Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 96ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.12.2022)


ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ ਅਸੀਂ ‘ਮਨ ਕੀ ਬਾਤ’ ਦੇ 96ਵੇਂ ਐਪੀਸੋਡ ਨਾਲ ਜੁੜ ਰਹੇ ਹਾਂ। ‘ਮਨ ਕੀ ਬਾਤ’ ਦਾ ਅਗਲਾ ਐਪੀਸੋਡ ਸਾਲ 2023 ਦਾ ਪਹਿਲਾ ਐਪੀਸੋਡ ਹੋਵੇਗਾ। ਤੁਸੀਂ ਲੋਕਾਂ ਨੇ ਜੋ ਸੰਦੇਸ਼ ਭੇਜੇ, ਉਨ੍ਹਾਂ ਵਿੱਚ ਜਾਂਦੇ ਹੋਏ 2022 ਬਾਰੇ ਗੱਲ ਕਰਨ ਨੂੰ ਵੀ ਬੜੀ ਤਾਕੀਦ ਨਾਲ ਕਿਹਾ ਹੈ। ਅਤੀਤ ਬਾਰੇ ਵਿਚਾਰ ਕਰਨਾ ਤਾਂ ਹਮੇਸ਼ਾ ਸਾਨੂੰ ਵਰਤਮਾਨ ਅਤੇ ਭਵਿੱਖ ਦੀਆਂ ਤਿਆਰੀਆਂ ਦੀ ਪ੍ਰੇਰਣਾ ਦਿੰਦਾ ਹੈ। ਸਾਲ 2022 ਵਿੱਚ ਦੇਸ਼ ਦੇ ਲੋਕਾਂ ਦੀ ਸਮਰੱਥਾ, ਉਨ੍ਹਾਂ ਦਾ ਸਹਿਯੋਗ, ਉਨ੍ਹਾਂ ਦਾ ਸੰਕਲਪ, ਉਨ੍ਹਾਂ ਦੀ ਸਫ਼ਲਤਾ ਦਾ ਵਿਸਤਾਰ ਇੰਨਾ ਜ਼ਿਆਦਾ ਰਿਹਾ ਕਿ ‘ਮਨ ਕੀ ਬਾਤ’ ਵਿੱਚ ਸਾਰਿਆਂ ਨੂੰ ਸਮੇਟਣਾ ਮੁਸ਼ਕਿਲ ਹੋਵੇਗਾ। 2022 ਵਾਕਿਆ ਹੀ ਕਈ ਮਾਅਨਿਆਂ ਵਿੱਚ ਬਹੁਤ ਹੀ ਪ੍ਰੇਰਕ ਰਿਹਾ, ਅਨੋਖਾ ਰਿਹਾ। ਇਸ ਸਾਲ ਭਾਰਤ ਨੇ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕੀਤੇ ਅਤੇ ਇਸੇ ਸਾਲ ਅੰਮ੍ਰਿਤ ਕਾਲ ਦੀ ਸ਼ੁਰੂਆਤ ਹੋਈ। ਇਸ ਸਾਲ ਦੇਸ਼ ਨੇ ਨਵੀਂ ਰਫ਼ਤਾਰ ਪਕੜੀ। ਸਾਰੇ ਦੇਸ਼ਵਾਸੀਆਂ ਨੇ ਇੱਕ ਤੋਂ ਵੱਧ ਕੇ ਇੱਕ ਕੰਮ ਕੀਤਾ। 2022 ਦੀਆਂ ਵਿਭਿੰਨ ਸਫ਼ਲਤਾਵਾਂ ਨੇ ਅੱਜ ਪੂਰੇ ਵਿਸ਼ਵ ਵਿੱਚ ਭਾਰਤ ਦੇ ਲਈ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। 2022 ਯਾਨੀ ਭਾਰਤ ਦੁਆਰਾ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਦਾ ਮੁਕਾਮ ਹਾਸਲ ਕਰਨਾ, 2022 ਯਾਨੀ ਭਾਰਤ ਦੁਆਰਾ 220 ਕਰੋੜ ਵੈਕਸੀਨ ਦਾ ਨਾ-ਵਿਸ਼ਵਾਸਯੋਗ ਅੰਕੜਾ ਪਾਰ ਕਰਨ ਦਾ ਰਿਕਾਰਡ, 2022 ਯਾਨੀ ਭਾਰਤ ਦੁਆਰਾ ਨਿਰਯਾਤ ਦਾ 400 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਜਾਣਾ, 2022 ਯਾਨੀ ਦੇਸ਼ ਦੇ ਜਨ-ਜਨ ਦੁਆਰਾ ‘ਆਤਮ ਨਿਰਭਰ ਭਾਰਤ’ ਦੇ ਸੰਕਲਪ ਨੂੰ ਅਪਨਾਉਣਾ, ਜੀਅ ਕੇ ਵਿਖਾਉਣਾ, 2022 ਯਾਨੀ ਭਾਰਤ ਦੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਦਾ ਸੁਆਗਤ, 2022 ਯਾਨੀ ਪੁਲਾੜ, ਡ੍ਰੋਨ ਅਤੇ ਰੱਖਿਆ ਖੇਤਰ ਵਿੱਚ ਭਾਰਤ ਦੀ ਝੰਡੀ, 2022 ਯਾਨੀ ਹਰ ਖੇਤਰ ਵਿੱਚ ਭਾਰਤ ਦਾ ਦਮਖ਼ਮ। ਖੇਡ ਦੇ ਮੈਦਾਨ ਵਿੱਚ ਵੀ ਭਾਵੇਂ ਕੌਮਨਵੈਲਥ ਖੇਡਾਂ ਹੋਣ ਜਾਂ ਸਾਡੀ ਮਹਿਲਾ ਹਾਕੀ ਟੀਮ ਦੀ ਜਿੱਤ, ਸਾਡੇ ਨੌਜਵਾਨਾਂ ਨੇ ਜ਼ਬਰਦਸਤ ਸਮਰੱਥਾ ਦਿਖਾਈ। 

ਸਾਥੀਓ, ਇਨ੍ਹਾਂ ਸਾਰਿਆਂ ਦੇ ਨਾਲ ਹੀ ਸਾਲ 2022 ਨੂੰ ਇੱਕ ਹੋਰ ਕਾਰਨ ਤੋਂ ਵੀ ਹਮੇਸ਼ਾ ਯਾਦ ਕੀਤਾ ਜਾਵੇਗਾ, ਉਹ ਹੈ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਹਿੱਸਾ। ਦੇਸ਼ ਦੇ ਲੋਕਾਂ ਨੇ ਏਕਤਾ ਅਤੇ ਇਕਜੁੱਟਤਾ ਨੂੰ ਦਰਸਾਉਣਾ ਦੇ ਲਈ ਵੀ ਕਈ ਅਨੋਖੇ ਆਯੋਜਨ ਕੀਤੇ। ਗੁਜਰਾਤ ਦਾ ਮਾਧੋਪੁਰ ਮੇਲਾ ਹੋਵੇ, ਜਿੱਥੇ ਰੁਕਮਣੀ ਵਿਆਹ ਅਤੇ ਭਗਵਾਨ ਕ੍ਰਿਸ਼ਨ ਦੇ ਪੂਰਬ-ਉੱਤਰ ਨਾਲ ਸਬੰਧਾਂ ਨੂੰ ਪ੍ਰਗਟਾਇਆ ਜਾਂਦਾ ਹੈ ਜਾਂ ਫਿਰ ਕਾਸ਼ੀ-ਤਮਿਲ ਸੰਗਮ ਹੋਵੇ, ਇਨ੍ਹਾਂ ਪੁਰਬਾਂ ਵਿੱਚ ਵੀ ਏਕਤਾ ਦੇ ਕਈ ਰੰਗ ਦਿਖਾਈ ਦਿੱਤੇ। 2022 ਵਿੱਚ ਦੇਸ਼ਵਾਸੀਆਂ ਨੇ ਇੱਕ ਹੋਰ ਅਮਰ ਇਤਿਹਾਸ ਲਿਖਿਆ ਹੈ। ਅਗਸਤ ਦੇ ਮਹੀਨੇ ਤੋਂ ਚਲੀ ‘ਹਰ ਘਰ ਤਿਰੰਗਾ’ ਮੁਹਿੰਮ ਭਲਾ ਕੌਣ ਭੁੱਲ ਸਕਦਾ ਹੈ। ਉਹ ਪਲ ਸਨ ਹਰ ਦੇਸ਼ਵਾਸੀ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਸਨ। ਆਜ਼ਾਦੀ ਦੀ 75 ਸਾਲ ਦੀ ਇਸ ਮੁਹਿੰਮ ਵਿੱਚ ਪੂਰਾ ਦੇਸ਼ ਤਿਰੰਗਾਮਈ ਹੋ ਗਿਆ। 6 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਤਾਂ ਤਿਰੰਗੇ ਦੇ ਨਾਲ ਸੈਲਫੀ ਵੀ ਭੇਜੀ। ਆਜ਼ਾਦੀ ਦਾ ਇਹ ਅੰਮ੍ਰਿਤ ਮਹੋਤਸਵ ਅਜੇ ਅਗਲੇ ਸਾਲ ਵੀ ਇੰਝ ਹੀ ਚਲੇਗਾ – ਅੰਮ੍ਰਿਤਕਾਲ ਦੀ ਨੀਂਹ ਨੂੰ ਹੋਰ ਮਜ਼ਬੂਤ ਕਰੇਗਾ।

