Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਵਾਣਿਜਯ ਭਵਨ’ ਦਾ ਉਦਘਾਟਨ ਕੀਤਾ ਅਤੇ ਨਿਰਯਾਤ ਪੋਰਟਲ ਲਾਂਚ ਕੀਤਾ

ਪ੍ਰਧਾਨ ਮੰਤਰੀ ਨੇ ‘ਵਾਣਿਜਯ ਭਵਨ’ ਦਾ ਉਦਘਾਟਨ ਕੀਤਾ ਅਤੇ ਨਿਰਯਾਤ ਪੋਰਟਲ ਲਾਂਚ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ‘ਵਾਣਿਜਯ ਭਵਨ’ ਦਾ ਉਦਘਾਟਨ ਕੀਤਾ ਅਤੇ ਨਿਰਯਾਤ ਪੋਰਟਲ ਨੂੰ ਲਾਂਚ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਸੋਮ ਪ੍ਰਕਾਸ਼ ਅਤੇ ਸੁਸ਼੍ਰੀ ਅਨੁਪ੍ਰਿਆ ਪਟੇਲ ਵੀ ਮੌਜੂਦ ਸਨ।

 

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਵੇਂ ਭਾਰਤ ਵਿੱਚ ਸਿਟੀਜ਼ਨ ਸੈਂਟਰਿਕ ਗਵਰਨੈਂਸ ਦੀ ਯਾਤਰਾ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ, ਜਿਸ ਉੱਤੇ ਦੇਸ਼ ਪਿਛਲੇ 8 ਵਰ੍ਹਿਆਂ ਤੋਂ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਇੱਕ ਨਵੀਂ ਅਤੇ ਆਧੁਨਿਕ ਬਿਜ਼ਨਸ ਇਮਾਰਤ ਦੇ ਨਾਲ-ਨਾਲ ਇੱਕ ਨਿਰਯਾਤ ਪੋਰਟਲ, ਇੱਕ ਭੌਤਿਕ ਅਤੇ ਦੂਸਰਾ ਡਿਜੀਟਲ ਬੁਨਿਆਦੀ ਢਾਂਚਾ ਦਾ ਤੋਹਫ਼ਾ ਮਿਲਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਪਹਿਲੇ ਉਦਯੋਗ ਮੰਤਰੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਵੀ ਹੈ। ਉਨ੍ਹਾਂ ਨੇ ਕਿਹਾ “ਉਨ੍ਹਾਂ ਦੀਆਂ ਨੀਤੀਆਂ, ਫ਼ੈਸਲੇ, ਸੰਕਲਪ ਅਤੇ ਉਨ੍ਹਾਂ ਦੀ ਪੂਰਤੀ ਆਜ਼ਾਦ ਭਾਰਤ ਨੂੰ ਦਿਸ਼ਾ ਦੇਣ ਲਈ ਬਹੁਤ ਮਹੱਤਵਪੂਰਨ ਸੀ। ਅੱਜ ਦੇਸ਼ ਉਨ੍ਹਾਂ ਨੂੰ ਆਪਣੀ ਨਿਮਰ ਸ਼ਰਧਾਂਜਲੀ ਦੇ ਰਿਹਾ ਹੈ।”

 

ਮੰਤਰਾਲੇ ਦੇ ਨਵੇਂ ਬੁਨਿਆਦੀ ਢਾਂਚੇ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਾਰੋਬਾਰ ਕਰਨ ਦੀ ਅਸਾਨੀ (ਈਜ਼ ਆਵ੍ ਡੂਇੰਗ ਬਿਜ਼ਨਸ) ਅਤੇ ਇਸ ਦੇ ਜ਼ਰੀਏ ‘ਜੀਵਨ ਦੀ ਅਸਾਨੀ – (ਈਜ਼ ਆਵ੍ ਲਿਵਿੰਗ)’ ਦੇ ਸੰਕਲਪ ਨੂੰ ਨਵਿਆਉਣ ਦਾ ਵੀ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਪਹੁੰਚ ਦੀ ਅਸਾਨੀ, ਦੋਵਾਂ ਦਰਮਿਆਨ ਕੜੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਾਲ ਰਾਬਤਾ ਕਾਇਮ ਕਰਨ ਵਿੱਚ ਕੋਈ ਅੜਚਨ ਨਹੀਂ ਆਉਣੀ ਚਾਹੀਦੀ ਅਤੇ ਸਰਕਾਰ ਤੱਕ ਲੋਕਾਂ ਦੀ ਪਹੁੰਚ ਨੂੰ ਅਸਾਨ ਬਣਾਉਣਾ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਜ਼ਨ ਸਰਕਾਰ ਦੀਆਂ ਨੀਤੀਆਂ ਵਿੱਚ ਸਪਸ਼ਟ ਰੂਪ ਵਿੱਚ ਝਲਕਦੀ ਹੈ।

