲ ਟੈਂਡਰ ਨਹੀਂ ਰਹਿਣਗੇ, ਭਾਵ ਇਹ ਮੁਦਰਾਵਾਂ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਨਹੀਂ ਹੋਣਗੀਆਂ।
500 ਅਤੇ 1,000 ਰੁਪਏ ਦੇ ਪੁਰਾਣੇ ਨੋਟਾਂ ਰਾਹੀਂ ਲੈਣ-ਦੇਣ ਦੀ ਵਿਵਸਥਾ ਅੱਜ ਅੱਧੀ ਰਾਤ ਤੋਂ ਉਪਲੱਬਧ ਨਹੀਂ ਹੋਵੇਗੀ।
ਭ੍ਰਿਸ਼ਟਾਚਾਰ, ਕਾਲੇ ਧਨ ਅਤੇ ਜਾਅਲੀ ਨੋਟ ਦੇ ਕਾਰੋਬਾਰ ਵਿੱਚ ਲੱਗੇ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤੱਤਾਂ ਕੋਲ ਮੌਜੂਦ 500 ਅਤੇ 1,000 ਰੁਪਏ ਦੇ ਪੁਰਾਣੇ ਨੋਟ ਕੇਵਲ ਕਾਗਜ਼ ਦੇ ਇੱਕ ਟੁਕੜੇ ਦੇ ਸਮਾਨ ਰਹਿ ਜਾਣਗੇ। ਅਜਿਹੇ ਨਾਗਰਿਕ ਜੋ ਸੰਪਤੀ ਮਿਹਨਤ ਅਤੇ ਈਮਾਨਦਾਰੀ ਨਾਲ ਕਮਾ ਰਹੇ ਹਨ, ਉਨ੍ਹਾਂ ਦੇ ਹਿਤਾਂ ਦੀ ਅਤੇ ਉਨ੍ਹਾਂ ਦੇ ਹੱਕ ਦੀ ਪੂਰੀ ਰਾਖੀ ਕੀਤੀ ਜਾਵੇਗੀ। ਧਿਆਨ ਰਹੇ ਕਿ 100 ਰੁਪਏ, 50 ਰੁਪਏ, 10 ਰੁਪਏ, 5 ਰੁਪਏ, 2 ਰੁਪਏ ਅਤੇ 1 ਰੁਪਏ ਦਾ ਨੋਟ ਅਤੇ ਸਾਰੇ ਸਿੱਕੇ ਨਿਯਮਤ ਹਨ ਅਤੇ ਲੈਣ-ਦੇਣ ਲਈ ਵਰਤੇ ਜਾ ਸਕਦੇ ਹਨ। ਉਸ ਉੱਤੇ ਕੋਈ ਰੋਕ ਨਹੀਂ ਹੈ।

ਸਾਡਾ ਇਹ ਕਦਮ ਦੇਸ਼ ਵਿੱਚ ਭ੍ਰਿਸ਼ਟਾਚਾਰ, ਕਾਲਾ ਧਨ ਅਤੇ ਜਾਅਲੀ ਨੋਟਾਂ ਵਿਰੁੱਧ ਅਸੀਂ ਜੋ ਜੰਗ ਲੜ ਰਹੇ ਹਾਂ, ਆਮ ਨਾਗਰਿਕ ਜੋ ਜੰਗ ਲੜ ਰਿਹਾ ਹੈ, ਉਸ ਨੂੰ ਇਸ ਤੋਂ ਤਾਕਤ ਮਿਲਣ ਵਾਲੀ ਹੈ। ਇਨ੍ਹੀਂ ਦਿਨੀਂ ਦੇਸ਼ ਵਾਸੀਆਂ ਨੂੰ ਘੱਟ ਤੋਂ ਘੱਟ ਤਕਲੀਫ਼ ਦਾ ਸਾਹਮਣਾ ਕਰਨਾ ਪਵੇ, ਇਸ ਲਈ ਅਸੀਂ ਕੁਝ ਇੰਤਜ਼ਾਮ ਕੀਤਾ ਹੈ:

1. 500 ਅਤੇ 1,000 ਰੁਪਏ ਦੇ ਪੁਰਾਣੇ ਨੋਟ, 10 ਨਵੰਬਰ ਤੋਂ ਲੈ ਕੇ 30 ਦਸੰਬਰ, 2016 ਤੱਕ ਆਪਣੇ ਬੈਂਕ ਜਾਂ ਡਾਕ ਘਰ ਦੇ ਖਾਤੇ ਵਿੱਚ ਬਿਨਾ ਕਿਸੇ ਸੀਮਾ ਦੇ ਜਮ੍ਹਾ ਕਰਵਾ ਸਕਦੇ ਹਨ।

2. ਤੁਹਾਡੇ ਕੋਲ ਲਗਭਗ 50 ਦਿਨਾਂ ਦਾ ਸਮਾਂ ਹੈ। ਇਸ ਲਈ ਨੋਟ ਜਮ੍ਹਾ ਕਰਨ ਲਈ ਤੁਹਾਨੂੰ ਹਫੜਾ-ਦਫੜੀ ਮਚਾਉਣ ਦੀ ਜ਼ਰੂਰਤ ਨਹੀਂ ਹੈ।

3. ਤੁਹਾਡੀ ਧਨ-ਰਾਸ਼ੀ ਤੁਹਾਡੀ ਹੀ ਰਹੇਗੀ, ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

4. 500 ਰੁਪਏ ਜਾਂ 1,000 ਰੁਪਏ ਦੇ ਪੁਰਾਣੇ ਨੋਟਾਂ ਨੂੰ ਖਾਤੇ ਵਿੱਚ ਪਾ ਕੇ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਮੁੜ ਕਢਵਾ ਸਕਦੇ ਹੋ।

