ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰੂਸੀ ਸੰਘ ਦੇ ਰਾਸ਼ਟਰਪਤੀ ਮਹਾਮਹਿਮ ਵਲਾਦੀਮੀਰ ਪੁਤਿਨ ਦੇ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।
ਦੋਹਾਂ ਨੇਤਾਵਾਂ ਨੇ ਦਸੰਬਰ 2021 ਵਿੱਚ ਰਾਸ਼ਟਰਪਤੀ ਪੁਤਿਨ ਦੀ ਭਾਰਤ ਯਾਤਰਾ ਦੇ ਦੌਰਾਨ ਲਏ ਗਏ ਫ਼ੈਸਲਿਆਂ ਦੇ ਲਾਗੂਕਰਨ ਦੀ ਸਮੀਖਿਆ ਕੀਤੀ। ਵਿਸ਼ੇਸ਼ ਤੌਰ ’ਤੇ, ਦੋਹਾਂ ਨੇਤਾਵਾਂ ਨੇ ਖੇਤੀਬਾੜੀ ਵਸਤਾਂ, ਖਾਦਾਂ ਅਤੇ ਫਾਰਮਾ ਉਤਪਾਦਾਂ ਦੇ ਖੇਤਰ ਵਿੱਚ ਦੁਵੱਲੇ ਵਪਾਰ ਨੂੰ ਹੋਰ ਅੱਗੇ ਪ੍ਰੋਤਸਾਹਨ ਕੀਤੇ ਜਾਣ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਦੋਹਾਂ ਨੇਤਾਵਾਂ ਨੇ ਅੰਤਰਾਰਾਸ਼ਟਰੀ ਊਰਜਾ ਅਤੇ ਖੁਰਾਕ ਬਜ਼ਾਰਾਂ ਦੀ ਸਥਿਤੀ ਸਮੇਤ ਵਿਭਿੰਨ ਆਲਮੀ ਮੁੱਦਿਆਂ ’ਤੇ ਵੀ ਚਰਚਾ ਕੀਤੀ।
ਯੂਕ੍ਰੇਨ ਵਿੱਚ ਜਾਰੀ ਸਥਿਤੀ ਦੇ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਵਾਰਤਾ ਅਤੇ ਕੂਟਨੀਤੀ ਦੇ ਪੱਖ ਵਿੱਚ ਭਾਰਤ ਦੇ ਪੁਰਾਣੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ।
ਦੋਹਾਂ ਨੇਤਾਵਾਂ ਨੇ ਆਲਮੀ ਅਤੇ ਦੁਵੱਲੇ ਮੁੱਦਿਆਂ ’ਤੇ ਨਿਯਮਿਤ ਰੂਪ ਨਾਲ ਵਿਚਾਰ-ਵਟਾਂਦਰਾ ਜਾਰੀ ਰੱਖਣ ’ਤੇ ਸਹਿਮਤੀ ਵਿਅਕਤ ਕੀਤੀ।
***
ਡੀਐੱਸ/ਐੱਲਪੀ