Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕਾਲੇ ਧਨ ‘ਤੇ ਸਖ਼ਤ ਰੁਖ: ਨੈੱਟਵਰਕ18 ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ ਦਾ ਪੂਰਾ ਪਾਠ


ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੈੱਟਵਰਕ 18 ਦੇ ਗਰੁੱਪ ਸੰਪਾਦਕ ਰਾਹੁਲ ਜੋਸ਼ੀ ਨਾਲ ਵਿਆਪਕ ਮੁਲਾਕਾਤ ਦੌਰਾਨ ਅਹਿਮ ਮੁੱਦਿਆਂ ‘ਤੇ ਗੱਲਬਾਤ ਕੀਤੀ, ਜਿਸ ਵਿੱਚ ਰਾਜਨੀਤੀ, ਆਰਥਿਕਤਾ, ਦਲਿਤਾਂ ‘ਤੇ ਹਾਲ ਹੀ ਵਿੱਚ ਹੋਏ ਹਮਲਿਆਂ ਕਾਰਨ ਉਨ੍ਹਾਂ ਦੀ ਸਰਕਾਰ ਦੀ ਆਲੋਚਨਾ, ਜਾਤ ਅਧਾਰਤ ਵੋਟ ਬੈਂਕ ਕਾਰਨ ਆਲੋਚਨਾ ਅਤੇ ਉਨ੍ਹਾਂ ਨੂੰ ਬਿਨਾਂ ਕਾਰਨ ਵਿਚਕਾਰ ਲੈ ਲੈਣ ਅਤੇ ਉਨ੍ਹਾਂ ਦੇ ਕੰਮਕਾਜ ਦੇ ਅੰਦਾਜ਼ ‘ਤੇ ਗੱਲਬਾਤ ਹੋਈ। ਹੇਠ ਇਸ ਮੁਲਾਕਾਤ ਦੇ ਸੰਪਾਦਤ ਅੰਸ਼ ਦੇ ਰਹੇ ਹਾਂ।

ਪ੍ਰਸ਼ਨ: ਸਭ ਤੋਂ ਪਹਿਲਾਂ ਨੈੱਟਵਰਕ 18 ਨੂੰ ਮੁਲਾਕਾਤ ਲਈ ਸਮਾਂ ਦੇਣ ‘ਤੇ ਤੁਹਾਡਾ ਬਹੁਤ ਧੰਨਵਾਦ। ਦੋ ਸਾਲ ਪਹਿਲਾਂ ਤੁਸੀਂ ਇਤਿਹਾਸਕ ਫ਼ਤਵੇ ਨਾਲ ਚੁਣੇ ਗਏ, ਜਿਹੜਾ ਕਿ ਤਿੰਨ ਦਹਾਕਿਆਂ ਵਿੱਚ ਸਭ ਤੋਂ ਜ਼ਿਆਦਾ ਫ਼ੈਸਲਾਕੁੰਨ ਹੈ। ਤੁਸੀਂ ਆਪਣੇ ਪਿਛਲੇ ਦੋ ਸਾਲਾਂ ਨੂੰ ਕਿਵੇਂ ਦੇਖਦੇ ਹੋ ਅਤੇ ਕੀ ਤੁਸੀਂ ਸੋਚਦੇ ਹੋ ਕਿ ਇਹ ਤੁਹਾਡੀ ਬਹੁਤ ਵੱਡੀ ਉਪਲੱਬਧੀ ਹੈ?

ਪ੍ਰਧਾਨ ਮੰਤਰੀ ਮੋਦੀ: ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਨੂੰ ਦੋ ਸਾਲ ਤਿੰਨ ਮਹੀਨੇ ਹੋ ਗਏ ਹਨ। ਭਾਰਤ ਲੋਕਤੰਤਰੀ ਦੇਸ਼ ਹੈ ਅਤੇ ਲੋਕ ਨਿਯਮਤ ਤੌਰ ‘ਤੇ ਸਰਕਾਰ ਦਾ ਮੁੱਲਾਂਕਣ ਕਰਦੇ ਹਨ। ਮੀਡੀਆ ਵੀ ਮੁੱਲਾਂਕਣ ਕਰਦਾ ਹੈ। ਅਤੇ ਇਨ੍ਹਾਂ ਦਿਨਾਂ ਵਿੱਚ ਪੇਸ਼ੇਵਰ ਸਰਵੇਖਣ ਏਜੰਸੀਆਂ ਵੀ ਇਹ ਕਰ ਰਹੀਆਂ ਹਨ। ਅਤੇ ਮੈਨੂੰ ਲਗਦਾ ਹੈ ਕਿ ਇਹ ਵਧੀਆ ਚੀਜ਼ ਹੈ ਅਤੇ ਇਸ ਲਈ ਮੈਂ ਇਹ ਜਨਤਾ ‘ਤੇ ਛੱਡ ਦਿੱਤਾ ਹੈ ਕਿ ਉਹ ਮੁੱਲਾਂਕਣ ਕਰਨ ਕਿ ਮੇਰੀ ਸਰਕਾਰ ਕਿਵੇਂ ਕਾਰਜ ਕਰਦੀ ਹੈ।

ਪਰ ਮੈਂ ਇਹ ਚਾਹੁੰਦਾ ਹਾਂ ਕਿ ਜਦੋਂ ਵੀ ਮੇਰੀ ਸਰਕਾਰ ਦਾ ਮੁੱਲਾਂਕਣ ਹੋਵੇ ਤਾਂ ਮੇਰੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਲੀ ਸਰਕਾਰ ਦੀ ਸਥਿਤੀ ਵੀ ਮਨ ਵਿੱਚ ਜ਼ਰੂਰ ਰੱਖਣੀ ਚਾਹੀਦੀ ਹੈ, ਦੇਸ਼ ਦੀ ਕੀ ਸਥਿਤੀ ਸੀ, ਮੀਡੀਆ ਕੀ ਵਿਚਾਰ ਕਰ ਰਿਹਾ ਸੀ। ਜੇਕਰ ਅਸੀਂ ਉਸ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਉਨ੍ਹਾਂ ਦਿਨਾਂ ਦੀਆਂ ਅਖ਼ਬਾਰਾਂ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਸਨ, ਨਿਰਾਸ਼ਾ… ਲੋਕਾਂ ਨੇ ਉਮੀਦ ਛੱਡ ਦਿੱਤੀ ਸੀ, ਉਨ੍ਹਾਂ ਨੂੰ ਲਗਦਾ ਸੀ ਕਿ ਸਭ ਕੁਝ ਡੁੱਬ ਗਿਆ ਹੈ।
ਜੇਕਰ ਇੱਕ ਮਰੀਜ਼ ਹੈ, ਡਾਕਟਰ ਭਾਵੇਂ ਜਿੰਨਾ ਵੀ ਵਧੀਆ ਹੈ, ਨਿਰਾਸ਼ ਹੈ ਕਿ ਦਵਾਈਆਂ ਉਸ ਨੂੰ ਠੀਕ ਨਹੀਂ ਕਰ ਸਕਦੀਆਂ। ਪਰ ਜੇਕਰ ਮਰੀਜ਼ ਨੂੰ ਉਮੀਦ ਹੈ ਤਾਂ ਉਸ ਨੂੰ ਇੱਕ ਔਸਤ ਡਾਕਟਰ ਵੀ ਠੀਕ ਕਰ ਸਕਦਾ ਹੈ। ਇਸ ਦਾ ਕਾਰਨ ਹੈ ਮਰੀਜ਼ ਦਾ ਅੰਦਰੂਨੀ ਵਿਸ਼ਵਾਸ।

ਸਰਕਾਰ ਬਣਾਉਣ ਤੋਂ ਬਾਅਦ ਮੇਰੀ ਪਹਿਲੀ ਤਰਜੀਹ ਸੀ ਕਿ ਨਿਰਾਸ਼ਤਾ ਦੇ ਮਾਹੌਲ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਦੇਸ਼ ਵਿੱਚ ਵਿਸ਼ਵਾਸ ਅਤੇ ਉਮੀਦ ਪੈਦਾ ਕਰਨੀ। ਇਹ ਭਾਸ਼ਣਾਂ ਨਾਲ ਨਹੀਂ ਹੋ ਸਕਦਾ। ਇਸ ਲਈ ਅਸਲ ਕਦਮ ਪੁੱਟਣ ਦੀ ਜ਼ਰੂਰਤ ਹੈ, ਇਹ ਦਿਖਾਉਣ ਲਈ ਕਿ ਇਹ ਕੀਤਾ ਗਿਆ ਹੈ। ਅਤੇ ਅੱਜ ਦੋ ਸਾਲ ਤੋਂ ਵੀ ਜ਼ਿਆਦਾ ਤੋਂ ਬਾਅਦ, ਮੈਂ ਇਹ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸਿਰਫ਼ ਦੇਸ਼ ਦੇ ਲੋਕਾਂ ਵਿੱਚ ਹੀ ਉਮੀਦ ਨਹੀਂ ਹੈ, ਬਲਕਿ ਸਮੁੱਚੀ ਦੁਨੀਆ ਦਾ ਭਾਰਤ ‘ਤੇ ਵਿਸ਼ਵਾਸ ਵਧਿਆ ਹੈ। ਉਹ ਵੀ ਸਮਾਂ ਸੀ ਜਦੋਂ ਸਾਨੂੰ ਡੁੱਬੇ ਹੋਏ ਜਹਾਜ਼ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ। BRICS ਵਿੱਚ ਆਈ (I) ਨੂੰ (ਭਾਰਤ ਦੀ ਪ੍ਰਤੀਨਿਧਤਾ) ਨੂੰ ਅਸਥਿਰ ਮੰਨਿਆ ਜਾਂਦਾ ਸੀ। ਅੱਜ ਕਿਹਾ ਜਾਂਦਾ ਹੈ ਕਿ ਜੇਕਰ ਅੱਜ ਉਮੀਦ ਦੀ ਕਿਰਨ ਹੈ ਤਾਂ ਉਹ ਭਾਰਤ ਹੈ। ਮੈਨੂੰ ਲਗਦਾ ਹੈ ਕਿ ਇਹ ਖ਼ੁਦ ਹੀ ਇਸਦੇ ਮੁੱਲਾਂਕਣ ਦਾ ਸਹੀ ਢੰਗ ਹੈ।

modi_42-750x500 [ PM India 66KB ]