5. ਕੇਵਲ ਸ਼ੁਰੂਆਤੀ ਦਿਨਾਂ ਵਿੱਚ ਖਾਤੇ ਵਿੱਚੋਂ ਧਨ-ਰਾਸ਼ੀ ਕੱਢਣ ਉੱਤੇ ਰੋਜ਼ਾਨਾ ਦਸ ਹਜ਼ਾਰ ਰੁਪਏ ਅਤੇ ਹਰ ਹਫ਼ਤੇ ਵੀਹ ਹਜ਼ਾਰ ਰੁਪਏ ਦੀ ਸੀਮਾ ਤੈਅ ਕੀਤੇ ਗਏ ਹਨ। ਅਜਿਹਾ ਨਵੇਂ ਨੋਟਾਂ ਦੀ ਉਪਲੱਬਧਤਾ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ। ਇਸ ਸੀਮਾ ਵਿੱਚ ਆਉਣ ਵਾਲੇ ਦਿਨਾਂ ਵਿੱਚ ਵਾਧਾ ਕਰ ਦਿੱਤਾ ਜਾਵੇਗਾ।

6. ਖਾਤੇ ਵਿੱਚ ਜਮ੍ਹਾ ਕਰਨ ਦੀ ਸਹੂਲਤ ਦੇ ਨਾਲ-ਨਾਲ ਦੂਜੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

7. ਤੁਰੰਤ ਜ਼ਰੂਰਤ ਲਈ 500 ਅਤੇ 1,000 ਰੁਪਏ ਦੇ ਪੁਰਾਣੇ ਨੋਟਾਂ ਨੂੰ ਨਵੇਂ ਅਤੇ ਮਾਨਤਾ ਪ੍ਰਾਪਤ ਨੋਟ ਨਾਲ 10 ਨਵੰਬਰ ਤੋਂ 30 ਦਸੰਬਰ ਤੱਕ ਤੁਸੀਂ ਕਿਸੇ ਵੀ ਬੈਂਕ ਜਾਂ ਪ੍ਰਮੁੱਖ ਅਤੇ ਉੱਪ-ਡਾਕਘਰ ਦੇ ਕਾਊਂਟਰ ਤੋਂ ਆਪਣਾ ਪਛਾਣ ਪੱਤਰ ਜਿਵੇਂ ਆਧਾਰ ਕਾਰਡ, ਮਤਦਾਤਾ ਭਾਵ ਵੋਟਰ ਕਾਰਡ, ਰਾਸ਼ਨ ਕਾਰਡ, ਪਾਸਪੋਰਟ, ਪੈਨ ਕਾਰਡ ਆਦਿ ਸਬੂਤ ਵਜੋਂ ਪੇਸ਼ ਕਰ ਕੇ ਤੁਸੀਂ ਨੋਟ ਬਦਲ ਸਕਦੇ ਹੋ।

8. ਅਰੰਭ ਵਿੱਚ 10 ਨਵੰਬਰ ਤੋਂ 24 ਨਵੰਬਰ ਤੱਕ ਚਾਰ ਹਜ਼ਾਰ ਰੁਪਏ ਤੱਕ ਦੇ ਪੁਰਾਣੇ 500 ਅਤੇ 1,000 ਰੁਪਏ ਦੇ ਨੋਟ ਬਦਲੇ ਜਾ ਸਕਦੇ ਹਨ। 15 ਦਿਨਾਂ ਬਾਅਦ ਭਾਵ 25 ਨਵੰਬਰ ਤੋਂ ਚਾਰ ਹਜ਼ਾਰ ਰੁਪਏ ਦੀ ਸੀਮਾ ਵਿੱਚ ਵਾਧਾ ਕਰ ਦਿੱਤਾ ਜਾਵੇਗਾ।

9. ਅਜਿਹੇ ਲੋਕ, ਜੋ ਇਸ ਵੇਲੇ ਸੀਮਾ ਦੇ ਅੰਦਰ ਭਾਵ 30 ਦਸੰਬਰ, 2016 ਤੱਕ ਪੁਰਾਣੇ ਨੋਟ ਕਿਸੇ ਕਾਰਣ ਕਰ ਕੇ ਜਮ੍ਹਾ ਨਹੀਂ ਕਰ ਸਕਣਗੇ, ਉਨ੍ਹਾਂ ਨੂੰ 500 ਅਤੇ 1,000 ਰੁਪਏ ਦੇ ਪੁਰਾਣੇ ਨੋਟ ਬਦਲਣ ਦਾ ਇੱਕ ਆਖ਼ਰੀ ਮੌਕਾ ਦਿੱਤਾ ਜਾਵੇਗਾ।

10. ਅਜਿਹੇ ਲੋਕ ਰਿਜ਼ਰਵ ਬੈਂਕ ਦੇ ਨਿਰਧਾਰਤ ਦਫ਼ਤਰ ਵਿੱਚ ਆਪਣੀ ਰਕਮ ਇੱਕ ਘੋਸ਼ਣਾ-ਪੱਤਰ ਭਾਵ declararation ਫ਼ਾਰਮ ਨਾਲ 31 ਮਾਰਚ, 2017 ਤੱਕ ਜਮ੍ਹਾ ਕਰਵਾ ਸਕਦੇ ਹਨ।

11. 9 ਨਵੰਬਰ ਅਤੇ ਕੁਝ ਸਥਾਨਾਂ ‘ਤੇ 10 ਨਵੰਬਰ ਨੂੰ ਵੀ ATM ਕੰਮ ਨਹੀਂ ਕਰਨਗੇ। ਅਰੰਭ ਵਿੱਚ ATM ‘ਚੋਂ ਪ੍ਰਤੀ ਕਾਰਡ ਪ੍ਰਤੀ ਦਿਨ ਕੱਢੀ ਜਾ ਸਕਣ ਵਾਲੀ ਰਾਸ਼ੀ ਦੀ ਸੀਮਾ ਦੋ ਹਜ਼ਾਰ ਰੁਪਏ ਰਹੇਗੀ।