 

ਅਜੋਕੇ ਸਮੇਂ ਦੀਆਂ ਕਈ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਦੇ ਨਵੇਂ ਵਰਕ ਕਲਚਰ ਵਿੱਚ, ਕੰਮ ਦੇ ਮੁਕੰਮਲ ਹੋਣ ਦੀ ਮਿਤੀ ਐੱਸਓਪੀ ਦਾ ਹਿੱਸਾ ਹੈ ਅਤੇ ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਦੇ ਪ੍ਰੋਜੈਕਟ ਸਾਲਾਂ-ਬੱਧੀ ਲੰਬਿਤ ਨਹੀਂ ਰਹਿੰਦੇ ਅਤੇ ਸਮੇਂ ਸਿਰ ਮੁਕੰਮਲ ਹੁੰਦੇ ਹਨ, ਇਸੇ ਤਰ੍ਹਾਂ ਸਰਕਾਰ ਦੀਆਂ ਸਕੀਮਾਂ ਆਪਣੇ ਲਕਸ਼ਾਂ ‘ਤੇ ਪਹੁੰਚਦੀਆਂ ਹਨ, ਤਾਂ ਹੀ ਦੇਸ਼ ਦੇ ਟੈਕਸਪੇਅਰ ਦਾ ਸਨਮਾਨ ਹੁੰਦਾ ਹੈ। ਹੁਣ ਸਾਡੇ ਕੋਲ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਰੂਪ ਵਿੱਚ ਇੱਕ ਆਧੁਨਿਕ ਪਲੈਟਫਾਰਮ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਾਣਿਜਯ ਭਵਨ ਦੇਸ਼ ਦੀ ‘ਗਤੀ ਸ਼ਕਤੀ’ ਨੂੰ ਹੁਲਾਰਾ ਦੇਵੇਗਾ।

 

