Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ-ਇੰਗਲੈਂਡ ਟੈਕ ਸਿਖ਼ਰ ਸੰਮੇਲਨ, ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਭਾਰਤ-ਇੰਗਲੈਂਡ ਟੈਕ ਸਿਖ਼ਰ ਸੰਮੇਲਨ, ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਭਾਰਤ-ਇੰਗਲੈਂਡ ਟੈਕ ਸਿਖ਼ਰ ਸੰਮੇਲਨ, ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਬੇਹੱਦ ਮਾਣਯੋਗ ਥੈਰੇਸਾ ਮੇਅ, ਇੰਗਲੈਂਡ ਦੇ ਪ੍ਰਧਾਨ ਮੰਤਰੀ,

ਮੇਰੇ ਸਹਿਯੋਗੀ ਡਾ. ਹਰਸ਼ ਵਰਧਨ, ਵਿਗਿਆਨ ਤੇ ਤਕਨਾਲੋਜੀ ਅਤੇ ਭੂ-ਵਿਗਿਆਨਾਂ ਬਾਰੇ ਮੰਤਰੀ,

ਡਾ. ਨੌਸ਼ਾਦ ਫ਼ੋਰਬਸ, ਪ੍ਰਧਾਨ ਸੀ.ਐੱਚ.,

ਸਿੱਖਿਆ ਖੇਤਰ ਦੇ ਵਿਲੱਖਣ ਮੈਂਬਰਾਨ,

ਉੱਘੇ ਵਿਗਿਆਨੀ ਅਤੇ ਤਕਨਾਲੋਜਿਸਟ

ਇੰਗਲੈਂਡ ਅਤੇ ਭਾਰਤ ਦੇ ਉਦਯੋਗਿਕ ਆਗੂ,

ਦੇਵੀਓ ਅਤੇ ਸੱਜਣੋ,

1. ਭਾਰਤ-ਇੰਗਲੈਂਡ ਟੈਕ ਸਿਖ਼ਰ ਸੰਮੇਲਲ 2016 ਨੂੰ ਸੰਬੋਧਨ ਕਰ ਕੇ ਮੈਂ ਖ਼ੁਸ਼ ਹਾਂ।

2. ਪਿਛਲੇ ਸਾਲ ਨਵੰਬਰ ‘ਚ ਮੇਰੀ ਇੰਗਲੈਂਡ ਯਾਤਰਾ ਦੌਰਾਨ ਭਾਰਤ ਅਤੇ ਇੰਗਲੈਂਡ ਦੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ ‘ਟੈਕ ਸਿਖ਼ਰ ਸੰਮੇਲਨ’ ਬਾਰੇ ਵਿਚਾਰ-ਵਟਾਂਦਰਾ ਹੋਇਆ ਸੀ। ਇਹ ਸਾਲ 2016 ਨੂੰ ‘ਭਾਰਤ-ਇੰਗਲੈਂਡ ਲਈ ਸਿੱਖਿਆ, ਖੋਜ ਅਤੇ ਨਵੀਨਤਾ ਦੇ ਸਾਲ’ ਵਜੋਂ ਚੇਤੇ ਕਰਨ ਦਾ ਵੀ ਯੋਗ ਮੌਕਾ ਹੈ।

3. ਇਹ ਵੀ ਮਾਣ ਵਾਲੀ ਗੱਲ ਹੈ ਕਿ ਇੰਗਲੈਂਡ ਦੇ ਬੇਹੱਦ ਸਤਿਕਾਰਯੋਗ ਪ੍ਰਧਾਨ ਮੰਤਰੀ ਥੈਰੇਸਾ ਮੇਅ ਇਸ ਸਮਾਰੋਹ ਵਿੱਚ ਸਾਡੇ ਨਾਲ ਮੌਜੂਦ ਹਨ। ਮੈਡਮ ਪ੍ਰਧਾਨ ਮੰਤਰੀ, ਮੈਨੂੰ ਪਤਾ ਹੈ ਕਿ ਭਾਰਤ ਸਦਾ ਤੁਹਾਡੇ ਦਿਲ ਦੇ ਨੇੜੇ ਰਿਹਾ ਹੈ ਅਤੇ ਤੁਸੀਂ ਭਾਰਤ ਦੇ ਇੱਕ ਮਹਾਨ ਦੋਸਤ ਵਜੋਂ ਵਿਚਰਦੇ ਰਹੇ ਹੋ। ਪਿੱਛੇ ਜਿਹੇ, ਤੁਸੀਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਆਪਣੇ ਘਰ ‘ਚ ਦੀਵਾਲੀ ਦੇ ਜਸ਼ਨ ਮਨਾਏ ਸਨ!