12. ਫਿਰ ਉਸ ਨੂੰ ਕੁਝ ਮਿਆਦ ਤੋਂ ਬਾਅਦ ਚਾਰ ਹਜ਼ਾਰ ਰੁਪਏ ਕਰ ਦਿੱਤਾ ਜਾਵੇਗਾ।

13. ਉਂਝ ਤਾਂ 500 ਅਤੇ 1,000 ਰੁਪਏ ਦੇ ਪੁਰਾਣੇ ਨੋਟ ਅੱਜ ਰਾਤੀਂ 12 ਵਜੇ ਤੋਂ ਕਾਨੂੰਨੀ ਤੌਰ ‘ਤੇ ਖ਼ਤਮ ਹੋ ਜਾਣਗੇ, ਪਰ ਆਮ ਜਨ-ਜੀਵਨ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਨਸਾਨੀ ਨਜ਼ਰੀਏ ਤੋਂ ਅਸੀਂ ਇਸ ਪ੍ਰਕਿਰਿਆ ਵਿੱਚ ਸ਼ੁਰੂ ਦੇ 72 ਘੰਟਿਆਂ ਵਿੱਚ ਭਾਵ 11 ਨਵੰਬਰ ਦੀ ਰਾਤ 12 ਵਜੇ ਤੱਕ ਨਾਗਰਿਕਾਂ ਲਈ ਕੁਝ ਵਿਸ਼ੇਸ਼ ਵਿਵਸਥਾ ਕੀਤੀ ਹੈ।

14. 11 ਨਵੰਬਰ ਦੀ ਰਾਤ 12 ਵਜੇ ਤੱਕ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਭੁਗਤਾਨ ਲਈ ਪੁਰਾਣੇ 500 ਜਾਂ 1,000 ਰੁਪਏ ਦੇ ਨੋਟ ਪ੍ਰਵਾਨ ਕੀਤੇ ਜਾਣਗੇ।

15. ਇਸ ਨਾਲ ਅਜਿਹੇ ਪਰਿਵਾਰ, ਜਿਸ ਵਿੱਚ ਕੋਈ ਬੀਮਾਰ ਹੈ, ਉਨ੍ਹਾਂ ਨੂੰ ਇਲਾਜ ਵਿੱਚ ਕੋਈ ਅੜਿੱਕਾ ਨਾ ਪਵੇ।
16. ਅਜਿਹੇ ਸਰਕਾਰੀ ਹਸਪਤਾਲਾਂ ਵਿੱਚ ਜੇ ਦਵਾਈਆਂ ਦੀ ਦੁਕਾਨ ਦੀ ਵਿਵਸਥਾ ਹੈ, ਤਦ ਡਾਕਟਰ ਦੀ ਦਿੱਤੀ ਗਈ ਪਰਚੀ ਉੱਤੇ 500 ਅਤੇ ਹਜ਼ਾਰ ਰੁਪਏ ਦੇ ਪੁਰਾਣੇ ਨੋਟਾਂ ਰਾਹੀਂ ਦਵਾਈ ਖ਼ਰੀਦਣ ਦੀ ਸਹੂਲਤ ਵੀ 72 ਘੰਟਿਆਂ ਤੱਕ ਉਪਲੱਬਧ ਰਹੇਗੀ।

17. ਇੰਝ ਹੀ 11 ਨਵੰਬਰ ਦੀ ਰਾਤ 12 ਵਜੇ ਤੱਕ, ਰੇਲਵੇ ਦੇ ਟਿਕਟ ਬੁਕਿੰਗ ਕਾਊਂਟਰ, ਸਰਕਾਰੀ ਬੱਸਾਂ ਲਈ ਟਿਕਟ ਬੁਕਿੰਗ ਕਾਊਂਟਰ ਅਤੇ ਹਵਾਈ ਅੱਡੇ ਉੱਤੇ ਏਅਰਲਾਈਨਜ਼ ਦੇ ਟਿਕਟ ਬੁਕਿੰਗ ਕਾਊਂਟਰ ਉੱਤੇ ਕੇਵਲ ਟਿਕਟ ਖ਼ਰੀਦਣ ਲਈ ਪੁਰਾਣੇ ਨੋਟ ਭਾਵ 500 ਅਤੇ 1,000 ਰੁਪਏ ਦੇ ਨੋਟ ਪ੍ਰਵਾਨ ਕਰਨ ਦੀ ਛੋਟ ਰਹੇਗੀ। ਅਜਿਹਾ ਅਸੀਂ ਉਨ੍ਹਾਂ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਵੇਖਦਿਆਂ ਕੀਤਾ ਹੈ, ਜੋ ਇਸ ਸਮੇਂ ਯਾਤਰਾ ਕਰ ਰਹੇ ਹੋਣਗੇ।

18. ਕੇਂਦਰ ਭਾਵ ਰਾਜ ਸਰਕਾਰ ਵੱਲੋਂ ਪ੍ਰਮਾਣਿਤ ਕੋਆਪ੍ਰੇਟਿਵ ਦੀ ਰੋਜ਼ਮੱਰਾ ਵਰਤੋਂ ‘ਚ ਆਉਣ ਵਾਲੀਆਂ ਵਸਤਾਂ ਦੀ ਦੁਕਾਨ (ਜਿਵੇਂ ਕੇਂਦਰੀ ਭੰਡਾਰ, ਸਫ਼ਲ) ਅਤੇ ਦੁੱਧ ਵਿਕਰੀ ਕੇਂਦਰਾਂ ਵਿੱਚ ਵੀ 11 ਨਵੰਬਰ ਦੀ ਰਾਤ 12 ਵਜੇ ਤੱਕ ਪੁਰਾਣੇ 500ਅਤੇ 1,000 ਰੁਪਏ ਦੇ ਨੋਟ ਪ੍ਰਵਾਨ ਕਰਨ ਦੀ ਛੋਟ ਹੋਵੇਗੀ। ਇਸ ਦੌਰਾਨ ਇਨ੍ਹਾਂ ਸੰਸਥਾਨਾਂ ਨੂੰ ਪ੍ਰਤੀ ਦਿਨ ਆਪਣੇ ਸਟਾੱਕ ਅਤੇ ਵਿਕਰੀ ਦੀ ਸੂਚਨਾ ਰਜਿਸਟਰ ਵਿੱਚ ਰੱਖਣੀ ਹੋਵੇਗੀ।