ਸਾਥੀਓ, ਇਸ ਸਾਲ ਭਾਰਤ ਨੂੰ ਜੀ-20 ਸਮੂਹ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ ਹੈ। ਮੈਂ ਪਿਛਲੀ ਵਾਰ ਇਸ ਬਾਰੇ ਵਿਸਤਾਰ ਨਾਲ ਚਰਚਾ ਵੀ ਕੀਤੀ ਸੀ। ਸਾਲ 2023 ਵਿੱਚ ਅਸੀਂ ਜੀ-20 ਦੇ ਉਤਸ਼ਾਹ ਨੂੰ ਨਵੀਂ ਉਚਾਈ ’ਤੇ ਲੈ ਕੇ ਜਾਣਾ ਹੈ। ਇਸ  ਆਯੋਜਨ  ਨੂੰ ਇੱਕ ਜਨ-ਅੰਦੋਲਨ ਬਣਾਉਣਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਦੁਨੀਆ ਭਰ ਵਿੱਚ ਧੂਮਧਾਮ ਨਾਲ ਕ੍ਰਿਸਮਸ ਦਾ ਤਿਉਹਾਰ ਵੀ ਮਨਾਇਆ ਜਾ ਰਿਹਾ ਹੈ। ਇਹ ਈਸਾ ਮਸੀਹ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਦਾ ਦਿਨ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ, ਅੱਜ ਸਾਡੇ ਸਾਰਿਆਂ ਦੇ ਮਾਣਯੋਗ ਅਟਲ ਬਿਹਾਰੀ ਵਾਜਪੇਈ ਜੀ ਦਾ ਜਨਮ ਦਿਨ ਵੀ ਹੈ। ਉਹ ਇੱਕ ਮਹਾਨ ਰਾਜਨੇਤਾ ਸਨ, ਜਿਨ੍ਹਾਂ ਨੇ ਦੇਸ਼ ਨੂੰ ਅਸਾਧਾਰਣ ਅਗਵਾਈ ਦਿੱਤੀ। ਹਰ ਭਾਰਤ ਵਾਸੀ ਦੇ ਦਿਲ ਵਿੱਚ ਉਨ੍ਹਾਂ ਦੇ ਲਈ ਇੱਕ ਖਾਸ ਸਥਾਨ ਹੈ। ਮੈਨੂੰ ਕੋਲਕਾਤਾ ਤੋਂ ਆਸਥਾ ਜੀ ਦਾ ਇੱਕ ਪੱਤਰ ਮਿਲਿਆ ਹੈ, ਇਸ ਪੱਤਰ ਵਿੱਚ ਉਨ੍ਹਾਂ ਨੇ ਆਪਣੀ ਹਾਲ ਹੀ ਦੀ ਦਿੱਲੀ ਯਾਤਰਾ ਦਾ ਜ਼ਿਕਰ ਕੀਤਾ ਹੈ। ਉਹ ਲਿਖਦੇ ਹਨ ਇਸ ਦੌਰਾਨ ਉਨ੍ਹਾਂ ਨੇ ਪੀਐੱਮ ਮਿਊਜ਼ੀਅਮ ਦੇਖਣ ਦੇ ਲਈ ਸਮਾਂ ਕੱਢਿਆ। ਇਸ ਮਿਊਜ਼ੀਅਮ ਵਿੱਚ ਉਨ੍ਹਾਂ ਨੂੰ ਅਟਲ ਜੀ ਦੀ ਗੈਲਰੀ ਖੂਬ ਪਸੰਦ ਆਈ। ਅਟਲ ਜੀ ਦੇ ਨਾਲ ਉੱਥੇ ਖਿੱਚੀ ਗਈ ਤਸਵੀਰ ਤਾਂ ਉਨ੍ਹਾਂ ਦੇ ਲਈ ਯਾਦਗਾਰ ਬਣ ਗਈ ਹੈ। ਅਟਲ ਜੀ ਦੀ ਗੈਲਰੀ ਵਿੱਚ ਅਸੀਂ ਦੇਸ਼ ਦੇ ਲਈ ਉਨ੍ਹਾਂ ਦੇ ਬਹੁਮੁੱਲੇ ਯੋਗਦਾਨ ਦੀ ਝਲਕ ਦੇਖ ਸਕਦੇ ਹਾਂ। ਬੁਨਿਆਦੀ ਢਾਂਚਾ ਹੋਵੇ, ਸਿੱਖਿਆ ਜਾਂ ਫਿਰ ਵਿਦੇਸ਼ ਨੀਤੀ, ਉਨ੍ਹਾਂ ਨੇ ਭਾਰਤ ਨੂੰ ਹਰ ਖੇਤਰ ਵਿੱਚ ਨਵੀਆਂ ਉਚਾਈਆਂ ’ਤੇ ਲਿਜਾਣ ਦਾ ਕੰਮ ਕੀਤਾ। ਮੈਂ ਇੱਕ ਵਾਰ ਫਿਰ ਅਟਲ ਜੀ ਨੂੰ ਦਿਲੋਂ ਨਮਨ ਕਰਦਾ ਹਾਂ। 

ਸਾਥੀਓ, ਕੱਲ੍ਹ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਹੈ ਅਤੇ ਮੈਨੂੰ ਇਸ ਮੌਕੇ ’ਤੇ ਦਿੱਲੀ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੁਭਾਗ ਮਿਲੇਗਾ। ਦੇਸ਼ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖੇਗਾ। 

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਇੱਥੇ ਕਿਹਾ ਜਾਂਦਾ ਹੈ ;-

ਸਤਯਮ ਕਿਮ ਪ੍ਰਮਾਣਮ, ਪ੍ਰਤਯਕਸ਼ਮ ਕਿਮ ਪ੍ਰਮਾਣਮ।

(सत्यम किम प्रमाणम , प्रत्यक्षम किम प्रमाणम।) 

ਯਾਨੀ ਸੱਚ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ। ਜੋ ਪ੍ਰਤੱਖ ਹੈ, ਉਸ ਨੂੰ ਵੀ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਲੇਕਿਨ ਗੱਲ ਜਦੋਂ ਆਧੁਨਿਕ ਮੈਡੀਕਲ ਸਾਇੰਸ ਦੀ ਹੋਵੇ ਤਾਂ ਉਸ ਵਿੱਚ ਸਭ ਤੋਂ ਮਹੱਤਵਪੂਰਨ ਹੁੰਦਾ ਹੈ – ਪ੍ਰਮਾਣ – ਸਬੂਤ। ਸਦੀਆਂ ਤੋਂ ਭਾਰਤੀ ਜੀਵਨ ਦਾ ਹਿੱਸਾ ਰਹੇ ਯੋਗ ਅਤੇ ਆਯੁਰਵੇਦ ਜਿਵੇਂ ਸਾਡੇ ਸ਼ਾਸਤਰਾਂ ਦੇ ਸਾਹਮਣੇ ਸਬੂਤ ’ਤੇ ਅਧਾਰਿਤ ਖੋਜ ਦੀ ਕਮੀ ਹਮੇਸ਼ਾ ਇੱਕ ਚੁਣੌਤੀ ਰਹੀ ਹੈ – ਨਤੀਜੇ ਦਿਸਦੇ ਹਨ, ਲੇਕਿਨ ਪ੍ਰਮਾਣ ਨਹੀਂ ਹੁੰਦੇ ਹਨ। ਲੇਕਿਨ ਮੈਨੂੰ ਖੁਸ਼ੀ ਹੈ ਕਿ ਸਬੂਤ ਅਧਾਰਿਤ ਮੈਡੀਸਿਨ ਦੇ ਯੁਗ ਵਿੱਚ ਹੁਣ ਯੋਗ ਅਤੇ ਆਯੁਰਵੇਦ, ਆਧੁਨਿਕ ਯੁਗ ਦੀ ਜਾਂਚ ਅਤੇ ਕਸੌਟੀ ’ਤੇ ਵੀ ਖਰੇ ਉਤਰ ਰਹੇ ਹਨ। ਤੁਸੀਂ ਸਾਰਿਆਂ ਨੇ ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ਦੇ ਬਾਰੇ ਜ਼ਰੂਰ ਸੁਣਿਆ ਹੋਵੇਗਾ, ਇਸ ਸੰਸਥਾ ਨੇ ਖੋਜ, ਨਵੀਨਤਾ ਅਤੇ ਕੈਂਸਰ ਦੀ ਦੇਖਭਾਲ਼ ਵਿੱਚ ਬਹੁਤ ਨਾਮ ਕਮਾਇਆ ਹੈ। ਇਸ ਸੈਂਟਰ ਵੱਲੋਂ ਕੀਤੀ ਗਈ ਇੱਕ ਵਿਆਪਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਬ੍ਰੈਸਟ ਕੈਂਸਰ ਦੇ ਮਰੀਜ਼ਾਂ ਲਈ ਯੋਗ ਬਹੁਤ ਜ਼ਿਆਦਾ ਅਸਰਦਾਰ ਹੈ। ਟਾਟਾ ਮੈਮੋਰੀਅਲ ਸੈਂਟਰ ਨੇ ਆਪਣੀ ਖੋਜ ਦੇ ਨਤੀਜਿਆਂ ਨੂੰ ਅਮਰੀਕਾ ਵਿੱਚ ਹੋਈ ਬਹੁਤ ਹੀ ਵੱਕਾਰੀ ਬ੍ਰੈਸਟ ਕੈਂਸਰ ਕਾਨਫਰੰਸ ਵਿੱਚ ਪੇਸ਼ ਕੀਤਾ ਹੈ। ਇਨ੍ਹਾਂ ਨਤੀਜਿਆਂ ਨੇ ਦੁਨੀਆ ਦੇ ਵੱਡੇ-ਵੱਡੇ ਮਾਹਿਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਕਿਉਂਕਿ ਟਾਟਾ ਮੈਮੋਰੀਅਲ ਸੈਂਟਰ ਨੇ ਸਬੂਤਾਂ ਦੇ ਨਾਲ ਦੱਸਿਆ ਹੈ ਕਿ ਕਿਵੇਂ ਮਰੀਜ਼ਾਂ ਨੂੰ ਯੋਗ ਨਾਲ ਲਾਭ ਹੋਇਆ ਹੈ। ਇਸ ਸੈਂਟਰ ਦੀ ਖੋਜ ਦੇ ਮੁਤਾਬਕ ਯੋਗ ਦੇ ਨਿਯਮਿਤ ਅਭਿਆਸ ਨਾਲ ਬ੍ਰੈਸਟ ਕੈਂਸਰ ਦੇ ਮਰੀਜ਼ਾਂ ਦੀ ਬਿਮਾਰੀ ਦੇ ਫਿਰ ਤੋਂ ਉੱਭਰਣ ਅਤੇ ਮੌਤ ਦੇ ਖਤਰੇ ਵਿੱਚ 15 ਫੀਸਦ ਤੱਕ ਦੀ ਕਮੀ ਆਈ ਹੈ। ਭਾਰਤੀ ਰਵਾਇਤੀ ਚਿਕਿਤਸਾ ਵਿੱਚ ਇਹ ਪਹਿਲੀ ਮਿਸਾਲ ਹੈ, ਜਿਸ ਨੂੰ ਪੱਛਮੀ ਤੌਰ-ਤਰੀਕਿਆਂ ਵਾਲੇ ਸਖ਼ਤ ਮਾਪਦੰਡਾਂ ’ਤੇ ਪਰਖਿਆ ਗਿਆ ਹੈ। ਨਾਲ ਹੀ ਇਹ ਪਹਿਲਾ ਅਧਿਐਨ ਹੈ, ਜਿਸ ਵਿੱਚ ਬ੍ਰੈਸਟ ਕੈਂਸਰ ਨਾਲ ਪ੍ਰਭਾਵਿਤ ਮਹਿਲਾਵਾਂ ਵਿੱਚ ਯੋਗ ਨਾਲ ਜੀਵਨ ਦੀ ਗੁਣਵੱਤਾ ਦੇ ਬਿਹਤਰ ਹੋਣ ਦਾ ਪਤਾ ਲਗਿਆ ਹੈ। ਇਸ ਦੇ ਦੂਰਗਾਮੀ ਲਾਭ ਵੀ ਸਾਹਮਣੇ ਆਏ ਹਨ। ਟਾਟਾ ਮੈਮੋਰੀਅਲ ਸੈਂਟਰ ਨੇ ਆਪਣੇ ਅਧਿਐਨ ਦੇ ਨਤੀਜਿਆਂ ਨੂੰ ਪੈਰਿਸ ਵਿੱਚ ਹੋਏ ਯੂਰਪੀਅਨ ਸੁਸਾਇਟੀ ਆਵ੍ ਮੈਡੀਕਲ ਆਨਕੋਲੋਜੀ ਵਿੱਚ, ਉਸ ਸੰਮੇਲਨ ਵਿੱਚ ਪੇਸ਼ ਕੀਤਾ ਹੈ।