4. ਅੱਜ ਇੱਥੇ ਤੁਹਾਡੀ ਮੌਜੂਦਗੀ ਦੁਵੱਲੇ ਸਬੰਧਾਂ ਪ੍ਰਤੀ ਤੁਹਾਡੀ ਪ੍ਰਤੀਬੱਧਤਾ ਨੂੰ ਮੁੜ-ਦ੍ਰਿੜ੍ਹਾਉਂਦੀ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਆਪਣੇ ਲਾਗਲੇ ਗੁਆਂਢੀ ਦੇਸ਼ਾਂ ਤੋਂ ਬਾਹਰ ਦੇ ਆਪਣੇ ਪਹਿਲੇ ਦੁਵੱਲੇ ਦੌਰੇ ਲਈ ਭਾਰਤ ਨੂੰ ਚੁਣਿਆ ਅਤੇ ਅਸੀਂ ਤੁਹਾਡਾ ਨਿੱਘਾ ਸੁਆਗਤ ਕਰਦੇ ਹਾਂ।

5. ਅੱਜ ਵਿਸ਼ਵ ਉਤਾਰ-ਚੜ੍ਹਾਅ ਦੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਤਕਨਾਲੋਜੀ ਦੀ ਪ੍ਰਗਤੀ ਪਰਿਵਰਤਨਾਤਮਕ ਹੈ। ਇਹ ਅਹਿਮ ਗੱਲ ਹੈ ਕਿ ਭਾਰਤ ਅਤੇ ਇੰਗਲੈਂਡ, ਦੋਵੇਂ ਦੇਸ਼ ਜੋ ਇਤਿਹਾਸ ਰਾਹੀਂ ਆਪਸ ਵਿੱਚ ਜੁੜੇ ਹੋਏ ਹਨ, 21ਵੀਂ ਸਦੀ ਦੇ ਗਿਆਨ ਅਰਥ-ਸ਼ਾਸਤਰ ਨੂੰ ਪਰਿਭਾਸ਼ਤ ਕਰਨ ਲਈ ਇਕੱਠੇ ਕੰਮ ਕਰ ਰਹੇ ਹਨ।

6. ਮੌਜੂਦਾ ਵਿਸ਼ਵ ਮਾਹੌਲ ‘ਚ, ਸਾਡੇ ਦੋਵੇਂ ਦੇਸ਼ ਅਨੇਕਾਂ ਅਜਿਹੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਵਪਾਰ ਅਤੇ ਵਣਜ ਉੱਤੇ ਪੈ ਰਿਹਾ ਹੈ। ਪਰ ਮੈਨੂੰ ਭਰੋਸਾ ਹੈ ਕਿ ਅਸੀ ਇੱਕਜੁਟ ਹੋ ਕੇ ਨਵੇਂ ਮੌਕੇ ਪੈਦਾ ਕਰਨ ਲਈ ਆਪਣੀਆਂ ਵਿਗਿਆਨਕ ਸ਼ਕਤੀਆਂ ਅਤੇ ਤਕਨਾਲੋਜੀਕਲ ਹੁਨਰ ਵਿੱਚ ਵਾਧਾ ਕਰ ਸਕਦੇ ਹਾਂ।

7. ਭਾਰਤ ਹੁਣ ਤੇਜ਼ੀ ਨਾਲ ਵਧਦੀ ਜਾ ਰਹੀ ਇੱਕ ਵੱਡੀ ਅਰਥ-ਵਿਵਸਥਾ ਹੈ, ਜਿੱਥੇ ਨਿਵੇਸ਼ ਲਈ ਬਹੁਤ ਖੁੱਲ੍ਹਾ ਮਾਹੌਲ ਹੈ। ਸਾਡੇ ਨਵੀਨਤਮ ਉੱਦਮੀ, ਪ੍ਰਤਿਭਾਸ਼ਾਲੀ ਕਾਰਜ-ਬਲ ਅਤੇ ਵਿਸ਼ਾਲ ਬਾਜ਼ਾਰਾਂ ਨਾਲ ਜੁੜੀਆਂ ਆਰ. ਤੇ ਡੀ. ਸਮਰੱਥਾਵਾਂ, ਆਬਾਦੀ-ਅਧਿਐਨ ਦੇ ਹਿਸਾਬ ਨਾਲ ਲਾਭ-ਅੰਸ਼ ਅਤੇ ਵਧਦੀ ਆਰਥਿਕ ਮੁਕਾਬਲਾਯੋਗਤਾ; ਸਮੁੱਚੇ ਵਿਸ਼ਵ ਅਰਥਚਾਰੇ ਲਈ ਵਿਕਾਸ ਦੇ ਨਵੇਂ ਸਰੋਤਾਂ ਦੀ ਪੇਸ਼ਕਸ਼ ਕਰਦੇ ਹਨ।