19. ਪਬਲਿਕ ਸੈਕਟਰ ਦੇ ਪੈਟਰੋਲ ਅਤੇ CNG ਗੈਸ ਸਟੇਸ਼ਨ (ਰੀਟੇਲ ਆਊਟਲੈਟਸ) ਉੱਤੇ ਪੈਟਰੋਲ, ਡੀਜ਼ਲ ਅਤੇ CNG ਗੈਸ ਦੀ ਵਿਕਰੀ ਲਈ ਵੀ 11 ਨਵੰਬਰ ਦੀ ਰਾਤ 12 ਵਜੇ ਤੱਕ ਪੁਰਾਣੇ 500 ਅਤੇ 1,000 ਰੁਪਏ ਦੇ ਨੋਟ ਪ੍ਰਵਾਨ ਕਰਨ ਦੀ ਛੋਟ ਹੋਵੇਗੀ। ਇਸ ਦੌਰਾਨ ਰੋਜ਼ਾਨਾ ਆਪਣੇ ਸਟਾਕ ਅਤੇ ਵਿਕਰੀ ਦੀ ਸੂਚਨਾ ਰਜਿਸਟਰ ਵਿੱਚ ਰੱਖਣੀ ਹੋਵੇਗੀ।

20. ਸ਼ਵਦਾਹ ਗ੍ਰਹਿ/ਕ੍ਰੇਮਾਟੋਰੀਅਮ ਜਿਹੇ ਸਥਾਨਾਂ ਉੱਤੇ ਵੀ 11 ਨਵੰਬਰ ਦੀ ਰਾਤ 12 ਵਜੇ ਤੱਕ ਪੁਰਾਣੇ 500 ਅਤੇ 1,000 ਰੁਪਏ ਦੇ ਨੋਟ ਪ੍ਰਵਾਨ ਕਰਨ ਦੀ ਛੋਟ ਹੋਵੇਗੀ।

21. ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਵਿਦੇਸ਼ ਤੋਂ ਆ ਰਹੇ ਜਾਂ ਵਿਦੇਸ਼ ਜਾ ਰਹੇ ਲੋਕਾਂ ਨੂੰ ਜੇ ਉਨ੍ਹਾਂ ਕੋਲ ਪੁਰਾਣੇ 500 ਅਤੇ 1,000 ਰੁਪਏ ਦੇ ਨੋਟ ਹਨ, ਤਦ ਨੋਟਾਂ ਦੀ 5,000 ਰੁਪਏ ਦੀ ਰਕਮ ਨੂੰ ਨਵੇਂ ਅਤੇ ਮਾਨਤਾ ਪ੍ਰਾਪਤ ਕਰੰਸੀ ਨੋਟਾਂ ਵਿੱਚ ਬਦਲਣ ਦੀ ਸਹੂਲਤ ਦਿੱਤੀ ਜਾਵੇਗੀ।

22. ਅੰਤਰਰਾਸ਼ਟਰੀ ਸੈਲਾਨੀਆਂ ਨੂੰ ਅੰਤਰਰਾਸ਼ਟਰੀ ਹਵਾਈ ਅੱਡਿਆਂ ਉੱਤੇ ਵਿਦੇਸ਼ੀ ਮੁਦਰਾ ਜਾਂ 5,000 ਰੁਪਏ ਤੱਕ ਦੇ ਪੁਰਾਣੇ ਨੋਟਾਂ ਨੂੰ ਨਵੇਂ ਅਤੇ ਮਾਨਤਾ ਪ੍ਰਾਪਤ ਕਰੰਸੀ ਨੋਟਾਂ ਨਾਲ ਬਦਲਣ ਦੀ ਸਹੂਲਤ ਦਿੱਤੀ ਜਾਵੇਗੀ।

23. ਇਨ੍ਹਾਂ ਸਾਰੀਆਂ ਸਹੂਲਤਾਂ ਤੋਂ ਇਲਾਵਾ ਮੈਂ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਇਸ ਸਮੁੱਚੀ ਪ੍ਰਕਿਰਿਆ ਵਿੱਚ ਨਾਨ-ਕੈਸ਼ ਲੈਣ-ਦੇਣ ਵਿੱਚ ਭਾਵ ਚੈੱਕ ਰਾਹੀਂ ਪੇਮੈਂਟ, ਡਿਮਾਂਡ ਡ੍ਰਾਫ਼ਟ ਨਾਲ ਪੇਮੈਂਟ, ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਪੇਮੈਂਟ ਜਾਂ ਇਲੈਕਟ੍ਰੌਨਿਕ ਫ਼ੰਡ ਟ੍ਰਾਂਸਫ਼ਰ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਇਹ ਕਾਰੋਬਾਰ ਜਿਵੇਂ ਪਹਿਲਾਂ ਚੱਲਦਾ ਸੀ, ਉਂਝ ਹੀ ਚੱਲਦਾ ਰਹੇਗਾ।

