ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮਿਸਟਰ ਜੋਕੋ ਵਿਡੋਡੋ ਦੇ ਸੱਦੇ ‘ਤੇ 17ਵੇਂ ਜੀ-20 ਸਮਿਟ ਵਿੱਚ ਸ਼ਾਮਲ ਹੋਣ ਲਈ 14-16 ਨਵੰਬਰ ਤੱਕ ਬਾਲੀ, ਇੰਡੋਨੇਸ਼ੀਆ ਦਾ ਦੌਰਾ ਕਰਨਗੇ।
ਬਾਲੀ ਸਮਿਟ ਦੌਰਾਨ, ਜੀ-20 ਦੇਸ਼ਾਂ ਦੇ ਆਗੂ “ਰਿਕਵਰ ਟੂਗੈਦਰ, ਰਿਕਵਰ ਸਟਰੌਂਗਰ” ਦੇ ਸੰਮੇਲਨ ਥੀਮ ਦੇ ਤਹਿਤ ਆਲਮੀ ਚਿੰਤਾ ਦੇ ਮੁੱਖ ਮੁੱਦਿਆਂ ‘ਤੇ ਵਿਆਪਕ ਤੌਰ ‘ਤੇ ਵਿਚਾਰ-ਵਟਾਂਦਰਾ ਕਰਨਗੇ। ਜੀ-20 ਸਮਿਟ ਏਜੰਡੇ ਦੇ ਹਿੱਸੇ ਵਜੋਂ ਤਿੰਨ ਕਾਰਜਕਾਰੀ ਸੈਸ਼ਨ – ਭੋਜਨ ਅਤੇ ਊਰਜਾ ਸੁਰੱਖਿਆ, ਸਿਹਤ ਅਤੇ ਡਿਜੀਟਲ ਪਰਿਵਰਤਨ ਆਯੋਜਿਤ ਕੀਤੇ ਜਾਣਗੇ।
ਸਮਿਟ ਦੇ ਸਮਾਪਤੀ ਸੈਸ਼ਨ ਵਿੱਚ, ਰਾਸ਼ਟਰਪਤੀ ਵਿਡੋਡੋ ਪ੍ਰਤੀਕਾਤਮਕ ਤੌਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜੀ-20 ਦੀ ਪ੍ਰਧਾਨਗੀ ਸੌਂਪਣਗੇ। ਭਾਰਤ ਰਸਮੀ ਤੌਰ ‘ਤੇ 1 ਦਸੰਬਰ 2022 ਤੋਂ ਜੀ-20 ਦੀ ਪ੍ਰਧਾਨਗੀ ਸੰਭਾਲੇਗਾ।
ਸਮਿਟ ਤੋਂ ਇਲਾਵਾ ਪ੍ਰਧਾਨ ਮੰਤਰੀ ਆਪਣੇ ਕੁਝ ਹਮਰੁਤਬਾ ਨਾਲ ਦੁਵੱਲੀਆਂ ਬੈਠਕਾਂ ਕਰਨਗੇ। ਪ੍ਰਧਾਨ ਮੰਤਰੀ ਬਾਲੀ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ ਅਤੇ ਗੱਲਬਾਤ ਕਰਨਗੇ।