ਪ੍ਰਸ਼ਨ: ਤੁਸੀਂ ਵਿਕਾਸ ਦੇ ਮੁੱਦੇ ‘ਤੇ ਸੱਤਾ ਵਿੱਚ ਆਏ, ਇਸ ਲਈ ਅਰਥ ਵਿਵਸਥਾ ‘ਤੇ ਇੱਕ ਸੁਆਲ ਹੈ। ਬਹੁਤ ਕੋਸ਼ਿਸ਼ਾਂ ਤੋਂ ਬਾਅਦ ਤੁਸੀਂ ਜੀਐੱਸਟੀ ਬਿਲ ਪਾਸ ਕਰਾਉਣ ਵਿੱਚ ਸਫ਼ਲ ਹੋਏ। ਤੁਸੀਂ ਇਸ ਨੂੰ ਕਿੰਨੀ ਵੱਡੀ ਸਫ਼ਲਤਾ ਵਜੋਂ ਦੇਖਦੇ ਹੋ। ਇਸਦਾ ਆਮ ਜਨਤਾ ਲਈ ਕੀ ਅਰਥ ਹੈ?
ਪ੍ਰਧਾਨ ਮੰਤਰੀ ਮੋਦੀ: ਭਾਰਤ ਦੀ ਅਜ਼ਾਦੀ ਤੋਂ ਬਾਅਦ ਦਾ ਇਹ ਸਭ ਤੋਂ ਵੱਡਾ ਕਰ ਸੁਧਾਰ ਹੈ। ਇਹ ਸੁਧਾਰ ਭਾਰਤ ਵਿੱਚ ਬਹੁਤ ਵੱਡੀ ਤਬਦੀਲੀ ਲਿਆਏਗਾ। ਦੇਸ਼ ਦੇ ਬਹੁਤ ਘੱਟ ਲੋਕ ਹਨ ਜਿਹੜੇ ਕਰ ਦਿੰਦੇ ਹਨ। ਕਈ ਲੋਕ ਇਸ ਲਈ ਕਰ ਭਰਦੇ ਹਨ ਕਿਉਂਕਿ ਉਹ ਦੇਸ਼ ਭਗਤ ਹਨ ਅਤੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਹਨ। ਕਈ ਲੋਕ ਇਸ ਲਈ ਕਰ ਭਰਦੇ ਹਨ ਕਿਉਂਕਿ ਉਹ ਕਾਨੂੰਨ ਨੂੰ ਤੋੜਨਾ ਨਹੀਂ ਚਾਹੁੰਦੇ। ਕਈ ਮੁਸ਼ਕਲਾਂ ਤੋਂ ਬਚਣ ਲਈ ਦਿੰਦੇ ਹਨ। ਪਰ ਜ਼ਿਆਦਾਤਰ ਨਹੀਂ ਦਿੰਦੇ ਕਿਉਂਕਿ ਪ੍ਰਕਿਰਿਆ ਗੁੰਝਲਦਾਰ ਹੈ। ਉਹ ਸੋਚਦੇ ਹਨ ਕਿ ਉਹ ਇਸ ਪ੍ਰਕਿਰਿਆ ਵਿੱਚ ਫਸ ਜਾਣਗੇ ਅਤੇ ਇਸ ਤੋਂ ਬਾਹਰ ਆਉਣ ਦੇ ਸਮਰੱਥ ਨਹੀਂ ਹੋਣਗੇ। ਜੀਐੱਸਟੀ ਕਰ ਦਾ ਭੁਗਤਾਨ ਅਸਾਨ ਬਣਾਏਗਾ ਤਾਂ ਕਿ ਜੋ ਵੀ ਦੇਸ਼ ਲਈ ਯੋਗਦਾਨ ਦੇਣਾ ਚਾਹੁੰਦਾ ਹੈ, ਉਹ ਅੱਗੇ ਆਏਗਾ।

ਦੂਜਾ, ਜੇਕਰ ਅੱਜ ਤੁਸੀਂ ਹੋਟਲ ਜਾਂਦੇ ਹੋ ਅਤੇ ਉੱਥੇ ਖਾਣਾ ਖਾਂਦੇ ਹੋ ਤਾਂ ਜੋ ਬਿਲ ਆਉਂਦਾ ਹੈ ਤਾਂ ਉਹ ਇਹ ਸੈੱਸ, ਉਹ ਸੈੱਸ …… ਨਾਲ ਆਉਂਦਾ ਹੈ, ਲੋਕ ਬਿਲ ਰਾਸ਼ੀ ਅਤੇ ਦਿੱਤੇ ਗਏ ਸੈੱਸ ਦਾ ਵੇਰਵੇ ਦਾ ਮੈਸੇਜ ਵਟਸਐਪ ‘ਤੇ ਭੇਜਦੇ ਹਨ। ਹੁਣ ਇਹ ਸਭ ਖਤਮ ਹੋ ਜਾਏਗਾ। ਅਤੇ ਹੁਣ ਅਸੀਂ ਚੂੰਗੀ ਅਤੇ ਸਰਹੱਦੀ ਚੈੱਕ ਪੋਸਟਾਂ ‘ਤੇ ਖੜ੍ਹੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖਦੇ ਹਾਂ। ਜਦੋਂ ਵਾਹਨ ਖੜ੍ਹਦਾ ਹੈ, ਤਾਂ ਇਹ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇੱਕ ਰਾਜ ਤੋਂ ਦੂਜੇ ਰਾਜ ਵਿੱਚ ਵਸਤਾਂ ਦੀ ਅਦਲਾ-ਬਦਲੀ, ਹੁਣ ਇਹ ਸਭ ਕੁਝ ਸਹਿਜ ਹੋ ਜਾਏਗਾ। ਕਰ ਪ੍ਰਣਾਲੀ ਵੀ ਹੁਣ ਅਸਾਨ ਹੋ ਜਾਏਗੀ ਅਤੇ ਇਹ ਨਾ ਕੇਵਲ ਆਮ ਜਨਤਾ ਲਈ ਫ਼ਾਇਦੇਮੰਦ ਹੋਏਗਾ ਬਲਕਿ ਮਾਲੀਏ ਨਾਲ ਦੇਸ਼ ਦਾ ਵਿਕਾਸ ਕਰਨ ਵਿੱਚ ਵੀ ਸਹਾਇਤਾ ਮਿਲੇਗੀ। ਅੱਜ, ਰਾਜਾਂ ਦਰਮਿਆਨ ਅਵਿਸ਼ਵਾਸ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਨਾਲ ਅਜਿਹੀ ਸਥਿਤੀ ਖ਼ਤਮ ਹੋਏਗੀ। ਇਹ ਸੰਘੀ ਢਾਂਚੇ ਨੂੰ ਮਜ਼ਬੂਤ ਅਤੇ ਪਾਰਦਰਸ਼ੀ ਬਣਾਏਗਾ।

ਪ੍ਰਸ਼ਨ: ਸੱਤਾ ਵਿੱਚ ਆਉਣ ਤੋਂ ਬਾਅਦ ਤੁਹਾਡੀ ਸਭ ਤੋਂ ਵੱਡੀ ਚੁਣੌਤੀ ਆਰਥਿਕਤਾ ਸੀ। ਤੁਹਾਡੇ ਸਾਹਮਣੇ ਉਸਨੂੰ ਮੁੜ ਲੀਹ ‘ਤੇ ਲਿਆਉਣਾ ਹੀ ਨਹੀਂ ਸੀ ਬਲਕਿ ਵਿਕਾਸ ਦੀ ਰਫ਼ਤਾਰ ਵੀ ਤੇਜ ਕਰਨ ਦਾ ਟੀਚਾ ਸੀ। ਕੀ ਤੁਸੀਂ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਕਾਮਯਾਬ ਰਹੇ ਹੋ?

ਪ੍ਰਧਾਨ ਮੰਤਰੀ ਮੋਦੀ: ਤੁਸੀਂ ਸਹੀ ਹੋ ਕਿ ਇੱਥੇ ਨਕਾਰਾਤਮਕ ਮਾਹੌਲ ਸੀ। ਦੇਸ਼ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਬਾਹਰ ਦੇਖਣਾ ਸ਼ੁਰੂ ਕਰ ਦਿੱਤਾ ਸੀ। ਸਰਕਾਰ ਵਿੱਚ ਪੱਖਪਾਤ ਸੀ। ਇੱਕ ਤਰਫ਼ ਇਸ ਪ੍ਰਕਾਰ ਦੀ ਸਥਿਤੀ ਸੀ। ਦੂਜੇ ਪਾਸੇ ਅਸੀਂ ਦੋ ਸੋਕਿਆਂ ਦਾ ਸਾਹਮਣਾ ਕੀਤਾ। ਤੀਜਾ, ਵਿਸ਼ਵ ਆਰਥਿਕਤਾ ਵਿੱਚ ਮੰਦੀ ਸੀ। ਇਸ ਲਈ ਚੁਣੌਤੀਆਂ ਦੀ ਲੜੀ ਸੀ। ਇਹ ਸਿਰਫ਼ ਸਾਡੇ ਕਾਰਜ ਭਾਰ ਸੰਭਾਲਣ ਤੋਂ ਬਾਅਦ ਹੀ ਨਹੀਂ ਸੀ। ਇਸ ਤੋਂ ਬਾਅਦ ਵੀ ਚੁਣੌਤੀਆਂ ਹਨ। ਪਰ ਸਾਡਾ ਇਰਾਦਾ ਮਜ਼ਬੂਤ ਹੈ ਅਤੇ ਨੀਤੀਆਂ ਸਪੱਸ਼ਟ ਹਨ। ਇਸ ਵਿੱਚ ਕੋਈ ਨਿਜੀ ਹਿਤ ਨਹੀਂ ਹਨ, ਇਸ ਲਈ ਇਹ ਠੋਸ ਹੈ। ਇਸਦੇ ਨਤੀਜੇ ਵਜੋਂ ਬਹੁਤ ਤੇਜ਼ੀ ਨਾਲ ਸਕਾਰਾਤਮਕਤਾ ਫੈਲ ਗਈ। ਅੱਜ, ਅਜ਼ਾਦੀ ਤੋਂ ਬਾਅਦ ਸਾਡੇ ਕੋਲ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਸਭ ਤੋਂ ਜ਼ਿਆਦਾ ਰਾਸ਼ੀ ਹੈ। ਸਮੁੱਚੀ ਦੁਨੀਆ ਕਹਿ ਰਹੀ ਹੈ ਕਿ 7 ਫ਼ੀਸਦੀ ਵਿਕਾਸ ਦਰ ਨਾਲ ਸਾਡੀ ਆਰਥਿਕਤਾ ਸਭ ਤੋਂ ਤੇਜੀ ਨਾਲ ਵਧਣ ਵਾਲੀ ਹੈ। ਬੇਸ਼ੱਕ ਉਹ ਵਿਸ਼ਵ ਬੈਂਕ ਹੋਵੇ, ਆਈਐੱਮਐੱਫ਼, ਕਰੈਡਿਟ ਏਜੰਸੀਆਂ, ਇੱਥੋਂ ਤੱਕ ਕਿ ਯੂਐੱਨ ਏਜੰਸੀਆਂ ਵੀ… ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।

ਉਨ੍ਹਾਂ ਨੀਤੀਆਂ ਜਿਹੜੀਆਂ ਵਿਕਾਸ ਵਿੱਚ ਮਦਦ ਕਰ ਰਹੀਆਂ ਹਨ, ਉਨ੍ਹਾਂ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨੀਤੀਆਂ ਵਿੱਚੋਂ ਸਾਰੀਆਂ ਰੁਕਾਵਟਾਂ ਨੂੰ ਖਤਮ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦਾ ਨਤੀਜਾ ਹੋਇਆ ਕਿ ਆਰਥਿਕਤਾ ਤੇਜੀ ਨਾਲ ਵਧ ਰਹੀ ਹੈ। ਇਸ ਸਮੇਂ ਬਾਰਸ਼ਾਂ ਵੀ ਵਧੀਆ ਹੋਈਆਂ ਹਨ ਅਤੇ ਇਸ ਨਾਲ ਖੇਤੀਬਾੜੀ ਵਿੱਚ ਮਦਦ ਮਿਲੇਗੀ, ਜਿਹੜੀ ਕਿ ਸਾਡੀ ਆਰਥਿਕਤਾ ਨੂੰ ਚਲਾ ਰਹੀ ਹੈ। ਇਸ ਨਾਲ ਉਮੀਦ ਪੈਦਾ ਹੋਈ ਹੈ ਕਿ ਆਉਣ ਵਾਲੇ ਦਿਨ ਜ਼ਿਆਦਾ ਵਧੀਆ ਹੋਣਗੇ।

ਆਮ ਤੌਰ ‘ਤੇ ਇੱਕ ਜਾਂ ਦੋ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਗੱਲਬਾਤ ਹੁੰਦੀ ਹੈ ਪਰ ਅੱਜ ਸਾਰੇ ਖੇਤਰਾਂ ਵਿੱਚ ਵਿਕਾਸ ਦੀ ਗੱਲ ਹੋ ਰਹੀ ਹੈ। ਬਿਜਲੀ ਦਾ ਉਤਪਾਦਨ ਵਧਿਆ ਹੈ, ਇਸ ਲਈ ਮੰਗ ਵਧੀ ਹੈ। ਬੁਨਿਆਦੀ ਕਾਰਜ ਵੀ ਤੇਜੀ ਨਾਲ ਵਿਕਾਸ ਕਰ ਰਹੇ ਹਨ ਅਤੇ ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਆਰਥਿਕਤਾ ਵਿੱਚ ਇਸਦੀ ਮੰਗ ਹੈ। ਇਨ੍ਹਾਂ ਸਾਰਿਆਂ ਤੋਂ ਲਗਦਾ ਹੈ ਕਿ ਅਸੀਂ ਅੱਛੇ ਦਿਨਾਂ ਦੀ ਤਰਫ਼ ਵਧ ਰਹੇ ਹਾਂ।

modi-joshi-750x500 [ PM India 78KB ]

ਪ੍ਰਸ਼ਨ: ਤੁਸੀਂ ਬਿਲਕੁਲ ਸਹੀ ਹੋ ਕਿ ਮਾਨਸੂਨ ਬਹੁਤ ਉਤਸ਼ਾਹਜਨਕ ਹੈ ਅਤੇ ਸ਼ੇਅਰ ਬਜ਼ਾਰ ਵੀ ਉੱਪਰ ਹੈ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਸੁਧਾਰਾਂ ਦੀ ਅਗਲੀ ਲਹਿਰ ਕੀ ਹੋਏਗੀ?

ਪ੍ਰਧਾਨ ਮੰਤਰੀ ਮੋਦੀ: ਸਭ ਤੋਂ ਪਹਿਲਾਂ, ਸਾਡੇ ਦੇਸ਼ ਵਿੱਚ ਜਿਸ ਬਾਰੇ ਗੱਲਬਾਤ ਹੁੰਦੀ ਹੈ, ਉਸ ਨੂੰ ਸੁਧਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਜੇਕਰ ਇਸ ਸਬੰਧੀ ਕੋਈ ਗੱਲਬਾਤ ਨਹੀਂ ਹੁੰਦੀ, ਤਾਂ ਉਸ ਨੂੰ ਸੁਧਾਰ ਵਜੋਂ ਨਹੀਂ ਦੇਖਿਆ ਜਾਂਦਾ। ਇਹ ਸਾਡੀ ਅਗਿਆਨਤਾ ਨੂੰ ਦਿਖਾਉਂਦਾ ਹੈ। ਅਸਲ ਵਿੱਚ ਮੇਰਾ ਵਿਚਾਰ ਤਬਦੀਲੀ ਲਈ ਸੁਧਾਰ ਹੈ। ਮੈਂ ਆਪਣੀ ਸਰਕਾਰ ਵਿੱਚ ਕਹਿੰਦਾ ਹਾਂ-ਰਿਫਾਰਮ,ਪਰਫਾਰਮ ਅਤੇ ਟਰਾਂਸਫਾਰਮ। ਅਤੇ ਜਦੋਂ ਤੋਂ ਮੈਂ ਇਸ ਮੁਲਾਕਾਤ ਲਈ ਬੈਠਾ ਹਾਂ, ਮੈਂ ਕਹਿੰਦਾ ਹਾਂ ਰਿਫਾਰਮ, ਪਰਫਾਰਮ, ਟਰਾਂਸਫਾਰਮ ਅਤੇ ਇਨਫਾਰਮ ਕਰਨਾ।

ਕਾਰੋਬਾਰ ਕਰਨਾ ਸੌਖਾ ਕਰਨ ਨੂੰ ਹੀ ਲੈ ਲਓ। ਸਾਡੀ ਦਰਜਾਬੰਦੀ ਵਿੱਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ। ਇਹ ਸੁਧਾਰਾਂ ਤੋਂ ਬਿਨਾਂ ਸੰਭਵ ਨਹੀਂ ਹੈ। ਸਾਡਾ ਸਿਸਟਮ, ਪ੍ਰਕਿਰਿਆਵਾਂ, ਫਾਰਮ ਬਹੁਤ ਗੁੰਝਲਦਾਰ ਹਨ। ਇਨ੍ਹਾਂ ਨੂੰ ਸੁਧਾਰਿਆ ਗਿਆ ਹੈ, ਇਸ ਲਈ ਸਾਡੀ ਦਰਜਾਬੰਦੀ ਉੱਪਰ ਜਾ ਰਹੀ ਹੈ। ਯੂਐੱਨ ਏਜੰਸੀ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ ਅਸੀਂ 10ਵੇਂ ਨੰਬਰ ਤੋਂ ਤੀਜੇ ਨੰਬਰ ‘ਤੇ ਜਾ ਸਕਦੇ ਹਾਂ। ਇਨ੍ਹਾਂ ਛੋਟੀਆਂ ਚੀਜ਼ਾਂ ਵਿੱਚ ਸੁਧਾਰ ਦੀ ਜ਼ਰੂਰਤ ਹੈ। ਅੱਜ ਵੀ ਕਈ ਖੇਤਰਾਂ ਵਿੱਚ ਲਾਇਸੈਂਸੀ ਰਾਜ ਮੌਜੂਦ ਹੈ। ਉਸਨੂੰ ਖਤਮ ਕਰਨ ਦੀ ਜ਼ਰੂਰਤ ਹੈ। ਇਹ ਇੱਕ ਮਹੱਤਵਪੂਰਨ ਸੁਧਾਰ ਹੈ ਜਿਹੜਾ ਕਿ ਪ੍ਰਸ਼ਾਸਨ, ਸ਼ਾਸਨ ਅਤੇ ਕਾਨੂੰਨੀ ਹਰ ਪੱਧਰ ‘ਤੇ ਹੋ ਰਿਹਾ ਹੈ।