ਇਨ੍ਹਾਂ ਸਾਰੇ ਇੰਤਜ਼ਾਮਾਂ ਦੇ ਬਾਵਜੂਦ ਸਾਡੇ ਈਮਾਨਦਾਰ ਦੇਸ਼ ਵਾਸੀਆਂ ਨੂੰ ਜੇ ਤਕਲੀਫ਼ ਦਾ ਸਾਹਮਣਾ ਕਰਨਾ ਪਿਆ, ਤਾਂ ਤਜਰਬਾ ਇਹ ਦੱਸਦਾ ਹੈ ਕਿ ਇਸ ਦੇਸ਼ ਦਾ ਆਮ ਨਾਗਰਿਕ ਦੇਸ਼ ਦੀ ਭਲਾਈ ਲਈ ਤਿਆਗ ਕਰਨ ਅਤੇ ਔਖਿਆਈ ਝੱਲਣ ਲਈ ਕਦੇ ਵੀ ਪਿੱਛੇ ਨਹੀਂ ਰਹਿੰਦਾ ਹੈ। ਜਦੋਂ ਮੈਂ ਸੁਣਦਾ ਹਾਂ ਕਿ ਕੋਈ ਗ਼ਰੀਬ ਵਿਧਵਾ LPG ਸਬਸਿਡੀ ਛੱਡਣ ਵਿੱਚ ਅੱਗੇ ਆਉਂਦੀ ਹੈ, ਇਹ ਤਿਆਗ ਇੱਕ ਰਿਟਾਇਰਡ ਸਕੂਲ ਟੀਚਰ ਵਿੱਚ ਵੀ ਪਾਇਆ ਜਾਂਦਾ ਹੈ, ਜਦੋਂ ਉਹ ਪੈਨਸ਼ਨ ਨਾਲ ਸਵੱਛ ਭਾਰਤ ਕੋਸ਼ ਵਿੱਚ ਯੋਗਦਾਨ ਦੇਣ ਲਈ ਅੱਗੇ ਆਉਂਦਾ ਹੈ, ਜਦੋਂ ਅਸੀਂ ਇਹ ਸੁਣਦੇ ਹਾਂ ਕਿ ਗ਼ਰੀਬ ਆਦਿਵਾਸੀ ਮਾਂ ਆਪਣੀ ਬੱਕਰੀ ਵੇਚ ਕੇ ਪਖਾਨਾ ਬਣਾਉਣ ਲਈ ਧਨ ਲਾ ਦਿੰਦੀ ਹੈ। ਇੱਕ ਫ਼ੌਜੀ ਆਪਣੇ ਪਿੰਡ ਨੂੰ ਸਵੱਛ ਪਿੰਡ ਬਣਾਉਣ ਲਈ ਸਤਵੰਜਾ ਹਜ਼ਾਰ ਰੁਪਏ ਦਾ ਦਾਨ ਦੇਣ ਲਈ ਅੱਗੇ ਆਉਂਦਾ ਹੈ। ਮੈਂ ਤਾਂ ਇਹ ਵੇਖਿਆ ਹੈ ਕਿ ਦੇਸ਼ ਦੇ ਆਮ ਨਾਗਰਿਕ ਦੀ ਇੱਕੋ ਹੀ ਇੱਛਾ ਹੈ ਕਿ ਉਹ ਕੁਝ ਵੀ ਕਰਨ ਲਈ ਤਿਆਰ ਹੈ – ਬੱਸ ਦੇਸ਼ ਦੀ ਭਲਾਈ ਹੋਵੇ।

ਇਸ ਲਈ ਭ੍ਰਿਸ਼ਟਾਚਾਰ, ਕਾਲਾ ਧਨ, ਜਾਅਲੀ ਨੋਟ ਅਤੇ ਅੱਤਵਾਦ ਵਿਰੁੱਧ ਜੰਗ ਵਿੱਚ ਅਸੀਂ ਲੋਕ ਥੋੜ੍ਹੀ ਜਿਹੀ ਔਖਿਆਈ ਉਹ ਵੀ ਕੁਝ ਦਿਨਾਂ ਲਈ ਝੱਲ ਹੀ ਸਕਦੇ ਹਾਂ। ਮੇਰਾ ਪੂਰਾ ਵਿਸ਼ਵਾਸ ਸਹੈ ਕਿ ਦੇਸ਼ ਦਾ ਹਰੇਕ ਨਾਗਰਿਕ ਭ੍ਰਿਸ਼ਟਾਚਾਰ ਵਿਰੁੱਧ ਸ਼ੁਚਿਤਾ ਦੇ ਇਸ ਮਹਾਂਯੱਗ ਵਿੱਚ ਮਿਲ ਕੇ ਖੜ੍ਹਾ ਹੋਵੇਗਾ।

ਮੇਰੇ ਪਿਆਰੇ ਦੇਸ਼ ਵਾਸੀਓ,

ਦੀਵਾਲੀ ਦੇ ਤਿਉਹਾਰ ਤੋਂ ਬਾਅਦ, ਹੁਣ ਈਮਾਨਦਾਰੀ ਦੇ ਇਸ ਉਤਸਵ ਵਿੱਚ, ਪ੍ਰਮਾਣਿਕਤਾ ਦੇ ਇਸ ਤਿਉਹਾਰ ਵਿੱਚ ਤੁਸੀਂ ਵਧ-ਚੜ੍ਹ ਕੇ ਹੱਥ ਵੰਡਾਓ। ਮੇਰਾ ਪੂਰਾ ਯਕੀਨ ਹੈ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਸਿਆਸੀ ਕਾਰਕੁੰਨ, ਸਮਾਜਕ ਅਤੇ ਵਿਦਿਅਕ ਸੰਸਥਾਵਾਂ, ਮੀਡੀਆ ਸਮੇਤ ਸਮਾਜ ਦੇ ਸਾਰੇ ਵਰਗ ਇਸ ਮਹਾਨ ਕਾਰਜ ਵਿੱਚ ਸਰਕਾਰ ਤੋਂ ਵੀ ਜ਼ਿਆਦਾ ਵਧ-ਚੜ੍ਹ ਕੇ ਭਾਗ ਲੈਣਗੇ, ਹਾਂ-ਪੱਖੀ ਭੂਮਿਕਾ ਅਦਾ ਕਰਨਗੇ ਅਤੇ ਇਸ ਕੰਮ ਨੂੰ ਸਫ਼ਲ ਬਣਾ ਕੇ ਹੀ ਰਹਿਣਗੇ।
ਮੇਰੇ ਪਿਆਰੇ ਦੇਸ਼ ਵਾਸੀਓ,