8. ਇਸੇ ਤਰ੍ਹਾਂ ਇੰਗਲੈਂਡ ਵਿੱਚ ਵੀ ਪਿੱਛੇ ਜਿਹੇ ਕਾਫ਼ੀ ਲਚਕਦਾਰ ਵਿਕਾਸ ਪ੍ਰਕਿਰਿਆ ਸਾਹਮਣੇ ਆਈ ਹੈ। ਵਿਦਿਅਕ ਖੋਜ ਅਤੇ ਤਕਨਾਲੋਜੀਕਲ ਨਵੀਨਤਾ ਦੇ ਖੇਤਰਾਂ ਵਿੱਚ ਇਹ ਦੇਸ਼ ਅੱਗੇ ਹੈ।

9. ਭਾਵੇਂ ਦੁਵੱਲੇ ਵਪਾਰ ਦੀ ਮਾਤਰਾ ਪਿਛਲੇ ਪੰਜ ਸਾਲਾਂ ਤੋਂ ਉੇ ਪੱਧਰ ‘ਤੇ ਰਹੀ ਹੈ ਪਰ ਦੋਵੇਂ ਦਿਸ਼ਾਵਾਂ ਵਿੱਚ ਸਾਡੇ ਨਿਵੇਸ਼ ਬੇਹੱਦ ਜਾਨਦਾਰ ਰਹੇ ਹਨ। ਇੰਗਲੈਂਡ ‘ਚ ਭਾਰਤ ਤੀਜਾ ਸਭ ਤੋਂ ਵੱਡਾ ਨਿਵੇਸ਼ਕ ਹੈ ਅਤੇ ਭਾਰਤ ਵਿੱਚ ਜੀ-20 ਦੇਸ਼ਾਂ ‘ਚੋਂ ਇੰਗਲੈਂਡ ਸਭ ਤੋਂ ਵੱਡਾ ਨਿਵੇਸ਼ਕ ਹੈ। ਦੋਵੇਂ ਦੇਸ਼ ਇੱਕ-ਦੂਜੇ ਦੀਆਂ ਅਰਥ ਵਿਵਸਥਾਵਾਂ ਵਿੱਚ ਵੱਡੀ ਗਿਣਤੀ ‘ਚ ਨੌਕਰੀਆਂ ਦਾ ਸਮਰਥਨ ਕਰਦੇ ਹਨ।

10. ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ‘ਚ ਭਾਰਤ ਅਤੇ ਇੰਗਲੈਂਡ ਵਿਚਾਲੇ ਮੌਜੂਦਾ ਸਹਿਯੋਗ; ‘ਉੱਚ-ਮਿਆਰ’ ਤੇ ‘ਉੱਚ-ਅਸਰ’ ਵਾਲੀਆਂ ਖੋਜ ਭਾਈਵਾਲੀਆਂ ਦੁਆਰਾ ਸੰਚਾਲਿਤ ਹੈ। ਮੈਨੂੰ ਇਹ ਦੱਸਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ‘ਨਿਊਟਨ-ਭਾਭਾ’ ਪ੍ਰੋਗਰਾਮ ਅਧੀਨ ਦੋ ਸਾਲਾਂ ਤੋਂ ਵੀ ਘੱਟ ਸਮੇਂ ਦੌਰਾਨ ਅਸੀਂ ਸਮਾਜਕ ਚੁਣੌਤੀਆਂ ਦਾ ਹੱਲ ਲੱਭਣ ਦੇ ਮੰਤਵ ਲਈ ਬੁਨਿਆਦੀ ਵਿਗਿਆਨ ਤੋਂ ਲੈ ਕੇ ਸਮਾਧਾਨ ਵਿਗਿਆਨ ਤੱਕ ਨੂੰ ਘੇਰੇ ‘ਚ ਲੈਂਦਿਆਂ ਅਨੇਕਾਂ ਖੇਤਰਾਂ ਵਿੱਚ ਤਾਲਮੇਲ ਸ਼ੁਰੂ ਕੀਤਾ ਹੈ।

11. ਸਾਡੇ ਵਿਗਿਆਨਕ ਭਾਈਚਾਰੇ ਆਪਸ ‘ਚ ਮਿਲ ਕੇ ਛੂਤ ਦੇ ਰੋਗਾਂ ਲਈ ਨਵੀਆਂ ਵੈਕਸੀਨਾਂ ਉੱਤੇ ਕੰਮ ਕਰ ਰਹੇ ਹਨ, ਨਵੀਆਂ ਚੁਸਤ ਸਮੱਗਰੀਆਂ ਦੀ ਖੋਜ ਕਰ ਰਹੇ ਹਨ, ਸਵੱਛ ਊਰਜਾ ਲਈ ਹੱਲ ਪ੍ਰਦਾਨ ਕਰ ਰਹੇ ਹਨ, ਜਲਵਾਯੂ-ਤਬਦੀਲੀ ਨੂੰ ਘਟਾ ਰਹੇ ਹਨ ਅਤੇ ਖੇਤੀਬਾੜੀ ਤੇ ਅਨਾਜ ਸੁਰੱਖਿਆ ਸਮੇਤ ਫ਼ਸਲ ਉਤਪਾਦਕਤਾ ਵਿੱਚ ਸੁਧਾਰ ਕਰ ਰਹੇ ਹਨ।

