Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ‘ਵੀਰ ਬਾਲ ਦਿਵਸ’ ਦੇ ਅਵਸਰ ‘ਤੇ ਆਯੋਜਿਤ ਇਤਿਹਾਸਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ‘ਵੀਰ ਬਾਲ ਦਿਵਸ’ ਦੇ ਅਵਸਰ ‘ਤੇ ਆਯੋਜਿਤ ਇਤਿਹਾਸਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ‘ਵੀਰ ਬਾਲ ਦਿਵਸ’ ਦੇ ਅਵਸਰ ‘ਤੇ ਆਯੋਜਿਤ ਇਤਿਹਾਸਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਲਗਭਗ ਤਿੰਨ ਸੌ ਬਾਲ ਕੀਰਤਨੀਆਂ ਦੁਆਰਾ ਕੀਤੇ ਗਏ ‘ਸ਼ਬਦ ਕੀਰਤਨ’ ਵਿੱਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਮੌਕੇ ‘ਤੇ ਦਿੱਲੀ ਵਿੱਚ ਲਗਭਗ ਤਿੰਨ ਹਜ਼ਾਰ ਬੱਚਿਆਂ ਦੁਆਰਾ ਮਾਰਚ-ਪਾਸਟ ਨੂੰ ਵੀ ਹਰੀ ਝੰਡੀ ਦਿੱਖਾ ਕੇ ਰਵਾਨਾ ਕੀਤਾ।

 

9 ਜਨਵਰੀ 2022 ਨੂੰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ – ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਪਹਿਲਾ ਵੀਰ ਬਾਲ ਦਿਵਸ ਮਨਾ ਰਿਹਾ ਹੈ। ਇਹ ਰਾਸ਼ਟਰ ਲਈ ਇੱਕ ਨਵੀਂ ਸ਼ੁਰੂਆਤ ਦਾ ਦਿਨ ਹੈ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਅਤੀਤ ਵਿੱਚ ਦਿੱਤੇ ਬਲੀਦਾਨਾਂ ਲਈ ਸਿਰ ਝੁਕਾਵਾਂਗੇ। ਪ੍ਰਧਾਨ ਮੰਤਰੀ ਨੇ ਕਿਹਾ, “ਸ਼ਹੀਦੀ ਸਪਤਾਹ ਅਤੇ ਵੀਰ ਬਾਲ ਦਿਵਸ ਕੇਵਲ ਭਾਵਨਾਵਾਂ ਦਾ ਇੱਕ ਸਮੂਹ ਹੀ ਨਹੀਂ ਬਲਕਿ ਅਨੰਤ ਪ੍ਰੇਰਣਾ ਦਾ ਸਰੋਤ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀਰ ਬਾਲ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਬਹੁਤ ਬਹਾਦਰੀ ਅਤੇ ਬਲੀਦਾਨ ਦੀ ਗੱਲ ਆਉਂਦੀ ਹੈ ਤਾਂ ਉਮਰ ਮਾਇਨੇ ਨਹੀਂ ਰੱਖਦੀ। ਵੀਰ ਬਾਲ ਦਿਵਸ ਸਾਨੂੰ ਦਸ ਸਿੱਖ ਗੁਰੂਆਂ ਦੇ ਅਥਾਹ ਯੋਗਦਾਨ ਅਤੇ ਰਾਸ਼ਟਰ ਦੀ ਅਣਖ ਦੀ ਰਾਖੀ ਲਈ ਸਿੱਖ ਪਰੰਪਰਾ ਦੇ ਬਲੀਦਾਨ ਦੀ ਯਾਦ ਦਿਵਾਉਂਦਾ ਹੈ।  ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਵੀਰ ਬਾਲ ਦਿਵਸ ਸਾਨੂੰ ਦੱਸੇਗਾ ਕਿ ਭਾਰਤ ਕੀ ਹੈ ਅਤੇ ਇਸ ਦੀ ਪਹਿਚਾਣ ਕੀ ਹੈ ਅਤੇ ਹਰ ਵਰ੍ਹੇ, ਵੀਰ ਬਾਲ ਦਿਵਸ ਸਾਨੂੰ ਆਪਣੇ ਅਤੀਤ ਨੂੰ ਪਛਾਣਨ ਅਤੇ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਿਤ ਕਰੇਗਾ। ਇਹ ਹਰ ਕਿਸੇ ਨੂੰ ਸਾਡੀ ਨੌਜਵਾਨ ਪੀੜ੍ਹੀ ਦੀ ਸ਼ਕਤੀ ਬਾਰੇ ਵੀ ਯਾਦ ਕਰਵਾਏਗਾ।”  ਪ੍ਰਧਾਨ ਮੰਤਰੀ ਨੇ ਵੀਰ ਸਾਹਿਬਜ਼ਾਦਿਆਂ, ਗੁਰੂਆਂ ਅਤੇ ਮਾਤਾ ਗੁਜਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਿਹਾ “ਮੈਂ ਇਸ ਨੂੰ ਸਾਡੀ ਸਰਕਾਰ ਦੀ ਖੁਸ਼ਕਿਸਮਤੀ ਸਮਝਦਾ ਹਾਂ ਕਿ ਸਾਨੂੰ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਐਲਾਨਣ ਦਾ ਮੌਕਾ ਮਿਲਿਆ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦਾ ਹਜ਼ਾਰ ਸਾਲ ਪੁਰਾਣਾ ਇਤਿਹਾਸ ਭਿਆਨਕ ਜ਼ੁਲਮਾਂ ਦੇ ਅਧਿਆਵਾਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਅਸੀਂ ਜ਼ੁਲਮ ਦੇ ਹਿੰਸਕ ਚਿਹਰੇ ਵੇਖਦੇ ਹਾਂ, ਇਹ ਸਾਡੇ ਨਾਇਕਾਂ ਦਾ ਕਿਰਦਾਰ ਹੈ ਜੋ ਇਤਿਹਾਸ ਦੇ ਪੰਨਿਆਂ ‘ਤੇ ਉਨ੍ਹਾਂ ‘ਤੇ ਭਾਰੀ ਪੈਂਦਾ ਹੈ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਚਮਕੌਰ ਅਤੇ ਸਰਹਿੰਦ ਦੀਆਂ ਜੰਗਾਂ ਵਿੱਚ ਜੋ ਵੀ ਹੋਇਆ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਇਹ ਘਟਨਾਵਾਂ ਇਸ ਧਰਤੀ ਦੀ ਮਿੱਟੀ ‘ਤੇ ਸਿਰਫ਼ ਤਿੰਨ ਸਦੀਆਂ ਪਹਿਲਾਂ ਵਾਪਰੀਆਂ ਸਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇੱਕ ਪਾਸੇ ਸ਼ਕਤੀਸ਼ਾਲੀ ਮੁਗਲ ਸਲਤਨਤ ਧਾਰਮਿਕ ਕੱਟੜਤਾ ਵਿੱਚ ਅੰਨ੍ਹੀ ਹੋਈ ਸੀ, ਜਦਕਿ ਦੂਸਰੇ ਪਾਸੇ ਭਾਰਤ ਦੇ ਪੁਰਾਤਨ ਸਿਧਾਂਤਾਂ ਦੇ ਅਨੁਸਾਰ ਗਿਆਨ ਵਿੱਚ ਪ੍ਰਕਾਸ਼ਮਾਨ ਸਾਡੇ ਗੁਰੂ ਸਾਹਿਬਾਨ ਸਨ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇੱਕ ਪਾਸੇ ਆਤੰਕ ਅਤੇ ਧਾਰਮਿਕ ਕੱਟੜਤਾ ਦੀ ਸਿਖਰ ਸੀ, ਜਦਕਿ ਦੂਸਰੇ ਪਾਸੇ ਹਰੇਕ ਮਨੁੱਖ ਵਿਚ ਰੱਬ ਨੂੰ ਦੇਖਣ ਲਈ ਰੂਹਾਨੀਅਤ ਅਤੇ ਦਇਆ ਦੀ ਸਿਖਰ ਸੀ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਸਭ ਦੇ ਦੌਰਾਨ ਮੁਗ਼ਲਾਂ ਕੋਲ ਲੱਖਾਂ ਦੀ ਫ਼ੌਜ ਸੀ, ਜਦਕਿ ਗੁਰੂ ਦੇ ਵੀਰ ਸਾਹਿਬਜ਼ਾਦਿਆਂ ਕੋਲ ਉਨ੍ਹਾਂ ਦਾ ਸਾਹਸ ਸੀ। ਉਹ ਇਕੱਲੇ ਹੁੰਦੇ ਹੋਏ ਵੀ ਮੁਗ਼ਲਾਂ ਅੱਗੇ ਝੁਕੇ ਨਹੀਂ। ਇਹ ਉਦੋਂ ਹੋਇਆ ਸੀ ਜਦੋਂ ਮੁਗ਼ਲਾਂ ਨੇ ਉਨ੍ਹਾਂ ਨੂੰ ਦੀਵਾਰਾਂ ਵਿੱਚ ਜਿੰਦਾ ਚਿਣਵਾ ਦਿੱਤਾ ਸੀ।  ਇਹ ਉਨ੍ਹਾਂ ਦਾ ਸਾਹਸ ਹੈ ਜੋ ਸਦੀਆਂ ਤੋਂ ਪ੍ਰੇਰਣਾ ਸਰੋਤ ਰਿਹਾ ਹੈ।” 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸ਼ਾਨਦਾਰ ਇਤਿਹਾਸ ਵਾਲੇ ਕਿਸੇ ਵੀ ਦੇਸ਼ ਨੂੰ ਆਤਮ-ਵਿਸ਼ਵਾਸ ਅਤੇ ਸਵੈ-ਮਾਣ ਨਾਲ ਭਰਪੂਰ ਹੋਣਾ ਚਾਹੀਦਾ ਹੈ, ਹਾਲਾਂਕਿ, ਉਨ੍ਹਾਂ ਨੇ ਅਫਸੋਸ ਪ੍ਰਗਟਾਇਆ, ਮਨਘੜਤ ਕਹਾਣੀਆਂ ਪੜ੍ਹਾਈਆਂ ਗਈਆਂ ਅਤੇ ਦੇਸ਼ ਵਿੱਚ ਹੀਣਤਾ ਦੀ ਭਾਵਨਾ ਪੈਦਾ ਕੀਤੀ ਗਈ। ਇਸ ਦੇ ਬਾਵਜੂਦ ਸਥਾਨਕ ਪਰੰਪਰਾਵਾਂ ਅਤੇ ਸਮਾਜ ਨੇ ਇਨ੍ਹਾਂ ਗੌਰਵ ਪੂਰਣ ਕਹਾਣੀਆਂ ਨੂੰ ਜਿਉਂਦਾ ਰੱਖਿਆ। ਪ੍ਰਧਾਨ ਮੰਤਰੀ ਨੇ ਅੱਗੇ ਵਧਣ ਲਈ ਅਤੀਤ ਦੀ ਸੰਕੀਰਣ ਵਿਆਖਿਆ ਤੋਂ ਮੁਕਤ ਹੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸੇ ਲਈ ਪ੍ਰਧਾਨ ਮੰਤਰੀ ਨੇ ਕਿਹਾ, ਦੇਸ਼ ਨੇ ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਗੁਲਾਮ ਮਾਨਸਿਕਤਾ ਦੇ ਸਾਰੇ ਨਿਸ਼ਾਨਾਂ ਨੂੰ ਦੂਰ ਕਰਨ ਦਾ ਪ੍ਰਣ ਲਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਵੀਰ ਬਾਲ ਦਿਵਸ ਪੰਚ ਪ੍ਰਣ ਲਈ ਇੱਕ ਜੀਵਨ ਸ਼ਕਤੀ ਦੀ ਤਰ੍ਹਾਂ ਹੈ।”