ਇਹ ਗੱਲਾਂ ਜਦੋਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ, ਇਸੇ ਸਮੇਂ ਸਰਕਾਰ ਦੇ ਵੱਖੋ-ਵੱਖਰੇ ਵਿਭਾਗਾਂ ਨੂੰ ਵੀ ਜਾਣਕਾਰੀ ਹੋ ਰਹੀ ਹੈ, ਬੈਂਕ ਹੋਵੇ, ਪੋਸਟ ਆੱਫ਼ਿਸ ਹੋਵੇ, ਰੇਲਵੇ ਹੋਵੇ, ਹਸਪਤਾਲ ਹੋਵੇ, ਉਨ੍ਹਾਂ ਦੇ ਅਧਿਕਾਰੀਆਂ ਨੂੰ ਵੀ ਇਸ ਵਿਸ਼ੇ ਦੀ ਇਸ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕਿਉਂਕਿ ਇਸ ਕੰਮ ਵਿੱਚ ਭੇਤਦਾਰੀ ਬਹੁਤ ਹੀ ਜ਼ਰੂਰੀ ਸੀ। ਅਜਿਹੀ ਹਾਲਤ ਵਿੱਚ ਰਿਜ਼ਰਵ ਬੈਂਕ, ਸਾਰੇ ਬੈਂਕਸ ਅਤੇ ਪੋਸਟ ਆੱਫ਼ਿਸ ਨੂੰ ਘੱਟ ਸਮੇਂ ਵਿੱਚ ਬਹੁਤ ਸਾਰਾ ਇੰਤਜ਼ਾਮ ਕਰਨਾ ਹੈ। ਇਸ ਵਿਵਸਥਾ ਵਿੱਚ ਕੁਝ ਸਮਾਂ ਤਾਂ ਜਾਵੇਗਾ। ਇਸ ਲਈ ਰਿਜ਼ਰਵ ਬੈਂਕ ਨੇ ਇਹ ਫ਼ੈਸਲਾ ਲਿਆ ਹੈ ਕਿ 9 ਨਵੰਬਰ ਨੂੰ ਸਾਰੇ ਬੈਂਕ ਪਬਲਿਕ ਕਾਰਜ ਲਈ ਬੰਦ ਰਹਿਣਗੇ। ਨਾਗਰਿਕਾਂ ਨੂੰ ਅਸੁਵਿਧਾ ਹੋਵੇਗੀ। ਮੇਰਾ ਪੂਰਾ ਭਰੋਸਾ ਹੈ ਕਿ ਬੈਂਕ ਅਤੇ ਪੋਸਟ ਆੱਫ਼ਿਸ ਵਿੱਚ ਕੰਮ ਕਰਨ ਵਾਲੇ ਸਾਥੀ ਦੇਸ਼ ਹਿਤ ਵਿੱਚ ਇਸ ਪਵਿੱਤਰ ਕਾਰਜ ਨੂੰ ਸਫ਼ਲਤਾਪੂਰਬਕ ਨੇਪਰੇ ਚਾੜ੍ਹਨਗੇ। ਪਹਿਲਾਂ ਉਨ੍ਹਾਂ ਨੇ ਇੰਝ ਕਰ ਕੇ ਵਿਖਾਇਆ ਹੈ। ਮੇਰਾ ਜਨਤਾ-ਜਨਾਰਦਨ ਤੋਂ ਇੰਨਾ ਹੀ ਅਨੁਰੋਧ ਹੈ ਕਿ ਸਾਰੇ ਨਾਗਰਿਕ ਧੀਰਜ ਰੱਖਦਿਆਂ ਸਾਰੇ ਬੈਂਕਸ ਅਤੇ ਪੋਸਟ ਆੱਫ਼ਿਸ ਅਧਿਕਾਰੀਆਂ ਨੂੰ ਸਹਿਯੋਗ ਦੇਣ, ਇਹ ਮੇਰਾ ਉਨ੍ਹਾਂ ਨੂੰ ਅਨੁਰੋਧ ਅਤੇ ਬੇਨਤੀ ਹੈ।