12. ਅਸੀਂ ਇੱਕ ਕਰੋੜ ਪੌਂਡ ਦੇ ਸਾਂਝੇ ਨਿਵੇਸ਼ ਨਾਲ ਸੂਰਜੀ ਊਰਜਾ ਬਾਰੇ ‘ਇੰਡੀਆ-ਯੂ.ਕੇ. ਕਲੀਨ ਐਨਰਜੀ ਆਰ. ਐਂਡ ਡੀ. ਸੈਂਟਰ’ ਸਥਾਪਤ ਕਰਨ ਲਈ ਸਹਿਮਤ ਹੋਏ ਹਾਂ। ਡੇਢ ਕਰੋੜ ਪੌਂਡ ਦੇ ਸਾਂਝੇ ਨਿਵੇਸ਼ ਨਾਲ ਇੱਕ ਨਵੀਂ ‘ਐਂਟੀ-ਮਾਈਕ੍ਰੋਬੀਅਲ ਰਜ਼ਿਸਟੈਂਸ’ ਪਹਿਲਕਦਮੀ ਵੀ ਅਰੰਭ ਕੀਤੀ ਜਾ ਰਹੀ ਹੈ।

13. ਮੈਂ ਮਹਿਸੂਸ ਕਰਦਾ ਹਾਂ ਕਿ ਭਾਰਤ ਅਤੇ ਇੰਗਲੈਂਡ; ਰੋਕਥਾਮ ਉੱਤੇ ਅਧਾਰਤ ਸਿਹਤ-ਸੰਭਾਲ ਤੱਕ ਇੱਕ ਸਮੁੱਚੀ ਪਹੁੰਚ ਪ੍ਰਦਾਨ ਕਰਨ ਲਈ ਆਰਥਿਕ ਵਿਗਿਆਨਕ ਖੋਜ ਰਾਹੀਂ ਭਾਰਤ ਦੇ ਵਿਸ਼ਾਲ ਰਵਾਇਤੀ ਗਿਆਨ-ਆਧਾਰ ਦਾ ਲਾਹਾ ਲੈਣ ਵਿੱਚ ਭਾਈਵਾਲ ਬਣ ਸਕਦੇ ਹਨ। ਇੰਝ, ਆਧੁਨਿਕ ਜੀਵਨ-ਸ਼ੈਲੀ ਕਾਰਨ ਸਾਡੇ ਰਾਹ ਦਾ ਅੜਿੱਕਾ ਬਣ ਰਹੀਆਂ ਕੁਝ ਆਧੁਨਿਕ ਬੀਮਾਰੀਆਂ ਦਾ ਹੱਲ ਲੱਭਣ ਵਿੱਚ ਮਦਦ ਮਿਲ ਸਕਦੀ ਹੈ।

14. ਉਦਯੋਗਿਕ ਖੋਜ ਵਿੱਚ ਇੰਗਲੈਂਡ ਨਾਲ ਭਾਰਤ ਦੀ ਭਾਈਵਾਲੀ ਸਾਡੇ ਸਭ ਤੋਂ ਵੱਧ ਉਤੇਜਕ ਪ੍ਰੋਗਰਾਮਾਂ ਵਿੱਚੋਂ ਇੱਕ ਰਹੀ ਹੈ। ‘ਗਲੋਬਲ ਇਨੋਵੇਸ਼ਨ ਐਂਡ ਟੈਕਨਾਲੋਜੀ ਅਲਾਇੰਸ ਜਾਂ ਸੀ.ਆਈ.ਆਈ. ਦਾ ‘ਗੀਤਾ’ ਮੰਚ ਅਤੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਨਾਲ-ਨਾਲ ‘ਇਨੋਵੇਟ-ਯੂ.ਕੇ.’ ਸਸਤੀ ਸਿਹਤ-ਸੰਭਾਲ, ਸਵੱਛ ਤਕਨਾਲੋਜੀ, ਨਿਰਮਾਣ ਅਤੇ ਆਈ.ਸੀ.ਟੀ. ਦੇ ਉਦਯੋਗਾਂ ਦੀ ਅਗਵਾਈ ਹੇਠਲੇ ਆਰ. ਤੇ ਡੀ. ਪ੍ਰੋਜੈਕਟਾਂ ਦਾ ਸਮਰਥਨ ਕਰਦੇ ਹਨ।