ਮਿਸਾਲ ਵਜੋਂ 19ਵੀਂ ਅਤੇ 20ਵੀਂ ਸਦੀ ਦੇ 1700 ਕਾਨੂੰਨ ਅਸੀਂ ਖਤਮ ਕਰ ਦਿੱਤੇ ਹਨ। ਮੈਂ ਰਾਜਾਂ ਨੂੰ ਵੀ ਅਜਿਹਾ ਕਰਨ ਲਈ ਕਿਹਾ ਹੈ। ਇਹ ਬਹੁਤ ਵੱਡੇ ਸੁਧਾਰ ਹਨ, ਲੋਕ ਸੂਚਨਾ ਦੀ ਘਾਟ ਕਾਰਨ ਇਨ੍ਹਾਂ ਨੂੰ ਸੁਧਾਰ ਨਹੀਂ ਮੰਨਦੇ। ਸਿੱਖਿਆ ਨੂੰ ਲੈ ਲਓ, ਜਿੱਥੇ ਅਸੀਂ ਅਹਿਮ ਕਦਮ ਚੁੱਕਿਆ ਹੈ ਪਰ ਕਿਸੇ ਨੇ ਉਸ ‘ਤੇ ਧਿਆਨ ਨਹੀਂ ਦਿੱਤਾ। ਅਸੀਂ ਕਿਹਾ ਕਿ 10 ਸਰਕਾਰੀ ਅਤੇ 10 ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਾਰੇ ਨਿਯਮਾਂ ਤੋਂ ਮੁਕਤ ਕਰ ਦਿੱਤਾ ਜਾਏਗਾ। ਅਸੀਂ ਉਨ੍ਹਾਂ ਨੂੰ ਪੈਸਾ ਦਿਆਂਗੇ ਅਤੇ ਉਹ ਜ਼ਰੂਰ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਬਣਨਗੀਆਂ। ਜੇਕਰ ਨਿਯਮ ਉਨ੍ਹਾਂ ਨੂੰ ਜਕੜਨਗੇ ਤਾਂ ਅਸੀਂ ਨਿਯਮਾਂ ਨੂੰ ਹਟਾ ਦਿਆਂਗੇ। ਹੁਣ ਇਹ ਕਰੋ ਅਤੇ ਸਾਨੂੰ ਦਿਖਾਓ। ਇਹ ਪ੍ਰਮੁੱਖ ਸੁਧਾਰ ਹੈ, ਪਰ ਇਸ ਤਰਫ਼ ਕਿਸੇ ਨੇ ਧਿਆਨ ਨਹੀਂ ਦਿੱਤਾ।

ਸਿੱਧਾ ਲਾਭ-ਤਬਦੀਲ ਵੱਡਾ ਸੁਧਾਰ ਹੈ। ਪਹਿਲਾਂ ਕੌਣ ਜਾਣਦਾ ਸੀ ਕਿ ਮਨਰੇਗਾ ਦਾ ਪੈਸਾ ਕਿੱਥੇ ਜਾ ਰਿਹਾ ਹੈ? ਹੁਣ ਸਿੱਧਾ ਲਾਭ-ਤਬਦੀਲ ਕਰਕੇ ਭੇਜਿਆ ਜਾਂਦਾ ਹੈ। ਇਸ ਪ੍ਰਕਾਰ ਹੀ ਗੈਸ ਸਬਸਿਡੀ ਅਤੇ ਵਿਦਿਆਰਥੀਆਂ ਦਾ ਵਜ਼ੀਫ਼ਾ ਹੈ। ਮੇਰੇ ਲਈ ਇਹ ਸਾਰੇ ਸੁਧਾਰ ਸ਼ਾਸਨ ਅਤੇ ਪਾਰਦਰਸ਼ਤਾ ਹਨ। ਅਸੀਂ ਤਕਨਾਲੋਜੀ ਦੇ ਖੇਤਰ ਵਿੱਚ ਜ਼ਿਆਦਾ ਜਾ ਰਹੇ ਹਾਂ। ਇਨ੍ਹਾਂ ਨੂੰ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਇਸ ਦੇ ਕੇਂਦਰ ਵਿੱਚ ਆਮ ਆਦਮੀ ਹੈ। ਆਮ ਨਾਗਰਿਕ ਦੀ ਜ਼ਿੰਦਗੀ ਨੂੰ ਕਿਵੇਂ ਅਸਾਨ ਬਣਾਇਆ ਜਾ ਸਕਦਾ ਹੈ, ਉਨ੍ਹਾਂ ਲਈ ਕੀ ਸਹੀ ਹੈ, ਉਹ ਇਸ ਨੂੰ ਕਿਵੇਂ ਪ੍ਰਾਪਤ ਕਰਨ, ਅਸੀਂ ਇਨ੍ਹਾਂ ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ।

ਪ੍ਰਸ਼ਨ: ਜਦੋਂ ਆਰਥਿਕ ਵਿਕਾਸ ਹੋ ਰਿਹਾ ਹੈ, ਆਰਥਿਕਤਾ ਵਿੱਚ ਨਿਜੀ ਨਿਵੇਸ਼ ਅਜੇ ਵੀ ਮੱਠਾ ਹੈ। ਕਈ ਖੇਤਰ ਜਿਵੇਂ ਰੀਅਲ ਅਸਟੇਟ ਅਜੇ ਵੀ ਮੁਸ਼ਕਲ ਵਿੱਚ ਹਨ। ਸਟਾਰਟ-ਅੱਪਸ ਦੀ ਉੱਦਮ ਦੀ ਪੂੰਜੀ ਫ਼ੰਡਿੰਗ ਹੌਲੀ ਹੈ। ਇਸ ਪੱਧਰ ‘ਤੇ ਤੁਸੀਂ ਨਿਜੀ ਇੰਡਸਟਰੀ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?

ਪ੍ਰਧਾਨ ਮੰਤਰੀ ਮੋਦੀ: ਅੱਜ ਮੈਂ ਸੋਚਦਾ ਹਾਂ ਕਿ ਪਹਿਲਾ ਬਜਟ ਪੇਸ਼ ਕਰਨ ਤੋਂ ਪਹਿਲਾਂ ਮੈਨੂੰ ਸੰਸਦ ਵਿੱਚ ਦੇਸ਼ ਦੀ ਆਰਥਿਕ ਸਥਿਤੀ ਸਬੰਧੀ ਵਾਈਟ ਪੇਪਰ ਪੇਸ਼ ਕਰਨਾ ਚਾਹੀਦਾ ਸੀ। ਉਸ ਸਮੇਂ ਮੈਨੂੰ ਇਹ ਵਿਚਾਰ ਆਇਆ ਸੀ। ਉਸ ਸਮੇਂ ਮੇਰੇ ਕੋਲ ਦੋ ਰਸਤੇ ਸਨ। ਰਾਜਨੀਤੀ ਕਹਿੰਦੀ ਸੀ ਕਿ ਮੈਨੂੰ ਪੂਰੇ ਵੇਰਵੇ ਸਾਹਮਣੇ ਰੱਖਣੇ ਚਾਹੀਦੇ ਹਨ। ਪਰ ਦੇਸ਼ ਦੇ ਹਿਤ ਕਹਿੰਦੇ ਸਨ ਕਿ ਇਹ ਜਾਣਕਾਰੀ ਨਾ-ਉਮੀਦੀ ਦੀ ਭਾਵਨਾ ਨੂੰ ਵਧਾਏਗੀ, ਬਜ਼ਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਏਗਾ, ਅਰਥ ਵਿਵਸਥਾ ਲਈ ਇਹ ਵੱਡਾ ਝਟਕਾ ਹੋਣਾ ਸੀ ਅਤੇ ਵਿਸ਼ਵ ਦਾ ਭਾਰਤ ਪ੍ਰਤੀ ਨਜ਼ਰੀਆ ਖ਼ਰਾਬ ਹੋਣਾ ਸੀ। ਉਸ ਅਰਥ ਵਿਵਸਥਾ ਵਿੱਚੋਂ ਬਾਹਰ ਆਉਣਾ ਬਹੁਤ ਮੁਸ਼ਕਲ ਹੋ ਜਾਣਾ ਸੀ… ਰਾਜਨੀਤਕ ਨੁਕਸਾਨ ਦੇ ਖ਼ਤਰੇ ‘ਤੇ ਮੈਂ ਰਾਸ਼ਟਰੀ ਹਿਤ ਦਾ ਰਸਤਾ ਅਪਣਾਉਂਦੇ ਹੋਏ ਚੁੱਪ ਰਹਿਣਾ ਚੁਣਿਆ। ਉਸ ਸਮੇਂ ਜਨਤਕ ਖੇਤਰ ਦੇ ਬੈਂਕ ਇਸ ਸਥਿਤੀ ਤੋਂ ਬਾਹਰ ਆ ਰਹੇ ਸਨ…ਮੈਂ ਇਨ੍ਹਾਂ ਵੇਰਵਿਆਂ ਨੂੰ ਜਨਤਕ ਨਹੀਂ ਕੀਤਾ। ਇਸ ਨੇ ਸਾਨੂੰ ਨੁਕਸਾਨ ਕੀਤਾ, ਸਾਡੀ ਆਲੋਚਨਾ ਹੋਈ, ਇਸ ਨੂੰ ਇਸ ਪ੍ਰਕਾਰ ਦੇਖਿਆ ਗਿਆ ਕਿ ਇਹ ਮੇਰੀ ਗ਼ਲਤੀ ਸੀ। ਪਰ ਮੈਂ ਰਾਸ਼ਟਰੀ ਹਿਤ ਲਈ ਰਾਜਨੀਤਕ ਨੁਕਸਾਨ ਉਠਾਇਆ। ਅਤੀਤ ਦੇ ਇਨ੍ਹਾਂ ਸਾਰੇ ਮੁੱਦਿਆਂ ਦਾ ਪ੍ਰਭਾਵ ਬੈਂਕਾਂ ਵਿੱਚ ਪਏ ਗੈਰ ਕਾਰਗੁਜ਼ਾਰੀ ਅਸਾਸਿਆਂ ਦੀ ਤਰ੍ਹਾਂ ਨਿਜੀ ਨਿਵੇਸ਼ਕਾਂ ‘ਤੇ ਪਿਆ। ਮੈਂ ਬੈਂਕਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਤੁਹਾਨੂੰ ਕੋਈ ਫ਼ੋਨ ਨਹੀਂ ਆਏਗਾ। ਇਨ੍ਹਾਂ ਕਦਮਾਂ ਨਾਲ ਪੇਚ ਕਸੇ ਗਏ।