ਸਾਥੀਓ, ਅੱਜ ਦੇ ਯੁਗ ਵਿੱਚ ਭਾਰਤੀ ਚਿਕਿਤਸਾ ਪੱਧਤੀਆਂ ਜਿੰਨੀਆਂ ਜ਼ਿਆਦਾ ਪ੍ਰਮਾਣ-ਅਧਾਰਿਤ ਹੋਣਗੀਆਂ, ਓਨੀਆਂ ਹੀ ਪੂਰੇ ਵਿਸ਼ਵ ਵਿੱਚ ਉਨ੍ਹਾਂ ਨੂੰ ਸਵੀਕਾਰਿਆ ਜਾਵੇਗਾ। ਇਸੇ ਸੋਚ ਦੇ ਨਾਲ ਦਿੱਲੀ ਦੇ AIIMS ਵਿੱਚ ਵੀ ਇੱਕ ਯਤਨ ਕੀਤਾ ਜਾ ਰਿਹਾ ਹੈ। ਇੱਥੇ ਸਾਡੀਆਂ ਰਵਾਇਤੀ ਚਿਕਿਤਸਾ ਪੱਧਤੀਆਂ ਨੂੰ ਵੈਧ ਕਰਨ ਦੇ ਲਈ 6 ਸਾਲ ਪਹਿਲਾਂ ਸੈਂਟਰ ਫੌਰ ਇਨਟੈਗ੍ਰੇਟਿਵ ਮੈਡੀਸਿਨ ਐਂਡ ਰਿਸਰਚ ਦੀ ਸਥਾਪਨਾ ਕੀਤੀ ਗਈ। ਇਸ ਵਿੱਚ ਨਵੀਨਤਮ ਆਧੁਨਿਕ ਤਕਨੀਕ ਅਤੇ ਖੋਜ ਪੱਧਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸੈਂਟਰ ਪਹਿਲਾਂ ਹੀ ਵੱਕਾਰੀ ਅੰਤਰਰਾਸ਼ਟਰੀ ਜਰਨਲਸ ਵਿੱਚ 20 ਪੇਪਰ ਪ੍ਰਕਾਸ਼ਿਤ ਕਰ ਚੁੱਕਾ ਹੈ। ਅਮਰੀਕਨ ਕਾਲਜ ਆਵ੍ ਕਾਰਡੀਓਲੋਜੀ ਦੇ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਪੇਪਰ ’ਚ ਸਿੰਕਪੀ ਨਾਲ ਪੀੜ੍ਹਤ ਮਰੀਜ਼ਾਂ ਨੂੰ ਯੋਗ ਨਾਲ ਹੋਣ ਵਾਲੇ ਲਾਭਾਂ ਬਾਰੇ ਦੱਸਿਆ ਗਿਆ ਹੈ। ਇਸੇ ਤਰ੍ਹਾਂ ਨਿਊਰੋਲੋਜੀ ਜਰਨਲ ਦੇ ਪੇਪਰ ਵਿੱਚ ਮਾਈਗ੍ਰੇਨ ’ਚ ਯੋਗ ਦੇ ਫਾਇਦਿਆਂ ਦੇ ਬਾਰੇ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਬਿਮਾਰੀਆਂ ਵਿੱਚ ਵੀ ਯੋਗ ਦੇ ਲਾਭਾਂ ਨੂੰ ਲੈ ਕੇ ਅਧਿਐਨ ਕੀਤਾ ਜਾ ਰਿਹਾ ਹੈ। ਜਿਵੇਂ ਦਿਲ ਦੇ ਰੋਗ, ਡਿਪ੍ਰੈਸ਼ਨ, ਨੀਂਦ ਸਬੰਧੀ ਰੋਗ ਅਤੇ ਗਰਭ ਅਵਸਥਾ ਦੇ ਦੌਰਾਨ ਮਹਿਲਾਵਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ। 

    ਸਾਥੀਓ, ਕੁਝ ਦਿਨ ਪਹਿਲਾਂ ਹੀ ਮੈਂ ਵਰਲਡ ਆਯੁਰਵੇਦ ਕਾਂਗਰਸ ਦੇ ਲਈ ਗੋਆ ਵਿੱਚ ਸੀ। ਇਸ ਵਿੱਚ 40 ਤੋਂ ਜ਼ਿਆਦਾ ਦੇਸ਼ਾਂ ਦੇ ਡੈਲੀਗੇਟ ਸ਼ਾਮਲ ਹੋਏ ਅਤੇ ਇੱਥੇ 550 ਤੋਂ ਜ਼ਿਆਦਾ ਵਿਗਿਆਨ ਸਬੰਧੀ ਪੇਪਰ ਪੇਸ਼ ਕੀਤੇ ਗਏ। ਭਾਰਤ ਸਮੇਤ ਦੁਨੀਆ ਭਰ ਦੀਆਂ ਲਗਭਗ 215 ਕੰਪਨੀਆਂ ਨੇ ਇੱਥੇ ਨੁਮਾਇਸ਼ ਵਿੱਚ ਆਪਣੇ ਉਤਪਾਦਾਂ ਨੂੰ ਪੇਸ਼ ਕੀਤਾ। 4 ਦਿਨਾਂ ਤੱਕ ਚਲੇ Expo ਵਿੱਚ ਇੱਕ ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਆਯੁਰਵੇਦ ਨਾਲ ਜੁੜੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਆਯੁਰਵੇਦ ਕਾਨਫਰੰਸ ਵਿੱਚ ਮੈਂ ਵੀ ਦੁਨੀਆ ਭਰ ਤੋਂ ਜੁਟੇ ਆਯੁਰਵੇਦ ਮਾਹਿਰਾਂ ਦੇ ਸਾਹਮਣੇ ਪ੍ਰਮਾਣ ਅਧਾਰਿਤ ਖੋਜ ਦਾ ਸੰਕਲਪ ਦੁਹਰਾਇਆ, ਜਿਸ ਤਰ੍ਹਾਂ ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਸਮੇਂ ਵਿੱਚ ਯੋਗ ਅਤੇ ਆਯੁਰਵੇਦ ਦੀ ਸ਼ਕਤੀ ਨੂੰ ਅਸੀਂ ਸਾਰੇ ਦੇਖ ਰਹੇ ਹਾਂ, ਉਸ ਵਿੱਚ ਇਨ੍ਹਾਂ ਨਾਲ ਜੁੜੀ ਪ੍ਰਮਾਣ ਅਧਾਰਿਤ ਖੋਜ ਬਹੁਤ ਹੀ ਮਹੱਤਵਪੂਰਨ ਸਾਬਿਤ ਹੋਵੇਗੀ। ਮੇਰੀ ਤੁਹਾਨੂੰ ਵੀ ਬੇਨਤੀ ਹੈ ਕਿ ਯੋਗ ਆਯੁਰਵੇਦ ਅਤੇ ਸਾਡੀਆਂ ਰਵਾਇਤੀ ਚਿਕਿਤਸਾ ਪੱਧਤੀਆਂ ਨਾਲ ਜੁੜੇ ਅਜਿਹੇ ਯਤਨਾਂ ਸਬੰਧੀ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਸ ਨੂੰ ਸੋਸ਼ਲ ਮੀਡੀਆ ’ਤੇ ਜ਼ਰੂਰ ਸ਼ੇਅਰ ਕਰੋ। 