15. ਇਹ ਖੇਤਰ ਭਾਰਤੀ ਅਤੇ ਇੰਗਲੈਂਡ ਦੇ ਕਾਰੋਬਾਰੀ ਅਦਾਰਿਆਂ ਲਈ ਵਿਗਿਆਨਕ ਗਿਆਨ ਨੂੰ ਤਕਨਾਲੋਜੀ ਆਧਾਰਤ ਉੱਦਮਾਂ ਵਿੱਚ ਤਬਦੀਲ ਕਰਨ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਖੋਲ੍ਹਦੇ ਹਨ। ਮੈਂ ਸਾਰੇ ਭਾਗੀਦਾਰਾਂ ਨੂੰ ਇੱਥੇ ਸੱਦਾ ਦਿੰਦਾ ਹਾਂ ਕਿ ਉਹ ਨਵੀਨਤਾ ਤੇ ਟੈਕਨੋ-ਉੱਦਮਤਾ ਦੇ ਵਿਕਾਸ ਦੇ ਮੰਤਵ ਲਈ ਇਨ੍ਹਾਂ ਦੁਵੱਲੇ ਪ੍ਰੋਗਰਾਮਾਂ ਵਿੱਚ ਆਪਣਾ ਯੋਗਦਾਨ ਪਾਉਣ ਤੇ ਇਨ੍ਹਾਂ ਦਾ ਮੁੱਲ-ਵਾਧਾ ਕਰਨ।

16. ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਵਿਕਾਸ ਦੀਆਂ ਅਹਿਮ ਤਾਕਤਾਂ ਹਨ ਅਤੇ ਸਾਡੇ ਸਬੰਧ ਵਿੱਚ ਇੱਕ ਬਹੁਤ ਮਹਾਨ ਭੂਮਿਕਾ ਨਿਭਾਉਣਗੀਆਂ। ਇਸ ਟੈਕ ਸਿਖ਼ਰ ਸੰਮੇਲਨ ਦਾ ਉਦੇਸ਼ ਸਾਡੀ ਰਣਨੀਤਕ ਭਾਈਵਾਲੀ ਨੂੰ; ਸਾਡੇ ਸਾਂਝੇ ਤਕਨਾਲੋਜੀਕਲ ਹੁਨਰ ਤੇ ਵਿਗਿਆਨਕ ਗਿਆਨ ਉੱਤੇ ਅਧਾਰਤ ਆਪਸੀ ਫ਼ਾਇਦਿਆਂ ਲਈ ਹੋਰ ਮਜ਼ਬੂਤ ਕਰਨਾ ਹੈ।

17. ਮੈਂ ਸਦਾ ਕਿਹਾ ਹੈ ਕਿ ਵਿਗਿਆਨ ਸਰਬ-ਵਿਆਪਕ ਹੁੰਦਾ ਹੈ ਪਰ ਤਕਨਾਲੋਜੀ ਨੂੰ ਸਥਾਨਕ ਹੋਣਾ ਚਾਹੀਦਾ ਹੈ। ਇਸੇ ਸੰਦਰਭ ਵਿੱਚ, ਅਜਿਹੇ ਸਿਖ਼ਰ ਸੰਮੇਲਨ ਇੱਕ-ਦੂਜੇ ਦੀਆਂ ਜ਼ਰੂਰਤਾਂ ਸਮਝਣ ਤੇ ਉਸੇ ਸਮਝ ਦੇ ਅਧਾਰ ਉੱਤੇ ਸਾਡੇ ਭਵਿੱਖ ਦੇ ਸਬੰਧ ਕਾਇਮ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦੇ ਹਨ

18. ਮੇਰੀ ਸਰਕਾਰ ਦੀਆਂ ਪ੍ਰਮੁੱਖ ਵਿਕਾਸ ਮਿਸ਼ਨਾਂ ਦੀ ਕੇਂਦਰਮੁਖਤਾ, ਸਾਡੀਆਂ ਤਕਨਾਲੋਜੀ ਪ੍ਰਾਪਤੀਆਂ ਤੇ ਇੱਛਾਵਾਂ ਅਤੇ ਮਜ਼ਬੂਤ ਦੁਵੱਲੇ ਸਬੰਧ ਭਾਰਤੀ ਤੇ ਬਰਤਾਨਵੀ ਉਦਯੋਗਾਂ ਲਈ ਵਿਕਾਸ ਦੇ ਨਵੇ ਤੇ ਵਿਸ਼ਾਲ ਰਾਹ ਮੁਹੱਈਆ ਕਰਵਾਉਂਦੇ ਹਨ।

19. ਭਾਰਤ ਤੇ ਇੰਗਲੈਂਡ ਲਈ ‘ਡਿਜੀਟਲ ਇੰਡੀਆ’ ਪ੍ਰੋਗਰਾਮ ਵਿੱਚ ਪੂਰੇ ਤਾਲਮੇਲ ਨਾਲ ਅੱਗੇ ਵਧਣ, ਸੂਚਨਾ ਕੇਂਦਰਮੁਖਤਾ ਅਤੇ ਲੋਕਾਂ ‘ਤੇ ਕੇਂਦ੍ਰਿਤ ਈ-ਸ਼ਾਸਨ ਦਾ ਪਾਸਾਰ ਕਰਨ ਦਾ ਇੱਕ ਮੌਕਾ ਹੈ।