ਇਸ ਤੋਂ ਇਲਾਵਾ ਜਿਸ ਪ੍ਰਕਾਰ ਸੜਕਾਂ ਬਣਾਈਆਂ ਜਾ ਰਹੀਆਂ ਹਨ, ਕਿਵੇਂ ਰੇਲਵੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਇਲੈਕਟ੍ਰੌਨਿਕ ਵਸਤਾਂ ਦੇ ਨਿਰਮਾਣ ਵਿੱਚ ਛੇ ਗੁਣਾ ਵਾਧਾ ਹੋਇਆ ਹੈ…ਇਹ ਚੀਜ਼ਾਂ ਦਰਸਾਉਂਦੀਆਂ ਹਨ ਕਿ ਅਸੀਂ ਸ਼ਾਰਟਕੱਟ ਨਹੀਂ ਲਿਆ ਹੈ। ਅਤੇ ਮੇਰਾ ਆਦਰਸ਼ ਕਥਨ ਹੈ ਜਿਵੇਂ ਰੇਲਵੇ ਪਲੇਟਫ਼ਾਰਮ ‘ਤੇ ਕਹਿੰਦੇ ਹਨ: ‘ਛੋਟਾ ਰਸਤਾ ਤੁਹਾਨੂੰ ਛੋਟਾ ਕਰ ਦਏਗਾ’ (‘short cut will cut you short’)। ਅਸੀਂ ਕੋਈ ਵੀ ਸ਼ਾਰਟਕਟ ਨਹੀਂ ਲੈਣਾ ਚਾਹੁੰਦੇ ਅਤੇ ਨਤੀਜੇ ਦਿਖਾਈ ਦੇ ਰਹੇ ਹਨ। ਹੁਣ ਇਸ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਸਾਨੂੰ ਇਨ੍ਹਾਂ ਚੀਜ਼ਾਂ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਸ਼ੁਰੂਆਤ ਵਿੱਚ-ਮਈ 2014 ਵਿੱਚ- ਮੈਂ ਮੁਸ਼ਕਲ ਰਸਤਾ ਚੁਣਿਆ। ਜਦੋਂ ਨਿਰਪੱਖ ਲੋਕ ਸਥਿਤੀ ਦਾ ਮੁੱਲਾਂਕਣ ਕਰਨਗੇ, ਮੈਨੂੰ ਵਿਸ਼ਵਾਸ ਹੈ ਕਿ ਉਹ ਹੈਰਾਨ ਰਹਿ ਜਾਣਗੇ।

ਪ੍ਰਸ਼ਨ: ਕਾਲੇ ਧਨ ‘ਤੇ ਤੁਸੀਂ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਅਸਲ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕਾਲੇ ਧਨ ‘ਤੇ ਇਸ ਪ੍ਰਕਾਰ ਦੀ ਕਾਰਵਾਈ ਕਾਰਨ ਕਈ ਬਿਜ਼ਨਸਮੈਨ ਦੁਬਈ ਜਾਂ ਲੰਡਨ ਵਿੱਚ ਛੁਪ ਰਹੇ ਹਨ। ਇੱਥੋਂ ਤੱਕ ਕਿ ਤੁਸੀਂ ਰਾਜਨੀਤਕ ਘਰਾਣਿਆਂ ਨੂੰ ਵੀ ਨਹੀਂ ਛੱਡਿਆ। ਕੀ ਇਹ ਪ੍ਰਕਿਰਿਆ ਜਾਰੀ ਰਹੇਗੀ?

ਪ੍ਰਧਾਨ ਮੰਤਰੀ ਮੋਦੀ: ਪਹਿਲੀ ਗੱਲ ਹੈ ਕਿ ਹੁਣ ਤੱਕ ਰਾਜਨੀਤਕ ਦ੍ਰਿਸ਼ਟੀ ਨਾਲ ਨਾ ਮੈਂ ਸੋਚਿਆ ਹੈ ਤੇ ਨਾ ਹੀ ਸੋਚਾਂਗਾ। ਮੈਂ 14 ਸਾਲ ਤੱਕ ਇੱਕ ਰਾਜ ਦਾ ਮੁੱਖ ਮੰਤਰੀ ਰਹਿ ਕੇ ਆਇਆ ਹਾਂ। ਅਤੇ ਇਤਿਹਾਸ ਗਵਾਹ ਹੈ ਕਿ ਮੈਂ ਰਾਜਨੀਤਕ ਕਾਰਨਾਂ ਨਾਲ ਇੱਕ ਵੀ ਫਾਈਲ ਕਦੇ ਖੋਲ੍ਹੀ ਨਹੀਂ ਸੀ। ਅਤੇ ਮੇਰੇ ‘ਤੇ ਅਜਿਹਾ ਦੋਸ਼ ਕਦੇ ਲੱਗਿਆ ਵੀ ਨਹੀਂ ਹੈ। ਇੱਥੇ ਵੀ ਮੈਨੂੰ ਸਵਾ ਦੋ ਸਾਲ ਹੋਏ ਹਨ। ਸਰਕਾਰ ਦੀ ਤਰਫ਼ ਤੋਂ ਕੋਈ ਫਾਈਲ ਖੋਲ੍ਹਣ ਦੀ ਹਿਦਾਇਤ ਨਹੀਂ ਹੈ। ਕਾਨੂੰਨ ਕੰਮ ਕਰੇਗਾ, ਮੈਨੂੰ ਲੀਪਾਪੋਤੀ ਕਰਨ ਦਾ ਵੀ ਹੱਕ ਨਹੀਂ ਹੈ। ਤੁਸੀਂ ਜੋ ਕਿਹਾ ਕਿ ਅਸੀਂ ਕਿਸੇ ਰਾਜਨੀਤਕ ਘਰਾਣੇ ਨੂੰ ਨਹੀਂ ਛੱਡਿਆ ਹੈ ਤਾਂ ਇਹ ਸਹੀ ਨਹੀਂ ਹੈ।

ਅਸੀਂ ਜ਼ਰੂਰੀ ਕਾਨੂੰਨੀ ਤਬਦੀਲੀਆਂ ਕੀਤੀਆਂ ਹਨ ਤਾਂ ਕਿ ਦੇਸ਼ ਦੇ ਅੰਦਰ ਚਲ ਰਹੇ ਕਾਲੇ ਧਨ ਨੂੰ ਵੀ ਰੋਕਿਆ ਜਾ ਸਕੇ। 30 ਸਤੰਬਰ ਤੱਕ ਇੱਕ ਸਕੀਮ ਚਲ ਰਹੀ ਹੈ। ਜੇਕਰ ਕੋਈ ਹੁਣ ਵੀ ਮੁੱਖ ਧਾਰਾ ਵਿੱਚ ਆਉਣਾ ਚਾਹੁੰਦਾ ਹੈ, ਉਸ ਨੂੰ ਅਸੀਂ ਮੌਕਾ ਦੇਣਾ ਚਾਹੁੰਦੇ ਹਾਂ। ਮੈਂ ਜਨਤਕ ਰੂਪ ਵਿੱਚ ਕਿਹਾ ਹੈ ਕਿ 30 ਸਤੰਬਰ ਤੁਹਾਡੀ ਅੰਤਿਮ ਮਿਤੀ ਹੈ। ਕਿਸੇ ਨਾ ਕਿਸੇ ਕਾਰਨ ਨਾਲ ਜੇਕਰ ਤੁਹਾਡੇ ਤੋਂ ਗ਼ਲਤੀ ਹੋ ਗਈ ਹੈ ਜਾਂ ਕੁਝ ਗ਼ਲਤ ਹੋ ਗਿਆ ਹੈ, ਜਾਣਬੁੱਝ ਕੇ ਕੀਤਾ ਜਾਂ ਅਣਜਾਣਪੁਣੇ ਵਿੱਚ ਕੀਤਾ ਹੈ ਤਾਂ ਇਹ ਮੌਕਾ ਹੈ, ਤੁਸੀਂ ਮੁੱਖਧਾਰਾ ਵਿੱਚ ਆ ਜਾਓ। ਮੈਂ ਸ਼ਾਂਤੀ ਦੀ ਨੀਂਦ ਸੌਣ ਦਾ ਮੌਕਾ ਲੈ ਕੇ ਆਇਆ ਹਾਂ। ਲੋਕਾਂ ਨੂੰ ਇਸ ਨੂੰ ਜ਼ਰੂਰ ਸਵੀਕਾਰ ਕਰਨਾ ਚਾਹੀਦਾ ਹੈ। ਅਤੇ 30 ਤਰੀਕ ਤੋਂ ਬਾਅਦ ਮੈਂ ਕੋਈ ਸਖ਼ਤ ਕਦਮ ਉਠਾਇਆ ਤਾਂ ਕੋਈ ਮੈਨੂੰ ਦੋਸ਼ ਨਹੀਂ ਦੇ ਸਕਦਾ । ਇਹ ਪੈਸਾ ਦੇਸ਼ ਦੀ ਗ਼ਰੀਬ ਜਨਤਾ ਦਾ ਹੈ। ਇਸ ਨੂੰ ਕਿਸੇ ਨੂੰ ਵੀ ਲੁੱਟਣ ਦਾ ਅਧਿਕਾਰ ਨਹੀਂ ਹੈ। ਇਹ ਮੇਰੀ ਵਚਨਬੱਧਤਾ ਹੈ। ਮੈਂ ਪੂਰੀ ਤਾਕਤ ਨਾਲ ਲੱਗਿਆ ਹੋਇਆ ਹਾਂ ਅਤੇ ਇਹ ਕੋਸ਼ਿਸ਼ ਜਾਰੀ ਰਹੇਗੀ।

narendra-modi-750x500 [ PM India 86KB ]