ਭੈਣੋ ਅਤੇ ਭਰਾਵੋ,

ਸਮੇਂ-ਸਮੇਂ ‘ਤੇ ਮੁਦਰਾ-ਵਿਵਸਥਾ ਨੂੰ ਧਿਆਨ ਵਿੱਚ ਰੱਖ ਕੇ ਰਿਜ਼ਰਵ ਬੈਂਕ, ਕੇਂਦਰ ਸਰਕਾਰ ਦੀ ਸਹਿਮਤੀ ਨਾਲ ਨਵੇਂ ਵੱਧ ਮੁੱਲ ਦੇ ਨੋਟ ਨੂੰ ਸਰਕੂਲੇਸ਼ਨ ਵਿੱਚ ਲਿਆਉਂਦਾ ਰਿਹਾ ਹੈ। 2014 ਵਿੱਚ ਰਿਜ਼ਰਵ ਬੈਂਕ ਨੇ 5,000 ਅਤੇ 10,000 ਰੁਪਏ ਦੇ ਕਰੰਸੀ ਨੋਟਾਂ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਸੀ, ਜਿਸ ਨੂੰ ਸਾਡੀ ਸਰਕਾਰ ਨੇ ਵਿਚਾਰ-ਵਟਾਂਦਰੇ ਤੋਂ ਬਾਅਦ ਨਾਮਨਜ਼ੂਰ ਕਰ ਦਿੱਤਾ ਸੀ। ਹੁਣ ਇਸ ਸਮੁੱਚੀ ਪ੍ਰਕਿਰਿਆ ਵਿੱਚ ਰਿਜ਼ਰਵ ਬੈਂਕ ਵੱਲੋਂ 2,000 ਰੁਪਏ ਦੇ ਨਵੇਂ ਨੋਟ ਦੇ ਪ੍ਰਸਤਾਵ ਨੂੰ ਪ੍ਰਵਾਨ ਕੀਤਾ ਗਿਆ ਹੈ। ਪੂਰੀ ਤਰ੍ਹਾਂ ਨਾਲ ਨਵੇਂ ਤੌਰ ‘ਤੇ ਡਿਜ਼ਾਇਨ ਕੀਤੇ ਗਏ 500 ਰੁਪਏ ਦੇ ਨਵੇਂ ਕਰੰਸੀ ਨੋਟ ਹੁਣ ਸਰਕੂਲੇਸ਼ਨ ਵਿੱਚ ਲਿਆਂਦੇ ਜਾਣਗੇ। ਰਿਜ਼ਰਵ ਬੈਂਕ ਆਪਣੇ ਪਿਛਲੇ ਤਜਰਬਿਆਂ ਨੂੰ ਧਿਆਨ ਵਿੱਚ ਰੱਖਦਿਆਂ ਕਰੰਸੀ ਸਰਕੂਲੇਸ਼ਨ ਵਿੱਚ ਵੱਧ ਮੁੱਲ ਦੇ ਨੋਟਾਂ ਦਾ ਹਿੱਸਾ ਹੁਣ ਇੱਕ ਹੱਦ ਦੇ ਅੰਦਰ ਹੀ ਰਹੇ, ਇਸ ਲਈ ਰਿਜ਼ਰਵ ਬੈਂਕ ਜ਼ਰੂਰੀ ਇੰਤਜ਼ਾਮ ਕਰੇਗਾ।

ਅੰਤ ਵਿੱਚ ਮੇਰੇ ਪਿਆਰੇ ਦੇਸ਼ ਵਾਸੀਓ,

ਮੈਂ ਇਹ ਦੁਹਰਾਉਣਾ ਚਾਹੁੰਦਾ ਹਾਂ ਕਿ ਕਿਸੇ ਦੇਸ਼ ਦੇ ਇਤਿਹਾਸ ਵਿੱਚ ਅਜਿਹੇ ਪਲ ਆਉਂਦੇ ਹਨ, ਜਦੋਂ ਹਰ ਵਿਅਕਤੀ ਇਹ ਮਹਿਸੂਸ ਕਰਦਾ ਹੈ ਕਿ ਉਸ ਨੇ ਵੀ ਉਸ ਪਲ ਦਾ ਹਿੱਸਾ ਬਣਨਾ ਹੈ। ਉਸ ਨੇ ਵੀ ਰਾਸ਼ਟਰ ਹਿਤ ਵਿੱਚ, ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਪਰ ਅਜਿਹੇ ਛਿਣ ਹਰੇਕ ਦੀ ਜ਼ਿੰਦਗੀ ਵਿੱਚ ਗਿਣਵੇਂ-ਚੁਣਵੇਂ ਹੀ ਆਉਂਦੇ ਹਨ। ਅੱਜ ਸਮਾਂ ਸਾਨੂੰ ਮੁੜ ਇੱਕ ਮੌਕਾ ਦੇ ਰਿਹਾ ਹੈ। ਹਰ ਆਮ ਨਾਗਰਿਕ ਭ੍ਰਿਸ਼ਟਾਚਾਰ, ਕਾਲਾ ਧਨ, ਜਾਅਲੀ ਨੋਟ ਵਿਰੁੱਧ ਇਸ ਮਹਾਂਯੱਗ ਵਿੱਚ, ਇਸ ਜੰਗ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।

ਭੈਣੋ ਅਤੇ ਭਰਾਵੋ, ਤੁਹਾਡੇ ਤੋਂ ਇਸ ਪ੍ਰਕਿਰਿਆ ਵਿੱਚ ਜਿੰਨਾ ਸਹਿਯੋਗ ਮਿਲੇਗਾ, ਸ਼ੁੱਧੀਕਰਨ ਓਨਾ ਹੀ ਸਫ਼ਲ ਹੋਵੇਗਾ। ਦੇਸ਼ ਲਈ ਇਹ ਚਿੰਤਾ ਦਾ ਕਾਰਨ ਸੀ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨੂੰ ਜੀਵਨ ਦਾ ਇੱਕ ਸਹਿਜ ਹਿੱਸਾ ਮੰਨ ਲਿਆ ਗਿਆ ਸੀ। ਇਹ ਸੋਚ ਅੱਜ ਸਾਡੇ ਸਿਆਸੀ, ਸਮਾਜਕ ਅਤੇ ਪ੍ਰਸ਼ਾਸਨਿਕ ਜੀਵਨ ਨੂੰ ਦੀਮਕ ਵਾਂਗ ਖਾਈ ਜਾ ਰਹੀ ਹੈ। ਸ਼ਾਸਨ ਵਿਵਸਥਾ ਦਾ ਕੋਈ ਵੀ ਅੰਗ ਇਸ ਦੀਮਕ ਤੋਂ ਅਛੋਹ ਨਹੀਂ ਹੈ।