ਪ੍ਰਧਾਨ ਮੰਤਰੀ ਨੇ ਇਸ ਸਮੇਂ ਦੌਰਾਨ ਵਣਜ ਦੇ ਖੇਤਰ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਪ੍ਰਤੀਕ ਵਜੋਂ ਨਵੇਂ ਵਾਣਿਜਯ ਭਵਨ ਦਾ ਹਵਾਲਾ ਦਿੱਤਾ। ਉਨ੍ਹਾਂ ਯਾਦ ਕੀਤਾ ਕਿ ਨੀਂਹ ਪੱਥਰ ਰੱਖਣ ਸਮੇਂ ਉਨ੍ਹਾਂ ਨੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਇਨੋਵੇਸ਼ਨ ਅਤੇ ਸੁਧਾਰ ਦੀ ਲੋੜ ‘ਤੇ ਜ਼ੋਰ ਦਿੱਤਾ ਸੀ। ਅੱਜ, ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 46ਵੇਂ ਸਥਾਨ ‘ਤੇ ਹੈ ਅਤੇ ਲਗਾਤਾਰ ਸੁਧਾਰ ਕਰ ਰਿਹਾ ਹੈ। ਉਨ੍ਹਾਂ ਨੇ ਉਸ ਸਮੇਂ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਸੁਧਾਰਨ ਦੀ ਗੱਲ ਵੀ ਕੀਤੀ ਸੀ, ਅੱਜ 32000 ਤੋਂ ਵੱਧ ਬੇਲੋੜੀਆਂ ਅਨੁਪਾਲਣਾ ਨੂੰ ਹਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਮਾਰਤ ਦੇ ਨੀਂਹ ਪੱਥਰ ਰੱਖਣ ਸਮੇਂ ਜੀਐੱਸਟੀ ਨਵਾਂ ਸੀ, ਅੱਜ ਹਰ ਮਹੀਨੇ 1 ਲੱਖ ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਹੋਣਾ ਆਮ ਗੱਲ ਹੋ ਗਈ ਹੈ।  ਜੈੱਮ (GeM) ਦੀ ਗੱਲ ਕਰੀਏ ਤਾਂ ਉਸ ਵੇਲੇ, 9 ਹਜ਼ਾਰ ਕਰੋੜ ਰੁਪਏ ਦੇ ਆਰਡਰਾਂ ਦੀ ਚਰਚਾ ਕੀਤੀ ਗਈ ਸੀ, ਅੱਜ ਪੋਰਟਲ ‘ਤੇ 45 ਲੱਖ ਤੋਂ ਵੱਧ ਛੋਟੇ ਉੱਦਮੀ ਰਜਿਸਟਰਡ ਹਨ ਅਤੇ 2.25 ਕਰੋੜ ਤੋਂ ਵੱਧ ਦੇ ਆਰਡਰ ਦਿੱਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਉਸ ਸਮੇਂ, 2014 ਵਿੱਚ ਸਿਰਫ਼ 2 ਤੋਂ ਵੱਧ ਕੇ, 120 ਮੋਬਾਈਲ ਯੂਨਿਟਾਂ ਬਾਰੇ ਗੱਲ ਕੀਤੀ ਸੀ, ਅੱਜ ਇਹ ਸੰਖਿਆ 200 ਨੂੰ ਪਾਰ ਕਰ ਗਈ ਹੈ। ਅੱਜ ਭਾਰਤ ਵਿੱਚ 4 ਵਰ੍ਹੇ ਪਹਿਲਾਂ ਦੇ 500 ਤੋਂ ਵੱਧ ਕੇ 2300 ਰਜਿਸਟਰਡ ਫਿਨ-ਟੈੱਕ ਸਟਾਰਟਅੱਪਸ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਾਣਿਜਯ ਭਵਨ ਦੇ ਨੀਂਹ ਪੱਥਰ ਦੇ ਸਮੇਂ ਭਾਰਤ ਹਰ ਵਰ੍ਹੇ 8000 ਸਟਾਰਟਅੱਪਸ ਨੂੰ ਮਾਨਤਾ ਦਿੰਦਾ ਸੀ, ਅੱਜ ਇਹ ਸੰਖਿਆ 15000 ਤੋਂ ਵੱਧ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸਿਕ ਗਲੋਬਲ ਰੁਕਾਵਟਾਂ ਦੇ ਬਾਵਜੂਦ ਪਿਛਲੇ ਵਰ੍ਹੇ ਭਾਰਤ ਦਾ ਨਿਰਯਾਤ 670 ਬਿਲੀਅਨ ਡਾਲਰ ਜਾਂ 50 ਲੱਖ ਕਰੋੜ ਰੁਪਏ ਰਿਹਾ। ਪਿਛਲੇ ਵਰ੍ਹੇ ਦੇਸ਼ ਨੇ ਫੈਸਲਾ ਕੀਤਾ ਸੀ ਕਿ ਹਰ ਚੁਣੌਤੀ ਦੇ ਬਾਵਜੂਦ, 400 ਅਰਬ ਡਾਲਰ ਯਾਨੀ 30 ਲੱਖ ਕਰੋੜ ਰੁਪਏ ਦੀਆਂ ਵਸਤਾਂ ਦੀ ਬਰਾਮਦ ਦੀ ਸੀਮਾ ਨੂੰ ਪਾਰ ਕਰਨਾ ਹੈ। ਅਸੀਂ ਇਸ ਨੂੰ ਪਾਰ ਕੀਤਾ ਅਤੇ 418 ਅਰਬ ਡਾਲਰ ਯਾਨੀ 31 ਲੱਖ ਕਰੋੜ ਰੁਪਏ ਦੀ ਬਰਾਮਦ ਦਾ ਨਵਾਂ ਰਿਕਾਰਡ ਬਣਾਇਆ। ਉਨ੍ਹਾਂ ਨੇ ਕਿਹਾ “ਪਿਛਲੇ ਵਰ੍ਹਿਆਂ ਦੀ ਇਸ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ, ਅਸੀਂ ਹੁਣ ਆਪਣੇ ਨਿਰਯਾਤ ਲਕਸ਼ਾਂ ਨੂੰ ਵਧਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਆਪਣੇ ਪ੍ਰਯਤਨਾਂ ਨੂੰ ਦੁੱਗਣਾ ਕਰ ਦਿੱਤਾ ਹੈ। ਇਨ੍ਹਾਂ ਨਵੇਂ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ, ਸਾਰਿਆਂ ਦੀ ਸਮੂਹਿਕ ਕੋਸ਼ਿਸ਼ ਬਹੁਤ ਜ਼ਰੂਰੀ ਹੈ।” ਉਨ੍ਹਾਂ ਅੱਗੇ ਕਿਹਾ, ਨਾ ਸਿਰਫ਼ ਥੋੜ੍ਹੇ ਸਮੇਂ ਦੇ ਬਲਕਿ ਲੰਬੇ ਸਮੇਂ ਦੇ ਲਕਸ਼ ਵੀ ਨਿਰਧਾਰਿਤ ਕੀਤੇ ਜਾਣੇ ਚਾਹੀਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਰਯਾਤ (ਨੈਸ਼ਨਲ ਇੰਪੋਰਟ-ਐਕਸਪੋਰਟ ਰਿਕਾਰਡ ਫੌਰ ਈਯਰਲੀ ਐਨੇਲਿਸਿਸ ਆਵ੍ ਟ੍ਰੇਡ- ਵਪਾਰ ਦੇ ਸਲਾਨਾ ਵਿਸ਼ਲੇਸ਼ਣ ਲਈ ਰਾਸ਼ਟਰੀ ਆਯਾਤ-ਨਿਰਯਾਤ ਰਿਕਾਰਡ) ਪੋਰਟਲ ਸਾਰੇ ਹਿਤਧਾਰਕਾਂ ਨੂੰ ਅਸਲ ਸਮੇਂ ਦੇ ਡੇਟਾ ਪ੍ਰਦਾਨ ਕਰਕੇ ਸਿਲੋਜ਼ ਨੂੰ ਤੋੜਨ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ “ਇਸ ਪੋਰਟਲ ਤੋਂ, ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਕੀਤੇ 30 ਤੋਂ ਵੱਧ ਕੋਮੋਡਿਟੀ ਗਰੁੱਪਸ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਉਪਲਬਧ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਇਸ ‘ਤੇ ਜ਼ਿਲ੍ਹਾ-ਵਾਰ ਬਰਾਮਦ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਜ਼ਿਲ੍ਹਿਆਂ ਨੂੰ ਨਿਰਯਾਤ ਦੇ ਮਹੱਤਵਪੂਰਨ ਕੇਂਦਰਾਂ ਵਜੋਂ ਵਿਕਸਿਤ ਕਰਨ ਦੇ ਪ੍ਰਯਤਨਾਂ ਨੂੰ ਵੀ ਮਜ਼ਬੂਤੀ ਮਿਲੇਗੀ।”