ਪ੍ਰਸ਼ਨ: ਪ੍ਰਧਾਨ ਮੰਤਰੀ ਜੀ, ਆਓ ਰਾਜਨੀਤੀ ਸਬੰਧੀ ਗੱਲ ਕਰਦੇ ਹਾਂ। ਅਗਲੇ ਸਾਲ ਕਈ ਰਾਜਾਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਸਮਾਜਕ ਭੇਦਭਾਵ ਅਤੇ ਧਾਰਮਕ ਕੱਟੜਤਾ ਇੱਕ ਵਾਰ ਫਿਰ ਤੋਂ ਆਪਣਾ ਸਿਰ ਉਠਾ ਰਹੇ ਹਨ। ਦਲਿਤ ਅਤੇ ਪਿਛੜੇ ਵਰਗ ਦੇ ਲੋਕ ਤਾਂ ਇੱਥੋਂ ਤੱਕ ਕਹਿਣ ਲੱਗੇ ਹਨ ਕਿ ਬੀਜੇਪੀ ਅਤੇ ਆਰਐੱਸਐੱਸ ਦਲਿਤ ਵਿਰੋਧੀ ਹਨ। ਤਾਂ ਤੁਸੀਂ ਦੇਸ਼ ਵਾਸੀਆਂ ਨੂੰ ਕਿਸ ਪ੍ਰਕਾਰ ਇਸ ਗੱਲ ਦਾ ਵਿਸ਼ਵਾਸ ਦਿਵਾਓਗੇ ਕਿ ਤੁਹਾਡਾ ਮੁੱਦਾ ਸਿਰਫ਼ ਅਤੇ ਸਿਰਫ਼ ਵਿਕਾਸ ਹੀ ਹੈ?

ਪ੍ਰਧਾਨ ਮੰਤਰੀ ਮੋਦੀ: ਦੇਸ਼ ਨੂੰ ਤਾਂ ਪੂਰਾ ਭਰੋਸਾ ਹੈ ਕਿ ਸਾਡਾ ਮੁੱਦਾ ਵਿਕਾਸ ਹੀ ਹੈ। ਦੇਸ਼ ਦੀ ਜਨਤਾ ਵਿੱਚ ਕੋਈ ਉਲਝਣ ਨਹੀਂ ਹੈ। ਪਰ ਲੋਕ ਕਦੇ ਨਹੀਂ ਚਾਹੁੰਦੇ ਸਨ ਕਿ ਅਜਿਹੀ ਸਰਕਾਰ ਬਣੇ, ਜੋ ਲੋਕ ਕਦੇ ਨਹੀਂ ਚਾਹੁੰਦੇ ਸਨ ਕਿ ਪਿਛਲੀ ਸਰਕਾਰ ਜਾਏ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਚਲ ਰਹੀਆਂ ਹਨ। ਇਸ ਲਈ ਵਿਕਾਸ ਦਾ ਮੁੱਦਾ ਹੀ ਸਾਡਾ ਮੁੱਦਾ ਹੈ…ਵਿਕਾਸ ਦਾ ਮੁੱਦਾ ਹੀ ਸਾਡਾ ਮੁੱਦਾ ਰਹੇਗਾ ਅਤੇ ਇਹ ਕੋਈ ਰਾਜਨੀਤਕ ਮੁੱਦਾ ਨਹੀਂ, ਇਹ ਮੇਰਾ ਵਿਸ਼ਵਾਸ ਹੈ ਕਿ ਦੇਸ਼ ਵਿੱਚ ਜੇਕਰ ਗ਼ਰੀਬੀ ਤੋਂ ਮੁਕਤੀ ਚਾਹੀਦੀ ਹੈ ਤਾਂ ਵਿਕਾਸ ਕਰਨਾ ਪਏਗਾ। ਦੇਸ਼ ਦੇ ਗ਼ਰੀਬਾਂ ਨੂੰ ਮਜ਼ਬੂਤ ਬਣਾਉਣ ਪਏਗਾ। ਜਿੱਥੋਂ ਤੱਕ ਅਜਿਹੀਆਂ ਘਟਨਾਵਾਂ ਦਾ ਸੁਆਲ ਹੈ ਇਨ੍ਹਾਂ ਦੀ ਨਿੰਦਾ ਕਰਨ ਦੀ ਲੋੜ ਹੈ। ਕਿਸੇ ਵੀ ਸੱਭਿਅਕ ਸਮਾਜ ਵਿੱਚ ਇਨ੍ਹਾਂ ਲਈ ਕੋਈ ਸਥਾਨ ਨਹੀਂ ਹੈ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਾਨੂੰਨ ਅਤੇ ਵਿਵਸਥਾ ਇਹ ਰਾਜ ਦਾ ਵਿਸ਼ਾ ਹੁੰਦਾ ਹੈ। ਅਸੀਂ ਚੋਣਵੀਆਂ ਚੀਜ਼ਾਂ ਨੂੰ ਉਛਾਲ ਕੇ ਮੋਦੀ ਦੇ ਗਲ਼ ਪਾ ਰਹੇ ਹਾਂ। ਅਜਿਹਾ ਕਰਨ ਵਾਲਿਆਂ ਦਾ ਕੀ ਹਿਤ ਸਿੱਧ ਹੋਏਗਾ ਇਹ ਤਾਂ ਮੈਂ ਨਹੀਂ ਜਾਣਦਾ ਪਰ ਇਸ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ। ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਜੇਕਰ ਅੰਕੜਿਆਂ ਨੂੰ ਦੇਖੀਏ ਚਾਹੇ ਉਹ ਫਿਰਕੂ ਹਿੰਸਾ ਹੋਵੇ, ਦਲਿਤਾਂ ਜਾਂ ਆਦਿਵਾਸੀਆਂ ‘ਤੇ ਅੱਤਿਆਚਾਰ ਹੋਵੇ, ਪਿਛਲੀ ਸਰਕਾਰ ਦੇ ਮੁਕਾਬਲੇ ਵਿੱਚ ਇਹ ਅੰਕੜੇ ਦੱਸਦੇ ਹਨ ਕਿ ਇਸ ਸਰਕਾਰ ਦੇ ਸਮੇਂ ਅਜਿਹੀਆਂ ਘਟਨਾਵਾਂ ਵਿੱਚ ਵੱਡੀ ਸੰਖਿਆ ਵਿੱਚ ਕਮੀ ਆਈ ਹੈ। ਪਰ ਮੁੱਦਾ ਇਹ ਨਹੀਂ ਹੈ ਕਿ ਤੁਹਾਡੀ ਸਰਕਾਰ ਵਿੱਚ ਕੀ ਹੋਇਆ, ਮੇਰੀ ਸਰਕਾਰ ਵਿੱਚ ਕੀ ਹੋਇਆ। ਮੁੱਦਾ ਇਹ ਹੈ ਕਿ ਸਾਡੇ ਸਮਾਜ ਨੂੰ ਇਹ ਸ਼ੋਭਾ ਨਹੀਂ ਦਿੰਦਾ। ਹਜ਼ਾਰਾਂ ਸਾਲਾਂ ਦਾ ਸਾਡਾ ਪੁਰਾਣਾ ਸਮਾਜ ਜਿਸ ਵਿੱਚ ਅਸੰਤੁਲਨ ਆਇਆ ਹੈ, ਸਾਨੂੰ ਸਮਝਦਾਰੀ ਨਾਲ ਇਸ ਅਸੰਤੁਲਨ ਨੂੰ ਆਪਣੇ ਸਮਾਜ ਤੋਂ ਬਾਹਰ ਕੱਢਣਾ ਹੋਏਗਾ। ਇਹ ਸਮਾਜਕ ਸਮੱਸਿਆ ਹੈ। ਇਸ ਦੀਆਂ ਜੜਾਂ ਬਹੁਤ ਗਹਿਰੀਆਂ ਹਨ। ਸਮਾਜਕ ਅਸੰਤੁਲਨ ‘ਤੇ ਰਾਜਨੀਤੀ ਕਰਨਾ ਸਮਾਜ ਦੇ ਹਿਤ ਵਿੱਚ ਨਹੀਂ ਹੈ। ਜਿਨ੍ਹਾਂ ਨਾਲ ਸਦੀਆਂ ਤੋਂ ਅਨਿਆਂ ਹੋਇਆ ਹੈ। ਅੱਜ ਭਾਜਪਾ ਵਿੱਚ ਦੇਸ਼ ਵਿੱਚ ਦਲਿਤ ਐੱਮਪੀ, ਦਲਿਤ ਐੱਮਐੱਲਏਜ਼, ਆਦਿਵਾਸੀ ਐੱਮ.ਪੀਜ਼ ਅਤੇ ਆਦਿਵਾਸੀ ਐੱਮਐੱਲਏਜ਼ ਦੀ ਸੰਖਿਆ ਬਹੁਤ ਜ਼ਿਆਦਾ ਹੈ। ਜਦੋਂ ਮੈਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ 125ਵੀਂ ਜੈਅੰਤੀ ਮਨਾਈ ਹੈ, ਜਦੋ ਯੂਐੱਨਓ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਜੈਅੰਤੀ ਮਨਾਈ ਗਈ ਅਤੇ ਦੁਨੀਆ ਦੇ 102 ਦੇਸ਼ਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਜੈਅੰਤੀ ਮਨਾਈ ਗਈ। ਸੰਸਦ ਵਿੱਚ ਦੋ ਦਿਨ ਲਗਾਤਾਰ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਤੇ ਕਾਰਜਾਂ ‘ਤੇ ਚਰਚਾ ਕੀਤੀ ਤਾਂ ਕਈ ਲੋਕਾਂ ਨੂੰ ਲਗਿਆ ਕਿ ਇਹ ਮੋਦੀ ਤਾਂ ਬਾਬਾ ਸਾਹਿਬ ਅੰਬੇਡਕਰ ਦਾ ਭਗਤ ਹੈ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਣ ਲੱਗੀ। ਦਲਿਤਾਂ ਦੇ ਆਪੂੰ ਬਣੇ ਰਖਵਾਲਿਆਂ ਨੂੰ ਲਗਿਆ ਕਿ ਮੋਦੀ ਦਲਿਤਾਂ ਨਾਲ ਹੈ। ਮੋਦੀ ਨੇ ਖੁਦ ਨੂੰ ਆਦਿਵਾਸੀਆਂ ਨੂੰ ਸਮਰਪਿਤ ਕਰ ਦਿੱਤਾ। ਮੈਂ ਇਸ ਦੇਸ਼ ਦੇ ਦਲਿਤ, ਪੀੜਤ, ਸ਼ੋਸ਼ਿਤ, ਵੰਚਿਤ ਅਤੇ ਔਰਤਾਂ ਦੀ ਭਲਾਈ ਪ੍ਰਤੀ ਵਚਨਬੱਧ ਹਾਂ। ਜਿਨ੍ਹਾਂ ਦੀ ਰਾਜਨੀਤੀ ਵਿੱਚ ਰੁਕਾਵਟ ਆ ਰਹੀ ਹੈ, ਉਹ ਸੰਕਟ ਪੈਦਾ ਕਰ ਰਹੇ ਹਨ। ਇਸ ਕਾਰਨ ਉਹ ਅਧਾਰਹੀਣ ਦੋਸ਼ ਲਗਾ ਰਹੇ ਹਨ। ਜਿਨ੍ਹਾਂ ਨੇ ਜਾਤੀਵਾਦ ਦਾ ਜ਼ਹਿਰ ਪਿਲਾ-ਪਿਲਾ ਕੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੂੰ ਸਮਾਜਕ ਸਮੱਸਿਆਵਾਂ ਨੂੰ ਰਾਜਨੀਤਕ ਰੰਗ ਦੇਣਾ ਬੰਦ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਸ ਉਦੇਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਮੈਂ ਸਮਾਜ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਕੀ ਸੱਭਿਅਕ ਸਮਾਜ ਨੂੰ ਇਸ ਪ੍ਰਕਾਰ ਦੀਆਂ ਘਟਨਾਵਾਂ ਸ਼ੋਭਾ ਦਿੰਦੀਆਂ ਹਨ। ਮੈਂ ਲਾਲ ਕਿਲ੍ਹੇ ‘ਤੇ ਬਲਾਤਕਾਰ ਦੀਆਂ ਘਟਨਾਵਾਂ ਸਬੰਧੀ ਕਿਹਾ ਸੀ, ਮੈਂ ਕਿਹਾ ਸੀ ਮਾਂ-ਬਾਪ ਜ਼ਰਾ ਆਪਣੇ ਬੇਟਿਆਂ ਨੂੰ ਤਾਂ ਪੁੱਛਣ ਕਿ ਉਹ ਕਿੱਥੇ ਜਾ ਰਹੇ ਹਨ, ਕੀ ਕਰ ਰਹੇ ਹਨ। ਬੇਟੀਆਂ ਨੂੰ ਤਾਂ ਅਸੀਂ ਪੁੱਛਦੇ ਹੀ ਰਹੇ ਹਾਂ।