20. ਭਾਰਤ ਵਿੱਚ ਲਗਭਗ 154% ਸ਼ਹਿਰੀ ਟੈਲੀ-ਘਣਤਾ ਨਾਲ ਇੱਕ ਅਰਬ ਤੋਂ ਵੀ ਵੱਧ ਫ਼ੋਨ ਕੁਨੈਕਸ਼ਨ ਹਨ। ਸਾਡੇ 35 ਕਰੋੜ ਤੋਂ ਵੀ ਵੱਧ ਇੰਟਰਨੈੱਟ ਦੇ ਵਰਤੋਂਕਾਰ ਹਨ। ਅਸੀਂ ਸਮੁੱਚੇ ਦੇਸ਼ ਵਿੱਚ ਆਖ਼ਰੀ ਗੇੜ ਦੌਰਾਨ 1,00,000 ਪਿੰਡਾਂ ਨੂੰ ਆਪਸ ਵਿੱਚ ਜੋੜ ਰਹੇ ਹਾਂ। ਅਜਿਹੇ ਤੇਜ਼ ਰਫ਼ਤਾਰ ਵਿਕਾਸ ਨਾਲ ਇੰਗਲੈਂਡ ਤੇ ਭਾਰਤੀ ਕੰਪਨੀਆਂ ਲਈ ਨਵੇਂ ਡਿਜੀਟਲ ਹਾਈਵੇਅਜ਼ ਅਤੇ ਨਵੇਂ ਬਾਜ਼ਾਰ ਮੁਹੱਈਆ ਹੋਣਗੇ।

21. ਭਾਰਤ ਵਿੱਚ ਤੇਜ਼ੀ ਨਾਲ ਵਿਕਾਸਸ਼ੀਲ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਇੱਕ ਕੁਦਰਤੀ ਤਾਲਮੇਲ ਉੱਭਰਦਾ ਹੈ। ਭਾਰਤ ਲਈ ‘ਫ਼ਿਨਟੈੱਕ’; ਅਗਲੀ ਵੱਡੀ ਤਬਦੀਲੀ ਵਜੋਂ ਉੱਭਰ ਰਿਹਾ ਹੈ ਕਿਉਂਕਿ ਅਸੀਂ ‘ਜਨ ਧਨ ਯੋਜਨਾ’ ਦੀ ਛਤਰੀ ਹੇਠ 22 ਕਰੋੜ ਨਵੇਂ ਪਰਿਵਾਰਾਂ ਨੂੰ ਲਿਆਏ ਹਾਂ। ਵਿਸ਼ਵ ਦਾ ਸਭ ਤੋਂ ਵਿਸ਼ਾਲ ਸਮਾਜਕ ਸੁਰੱਖਿਆ ਪ੍ਰੋਗਰਾਮ ਤਿਆਰ ਕਰਨ ਲਈ ਵਿੱਤੀ ਸ਼ਮੂਲੀਅਤ ਦੀ ਇਸ ਯੋਜਨਾ ਨੂੰ ਮੋਬਾਇਲ ਤਕਨਾਲੋਜੀ ਤੇ ਵਿਲੱਖਣ ਸ਼ਨਾਖ਼ਤ ਕਾਰਡ ਨਾਲ ਜੋੜਿਆ ਜਾ ਰਿਹਾ ਹੈ।

22. ਵਿੱਤੀ ਤਕਨਾਲੋਜੀ ਅਤੇ ਕੌਮਾਂਤਰੀ ਵਿੱਤ ਵਿੱਚ ਇੰਗਲੈਂਡ ਦੀ ਲੀਡਰਸ਼ਿਪ ਰਾਹੀਂ ਇਸ ਮਿਸ਼ਨ ਵਿੱਚ ਸਾਡੇ ਉੱਦਮਾਂ ਦੁਆਰਾ ਬਹੁਤ ਲਾਹੇਵੰਦ ਸਿੱਧ ਹੋਣ ਵਾਲੇ ਮੌਕਿਆਂ ਦਾ ਲਾਹਾ ਲਿਆ ਜਾ ਸਕਦਾ ਹੈ।