 

ਪ੍ਰਧਾਨ ਮੰਤਰੀ ਨੇ ਕਿਸੇ ਦੇਸ਼ ਨੂੰ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਵਿੱਚ ਤਬਦੀਲ ਕਰਨ ਵਿੱਚ ਬਰਾਮਦ ਵਧਾਉਣ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਭਾਰਤ ਵੀ ਲਗਾਤਾਰ ਆਪਣੀ ਬਰਾਮਦ ਵਿੱਚ ਵਾਧਾ ਕਰ ਰਿਹਾ ਹੈ ਅਤੇ ਨਿਰਯਾਤ ਲਕਸ਼ਾਂ ਨੂੰ ਪ੍ਰਾਪਤ ਕਰ ਰਿਹਾ ਹੈ। ਨਿਰਯਾਤ ਵਧਾਉਣ, ਪ੍ਰਕਿਰਿਆ ਨੂੰ ਅਸਾਨ ਬਣਾਉਣ ਅਤੇ ਉਤਪਾਦਾਂ ਨੂੰ ਨਵੇਂ ਬਜ਼ਾਰਾਂ ਤੱਕ ਲਿਜਾਣ ਲਈ ਬਿਹਤਰ ਨੀਤੀਆਂ ਨੇ ਬਹੁਤ ਮਦਦ ਕੀਤੀ ਹੈ।  ਉਨ੍ਹਾਂ ਨੇ ਕਿਹਾ ਕਿ ਅੱਜ ਸਰਕਾਰ ਦਾ ਹਰ ਮੰਤਰਾਲਾ, ਹਰ ਵਿਭਾਗ ‘ਸਰਕਾਰ ਦੀ ਪੂਰੀ’ ਪਹੁੰਚ ਨਾਲ ਬਰਾਮਦ ਵਧਾਉਣ ਨੂੰ ਪ੍ਰਾਥਮਿਕਤਾ ਦੇ ਰਿਹਾ ਹੈ।  ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲਾ ਹੋਵੇ ਜਾਂ ਵਿਦੇਸ਼ ਮੰਤਰਾਲਾ, ਖੇਤੀਬਾੜੀ ਜਾਂ ਵਣਜ ਮੰਤਰਾਲਾ, ਸਾਰੇ ਇੱਕ ਸਾਂਝੇ ਲਕਸ਼ ਲਈ ਸਾਂਝੇ ਪ੍ਰਯਤਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ “ਨਵੇਂ ਖੇਤਰਾਂ ਤੋਂ ਬਰਾਮਦ ਵਧ ਰਹੀ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਖਾਹਿਸ਼ੀ ਜ਼ਿਲ੍ਹਿਆਂ ਤੋਂ, ਬਰਾਮਦ ਹੁਣ ਕਈ ਗੁਣਾ ਵਧ ਗਈ ਹੈ। ਕਪਾਹ ਅਤੇ ਹੈਂਡਲੂਮ ਉਤਪਾਦਾਂ ਦੇ ਨਿਰਯਾਤ ਵਿੱਚ 55 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ ਕਿ ਜ਼ਮੀਨੀ ਪੱਧਰ ‘ਤੇ ਕੰਮ ਕਿਵੇਂ ਕੀਤਾ ਜਾ ਰਿਹਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਕਲ ਫੌਰ ਲੋਕਲ ਮੁਹਿੰਮ ‘ਇੱਕ ਜ਼ਿਲ੍ਹਾ, ਇੱਕ ਉਤਪਾਦ’ ਯੋਜਨਾ ਜ਼ਰੀਏ ਸਥਾਨਕ ਉਤਪਾਦਾਂ ‘ਤੇ ਸਰਕਾਰ ਦੇ ਜ਼ੋਰ ਨੇ ਵੀ ਬਰਾਮਦ ਵਧਾਉਣ ਵਿੱਚ ਮਦਦ ਕੀਤੀ ਹੈ। ਹੁਣ ਸਾਡੇ ਬਹੁਤ ਸਾਰੇ ਉਤਪਾਦ ਪਹਿਲੀ ਵਾਰ ਦੁਨੀਆ ਦੇ ਨਵੇਂ ਦੇਸ਼ਾਂ ਨੂੰ ਨਿਰਯਾਤ ਕੀਤੇ ਜਾ ਰਹੇ ਹਨ।  ਉਨ੍ਹਾਂ ਬਹਿਰੀਨ ਨੂੰ ਸੀਤਾਭੋਗ ਮਿਠਾਈ, ਲੰਡਨ ਨੂੰ ਨਾਗਾਲੈਂਡ ਦੀ ਤਾਜ਼ੀ ਕਿੰਗ ਮਿਰਚ, ਦੁਬਈ ਨੂੰ ਅਸਾਮ ਦੇ ਤਾਜ਼ੇ ਬਰਮੀ ਅੰਗੂਰ, ਛੱਤੀਸਗੜ੍ਹ ਤੋਂ ਫਰਾਂਸ ਤੱਕ ਕਬਾਇਲੀ ਮਹੂਆ ਉਤਪਾਦ ਅਤੇ ਦੁਬਈ ਨੂੰ ਕਰਗਿਲ ਦੀ ਖੁਮਾਨੀ ਦੇ ਨਿਰਯਾਤ ਜਿਹੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ “ਸਾਡਾ ਲੋਕਲ ਤੇਜ਼ੀ ਨਾਲ ਗਲੋਬਲ ਹੁੰਦਾ ਜਾ ਰਿਹਾ ਹੈ।”