 

ਪ੍ਰਧਾਨ ਮੰਤਰੀ ਨੇ ਵੀਰ ਸਾਹਿਬਜ਼ਾਦਿਆਂ ਦੇ ਦ੍ਰਿੜ੍ਹ ਇਰਾਦੇ ਅਤੇ ਸਾਹਸ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਕਿਉਂਕਿ ਉਨ੍ਹਾਂ ਨੇ ਔਰੰਗਜ਼ੇਬ ਅਤੇ ਉਸਦੇ ਲੋਕਾਂ ਦੇ ਜ਼ੁਲਮ ਨੂੰ ਦਰਸਾਇਆ ਕਿ ਨੌਜਵਾਨ ਪੀੜ੍ਹੀ ਜ਼ੁਲਮ ਦੇ ਹੇਠਾਂ ਝੁਕਣ ਲਈ ਤਿਆਰ ਨਹੀਂ ਹੈ ਅਤੇ ਦੇਸ਼ ਦੇ ਮਨੋਬਲ ਦੀ ਰਾਖੀ ਲਈ ਡਟ ਕੇ ਖੜ੍ਹੀ ਹੈ। ਇਹ ਰਾਸ਼ਟਰ ਦੀ ਕਿਸਮਤ ਵਿੱਚ ਨੌਜਵਾਨ ਪੀੜ੍ਹੀ ਦੀ ਭੂਮਿਕਾ ਨੂੰ ਸਥਾਪਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੀ ਉਸੇ ਦ੍ਰਿੜ੍ਹ ਇਰਾਦੇ ਨਾਲ ਭਾਰਤ ਨੂੰ ਅੱਗੇ ਲੈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਰ 26 ਦਸੰਬਰ ਨੂੰ ਵੀਰ ਬਾਲ ਦਿਵਸ ਦੀ ਭੂਮਿਕਾ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ।

 

ਸਿੱਖ ਗੁਰੂ ਪਰੰਪਰਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੇਵਲ ਅਧਿਆਤਮਿਕਤਾ ਅਤੇ ਬਲੀਦਾਨ ਦੀ ਪਰੰਪਰਾ ਹੀ ਨਹੀਂ ਹੈ ਬਲਕਿ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਸੰਕਲਪ ਲਈ ਪ੍ਰੇਰਣਾ ਸਰੋਤ ਵੀ ਹੈ। ਸਭ ਤੋਂ ਵੱਡੀ ਉਦਾਹਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬ੍ਰਹਿਮੰਡੀ ਅਤੇ ਸਮਾਵੇਸ਼ੀ ਚਰਿੱਤਰ ਹੈ ਜਿੱਥੇ ਭਾਰਤ ਭਰ ਦੇ ਸੰਤਾਂ ਦੇ ਉਪਦੇਸ਼ ਅਤੇ ਟੀਕਾ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਯਾਤਰਾ ਵੀ ਇਸ ਵਿਸ਼ੇਸ਼ਤਾ ਨੂੰ ਦਰਸਾਉਂਦੀ ਹੈ। ਇਸ ਤੱਥ ਦਾ ਹਵਾਲਾ ਦਿੰਦੇ ਹੋਏ ਕਿ ‘ਪੰਚ ਪਿਆਰੇ’ ਦੇਸ਼ ਦੇ ਸਾਰੇ ਹਿੱਸਿਆਂ ਤੋਂ ਆਏ ਸਨ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਮਾਣ ਕੀਤਾ ਕਿ ਅਸਲ ਪੰਚ ਪਿਆਰਿਆਂ ਵਿੱਚੋਂ ਇੱਕ ਦਵਾਰਕਾ ਦਾ ਸੀ, ਜਿੱਥੋਂ ਦੇ ਪ੍ਰਧਾਨ ਮੰਤਰੀ ਵੀ ਆਉਂਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, “‘ਰਾਸ਼ਟਰ ਪ੍ਰਥਮ’ ਦਾ ਸੰਕਲਪ- ਦੇਸ਼ ਪਹਿਲਾਂ, ਗੁਰੂ ਗੋਬਿੰਦ ਸਿੰਘ ਜੀ ਦਾ ਅਟੁੱਟ ਸੰਕਲਪ ਸੀ।” ਸ਼੍ਰੀ ਮੋਦੀ ਨੇ ਉਨ੍ਹਾਂ ਦੇ ਪਰਿਵਾਰ ਦੇ ਬੇਅੰਤ ਨਿੱਜੀ ਬਲੀਦਾਨ ਦਾ ਜ਼ਿਕਰ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “‘ਨੇਸ਼ਨ ਫਸਟ’ ਦੀ ਇਹ ਪਰੰਪਰਾ ਸਾਡੇ ਲਈ ਇੱਕ ਵੱਡੀ ਪ੍ਰੇਰਣਾ ਹੈ।”

 

ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਉਨ੍ਹਾਂ ਦੇ ਪ੍ਰੇਰਣਾ ਸਰੋਤ ‘ਤੇ ਨਿਰਭਰ ਕਰੇਗਾ। ਭਰਤ, ਭਗਤ ਪ੍ਰਹਿਲਾਦ, ਨਚੀਕੇਤਾ ਅਤੇ ਧਰੁਵ, ਬਲ ਰਾਮ, ਲਵ-ਕੁਸ਼ ਅਤੇ ਬਾਲ ਕ੍ਰਿਸ਼ਨ ਜਿਹੇ ਪ੍ਰੇਰਣਾਦਾਇਕ ਬੱਚਿਆਂ ਦੀਆਂ ਅਣਗਿਣਤ ਉਦਾਹਰਣਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਬਹਾਦਰ ਲੜਕੇ ਅਤੇ ਲੜਕੀਆਂ ਭਾਰਤ ਦੀ ਬਹਾਦਰੀ ਦਾ ਪ੍ਰਤੀਬਿੰਬ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਭਰੋਸੇ ਨਾਲ ਕਿਹਾ ਕਿ ਨਵਾਂ ਭਾਰਤ ਆਪਣੀ ਲੰਬੇ ਸਮੇਂ ਤੋਂ ਗੁਆਚੀ ਵਿਰਾਸਤ ਨੂੰ ਬਹਾਲ ਕਰਕੇ ਪਿਛਲੇ ਦਹਾਕਿਆਂ ਦੀਆਂ ਗਲਤੀਆਂ ਨੂੰ ਸੁਧਾਰ ਰਿਹਾ ਹੈ। ਇਹ ਜੋੜਦੇ ਹੋਏ ਕਿ ਕਿਸੇ ਵੀ ਦੇਸ਼ ਦੀ ਪਹਿਚਾਣ ਉਸਦੇ ਸਿਧਾਂਤਾਂ ਦੁਆਰਾ ਕੀਤੀ ਜਾਂਦੀ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਜਦ ਕਿਸੇ ਰਾਸ਼ਟਰ ਦੀਆਂ ਮੂਲ ਕਦਰਾਂ-ਕੀਮਤਾਂ ਪਰਿਵਰਤਨ ਵਿੱਚੋਂ ਲੰਘਦੀਆਂ ਹਨ, ਤਾਂ ਰਾਸ਼ਟਰ ਦਾ ਭਵਿੱਖ ਸਮੇਂ ਦੇ ਨਾਲ ਬਦਲਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਰਾਸ਼ਟਰ ਦੀਆਂ ਕਦਰਾਂ-ਕੀਮਤਾਂ ਨੂੰ ਉਦੋਂ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਜਦੋਂ ਮੌਜੂਦਾ ਪੀੜ੍ਹੀਆਂ ਨੂੰ ਧਰਤੀ ਦੇ ਇਤਿਹਾਸ ਬਾਰੇ ਸਪੱਸ਼ਟਤਾ ਹੋਵੇ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ “ਨੌਜਵਾਨ ਹਮੇਸ਼ਾ ਸਿੱਖਣ ਅਤੇ ਪ੍ਰੇਰਣਾ ਢੂੰਡਣ ਲਈ ਇੱਕ ਰੋਲ ਮਾਡਲ ਦੀ ਭਾਲ ਕਰਦੇ ਹਨ। ਇਹੀ ਕਾਰਨ ਹੈ ਕਿ ਅਸੀਂ ਭਗਵਾਨ ਰਾਮ ਦੇ ਆਦਰਸ਼ਾਂ ‘ਤੇ ਵਿਸ਼ਵਾਸ ਕਰਦੇ ਹਾਂ, ਗੌਤਮ ਬੁੱਧ ਅਤੇ ਭਗਵਾਨ ਮਹਾਵੀਰ ਤੋਂ ਪ੍ਰੇਰਣਾ ਲੈਂਦੇ ਹਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਕਥਨਾਂ ‘ਤੇ ਚਲਣ ਦਾ ਪ੍ਰਯਤਨ ਕਰਦੇ ਹਾਂ, ਨਾਲ ਹੀ ਮਹਾਰਾਣਾ ਪ੍ਰਤਾਪ ਅਤੇ ਛਤਰਪਤੀ ਵੀਰ ਸ਼ਿਵਾਜੀ ਦੇ ਰਾਹਾਂ ਦਾ ਅਧਿਐਨ ਕਰਦੇ ਹਾਂ।”