ਮੇਰੇ ਪਿਆਰੇ ਦੇਸ਼ਵਾਸੀਓ, ਬੀਤੇ ਕੁਝ ਸਾਲਾਂ ਵਿੱਚ ਅਸੀਂ ਸਿਹਤ ਖੇਤਰ ਨਾਲ ਜੁੜੀਆਂ ਕਈ ਵੱਡੀਆਂ ਚੁਣੌਤੀਆਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਇਸ ਦਾ ਪੂਰਾ ਸਿਹਰਾ ਸਾਡੇ ਮੈਡੀਕਲ ਮਾਹਿਰਾਂ, ਵਿਗਿਆਨੀਆਂ ਅਤੇ ਦੇਸ਼ਵਾਸੀਆਂ ਦੀ ਇੱਛਾ ਸ਼ਕਤੀ ਨੂੰ ਜਾਂਦਾ ਹੈ। ਅਸੀਂ ਭਾਰਤ ਵਿੱਚੋਂ ਚੇਚਕ, ਪੋਲੀਓ, ਗਿਨੀ ਵਾਰਮ ਜਿਹੀਆਂ ਬਿਮਾਰੀਆਂ ਨੂੰ ਖ਼ਤਮ ਕਰਕੇ ਦਿਖਾਇਆ ਹੈ। 

ਅੱਜ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਮੈਂ ਇੱਕ ਹੋਰ ਚੁਣੌਤੀ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਹੁਣ ਖ਼ਤਮ ਹੋਣ ਵਾਲੀ ਹੈ। ਇਹ ਚੁਣੌਤੀ, ਇਹ ਬਿਮਾਰੀ ਹੈ ‘ਕਾਲਾ-ਆਜ਼ਾਰ’ (Kala-azar)। ਇਸ ਬਿਮਾਰੀ ਦਾ ਪ੍ਰਜੀਵੀ ਸੈਂਡ ਫਲਾਈ ਯਾਨੀ ਬਾਲੂ ਮੱਖੀ ਦੇ ਕੱਟਣ ਨਾਲ ਫੈਲਦਾ ਹੈ। ਜਦੋਂ ਕਿਸੇ ਨੂੰ ‘ਕਾਲਾ-ਆਜ਼ਾਰ’ ਹੁੰਦਾ ਹੈ ਤਾਂ ਉਸ ਨੂੰ ਕਈ ਮਹੀਨਿਆਂ ਤੱਕ ਬੁਖਾਰ ਰਹਿੰਦਾ ਹੈ, ਖੂਨ ਦੀ ਕਮੀ ਹੋ ਜਾਂਦੀ ਹੈ। ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਵਜ਼ਨ ਵੀ ਘਟ ਜਾਂਦਾ ਹੈ। ਇਹ ਬਿਮਾਰੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਸੇ ਨੂੰ ਵੀ ਹੋ ਸਕਦੀ ਹੈ। ਲੇਕਿਨ ਸਾਰਿਆਂ ਦੇ ਯਤਨ ਨਾਲ, ‘ਕਾਲਾ-ਆਜ਼ਾਰ’ ਨਾਮ ਦੀ ਇਹ ਬਿਮਾਰੀ ਹੁਣ ਤੇਜ਼ੀ ਨਾਲ ਖ਼ਤਮ ਹੁੰਦੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਤੱਕ ‘ਕਾਲਾ-ਆਜ਼ਾਰ’ ਦਾ ਪ੍ਰਕੋਪ 4 ਰਾਜਾਂ ਦੇ 50 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਸੀ। ਲੇਕਿਨ ਹੁਣ ਇਹ ਬਿਮਾਰੀ ਬਿਹਾਰ ਅਤੇ ਝਾਰਖੰਡ ਦੇ ਚਾਰ ਜ਼ਿਲ੍ਹਿਆਂ ਤੱਕ ਹੀ ਸਿਮਟ ਕੇ ਰਹਿ ਗਈ ਹੈ। ਮੈਨੂੰ ਵਿਸ਼ਵਾਸ ਹੈ ਕਿ ਬਿਹਾਰ-ਝਾਰਖੰਡ ਦੇ ਲੋਕਾਂ ਦੀ ਸਮਰੱਥਾ, ਉਨ੍ਹਾਂ ਦੀ ਜਾਗਰੂਕਤਾ, ਇਨ੍ਹਾਂ 4 ਜ਼ਿਲ੍ਹਿਆਂ ਤੋਂ ਵੀ ‘ਕਾਲਾ-ਆਜ਼ਾਰ’ ਨੂੰ ਖ਼ਤਮ ਕਰਨ ਵਿੱਚ ਸਰਕਾਰ ਦੇ ਯਤਨਾਂ ਵਿੱਚ ਸਹਾਇਤਾ ਕਰੇਗੀ। ‘ਕਾਲਾ-ਆਜ਼ਾਰ’ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਵੀ ਮੇਰੀ ਤਾਕੀਦ ਹੈ ਕਿ ਉਹ ਦੋ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਇੱਕ ਹੈ – ਸੈਂਡ ਫਲਾਈ ਜਾਂ ਬਾਲੂ ਮੱਖੀ ’ਤੇ ਰੋਕ ਅਤੇ ਦੂਸਰਾ ਜਲਦੀ ਤੋਂ ਜਲਦੀ ਇਸ ਰੋਗ ਦੀ ਪਹਿਚਾਣ ਤੇ ਪੂਰਾ ਇਲਾਜ। ‘ਕਾਲਾ-ਆਜ਼ਾਰ’ ਦਾ ਇਲਾਜ ਅਸਾਨ ਹੈ। ਇਸ ਦੇ ਲਈ ਕੰਮ ਆਉਣ ਵਾਲੀਆਂ ਦਵਾਈਆਂ ਵੀ ਬਹੁਤ ਕਾਰਗਰ ਹੁੰਦੀਆਂ ਹਨ। ਬਸ ਤੁਸੀਂ ਸੁਚੇਤ ਰਹਿਣਾ ਹੈ, ਬੁਖਾਰ ਹੋਵੇ ਤਾਂ ਲਾਪ੍ਰਵਾਹੀ ਨਾ ਵਰਤੋ ਅਤੇ ਬਾਲੂ ਮੱਖੀ ਨੂੰ ਖ਼ਤਮ ਕਰਨ ਵਾਲੀਆਂ ਦਵਾਈਆਂ ਦਾ ਛਿੜਕਾਅ ਵੀ ਕਰਦੇ ਰਹੋ। ਜ਼ਰਾ ਸੋਚੋ ਸਾਡਾ ਦੇਸ਼ ਹੁਣ ‘ਕਾਲਾ-ਆਜ਼ਾਰ’ ਤੋਂ ਵੀ ਮੁਕਤ ਹੋਵੇਗਾ ਤਾਂ ਇਹ ਸਾਡੇ ਸਾਰਿਆਂ ਦੇ ਲਈ ਕਿੰਨੀ ਖੁਸ਼ੀ ਦੀ ਗੱਲ ਹੋਵੇਗੀ। ‘ਸਭ ਦੀ ਕੋਸ਼ਿਸ਼’ ਇਸੇ ਭਾਵਨਾ ਨਾਲ ਅਸੀਂ ਭਾਰਤ ਨੂੰ 2025 ਤੱਕ ਟੀਬੀ ਮੁਕਤ ਕਰਨ ਦੇ ਲਈ ਵੀ ਕੰਮ ਕਰ ਰਹੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਬੀਤੇ ਦਿਨੀਂ ਜਦੋਂ ਟੀਬੀ ਮੁਕਤ ਭਾਰਤ ਮੁਹਿੰਮ ਸ਼ੁਰੂ ਹੋਈ ਤਾਂ ਹਜ਼ਾਰਾਂ ਲੋਕ ਟੀਬੀ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ। ਇਹ ਲੋਕ ਨਿਸ਼ਕਾਮ ਮਿੱਤਰ ਬਣ ਕੇ ਟੀਬੀ ਦੇ ਮਰੀਜ਼ਾਂ ਦੀ ਦੇਖਭਾਲ਼ ਕਰ ਰਹੇ ਹਨ, ਉਨ੍ਹਾਂ ਦੀ ਆਰਥਿਕ ਸਹਾਇਤਾ ਕਰ ਰਹੇ ਹਨ। ਜਨਸੇਵਾ ਅਤੇ ਜਨ ਭਾਗੀਦਾਰੀ ਦੀ ਇਹੀ ਸ਼ਕਤੀ ਹਰ ਮੁਸ਼ਕਿਲ ਲਕਸ਼ ਨੂੰ ਪ੍ਰਾਪਤ ਕਰਕੇ ਹੀ ਵਿਖਾਉਂਦੀ ਹੈ। 

ਮੇਰੇ ਪਿਆਰੇ ਦੇਸ਼ਵਾਸੀਓ, ਸਾਡੀ ਪਰੰਪਰਾ ਅਤੇ ਸੰਸਕ੍ਰਿਤੀ ਦਾ ਮਾਂ ਗੰਗਾ ਨਾਲ ਅਟੁੱਟ ਨਾਤਾ ਹੈ। ਗੰਗਾ ਜਲ ਸਾਡੀ ਜੀਵਨ ਧਾਰਾ ਦਾ ਅਭਿੰਨ ਹਿੱਸਾ ਰਿਹਾ ਹੈ ਅਤੇ ਸਾਡੇ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ :-