ਸਮੇਂ-ਸਮੇਂ ‘ਤੇ ਅਸੀਂ ਵੇਖਿਆ ਹੈ ਕਿ ਭਾਰਤ ਦੇ ਆਮ ਜਨ-ਸਾਧਾਰਨ ਨੂੰ ਜੇ ਭ੍ਰਿਸ਼ਟਾਚਾਰ ਅਤੇ ਕੁਝ ਦਿਨਾਂ ਦੀ ਅਸੁਵਿਧਾ ਵਿੱਚੋਂ ਇੱਕ ਨੂੰ ਚੁਣਨਾ ਹੈ, ਤਾਂ ਉਹ ਬੇਝਿਜਕ, ਮੈਂ ਕਹਿੰਦਾ ਹਾਂ ਬੇਝਿਜਕ ਮੇਰੇ ਦੇਸ਼ ਦਾ ਈਮਾਨਦਾਰ ਨਾਗਰਿਕ ਅਸੁਵਿਧਾ ਨੂੰ ਤਾਂ ਚੁਣੇਗਾ ਪਰ ਭ੍ਰਿਸ਼ਟਾਚਾਰ ਨੂੰ ਕਦੇ ਨਹੀਂ ਚੁਣੇਗਾ।

ਮੈਂ ਤੁਹਾਨੂੰ ਇੱਕ ਵਾਰ ਫਿਰ ਸੱਦਾ ਦਿੰਦਾ ਹਾਂ ਕਿ ਆਓ, ਜਿਵੇਂ ਤੁਸੀਂ ਦੀਵਾਲੀ ਦੇ ਤਿਉਹਾਰ ‘ਚ ਆਪਣੇ ਘਰ ਅਤੇ ਆਂਢ-ਗੁਆਂਢ ਦੀ ਸਫ਼ਾਈ ਕੀਤੀ, ਉਂਝ ਹੀ ਸਫ਼ਾਈ ਦੇ ਕੰਮ ਨੂੰ ਅੱਗੇ ਵਧਾਉਂਦਿਆਂ, ਅਸੀਂ ਇਸ ਮਹਾਂਯੱਗ ਵਿੱਚ ਆਪਣੀ ਪੂਰਨ-ਆਹੂਤੀ ਪਾ ਕੇ ਇਸ ਨੂੰ ਸਫ਼ਲ ਬਣਾਈਏ। ਇੰਨੇ ਵੱਡੇ ਦੇਸ਼ ਵਿੱਚ, ਇੰਨੀ ਵੱਡੀ ਸਫ਼ਾਈ ਦੇ ਮਹਾਨ-ਤਿਉਹਾਰ ਵਿੱਚ ਅਸੁਵਿਧਾ ਨੂੰ ਧਿਆਨ ਵਿੱਚ ਨਾ ਰੱਖਦਿਆਂ ਆਓ ਸਾਰੇ ਸੁੱਚਤਾ ਦੀ ਦੀਵਾਲੀ ਮਨਾਈਏ, ਸਮੁੱਚੇ ਵਿਸ਼ਵ ਨੂੰ ਭਾਰਤ ਦੀ ਇਸ ਈਮਾਨਦਾਰੀ ਦਾ ਉਤਸਵ ਵਿਖਾਈਏ, ਸਮੁੱਚੇ ਦੇਸ਼ ਨੂੰ ਪ੍ਰਮਾਣਿਕਤਾ ਦਾ ਤਿਉਹਾਰ ਮਨਾਈਏ, ਜਿਸ ਰਾਹੀਂ ਭ੍ਰਿਸ਼ਟਾਚਾਰ ਨੂੰ ਲਗਾਮ ਲੱਗ ਸਕੇ, ਕਾਲੇ ਧਨ ਉੱਤੇ ਨਕੇਲ ਕਸੀ ਜਾ ਸਕੇ, ਜਾਅਲੀ ਨੋਟਾਂ ਦੀ ਖੇਡ ਖੇਡਣ ਵਾਲਿਆਂ ਨੂੰ ਬਰਬਾਦ ਕਰ ਸਕੀਏ, ਜਿਸ ਨਾਲ ਕਿ ਦੇਸ਼ ਦਾ ਧਨ ਗ਼ਰੀਬਾਂ ਦੇ ਕੰਮ ਆ ਸਕੇ, ਹਰੇਕ ਈਮਾਨਦਾਰ ਨਾਗਰਿਕ ਨੂੰ ਦੇਸ਼ ਦੀ ਸੰਪੰਨਤਾ ਵਿੱਚ ਉਸ ਦੀ ਉਚਿਤ ਹਿੱਸੇਦਾਰੀ ਮਿਲ ਸਕੇ, ਆਉਣ ਵਾਲੀ ਪੀੜ੍ਹੀ ਮਾਣ ਨਾਲ ਆਪਣਾ ਜੀਵਨ ਜਿਉਂ ਸਕੇ। ਮੈਂ ਤੁਹਾਡੇ ਸਭ ਦੇ ਸਹਿਯੋਗ ਲਈ ਪੂਰੇ ਭਰੋਸੇ ਨਾਲ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਮਦਦ ਨਾਲ ਭ੍ਰਿਸ਼ਟਾਚਾਰ ਵਿਰੁੱਧ ਇਸ ਜੰਗ ਨੂੰ ਹੋਰ ਅੱਗੇ ਲਿਜਾਣਾ ਚਾਹੁੰਦਾ ਹਾਂ। ਮੈਨੂੰ ਯਕੀਨ ਹੈ ਕਿ ਤੁਹਾਡਾ ਸਾਥ, ਤੁਹਾਡਾ ਸਹਿਯੋਗ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਕ ਬਣੇਗਾ। ਮੈਂ ਇੱਕ ਵਾਰ ਫਿਰ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। ਭਾਰਤ ਮਾਤਾ ਦੀ ਜੈ!

***

AKT/NT