ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਮਣੀਪੁਰ ਸੰਗਈ ਫੈਸਟੀਵਲ ਨੂੰ ਸੰਬੋਧਨ ਕੀਤਾ। ਰਾਜ ਵਿੱਚ ਸਭ ਤੋਂ ਮਹਾਨ ਤਿਉਹਾਰ ਵਜੋਂ ਮਨਾਇਆ ਜਾਣ ਵਾਲਾ ਮਣੀਪੁਰ ਸੰਗਈ ਫੈਸਟੀਵਲ ਮਣੀਪੁਰ ਨੂੰ ਇੱਕ ਵਿਸ਼ਵ ਪੱਧਰੀ ਟੂਰਿਸਟ ਸਥਾਨ ਵਜੋਂ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਤਿਉਹਾਰ ਦਾ ਨਾਮ ਰਾਜ ਦੇ ਜਾਨਵਰ, ਸੰਗਈ ਦੇ ਨਾਮ ‘ਤੇ ਰੱਖਿਆ ਗਿਆ ਹੈ, ਜੋ ਸਿਰਫ਼ ਮਣੀਪੁਰ ਵਿੱਚ ਪਾਇਆ ਜਾਂਦਾ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਣੀਪੁਰ ਸੰਗਈ ਫੈਸਟੀਵਲ ਦੇ ਸਫ਼ਲ ਆਯੋਜਨ ਲਈ ਮਣੀਪੁਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਹ ਮੇਲਾ ਕੋਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਦੇ ਵਕਫ਼ੇ ਪਿੱਛੋਂ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਪ੍ਰਬੰਧਾਂ ਦੇ ਵੱਡੇ ਪੱਧਰ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। “ਮਣੀਪੁਰ ਸੰਗਈ ਫੈਸਟੀਵਲ ਮਣੀਪੁਰ ਦੇ ਲੋਕਾਂ ਦੀ ਭਾਵਨਾ ਅਤੇ ਜਨੂਨ ਨੂੰ ਉਜਾਗਰ ਕਰਦਾ ਹੈ”, ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਇਸ ਤਿਉਹਾਰ ਦੇ ਆਯੋਜਨ ਲਈ ਮਣੀਪੁਰ ਸਰਕਾਰ ਅਤੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਯਤਨਾਂ ਅਤੇ ਵਿਆਪਕ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ।
ਮਣੀਪੁਰ ਦੀ ਭਰਪੂਰ ਕੁਦਰਤੀ ਸੁੰਦਰਤਾ, ਸੱਭਿਆਚਾਰਕ ਸਮ੍ਰਿੱਧੀ ਅਤੇ ਵਿਵਿਧਤਾ ‘ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਕੋਈ ਘੱਟੋ-ਘੱਟ ਇੱਕ ਵਾਰ ਰਾਜ ਦਾ ਦੌਰਾ ਕਰਨਾ ਚਾਹੁੰਦਾ ਹੈ ਅਤੇ ਇਹ ਵੱਖ-ਵੱਖ ਰਤਨਾਂ ਨਾਲ ਬਣੀ ਸੁੰਦਰ ਮਾਲਾ ਵਾਂਗ ਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮਣੀਪੁਰ ਬਿਲਕੁਲ ਇੱਕ ਸ਼ਾਨਦਾਰ ਮਾਲਾ ਵਾਂਗ ਹੈ ਜਿੱਥੇ ਕੋਈ ਵੀ ਰਾਜ ਵਿੱਚ ਇੱਕ ਮਿੰਨੀ ਭਾਰਤ ਦੇ ਦਰਸ਼ਨ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਭਾਰਤ ਆਪਣੇ ਅੰਮ੍ਰਿਤ ਕਾਲ ਵਿੱਚ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਸੰਗਈ ਫੈਸਟੀਵਲ ਦੇ ਥੀਮ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਤਿਉਹਾਰ ਦਾ ਸਫ਼ਲ ਆਯੋਜਨ ਆਉਣ ਵਾਲੇ ਦਿਨਾਂ ਵਿੱਚ ਰਾਸ਼ਟਰ ਲਈ ਊਰਜਾ ਅਤੇ ਪ੍ਰੇਰਣਾ ਸਰੋਤ ਵਜੋਂ ਕੰਮ ਕਰੇਗਾ। “ਸੰਗਈ ਨਾ ਸਿਰਫ ਮਣੀਪੁਰ ਦਾ ਰਾਜ ਜਾਨਵਰ ਹੈ ਬਲਕਿ ਭਾਰਤ ਦੇ ਵਿਸ਼ਵਾਸ ਅਤੇ ਵਿਸ਼ਵਾਸਾਂ ਵਿੱਚ ਵੀ ਇਸ ਦਾ ਵਿਸ਼ੇਸ਼ ਸਥਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗਈ ਤਿਉਹਾਰ ਭਾਰਤ ਦੀ ਜੈਵਿਕ ਵਿਵਿਧਤਾ ਦਾ ਵੀ ਜਸ਼ਨ ਮਨਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕੁਦਰਤ ਨਾਲ ਭਾਰਤ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਵੀ ਮਨਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਤਿਉਹਾਰ ਇੱਕ ਟਿਕਾਊ ਜੀਵਨ ਸ਼ੈਲੀ ਪ੍ਰਤੀ ਲਾਜ਼ਮੀ ਸਮਾਜਿਕ ਸੰਵੇਦਨਸ਼ੀਲਤਾ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ,“ਜਦੋਂ ਅਸੀਂ ਕੁਦਰਤ, ਜਾਨਵਰਾਂ ਅਤੇ ਪੌਦਿਆਂ ਨੂੰ ਆਪਣੇ ਤਿਉਹਾਰਾਂ ਅਤੇ ਜਸ਼ਨਾਂ ਦਾ ਹਿੱਸਾ ਬਣਾਉਂਦੇ ਹਾਂ, ਤਾਂ ਸਹਿ-ਹੋਂਦ ਸਾਡੇ ਜੀਵਨ ਦਾ ਕੁਦਰਤੀ ਹਿੱਸਾ ਬਣ ਜਾਂਦੀ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਕਿ ਸੰਗਈ ਫੈਸਟੀਵਲ ਦਾ ਆਯੋਜਨ ਨਾ ਸਿਰਫ਼ ਰਾਜ ਦੀ ਰਾਜਧਾਨੀ ਵਿੱਚ ਕੀਤਾ ਜਾ ਰਿਹਾ ਹੈ, ਬਲਕਿ ਪੂਰੇ ਰਾਜ ਵਿੱਚ, ਇਸ ਨਾਲ ‘ਏਕਤਾ ਦੇ ਤਿਉਹਾਰ‘ ਦੀ ਭਾਵਨਾ ਦਾ ਵਿਸਤਾਰ ਹੋਇਆ ਹੈ। ਸ਼੍ਰੀ ਮੋਦੀ ਨੇ ਇਸ਼ਾਰਾ ਕੀਤਾ ਕਿ ਨਾਗਾਲੈਂਡ ਸਰਹੱਦ ਤੋਂ ਮਿਆਂਮਾਰ ਸਰਹੱਦ ਤੱਕ ਲਗਭਗ 14 ਥਾਵਾਂ ‘ਤੇ ਤਿਉਹਾਰ ਦੇ ਵੱਖ-ਵੱਖ ਰੌਂਅ ਅਤੇ ਰੰਗ ਦੇਖੇ ਜਾ ਸਕਦੇ ਹਨ। ਉਨ੍ਹਾਂ ਇਸ ਸ਼ਲਾਘਾਯੋਗ ਉਪਰਾਲੇ ਦੀ ਤਾਰੀਫ਼ ਕਰਦਿਆਂ ਕਿਹਾ, “ਜਦੋਂ ਅਸੀਂ ਅਜਿਹੇ ਸਮਾਗਮਾਂ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਜੋੜਦੇ ਹਾਂ, ਤਾਂ ਹੀ ਇਸ ਦੀ ਪੂਰੀ ਸੰਭਾਵਨਾ ਸਾਹਮਣੇ ਆਉਂਦੀ ਹੈ।”
ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਵਿੱਚ ਤਿਉਹਾਰਾਂ ਅਤੇ ਮੇਲਿਆਂ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਛੋਹਿਆ ਅਤੇ ਦੱਸਿਆ ਕਿ ਇਹ ਨਾ ਸਿਰਫ਼ ਸਾਡੇ ਸਭਿਆਚਾਰ ਨੂੰ ਸਮ੍ਰਿੱਧ ਬਣਾਉਂਦਾ ਹੈ, ਬਲਕਿ ਸਥਾਨਕ ਅਰਥਵਿਵਸਥਾ ਨੂੰ ਵੀ ਹੁਲਾਰਾ ਦਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਗਈ ਫੈਸਟੀਵਲ ਜਿਹੇ ਸਮਾਗਮ ਨਿਵੇਸ਼ਕਾਂ ਅਤੇ ਉਦਯੋਗਾਂ ਲਈ ਵੀ ਮੁੱਖ ਆਕਰਸ਼ਣ ਹਨ। ਪ੍ਰਧਾਨ ਮੰਤਰੀ ਨੇ ਅੰਤ ’ਚ ਕਿਹਾ,”ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਵਿੱਖ ਵਿੱਚ, ਇਹ ਤਿਉਹਾਰ ਰਾਜ ਵਿੱਚ ਖੁਸ਼ੀ ਅਤੇ ਵਿਕਾਸ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣੇਗਾ।”
*****
ਡੀਐੱਸ/ਟੀਐੱਸ
Manipur is known for its vibrant culture. Best wishes on the occasion of Sangai Festival. https://t.co/OUwyw8T0hR
— Narendra Modi (@narendramodi) November 30, 2022