ਨਮਾਮਿ ਗੰਗੇ ਤਵ ਪਾਦ ਪੰਕਜੰ,

ਸੁਰ ਅਸੁਰੈ: ਵੰਦਿਤ ਦਿਵਯ ਰੂਪਮ੍।

ਭੁਕਤਿਮ੍ ਚ ਮੁਕਤਿਮ੍ ਚ ਦਦਾਸਿ ਨਿਤਯਮ੍,

ਭਾਵ ਅਨੁਸਾਰੇਣ ਸਦਾ ਨਰਾਣਾਮ੍॥

(नमामि गंगे तव पाद पंकजं,

सुर असुरै: वन्दित दिव्य रूपम्।

भुक्तिम् च मुक्तिम् च ददासि नित्यम्,

भाव अनुसारेण सदा नराणाम्।|)

ਅਰਥਾਤ ਹੇ ਮਾਂ ਗੰਗਾ ਤੁਸੀਂ ਆਪਣੇ ਭਗਤਾਂ ਨੂੰ ਉਨ੍ਹਾਂ ਦੇ ਭਾਵ ਦੇ ਅਨੁਸਾਰ – ਸੰਸਾਰਿਕ ਸੁੱਖ, ਅਨੰਦ ਅਤੇ ਮੋਕਸ਼ ਪ੍ਰਦਾਨ ਕਰਦੇ ਹੋ। ਸਾਰੇ ਤੁਹਾਡੇ ਪਵਿੱਤਰ ਚਰਨਾਂ ਦੀ ਪੂਜਾ ਕਰਦੇ ਹਨ। ਮੈਂ ਵੀ ਤੁਹਾਡੇ ਪਵਿੱਤਰ ਚਰਨਾਂ ਵਿੱਚ ਆਪਣਾ ਪ੍ਰਣਾਮ ਅਰਪਿਤ ਕਰਦਾ ਹਾਂ। ਅਜਿਹੇ ਵਿੱਚ ਸਦੀਆਂ ਤੋਂ ਕਲ-ਕਲ ਵਹਿੰਦੀ ਮਾਂ ਗੰਗਾ ਨੂੰ ਸਵੱਛ ਰੱਖਣਾ ਸਾਡੇ ਸਾਰਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸੇ ਉਦੇਸ਼ ਦੇ ਨਾਲ 8 ਸਾਲ ਪਹਿਲਾਂ ਅਸੀਂ ‘ਨਮਾਮਿ ਗੰਗੇ’ ਅਭਿਯਾਨ ਦੀ ਸ਼ੁਰੂਆਤ ਕੀਤੀ ਸੀ। ਸਾਡੇ ਸਾਰਿਆਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਦੀ ਇਸ ਪਹਿਲ ਨੂੰ ਅੱਜ ਦੁਨੀਆ ਭਰ ਦੀ ਸ਼ਲਾਘਾ ਮਿਲ ਰਹੀ ਹੈ। ਯੂਨਾਈਟਿਡ ਨੇਸ਼ਨਸ ਨੇ ‘ਨਮਾਮਿ ਗੰਗੇ’ ਮਿਸ਼ਨ ਨੂੰ, ਈਕੋਸਿਸਟਮ ਨੂੰ ਬਹਾਲ ਕਰਨ ਵਾਲੇ ਦੁਨੀਆ ਦੇ ਟੌਪ-10 ਇਨਸ਼ੀਏਟਿਵਸ ਵਿੱਚ ਸ਼ਾਮਲ ਕੀਤਾ ਹੈ। ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਪੂਰੇ ਵਿਸ਼ਵ ਦੇ 160 ਅਜਿਹੇ ਇਨਸ਼ੀਏਟਿਵ ਵਿੱਚ ‘ਨਮਾਮਿ ਗੰਗੇ’ ਨੂੰ ਇਹ ਸਨਮਾਨ ਮਿਲਿਆ ਹੈ। 

ਸਾਥੀਓ, ‘ਨਮਾਮਿ ਗੰਗੇ’ ਮੁਹਿੰਮ ਦੀ ਸਭ ਤੋਂ ਵੱਡੀ ਊਰਜਾ ਲੋਕਾਂ ਦੀ ਨਿਰੰਤਰ ਭਾਗੀਦਾਰੀ ਹੈ। ‘ਨਮਾਮਿ ਗੰਗੇ’ ਮੁਹਿੰਮ ਵਿੱਚ ਗੰਗਾ ਪ੍ਰਹਿਰੀਆਂ ਅਤੇ ਗੰਗਾ ਦੂਤਾਂ ਦੀ ਵੀ ਬੜੀ ਵੱਡੀ ਭੂਮਿਕਾ ਹੈ, ਉਹ ਦਰੱਖ਼ਤ ਲਗਾਉਣ, ਘਾਟੀ ਦੀ ਸਫਾਈ, ਗੰਗਾ ਆਰਤੀ, ਨੁੱਕੜ ਨਾਟਕ, ਪੇਂਟਿੰਗ ਅਤੇ ਕਵਿਤਾਵਾਂ ਦੇ ਜ਼ਰੀਏ ਜਾਗਰੂਕਤਾ ਫੈਲਾਉਣ ਵਿੱਚ ਜੁਟੇ ਹਨ। ਇਸ ਮੁਹਿੰਮ ਨਾਲ ਜੈਵਿਕ ਵਿਵਿਧਤਾ ਵਿੱਚ ਵੀ ਕਾਫੀ ਸੁਧਾਰ ਦੇਖਿਆ ਜਾ ਰਿਹਾ ਹੈ। ਹਿਲਸਾ ਮੱਛੀ, ਗੰਗਾ ਡਾਲਫਿਨ ਅਤੇ ਕੱਛੂਕੰਮਿਆਂ ਦੀਆਂ ਵਿਭਿੰਨ ਪ੍ਰਜਾਤੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਗੰਗਾ ਦਾ ਈਕੋਸਿਸਟਮ ਸਾਫ ਹੋਣ ਦੇ ਨਾਲ ਰੋਜ਼ਗਾਰ ਦੇ ਹੋਰ ਮੌਕੇ ਵੀ ਵਧ ਰਹੇ ਹਨ। ਇੱਥੇ ਮੈਂ ‘ਜਲਜ ਆਜੀਵਿਕਾ ਮਾਡਲ’ ਦੀ ਚਰਚਾ ਕਰਨਾ ਚਾਹਾਂਗਾ ਜੋ ਕਿ ਜੈਵਿਕ ਵਿਵਿਧਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਟੂਰਿਜ਼ਮ ਅਧਾਰਿਤ ਬੋਟ ਸਫਾਰੀਆਂ ਨੂੰ 26 ਥਾਵਾਂ ’ਤੇ ਲਾਂਚ ਕੀਤਾ ਗਿਆ ਹੈ। ਜ਼ਾਹਿਰ ਹੈ ‘ਨਮਾਮਿ ਗੰਗੇ’ ਮਿਸ਼ਨ ਦਾ ਵਿਸਤਾਰ, ਉਸ ਦਾ ਦਾਇਰਾ ਨਦੀ ਦੀ ਸਫਾਈ ਨਾਲ ਕਿਤੇ ਜ਼ਿਆਦਾ ਵਧਿਆ ਹੈ। ਇਹ ਜਿੱਥੇ ਸਾਡੀ ਇੱਛਾ ਸ਼ਕਤੀ ਅਤੇ ਅਣਥੱਕ ਯਤਨਾਂ ਦਾ ਇੱਕ ਪ੍ਰਤੱਖ ਪ੍ਰਮਾਣ ਹੈ, ਉੱਥੇ ਹੀ ਇਹ ਵਾਤਾਵਰਣ ਸੰਭਾਲ਼ ਦੀ ਦਿਸ਼ਾ ਵਿੱਚ ਵਿਸ਼ਵ ਨੂੰ ਵੀ ਇੱਕ ਨਵਾਂ ਰਸਤਾ ਵਿਖਾਉਣ ਵਾਲਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਸਾਡੀ ਸੰਕਲਪ ਸ਼ਕਤੀ ਮਜ਼ਬੂਤ ਹੋਵੇ ਤਾਂ ਵੱਡੀ ਤੋਂ ਵੱਡੀ ਚੁਣੌਤੀ ਵੀ ਆਸਾਨ ਹੋ ਜਾਂਦੀ ਹੈ। ਇਸ ਦੀ ਮਿਸਾਲ ਪੇਸ਼ ਕੀਤੀ ਹੈ – ਸਿੱਕਿਮ ਦੇ ਥੇਗੂ ਪਿੰਡ ਦੇ ‘ਸੰਗੇ ਸ਼ੇਰਪਾ ਜੀ’ ਨੇ। ਇਹ ਪਿਛਲੇ 14 ਸਾਲਾਂ ਤੋਂ 12 ਹਜ਼ਾਰ ਫੁੱਟ ਤੋਂ ਵੀ ਜ਼ਿਆਦਾ ਦੀ ਉਚਾਈ ’ਤੇ ਵਾਤਾਵਰਣ ਸੰਭਾਲ਼ ਦੇ ਕੰਮ ਵਿੱਚ ਜੁਟੇ ਹੋਏ ਹਨ। ਸੰਗੇ ਜੀ ਨੇ ਸੰਸਕ੍ਰਿਤਿਕ ਅਤੇ ਪੋਰਾਣਿਕ ਮਹੱਤਵ ਦੀ ਸੋਮਗੋ ਝੀਲ ਨੂੰ ਸਵੱਛ ਰੱਖਣ ਦੀ ਜ਼ਿੰਮੇਵਾਰੀ ਚੁੱਕੀ ਹੈ। ਆਪਣੇ ਅਣਥੱਕ ਯਤਨਾਂ ਨਾਲ ਉਨ੍ਹਾਂ ਨੇ ਇਸ ਗਲੇਸ਼ੀਅਰ ਲੇਕ ਦਾ ਰੰਗ-ਰੂਪ ਹੀ ਬਦਲ ਸੁੱਟਿਆ ਹੈ। ਸਾਲ 2008 ਵਿੱਚ ਸੰਗੇ ਸ਼ੇਰਪਾ ਜੀ ਨੇ ਜਦੋਂ ਸਵੱਛਤਾ ਦੀ ਇਹ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੇਕਿਨ ਦੇਖਦੇ ਹੀ ਦੇਖਦੇ ਉਨ੍ਹਾਂ ਦੇ ਇਸ ਨੇਕ ਕੰਮਾਂ ਵਿੱਚ ਨੌਜਵਾਨਾਂ ਅਤੇ ਪਿੰਡ ਦੇ ਲੋਕਾਂ ਦੇ ਨਾਲ ਪੰਚਾਇਤ ਦਾ ਵੀ ਭਰਪੂਰ ਸਹਿਯੋਗ ਮਿਲਣ ਲਗਿਆ। ਅੱਜ ਜੇਕਰ ਤੁਸੀਂ ਸੋਮਗੋ ਝੀਲ ਨੂੰ ਦੇਖਣ ਜਾਓਗੇ ਤਾਂ ਉੱਥੇ ਚਾਰੇ ਪਾਸੇ ਤੁਹਾਨੂੰ ਵੱਡੇ-ਵੱਡੇ ਗਾਰਬੇਜ ਬਿਨ ਮਿਲਣਗੇ, ਹੁਣ ਇੱਥੇ ਜਮ੍ਹਾਂ ਹੋਏ ਕੂੜੇ-ਕਚਰੇ ਨੂੰ ਰੀਸਾਈਕਲਿੰਗ ਦੇ ਲਈ ਭੇਜਿਆ ਜਾਂਦਾ ਹੈ। ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਕੱਪੜਿਆਂ ਨਾਲ ਬਣੇ ਗਾਰਬੇਜ ਬੈਗ ਵੀ ਦਿੱਤੇ ਜਾਂਦੇ ਹਨ ਤਾਂ ਕਿ ਕੂੜਾ-ਕਚਰਾ ਇੱਧਰ-ਉੱਧਰ ਨਾ ਸੁੱਟਿਆ ਜਾਵੇ। ਹੁਣ ਬੇਹੱਦ ਸਾਫ-ਸੁਥਰੀ ਹੋ ਚੁੱਕੀ ਇਸ ਝੀਲ ਨੂੰ ਦੇਖਣ ਦੇ ਲਈ ਹਰ ਸਾਲ ਲਗਭਗ 5 ਲੱਖ ਸੈਲਾਨੀ ਇੱਥੇ ਪਹੁੰਚਦੇ ਹਨ। ਸੋਮਗੋ ਲੇਕ ਦੀ ਸੰਭਾਲ਼ ਦੇ ਇਸ ਅਨੋਖੇ ਯਤਨ ਦੇ ਲਈ ਸੰਗੇ ਸ਼ੇਰਪਾ ਜੀ ਨੂੰ ਕਈ ਸੰਸਥਾਵਾਂ ਨੇ ਸਨਮਾਨਿਤ ਵੀ ਕੀਤਾ ਹੈ। ਅਜਿਹੀਆਂ ਹੀ ਕੋਸ਼ਿਸ਼ਾਂ ਦੀ ਬਦੌਲਤ ਅੱਜ ਸਿੱਕਿਮ ਦੀ ਗਿਣਤੀ ਭਾਰਤ ਦੇ ਸਭ ਤੋਂ ਸਵੱਛ ਰਾਜਾਂ ਵਿੱਚ ਹੁੰਦੀ ਹੈ। ਮੈਂ ਸੰਗੇ ਸ਼ੇਰਪਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ-ਨਾਲ ਦੇਸ਼ ਭਰ ਵਿੱਚ ਵਾਤਾਵਰਣ ਸੰਭਾਲ਼ ਦੇ ਨੇਕ ਯਤਨਾਂ ਵਿੱਚ ਜੁਟੇ ਲੋਕਾਂ ਦੀ ਵੀ ਦਿਲੋਂ ਸ਼ਲਾਘਾ ਕਰਦਾ ਹਾਂ। 