ਅਤੇ ਮੈਂ ਸਿਆਸੀ ਨੇਤਾਵਾਂ ਨੂੰ ਵੀ ਕਹਾਂਗਾ ਅਤੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਵੀ ਕਹਾਂਗਾ, ਮੀਡੀਆ ਸਾਹਮਣੇ ਕਿਸੇ ਵੀ ਸਮਾਜ ਜਾਂ ਕਿਸੇ ਵੀ ਵਿਅਕਤੀ ਬਾਰੇ ਗ਼ੈਰ ਜ਼ਿੰਮੇਵਾਰਾਨਾ ਬਿਆਨ ਨਾ ਦੇਣ। ਮੀਡੀਆ ਤੁਹਾਡੇ ਕੋਲ ਆਏਗਾ। ਮੀਡੀਆ ਨੂੰ ਟੀਆਰਪੀ ਚਾਹੀਦੀ ਹੈ। ਪਰ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਰਾਸ਼ਟਰ ਨੂੰ ਜਵਾਬਦੇਹ ਹੋ। ਅਤੇ ਇਸ ਲਈ ਸਮਾਜਕ ਜੀਵਨ ਜਿਊਣ ਵਾਲੇ ਬੇਸ਼ੱਕ ਉਹ ਸੋਸ਼ਲ ਵਰਕਰ ਹੋਣ, ਰਾਜਨੀਤਕ ਵਰਕਰ ਹੋਣ, ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਦੀ ਪ੍ਰਤੀਨਿਧਤਾ ਕਰਦੇ ਹਨ-ਤਾਂ ਵੀ ਦੇਸ਼ ਦੀ ਏਕਤਾ, ਸਮਾਜ ਦੀ ਏਕਤਾ, ਆਮ ਸਮਾਜਕ ਜੀਵਨ ਦੀ ਖੁਸ਼ਹਾਲੀ ਲਈ ਸਾਨੂੰ ਕਿਸੇ ਵੀ ਹਾਲਤ ਵਿੱਚ ਉਦਾਸੀਨਤਾ ਨਹੀਂ ਵਰਤਣੀ ਚਾਹੀਦੀ। ਸਾਨੂੰ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਹੈ।

ਜਦੋਂ ਕਦੇ ਸਾਡੇ ਸਰੀਰ ‘ਤੇ ਛੋਟਾ ਜਿਹਾ ਜ਼ਖ਼ਮ ਹੁੰਦਾ ਹੈ ਤਾਂ ਕਾਗਜ਼ ਵੀ ਜੇਕਰ ਛੂਹ ਜਾਂਦਾ ਹੈ ਤਾਂ ਦਰਦ ਹੁੰਦਾ ਹੈ। ਹਜ਼ਾਰਾਂ ਸਾਲਾਂ ਦੀਆਂ ਇਨ੍ਹਾਂ ਬੁਰਾਈਆਂ ਕਾਰਨ ਸਾਡੇ ਜ਼ਖ਼ਮ ਇੰਨੇ ਗਹਿਰੇ ਹਨ, ਇੱਕ ਛੋਟੀ ਜਿਹੀ ਘਟਨਾ ਵੀ ਜੇਕਰ ਅਸੀਂ ਕਰ ਦੇਵਾਂਗੇ ਤਾਂ ਬਹੁਤ ਦਰਦ ਹੋਏਗਾ। ਇਸ ਲਈ ਘਟਨਾ ਛੋਟੀ ਹੈ ਜਾਂ ਵੱਡੀ ਹੈ, ਉਸਦਾ ਮਹੱਤਵ ਨਹੀਂ ਹੈ, ਘਟਨਾ ਹੋਣੀ ਹੀ ਨਹੀਂ ਚਾਹੀਦੀ, ਇਸ ਦਾ ਮਹੱਤਵ ਹੈ। ਇਸ ਸਰਕਾਰ ਵਿੱਚ ਜ਼ਿਆਦਾ ਹੋਇਆ ਕਿ ਇਸ ਸਰਕਾਰ ਵਿੱਚ ਘੱਟ ਹੋਇਆ, ਇਸ ਦੇ ਅਧਾਰ ‘ਤੇ ਫ਼ੈਸਲਾ ਨਹੀਂ ਹੋਣਾ ਚਾਹੀਦਾ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਮਿਲ ਕੇ ਸਮਾਜ ਦੀ ਏਕਤਾ ਨੂੰ ਮਜ਼ਬੂਤ ਕਰੀਏ।
ਪ੍ਰਸ਼ਨ. ਆਰਥਕ ਪ੍ਰਗਤੀ ਲਈ ਸਮਾਜਕ ਸਦਭਾਵਨਾ ਕਿੰਨੀ ਜ਼ਰੂਰੀ ਹੈ?