 

ਧਰਮ ਅਤੇ ਅਧਿਆਤਮਿਕਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਭਾਰਤ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਧਰਤੀ ਦੇ ਪੂਰਵਜਾਂ ਨੇ ਇੱਕ ਭਾਰਤੀ ਸੰਸਕ੍ਰਿਤੀ ਨੂੰ ਰੂਪ ਦਿੱਤਾ ਜੋ ਤਿਉਹਾਰਾਂ ਅਤੇ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਉਸ ਚੇਤਨਾ ਨੂੰ ਸਦੀਵੀ ਬਣਾਉਣ ਦੀ ਜ਼ਰੂਰਤ ਹੈ ਅਤੇ ਇਸੇ ਲਈ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।  ਬਹਾਦਰ ਪੁਰਸ਼ਾਂ ਅਤੇ ਮਹਿਲਾਵਾਂ ਦੇ ਯੋਗਦਾਨ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਵੀਰ ਬਾਲ ਦਿਵਸ ਮੌਕੇ ਕਰਵਾਏ ਗਏ ਮੁਕਾਬਲਿਆਂ ਅਤੇ ਸਮਾਗਮਾਂ ਵਿੱਚ ਦੇਸ਼ ਦੇ ਹਰ ਹਿੱਸੇ ਤੋਂ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਵੀਰ ਸਾਹਿਬਜ਼ਾਦਿਆਂ ਦੇ ਜੀਵਨ ਦੇ ਸੰਦੇਸ਼ ਨੂੰ ਪੂਰੀ ਦ੍ਰਿੜ੍ਹਤਾ ਨਾਲ ਦੁਨੀਆਂ ਤੱਕ ਪਹੁੰਚਾਉਣ ਦੀ ਜ਼ਰੂਰਤ ਨੂੰ ਦੁਹਰਾਇਆ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਸ਼੍ਰੀ ਅਰਜੁਨ ਰਾਮ ਮੇਘਵਾਲ, ਸ਼੍ਰੀਮਤੀ ਮੀਨਾਕਸ਼ੀ ਲੇਖੀ ਆਦਿ ਹਾਜ਼ਰ ਸਨ।

 

ਪਿਛੋਕੜ

 

ਸਾਹਿਬਜ਼ਾਦਿਆਂ ਦੇ ਮਿਸਾਲੀ ਸਾਹਸ ਦੀ ਕਹਾਣੀ ਬਾਰੇ ਨਾਗਰਿਕਾਂ, ਖਾਸ ਕਰਕੇ ਛੋਟੇ ਬੱਚਿਆਂ ਨੂੰ ਜਾਣੂ ਕਰਵਾਉਣ ਅਤੇ ਸਿੱਖਿਅਤ ਕਰਨ ਲਈ ਸਰਕਾਰ ਦੇਸ਼ ਭਰ ਵਿੱਚ ਇੰਟਰਐਕਟਿਵ ਅਤੇ ਭਾਗੀਦਾਰੀ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ। ਇਸ ਕੋਸ਼ਿਸ਼ ਵਿੱਚ ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਲੇਖ ਲਿਖਣ, ਕੁਇਜ਼ ਮੁਕਾਬਲੇ ਅਤੇ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਦੇਸ਼ ਭਰ ਵਿੱਚ ਜਨਤਕ ਸਥਾਨਾਂ ਜਿਵੇਂ ਰੇਲਵੇ ਸਟੇਸ਼ਨਾਂ, ਪੈਟਰੋਲ ਪੰਪਾਂ, ਹਵਾਈ ਅੱਡਿਆਂ ਆਦਿ ‘ਤੇ ਡਿਜੀਟਲ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਜਿੱਥੇ ਪਤਵੰਤੇ ਸੱਜਣ ਸਾਹਿਬਜ਼ਾਦਿਆਂ ਦੀ ਜੀਵਨ ਗਾਥਾ ਅਤੇ ਬਲੀਦਾਨ ਨੂੰ ਬਿਆਨ ਕਰਨਗੇ।

 

 

 

 

 

 

 

 

 

 

 

 

 

 *******

 

ਡੀਐੱਸ/ਟੀਐੱਸ