23. ਅਸੀਂ ਇਹ ਵੀ ਆਸ ਕਰਦੇ ਹਾਂ ਕਿ ‘ਮੇਕ ਇਨ ਇੰਡੀਆ’, ਦੁਵੱਲੀ ਗਤੀਵਿਧੀ ਦਾ ਇੱਕ ਪ੍ਰਮੁੱਖ ਖੇਤਰ ਹੋਵੇ। ਇਸ ਪ੍ਰੋਗਰਾਮ ਅਧੀਨ ਅਗਾਂਹਵਧੂ ਨਿਰਮਾਣ ਇੱਕ ਵਿਸ਼ੇਸ਼ ਉੱਦਮ ਹੈ। ਇਸ ਮਾਮਲੇ ਵਿੱਚ ਇੰਗਲੈਂਡ ਕਿਉਂਕਿ ਇੱਕ ਮੋਹਰੀ ਖਿਡਾਰੀ ਹੈ, ਇਸ ਲਈ ਉਹ ਰੱਖਿਆ ਨਿਰਮਾਣ, ਏਅਰੋਸਪੇਸ ਅਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀਆਂ ਸਾਡੀਆਂ ਉਦਾਰਵਾਦੀ ਨੀਤੀਆਂ ਦਾ ਲਾਭ ਉਠਾ ਸਕਦਾ ਹੈ।

24. ‘ਸਮਾਰਟ ਸਿਟੀ’ ਮਿਸ਼ਨ ਦਾ ਉਦੇਸ਼ ਤੇਜ਼ੀ ਨਾਲ ਸ਼ਹਿਰੀਕਰਨ ਹੋਣ ਵਾਲੇ ਸਾਡੇ ਮਾਹੌਲ ਵਿੱਚ ਡਿਜੀਟਲ ਤਕਨਾਲੋਜੀ ਨੂੰ ਸੰਗਠਤ ਕਰਨਾ ਹੈ। ਮੈਨੂੰ ਖ਼ੁਸ਼ੀ ਹੈ ਕਿ ਪੁਣੇ, ਅਮਰਾਵਤੀ ਅਤੇ ਇੰਦੌਰ ਦੇ ਪ੍ਰੋਜੈਕਟਾਂ ਵਿੰਚ ਇੰਗਲੈਂਡ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਦਿਲਚਸਪੀ ਵਿਖਾਈ ਹੈ। ਮੈਂ ਸਮਝਦਾ ਹਾਂ ਕਿ ਇੰਗਲੈਂਡ ਦੀਆਂ ਕੰਪਨੀਆਂ ਪਹਿਲਾਂ ਹੀ 9 ਅਰਬ ਪੌਂਡ ਦੇ ਸੌਦਿਆਂ ਉੱਤੇ ਹਸਤਾਖਰ ਕਰ ਚੁੱਕੀਆਂ ਹਨ ਅਤੇ ਮੈਂ ਹੋਰ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦਾ ਹਾਂ।

25. ‘ਸਟਾਰਟ-ਅੱਪ ਇੰਡੀਆ’ ਪ੍ਰੋਗਰਾਮ ਦਾ ਉਦੇਸ਼; ਤਕਨੀਕੀ ਪੱਖੋਂ ਮੋਹਰੀ ਸਾਡੇ ਨੌਜਵਾਨਾਂ ਲਈ ਨਵੀਨਤਾ ਤੇ ਤਕਨਾਲੋਜੀ ਦੀ ਉੱਦਮਤਾ ਨਾਲ ਕੇਂਦਰਮੁਖਤਾ ਕਰਨਾ ਹੈ। ਅੱਜ, ਭਾਰਤ ਅਤੇ ਇੰਗਲੈਂਡ ਵਿਸ਼ਵ ਦੇ ਚੋਟੀ ਦੇ ਤਿੰਨ ਸਭ ਤੋਂ ਵਿਸ਼ਾਲ ਸਟਾਰਟ-ਅੱਪ ਧੁਰਿਆਂ ਵਿੱਚੋਂ ਉੱਭਰੇ ਹਨ।
26. ਅਸੀਂ ਮਿਲ ਕੇ, ਨਿਵੇਕਲੀਆਂ ਤਕਨਾਲੋਜੀਆਂ ਨਾਲ ਨਵੀਂਆਂ ਵਪਾਰਕ ਐਪਲੀਕੇਸ਼ਨਜ਼ ਲਈ ਇੱਕ ਜਾਨਦਾਰ ਤੇ ਪ੍ਰਫ਼ੁੱਲਤ ਮਾਹੌਲ ਸਿਰਜ ਸਕਦੇ ਹਾਂ।

27. ਇਸ ਸਿਖ਼ਰ ਸੰਮੇਲਨ ਲਈ ਚੁਣੇ ਵਿਸ਼ੇ ਜਿਵੇਂ ਅਗਾਂਹ-ਵਧੂ ਨਿਰਮਾਣ, ਬਾਇਓ-ਮੈਡੀਕਲ ਉਪਕਰਨ, ਡਿਜ਼ਾਇਨ, ਨਵੀਨਤਾ ਤੇ ਉੱਦਮਤਾ ਸਭ; ਸਾਡੇ ਵਪਾਰਕ ਸਬੰਧਾਂ ਵਿੱਚ ਵਪਾਰਕ ਤਾਲਮੇਲਾਂ ਲਈ ਨਵੀਆਂ ਸ਼ੁਰੂਆਤਾਂ ਦੀ ਪੇਸ਼ਕਸ਼ ਕਰਦੇ ਹਨ।