ਸਾਥੀਓ, ਮੈਨੂੰ ਖੁਸ਼ੀ ਹੈ ਕਿ ‘ਸਵੱਛ ਭਾਰਤ ਮਿਸ਼ਨ’ ਅੱਜ ਹਰ ਭਾਰਤੀ ਦੇ ਮਨ ਵਿੱਚ ਰਚ-ਵਸ ਚੁੱਕਿਆ ਹੈ। ਸਾਲ 2014 ਵਿੱਚ ਇਸ ਜਨ ਅੰਦੋਲਨ ਦੇ ਸ਼ੁਰੂ ਹੋਣ ਦੇ ਨਾਲ ਹੀ, ਇਸ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣ ਲਈ ਲੋਕਾਂ ਨੇ ਕਈ ਅਨੋਖੇ ਯਤਨ ਕੀਤੇ ਹਨ ਅਤੇ ਇਹ ਯਤਨ ਸਿਰਫ਼ ਸਮਾਜ ਦੇ ਅੰਦਰ ਹੀ ਨਹੀਂ, ਬਲਕਿ ਸਰਕਾਰ ਦੇ ਅੰਦਰ ਵੀ ਹੋ ਰਹੇ ਹਨ। ਲਗਾਤਾਰ ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਇਹ ਹੈ – ਕੂੜਾ-ਕਚਰਾ ਹਟਣ ਦੇ ਕਾਰਨ ਗ਼ੈਰ-ਜ਼ਰੂਰੀ ਸਮਾਨ ਹਟਣ ਦੇ ਕਾਰਨ ਦਫਤਰਾਂ ਵਿੱਚ ਕਾਫੀ ਜਗ੍ਹਾ ਖੁੱਲ੍ਹ ਜਾਂਦੀ ਹੈ, ਨਵੀਂ ਜਗ੍ਹਾ ਮਿਲ ਜਾਂਦੀ ਹੈ। ਪਹਿਲਾਂ ਜਗ੍ਹਾ ਦੀ ਕਮੀ ਦੇ ਕਾਰਨ ਦੂਰ-ਦੂਰ ਕਿਰਾਏ ’ਤੇ ਦਫ਼ਤਰ ਰੱਖਣੇ ਪੈਂਦੇ ਸਨ। ਇਨ੍ਹੀਂ ਦਿਨੀਂ ਇਸ ਸਾਫ-ਸਫਾਈ ਦੇ ਕਾਰਨ ਇੰਨੀ ਜਗ੍ਹਾ ਮਿਲ ਰਹੀ ਹੈ ਕਿ ਹੁਣ ਇੱਕ ਹੀ ਥਾਂ ’ਤੇ ਸਾਰੇ ਦਫ਼ਤਰ ਬੈਠ ਰਹੇ ਹਨ। ਪਿਛਲੇ ਦਿਨੀਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਵੀ ਮੁੰਬਈ ਵਿੱਚ, ਅਹਿਮਦਾਬਾਦ ਵਿੱਚ, ਕੋਲਕਾਤਾ ਵਿੱਚ, ਸ਼ਿਲੌਂਗ ਵਿੱਚ ਕਈ ਸ਼ਹਿਰਾਂ ਵਿੱਚ ਆਪਣੇ ਦਫ਼ਤਰਾਂ ’ਚ ਭਰਪੂਰ ਯਤਨ ਕੀਤਾ, ਇਸ ਕਾਰਨ ਉਨ੍ਹਾਂ ਨੂੰ ਦੋ-ਦੋ, ਤਿੰਨ-ਤਿੰਨ ਮੰਜ਼ਿਲਾਂ ਪੂਰੀ ਤਰ੍ਹਾਂ ਨਾਲ ਨਵੇਂ ਸਿਰੇ ਤੋਂ ਕੰਮ ਵਿੱਚ ਆ ਸਕਣ, ਅਜਿਹੀਆਂ ਪ੍ਰਾਪਤ ਹੋ ਗਈਆਂ। ਇਹ ਆਪਣੇ ਆਪ ਵਿੱਚ ਸਵੱਛਤਾ ਦੇ ਕਾਰਨ ਸਾਡੇ ਸਾਧਨਾਂ ਦੀ ਵੱਧ ਤੋਂ ਵੱਧ ਉਪਯੋਗਤਾ ਦਾ ਉੱਤਮ ਅਨੁਭਵ ਆ ਰਿਹਾ ਹੈ। ਸਮਾਜ ਵਿੱਚ ਵੀ ਪਿੰਡ-ਪਿੰਡ, ਸ਼ਹਿਰ-ਸ਼ਹਿਰ ’ਚ ਵੀ ਉਸੇ ਤਰ੍ਹਾਂ ਨਾਲ ਦਫ਼ਤਰਾਂ ਵਿੱਚ ਵੀ ਇਹ ਮੁਹਿੰਮ ਦੇਸ਼ ਦੇ ਲਈ ਹਰ ਤਰ੍ਹਾਂ ਨਾਲ ਲਾਭਕਾਰੀ ਸਿੱਧ ਹੋ ਰਹੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਆਪਣੀ ਕਲਾ-ਸੰਸਕ੍ਰਿਤੀ ਨੂੰ ਲੈ ਕੇ ਇੱਕ ਨਵੀਂ ਜਾਗਰੂਕਤਾ ਆ ਗਈ ਹੈ। ਇੱਕ ਨਵੀਂ ਚੇਤਨਾ ਜਾਗ੍ਰਿਤ ਹੋ ਰਹੀ ਹੈ। ‘ਮਨ ਕੀ ਬਾਤ’ ਵਿੱਚ ਅਸੀਂ ਅਕਸਰ ਅਜਿਹੇ ਉਦਾਹਰਣਾਂ ਦੀ ਚਰਚਾ ਵੀ ਕਰਦੇ ਹਾਂ। ਜਿਵੇਂ ਕਲਾ, ਸਾਹਿਤ ਅਤੇ ਸੰਸਕ੍ਰਿਤੀ ਸਮਾਜ ਦੀ ਸਮੂਹਿਕ ਪੂੰਜੀ ਹੁੰਦੇ ਹਨ, ਉਂਝ ਹੀ ਇਨ੍ਹਾਂ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਵੀ ਪੂਰੇ ਸਮਾਜ ਦੀ ਹੁੰਦੀ ਹੈ। ਅਜਿਹਾ ਹੀ ਇੱਕ ਸਫ਼ਲ ਯਤਨ ਲਕਸ਼ਦ੍ਵੀਪ ਵਿੱਚ ਹੋ ਰਿਹਾ ਹੈ। ਇੱਥੇ ਕਲਪੇਨੀ ਦ੍ਵੀਪ ’ਤੇ ਇੱਕ ਕਲੱਬ ਹੈ – ਕੁਮੇਲ ਬ੍ਰਦਰਸ ਚੈਲੰਜਰਸ ਕਲੱਬ। ਇਹ ਕਲੱਬ ਨੌਜਵਾਨਾਂ ਨੂੰ ਸਥਾਨਕ ਸੰਸਕ੍ਰਿਤੀ ਅਤੇ ਰਵਾਇਤੀ ਕਲਾਵਾਂ ਦੀ ਸੰਭਾਲ਼ ਦੇ ਲਈ ਪ੍ਰੇਰਿਤ ਕਰਦਾ ਹੈ। ਇੱਥੇ ਨੌਜਵਾਨਾਂ ਨੂੰ ਲੋਕਲ ਆਰਟ ਕੋਲਕਲੀ, ਪਰੀਚਾਕਲੀ, ਕਿੱਲੀ ਪਾਟ ਅਤੇ ਰਵਾਇਤੀ ਗਾਣਿਆਂ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਯਾਨੀ ਪੁਰਾਣੀ ਵਿਰਾਸਤ ਨਵੀਂ ਪੀੜ੍ਹੀ ਦੇ ਹੱਥਾਂ ਵਿੱਚ ਸੁਰੱਖਿਅਤ ਹੋ ਰਹੀ ਹੈ, ਅੱਗੇ ਵਧ ਰਹੀ ਹੈ ਅਤੇ ਸਾਥੀਓ ਮੈਨੂੰ ਖੁਸ਼ੀ ਹੈ ਕਿ ਇਸ ਤਰ੍ਹਾਂ ਦੇ ਯਤਨ ਦੇਸ਼ ਵਿੱਚ ਹੀ ਨਹੀਂ, ਵਿਦੇਸ਼ ਵਿੱਚ ਵੀ ਹੋ ਰਹੇ ਹਨ। ਹੁਣੇ ਜਿਹੇ ਹੀ ਦੁਬਈ ਤੋਂ ਖ਼ਬਰ ਆਈ ਕਿ ਉੱਥੇ ਦੀ ਕਲਾਰੀ ਕਲੱਬ ਨੇ ਗਿੰਨੀਜ਼ ਬੁੱਕ ਆਵ੍ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕੀਤਾ ਹੈ। ਕੋਈ ਵੀ ਸੋਚ ਸਕਦਾ ਹੈ ਕਿ ਦੁਬਈ ਦੇ ਕਲੱਬ ਨੇ ਰਿਕਾਰਡ ਬਣਾਇਆ ਤਾਂ ਇਸ ਨਾਲ ਭਾਰਤ ਦਾ ਕੀ ਸਬੰਧ। ਦਰਅਸਲ ਇਹ ਰਿਕਾਰਡ ਭਾਰਤ ਦੀ ਪ੍ਰਾਚੀਨ ਮਾਰਸ਼ਲ ਆਰਟ ਕਲਾਰੀਪਯਟੂ ਨਾਲ ਜੁੜਿਆ ਹੈ। ਇਹ ਰਿਕਾਰਡ ਇੱਕੋ ਵੇਲੇ ਸਭ ਤੋਂ ਜ਼ਿਆਦਾ ਲੋਕਾਂ ਵੱਲੋਂ ਕਲਾਰੀ ਦੇ ਪ੍ਰਦਰਸ਼ਨ ਦਾ ਹੈ। ਕਲਾਰੀ ਕਲੱਬ ਦੁਬਈ ਨੇ ਦੁਬਈ ਪੁਲਿਸ ਦੇ ਨਾਲ ਮਿਲ ਕੇ ਇਹ ਪਲਾਨ ਕੀਤਾ ਅਤੇ UAE ਦੇ ਨੈਸ਼ਨਲ ਡੇ ਵਿੱਚ ਪ੍ਰਦਰਸ਼ਿਤ ਕੀਤਾ। ਇਸ ਆਯੋਜਨ ਵਿੱਚ 4 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ ਲੋਕਾਂ ਨੇ ਕਲਾਰੀ ਦੀ ਆਪਣੀ ਸਮਰੱਥਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਵੱਖ-ਵੱਖ ਪੀੜ੍ਹੀਆਂ ਕਿਵੇਂ ਇੱਕ ਪ੍ਰਾਚੀਨ ਪਰੰਪਰਾ ਨੂੰ ਅੱਗੇ ਵਧਾ ਰਹੀਆਂ ਹਨ, ਪੂਰੇ ਮਨ ਨਾਲ ਵਧਾ ਰਹੀਆਂ ਹਨ, ਇਹ ਉਸ ਦਾ ਅਨੋਖਾ ਉਦਾਹਰਣ ਹੈ। 