 

ਹਾਲ ਹੀ ਵਿੱਚ ਚੁੱਕੇ ਗਏ ਕਦਮਾਂ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਆਪਣੇ ਕਿਸਾਨਾਂ, ਬੁਣਕਰਾਂ ਅਤੇ ਆਪਣੇ ਰਵਾਇਤੀ ਉਤਪਾਦਾਂ ਨੂੰ ਨਿਰਯਾਤ ਈਕੋਸਿਸਟਮ ਨਾਲ ਜੋੜਨ ਲਈ ਜੀਆਈ ਟੈਗਿੰਗ ‘ਤੇ ਵੀ ਮਦਦ ਕਰ ਰਹੇ ਹਾਂ ਅਤੇ ਜ਼ੋਰ ਦੇ ਰਹੇ ਹਾਂ।”  ਉਨ੍ਹਾਂ ਪਿਛਲੇ ਵਰ੍ਹੇ ਯੂਏਈ ਅਤੇ ਆਸਟ੍ਰੇਲੀਆ ਨਾਲ ਵਪਾਰਕ ਸੌਦਿਆਂ ਦਾ ਵੀ ਜ਼ਿਕਰ ਕੀਤਾ ਅਤੇ ਦੱਸਿਆ ਕਿ ਹੋਰ ਦੇਸ਼ਾਂ ਨਾਲ ਵੀ ਬਹੁਤ ਪ੍ਰਗਤੀ ਹੋਈ ਹੈ। ਉਨ੍ਹਾਂ ਨੇ ਭਾਰਤ ਲਈ ਬਹੁਤ ਹੀ ਚੁਣੌਤੀਪੂਰਨ ਮਾਹੌਲ ਨੂੰ ਅਵਸਰਾਂ ਵਿੱਚ ਬਦਲਣ ਲਈ ਸਖ਼ਤ ਮਿਹਨਤ ਕਰਨ ਲਈ ਵਿਦੇਸ਼ਾਂ ਵਿੱਚ ਭਾਰਤੀ ਕੂਟਨੀਤਕ ਸੰਸਥਾਵਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ “ਕਾਰੋਬਾਰ ਲਈ, ਨਵੇਂ ਬਜ਼ਾਰਾਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੀ ਪਹਿਚਾਣ ਕਰਨ ਤੋਂ ਬਾਅਦ ਉਤਪਾਦਾਂ ਦਾ ਨਿਰਮਾਣ ਕਰਨਾ ਦੇਸ਼ ਦੀ ਤਰੱਕੀ ਲਈ ਬਹੁਤ ਮਹੱਤਵਪੂਰਨ ਹੈ।”

 

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਹਰੇਕ ਵਿਭਾਗ ਨੂੰ ਹਾਲ ਹੀ ਦੇ ਸਮੇਂ ਵਿੱਚ ਵਿਕਸਿਤ ਕੀਤੇ ਗਏ ਪੋਰਟਲਾਂ ਅਤੇ ਪਲੈਟਫਾਰਮਾਂ ਦੀ ਸਮੇਂ-ਸਮੇਂ ‘ਤੇ ਸਮੀਖਿਆ ਕਰਨ ਦੀ ਤਾਕੀਦ ਕੀਤੀ। “ਜਿਨ੍ਹਾਂ ਲਕਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਇਹ ਸਾਧਨ ਵਿਕਸਿਤ ਕੀਤੇ ਹਨ, ਉਹ ਕਿਥੋਂ ਤੱਕ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਜੇਕਰ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਹੱਲ ਕਰਨ ਲਈ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ।”

 

 

 

 ***********

 

ਡੀਐੱਸ/ਏਕੇ