28. ਮੇਰਾ ਮੰਨਣਾ ਹੈ ਕਿ ਭਾਰਤ ਅਤੇ ਇੰਗਲੈਂਡ ਨੂੰ ਜ਼ਰੂਰ ਹੀ ਸਾਂਝੇ ਤਕਨਾਲੋਜੀ ਵਿਕਾਸ ਲਈ ਰਾਹ ਪੱਧਰਾ ਕਰਨ ਵਾਸਤੇ ਉੱਚ-ਮਿਆਰੀ ਬੁਨਿਆਦੀ ਖੋਜ ਦੀ ਵਧੀਆ ਪ੍ਰਣਾਲੀ ਕਾਇਮ ਕਰਨ ਤੇ ਇਸ ਦਾ ਸਮਰਥਨ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

29. ਮੈਨੂੰ ਇਹ ਦੱਸਦਿਆਂ ਵੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤ-ਇੰਗਲੈਂਡ ਟੈਕ ਸਿਖ਼ਰ ਸੰਮੇਲਨ ਦਾ ਧਿਆਨ ਉਚੇਰੀ ਸਿੱਖਿਆ ਉੱਤੇ ਕੇਂਦ੍ਰਿਤ ਹੈ। ਸਿੱਖਿਆ ਸਾਡੇ ਵਿਦਿਆਰਥੀਆਂ ਲਈ ਅਹਿਮ ਹੈ ਅਤੇ ਇੱਕ ਸਾਂਝੇ ਭਵਿੱਖ ਵਿੱਚ ਸਾਡੀ ਗਤੀਵਿਧੀ ਨੂੰ ਪਰਿਭਾਸ਼ਿਤ ਕਰੇਗੀ। ਇਸ ਲਈ ਸਾਨੂੰ ਵਿਦਿਅਕ ਅਤੇ ਖੋਜ ਮੌਕਿਆਂ ਵਿੱਚ ਨੌਜਵਾਨਾਂ ਦੀ ਵਧੇਰੇ ਗਤੀਸ਼ੀਲਤਾ ਤੇ ਸ਼ਮੂਲੀਅਤ ਨੂੰ ਜ਼ਰੂਰ ਉਤਸ਼ਾਹਤ ਕਰਨਾ ਚਾਹੀਦਾ ਹੈ।

30. ਮੈਂ ਵਿਗਿਆਨ ਤੇ ਤਕਨਾਲੋਜੀ ਵਿਭਾਗ ਅਤੇ ਕਨਫ਼ੈਡਰੇਸ਼ਨ ਆਵ੍ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਨੂੰ ਇੰਗਲੈਂਡ ਦੀ ਭਾਈਵਾਲੀ ਨਾਲ ਇਸ ਵਿਲੱਖਣ ਸਮਾਰੋਹ ਦਾ ਆਯੋਜਨ ਕਰਵਾਉਣ ਲਈ ਵਧਾਈ ਦਿੰਦਾ ਹਾਂ। ਮੈਨੂੰ ਭਰੋਸਾ ਹੈ ਕਿ ਟੈਕ ਸਿਖ਼ਰ ਸੰਮੇਲਨ ਭਾਰਤ-ਇੰਗਲੈਂਡ ਸਬੰਧਾਂ ਦੇ ਅਗਲੇ ਪੜਾਅ ਦੀ ਨੀਂਹ ਰੱਖੇਗਾ। ਇਹ ਸਾਨੂੰ ਸਾਂਝੇ ਵਿਗਿਆਨਕ ਗਿਆਨ ਤੇ ਤਕਨਾਲੋਜੀਕਲ ਹੁਨਰ ਉੱਤੇ ਅਧਾਰਤ ਇੱਕ ਯਾਤਰਾ ਵੱਲ ਲੈ ਜਾਵੇਗਾ।
31. ਮੈਂ ਇੰਗਲੈਂਡ ਅਤੇ ਭਾਰਤ ਦੇ ਸਾਰੇ ਹਿੱਸੇਦਾਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਮੌਜੂਦਗੀ ਇਸ ਸਿਖ਼ਰ ਸੰਮੇਲਨ ਦੀ ਸਫ਼ਲਤਾ ਲਈ ਅਹਿਮ ਹੈ। ਮੈਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਥੈਰੇਸਾ ਮੇਅ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਇਸ ਮੌਕੇ ਦੀ ਸ਼ੋਭਾ ਵਧਾਈ ਅਤੇ ਨਵੀਂ ਭਾਰਤ-ਇੰਗਲੈਂਡ ਭਾਈਵਾਲੀ ਦੀ ਉਸਾਰੀ ਸਬੰਧੀ ਦ੍ਰਿਸ਼ਟੀਕੋਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

***

AKT/AK