ਸਾਥੀਓ, ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਮੈਂ ਕਰਨਾਟਕਾ ਦੇ ਗਡਕ ਜ਼ਿਲ੍ਹੇ ਵਿੱਚ ਰਹਿਣ ਵਾਲੇ ‘ਕਵੇਮ ਸ਼੍ਰੀ ਜੀ’ ਬਾਰੇ ਵੀ ਦੱਸਣਾ ਚਾਹੁੰਦਾ ਹਾਂ। ਕਵੇਮ ਸ਼੍ਰੀ ਦੱਖਣ ਵਿੱਚ ਕਰਨਾਟਕਾ ਦੀ ਕਲਾ-ਸੰਸਕ੍ਰਿਤੀ ਨੂੰ ਮੁੜ-ਸੁਰਜੀਤ ਕਰਨ ਦੇ ਮਿਸ਼ਨ ਵਿੱਚ ਪਿਛਲੇ 25 ਸਾਲਾਂ ਤੋਂ ਲਗਾਤਾਰ ਲਗੇ ਹੋਏ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਨ੍ਹਾਂ ਦੀ ਤਪੱਸਿਆ ਕਿੰਨੀ ਵੱਡੀ ਹੈ। ਪਹਿਲਾਂ ਤਾਂ ਉਹ ਹੋਟਲ ਮੈਨੇਜਮੈਂਟ ਦੇ ਪੇਸ਼ੇ ਨਾਲ ਜੁੜੇ ਸਨ, ਲੇਕਿਨ ਆਪਣੀ ਸੰਸਕ੍ਰਿਤੀ ਅਤੇ ਪਰੰਪਰਾ ਨੂੰ ਲੈ ਕੇ ਉਨ੍ਹਾਂ ਦਾ ਲਗਾਅ ਏਨਾ ਡੂੰਘਾ ਸੀ ਕਿ ਉਨ੍ਹਾਂ ਨੇ ਇਸ ਨੂੰ ਆਪਣਾ ਮਿਸ਼ਨ ਬਣਾ ਲਿਆ। ਉਨ੍ਹਾਂ ਨੇ ਕਲਾ ਚੇਤਨਾ ਦੇ ਨਾਲ-ਨਾਲ ਇੱਕ ਮੰਚ ਬਣਾਇਆ, ਇਹ ਮੰਚ ਅੱਜ ਕਰਨਾਟਕਾ ਦੇ ਅਤੇ ਦੇਸ਼-ਵਿਦੇਸ਼ ਦੇ ਕਈ ਕਲਾਕਾਰਾਂ ਦੇ, ਕਈ ਪ੍ਰੋਗਰਾਮ ਆਯੋਜਿਤ ਕਰਦਾ ਹੈ। ਇਸ ਵਿੱਚ ਲੋਕਲ ਆਰਟ ਅਤੇ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਲਈ ਕਈ ਇਨੋਵੇਟਿਵ ਕੰਮ ਵੀ ਹੁੰਦੇ ਹਨ। 

ਸਾਥੀਓ, ਆਪਣੀ ਕਲਾ-ਸੰਸਕ੍ਰਿਤੀ ਦੇ ਪ੍ਰਤੀ ਦੇਸ਼ਵਾਸੀਆਂ ਦਾ ਇਹ ਉਤਸ਼ਾਹ ‘ਆਪਣੀ ਵਿਰਾਸਤ ’ਤੇ ਫ਼ਖਰ’ ਦੀ ਭਾਵਨਾ ਦਾ ਹੀ ਪ੍ਰਗਟੀਕਰਣ ਹੈ। ਸਾਡੇ ਦੇਸ਼ ਵਿੱਚ ਤਾਂ ਹਰ ਕੋਨੇ ’ਚ ਅਜਿਹੇ ਕਿੰਨੇ ਹੀ ਰੰਗ ਖਿਲਰੇ ਹੋਏ ਹਨ। ਸਾਨੂੰ ਇਨ੍ਹਾਂ ਨੂੰ ਸਜਾਉਣ-ਸੰਵਾਰਨ ਅਤੇ ਇਨ੍ਹਾਂ ਦੀ ਸੰਭਾਲ਼ ਦੇ ਲਈ ਲਗਾਤਾਰ ਕੰਮ ਕਰਨਾ ਚਾਹੀਦਾ ਹੈ। 

ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਦੇ ਅਨੇਕ ਖੇਤਰਾਂ ਵਿੱਚ ਬਾਂਸ ਤੋਂ ਅਨੇਕ ਸੁੰਦਰ ਅਤੇ ਉਪਯੋਗੀ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਵਿਸ਼ੇਸ਼ ਰੂਪ ’ਚ ਆਦਿਵਾਸੀ ਖੇਤਰਾਂ ਵਿੱਚ ਬਾਂਸ ਦੇ ਕੁਸ਼ਲ ਕਾਰੀਗਰ, ਕੁਸ਼ਲ ਕਲਾਕਾਰ ਹਨ। ਜਦੋਂ ਤੋਂ ਦੇਸ਼ ਨੇ ਬਾਂਸ ਨਾਲ ਜੁੜੇ ਅੰਗ੍ਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨਾਂ ਨੂੰ ਬਦਲਿਆ ਹੈ, ਇਸ ਦਾ ਵੱਡਾ ਬਜ਼ਾਰ ਤਿਆਰ ਹੋ ਗਿਆ ਹੈ। ਮਹਾਰਾਸ਼ਟਰ ਦੇ ਪਾਲ ਘਰ ਵਰਗੇ ਖੇਤਰਾਂ ਵਿੱਚ ਵੀ ਆਦਿਵਾਸੀ ਸਮਾਜ ਦੇ ਲੋਕ ਬਾਂਸ ਨਾਲ ਕਈ ਖੂਬਸੂਰਤ ਉਤਪਾਦ ਬਣਾਉਂਦੇ ਹਨ। ਬਾਂਸ ਨਾਲ ਬਣਨ ਵਾਲੇ ਬਕਸੇ, ਕੁਰਸੀ, ਚਾਹਦਾਨੀ, ਟੋਕਰੀਆਂ ਅਤੇ ਟ੍ਰੇਅ ਜਿਹੀਆਂ ਚੀਜ਼ਾਂ ਖੂਬ ਹਰਮਨ-ਪਿਆਰੀਆਂ ਹੋ ਰਹੀਆਂ ਹਨ। ਇਹੀ ਨਹੀਂ, ਇਹ ਲੋਕ ਬਾਂਸ ਦੇ ਘਾਹ ਤੋਂ ਖੂਬਸੂਰਤ ਕੱਪੜੇ ਅਤੇ ਸਜਾਵਟ ਦੀਆਂ ਚੀਜ਼ਾਂ ਵੀ ਬਣਾਉਂਦੇ ਹਨ। ਇਸ ਨਾਲ ਆਦਿਵਾਸੀ ਮਹਿਲਾਵਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਅਤੇ ਉਨ੍ਹਾਂ ਦੇ ਹੁਨਰ ਨੂੰ ਪਹਿਚਾਣ ਵੀ ਮਿਲ ਰਹੀ ਹੈ। 

ਸਾਥੀਓ, ਕਰਨਾਟਕ ਦੇ ਇੱਕ ਪਤੀ-ਪਤਨੀ ਸੁਪਾਰੀ ਦੇ ਰੇਸ਼ੇ ਤੋਂ ਬਣੇ ਕਈ ਅਨੋਖੇ ਉਤਪਾਦ ਅੰਤਰਰਾਸ਼ਟਰੀ ਬਜ਼ਾਰ ਤੱਕ ਪਹੁੰਚਾ ਰਿਹਾ ਹੈ। ਕਰਨਾਟਕ ਵਿੱਚ ਸ਼ਿਵਮੋਗਾ ਦੇ ਪਤੀ-ਪਤਨੀ ਹਨ – ਸ਼੍ਰੀਮਾਨ ਸੁਰੇਸ਼ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਮੈਥਿਲੀ। ਇਹ ਲੋਕ ਸੁਪਾਰੀ ਦੇ ਰੇਸ਼ੇ ਨਾਲ ਟ੍ਰੇਅ, ਪਲੇਟ ਅਤੇ ਹੈਂਡ ਬੈਗ ਤੋਂ ਲੈ ਕੇ ਹੋਰ ਕਈ ਸਜਾਵਟੀ ਚੀਜ਼ਾਂ ਬਣਾ ਰਹੇ ਹਨ। ਇਸੇ ਰੇਸ਼ੇ ਨਾਲ ਬਣੀਆਂ ਚੱਪਲਾਂ ਵੀ ਅੱਜ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਉਤਪਾਦ ਅੱਜ ਲੰਦਨ ਅਤੇ ਯੂਰਪ ਦੇ ਦੂਸਰੇ ਬਜ਼ਾਰਾਂ ਵਿੱਚ ਵੀ ਵਿਕ ਰਹੇ ਹਨ। ਇਹੀ ਤਾਂ ਸਾਡੇ ਕੁਦਰਤੀ ਸਾਧਨਾਂ ਅਤੇ ਰਵਾਇਤੀ ਹੁਨਰ ਦੀ ਖੂਬੀ ਹੈ ਜੋ ਸਾਰਿਆਂ ਨੂੰ ਪਸੰਦ ਆ ਰਹੀ ਹੈ। ਭਾਰਤ ਦੇ ਇਸ ਰਵਾਇਤੀ ਗਿਆਨ ਵਿੱਚ ਦੁਨੀਆ ਟਿਕਾਊ ਭਵਿੱਖ ਦੇ ਰਸਤੇ ਦੇਖ ਰਹੀ ਹੈ। ਸਾਨੂੰ ਖ਼ੁਦ ਵੀ ਇਸ ਦਿਸ਼ਾ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਹੋਣ ਦੀ ਜ਼ਰੂਰਤ ਹੈ। ਅਸੀਂ ਖ਼ੁਦ ਵੀ ਅਜਿਹੇ ਸੁਦੇਸ਼ੀ ਅਤੇ ਸਥਾਨਕ ਉਤਪਾਦ ਇਸਤੇਮਾਲ ਕਰੀਏ ਅਤੇ ਦੂਸਰਿਆਂ ਨੂੰ ਵੀ ਤੋਹਫ਼ੇ ਵਿੱਚ ਦੇਈਏ। ਇਸ ਨਾਲ ਸਾਡੀ ਪਹਿਚਾਣ ਵੀ ਮਜ਼ਬੂਤ ਹੋਵੇਗੀ। ਸਥਾਨਕ ਅਰਥਵਿਵਸਥਾ ਵੀ ਮਜ਼ਬੂਤ ਹੋਵੇਗੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਭਵਿੱਖ ਵੀ ਰੋਸ਼ਨ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਅਸੀਂ ਹੌਲ਼ੀ-ਹੌਲ਼ੀ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦੇ ਸ਼ਾਨਦਾਰ ਪੜਾਅ ਵੱਲ ਵਧ ਰਹੇ ਹਾਂ। ਮੈਨੂੰ ਕਈ ਦੇਸ਼ਵਾਸੀਆਂ ਦੇ ਪੱਤਰ ਮਿਲੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 100ਵੇਂ ਐਪੀਸੋਡ ਦੇ ਬਾਰੇ ਵੱਡੀ ਜਗਿਆਸਾ ਪ੍ਰਗਟ ਕੀਤੀ ਹੈ। 100ਵੇਂ ਐਪੀਸੋਡ ਵਿੱਚ ਅਸੀਂ ਕੀ ਗੱਲ ਕਰੀਏ, ਉਸ ਨੂੰ ਕਿਵੇਂ ਖਾਸ ਬਣਾਈਏ, ਇਸ ਦੇ ਲਈ ਤੁਸੀਂ ਮੈਨੂੰ ਆਪਣੇ ਸੁਝਾਅ ਭੇਜੋਗੇ ਤਾਂ ਮੈਨੂੰ ਬਹੁਤ ਚੰਗਾ ਲਗੇਗਾ। ਅਗਲੀ ਵਾਰ ਅਸੀਂ ਸਾਲ 2023 ਵਿੱਚ ਮਿਲਾਂਗੇ। ਮੈਂ ਤੁਹਾਨੂੰ ਸਾਰਿਆਂ ਨੂੰ ਸਾਲ 2023 ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਸਾਲ ਵੀ ਦੇਸ਼ ਦੇ ਲਈ ਖਾਸ ਰਹੇ। ਦੇਸ਼ ਨਵੀਆਂ ਉਚਾਈਆਂ ਨੂੰ ਛੂੰਹਦਾ ਰਹੇ। ਅਸੀਂ ਮਿਲ ਕੇ ਸੰਕਲਪ ਵੀ ਲੈਣਾ ਹੈ, ਸਾਕਾਰ ਵੀ ਕਰਨਾ ਹੈ। ਇਸ ਵੇਲੇ ਬਹੁਤ ਸਾਰੇ ਲੋਕ ਛੁੱਟੀਆਂ ਦੇ ਮੂਡ ਵਿੱਚ ਵੀ ਹਨ, ਤੁਸੀਂ ਇਨ੍ਹਾਂ ਤਿਉਹਾਰਾਂ ਦਾ, ਇਨ੍ਹਾਂ ਮੌਕਿਆਂ ਦਾ ਖੂਬ ਅਨੰਦ ਲਓ, ਲੇਕਿਨ ਥੋੜ੍ਹਾ ਸੁਚੇਤ ਵੀ ਰਹੋ। ਤੁਸੀਂ ਵੀ ਦੇਖ ਰਹੇ ਹੋ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਧ ਰਿਹਾ ਹੈ। ਇਸ ਲਈ ਅਸੀਂ ਮਾਸਕ ਅਤੇ ਹੱਥ ਧੋਣ ਜਿਹੀਆਂ ਸਾਵਧਾਨੀਆਂ ਦਾ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਹੈ। ਅਸੀਂ ਸਾਵਧਾਨ ਰਹਾਂਗੇ ਤਾਂ ਸੁਰੱਖਿਅਤ ਵੀ ਰਹਾਂਗੇ ਅਤੇ ਸਾਡੀ ਖੁਸ਼ੀ ਵਿੱਚ ਕੋਈ ਰੁਕਾਵਟ ਵੀ ਨਹੀਂ ਪਏਗੀ। ਇਸੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਢੇਰ ਸਾਰੀਆਂ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ, ਨਮਸਕਾਰ।

 

*****

ਡੀਐੱਸ/ਐੱਲਪੀ/ਵੀਕੇ