ਪ੍ਰਧਾਨ ਮੰਤਰੀ ਮੋਦੀ: ਸਿਰਫ਼ ਆਰਥਕ ਪ੍ਰਗਤੀ ਹੀ ਹੱਲ ਨਹੀਂ। ਸਮਾਜ ਲਈ, ਸ਼ਾਂਤੀ, ਏਕਤਾ, ਸਦਭਾਵਨਾ ਇਹ ਜ਼ਰੂਰੀ ਹਨ। ਪਰਿਵਾਰ ਵਿੱਚ ਤੁਸੀਂ ਆਰਥਕ ਰੂਪ ਵਿੱਚ ਕਿੰਨੇ ਹੀ ਖ਼ੁਸ਼ਹਾਲ ਕਿਉਂ ਨਾ ਹੋਵੋ, ਪੈਸਿਆਂ ਦੇ ਢੇਰ ‘ਤੇ ਬੈਠੇ ਹੋਵੋ, ਫਿਰ ਵੀ ਪਰਿਵਾਰ ਵਿੱਚ ਏਕਤਾ ਜ਼ਰੂਰੀ ਹੈ। ਉਸ ਪ੍ਰਕਾਰ ਹੀ ਸਮਾਜ ਵਿੱਚ ਹੈ। ਸਿਰਫ਼ ਗ਼ਰੀਬੀ ਹੈ, ਇਸ ਲਈ ਏਕਤਾ ਚਾਹੀਦੀ ਹੈ, ਅਜਿਹਾ ਨਹੀਂ ਹੈ, ਕਿਸੇ ਵੀ ਹਾਲਤ ਵਿੱਚ ਏਕਤਾ ਚਾਹੀਦੀ ਹੈ। ਕਿਸੇ ਵੀ ਹਾਲਤ ਵਿੱਚ ਸਦਭਾਵਨਾ ਚਾਹੀਦੀ ਹੈ। ਸਮਾਜਕ ਨਿਆਂ ਪ੍ਰਤੀ ਵਚਨਬੱਧਤਾ ਚਾਹੀਦੀ ਹੈ ਅਤੇ ਇਸ ਲਈ ਸਿਰਫ਼ ਕੋਈ ਆਰਥਕ ਹਿਤਾਂ ਲਈ ਏਕਤਾ ਚਾਹੀਦੀ ਹੈ, ਅਜਿਹਾ ਨਹੀਂ ਹੈ। ਜੀਵਨ ਵਿੱਚ ਸ਼ਾਂਤੀ, ਏਕਤਾ, ਸਦਭਾਵਨਾ ਪਰਿਵਾਰ ਵਿੱਚ ਵੀ ਉਪਯੋਗੀ ਹੈ, ਸਮਾਜ ਵਿੱਚ ਵੀ ਉਪਯੋਗੀ ਹੈ, ਰਾਸ਼ਟਰ ਵਿੱਚ ਵੀ ਉਪਯੋਗੀ ਹੈ। ਅਤੇ ਵਸੂਧੈਵ ਕੁਟੁੰਬਕਮ(Vasudhaive Kutumbakam0 (ਵਿਸ਼ਵ ਇੱਕ ਪਰਿਵਾਰ ਹੈ) ਦੀ ਭਾਵਨਾ ਲੈ ਕੇ ਚਲਣ ਵਾਲੇ ਲੋਕ, ਪੂਰਾ ਵਿਸ਼ਵ ਇੱਕ ਪਰਿਵਾਰ ਮੰਨਣ ਵਾਲੇ ਅਸੀਂ ਲੋਕ, ਉਨ੍ਹਾਂ ਲਈ ਵੀ ਸ਼ਾਂਤੀ, ਏਕਤਾ ਅਤੇ ਸਦਭਾਵਨਾ ਜ਼ਰੂਰੀ ਹੈ।
ਪ੍ਰਸ਼ਨ. ਸਾਰੀਆਂ ਰਾਜਨੀਤਕ ਪਾਰਟੀਆਂ ਗ਼ਰੀਬੀ ਹਟਾਉਣ ਦੀਆਂ ਗੱਲਾਂ ਕਰਦੀਆਂ ਹਨ, ਪਰ ਗ਼ਰੀਬੀ ਸਾਡੇ ਦੇਸ਼ ਵਿੱਚ ਚਿੰਤਾ ਦਾ ਗੰਭੀਰ ਮੁੱਦਾ ਬਣਿਆ ਹੋਇਆ ਹੈ। ਦੂਜੀ ਤਰਫ਼ ਰੋਜ਼ਗਾਰ ਸਿਰਜਣ ਵੀ ਤੁਹਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ ਅਤੇ ਤੁਸੀਂ ਇਸ ‘ਤੇ ਪੂਰੀ ਨਜ਼ਰ ਵੀ ਰੱਖੀ ਹੋਈ ਹੈ। ਇਨ੍ਹਾਂ ਦੋਨੋਂ ਚੀਜ਼ਾਂ ਨੂੰ ਲੈ ਕੇ ਤੁਹਾਡੀ ਅੱਗੇ ਦੀ ਕੀ ਰਣਨੀਤੀ ਰਹੇਗੀ?

ਪ੍ਰਧਾਨ ਮੰਤਰੀ ਮੋਦੀ: ਤੁਹਾਡੀ ਗੱਲ ਸਹੀ ਹੈ। ਗ਼ਰੀਬੀ ਖ਼ਤਮ ਕਰਨਾ ਰਾਜਨੀਤਕ ਨਾਅਰਾ ਰਿਹਾ ਹੈ। ਗ਼ਰੀਬੀ ਦੇ ਨਾਂਅ ‘ਤੇ ਰਾਜਨੀਤੀ ਵੀ ਬਹੁਤ ਹੋਈ ਹੈ। ਅਤੇ ਚੋਣਾਂ ਨੂੰ ਧਿਆਨ ਵਿੱਚ ਰੱਖਕੇ ਗ਼ਰੀਬਾਂ ਦੇ ਨਾਂਅ ‘ਤੇ ਕਈ ਆਰਥਿਕ ਪ੍ਰੋਗਰਾਮ ਵੀ ਚਲਾਏ ਹਨ। ਇਹ ਚੰਗਾ ਸੀ ਜਾਂ ਬੁਰਾ ਸੀ, ਇਹ ਕਹਿ ਕੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ। ਪਰ ਮੇਰਾ ਰਸਤਾ ਕੁਝ ਹੋਰ ਹੈ। ਗਰੀਬੀ ਤੋਂ ਮੁਕਤੀ ਪਾਉਣ ਲਈ ਸਾਨੂੰ ਗਰੀਬਾਂ ਨੂੰ ਸਸ਼ਕਤ ਕਰਨਾ ਹੋਏਗਾ। ਜੇਕਰ ਗਰੀਬ ਸਸ਼ਕਤ ਹੁੰਦਾ ਹੈ ਤਾਂ ਉਸ ਵਿੱਚ ਇੰਨੀ ਤਾਕਤ ਆ ਜਾਏਗੀ ਕਿ ਉਹ ਗ਼ਰੀਬੀ ਨੂੰ ਖ਼ਤਮ ਕਰ ਦਏਗਾ। ਗ਼ਰੀਬ ਨੂੰ ਗ਼ਰੀਬ ਰੱਖ ਕੇ ਰਾਜਨੀਤੀ ਤਾਂ ਹੋ ਸਕਦੀ ਹੈ ਪਰ ਗ਼ਰੀਬੀ ਤੋਂ ਮੁਕਤੀ ਦਾ ਰਸਤਾ ਗ਼ਰੀਬ ਨੂੰ ਸਸ਼ਕਤ ਕਰਨ ਵਿੱਚ ਹੀ ਹੈ। ਸਸ਼ਕਤ ਕਰਨ ਵਿੱਚ ਪਹਿਲੀ ਗੱਲ ਹੈ ਸਿੱਖਿਆ, ਦੂਜੀ ਗੱਲ ਹੈ ਰੋਜ਼ਗਾਰ । ਆਰਥਕ ਸਸ਼ਕਤੀਕਰਨ ਜੇਕਰ ਆਉਂਦਾ ਹੈ ਤਾਂ ਫਿਰ ਉਹ ਪ੍ਰਸਥਿਤੀਆਂ ਨੂੰ ਬਦਲਣ ਲਈ ਖੁਦ ਤਾਕਤਵਾਰ ਬਣ ਜਾਂਦਾ ਹੈ।

ਅਸੀਂ ਪਿਛਲੇ ਸਾਲਾਂ ਵਿੱਚ ਜਿੰਨੀਆਂ ਪਹਿਲਕਦਮੀਆਂ ਕੀਤੀਆਂ ਹਨ, ਜਿਵੇਂ ਮੁਦਰਾ ਯੋਜਨਾ, ਲਗਭਗ 3.5 ਕਰੋੜ ਲੋਕਾਂ ਨੇ ਮੁਦਰਾ ਯੋਜਨਾ ਦਾ ਲਾਭ ਲਿਆ ਹੈ ਅਤੇ ਲਗਭਗ 1.25 ਲੱਖ ਕਰੋੜ ਤੋਂ ਜ਼ਿਆਦਾ ਰੁਪਏ ਉਨ੍ਹਾਂ ਕੋਲ ਗਏ ਹਨ। ਇਸ ਵਿੱਚ ਉਨ੍ਹਾਂ ਦੀ ਸੰਖਿਆ ਜ਼ਿਆਦਾ ਹੈ ਜਿਨ੍ਹਾਂ ਨੂੰ ਪਹਿਲੀ ਵਾਰ ਬੈਂਕ ਤੋਂ ਪੈਸਾ ਮਿਲਿਆ ਹੈ। ਉਹ ਕੋਈ ਨਾ ਕੋਈ ਕੰਮ ਕਰਨਗੇ… ਸਿਲਾਈ ਮਸ਼ੀਨ ਲੈਣਗੇ, ਕੱਪੜੇ ਸਿਲਾਈ ਦਾ ਕੰਮ ਕਰਨਗੇ। ਹੋ ਸਕਦਾ ਹੈ ਕਿ ਉਹ ਕੁਝ ਲੋਕਾਂ ਨੂੰ ਰੋਜ਼ਗਾਰ ਵੀ ਦੇਣ। ਇਹ ਸਸ਼ਕਤੀਕਰਨ ਇਨ੍ਹਾਂ ਲੋਕਾਂ ਨੂੰ ਅੱਗੇ ਵਧਣ ਦੀ ਤਾਕਤ ਦਿੰਦਾ ਹੈ। ਬੱਚਿਆਂ ਨੂੰ ਪੜ੍ਹਾਉਣ ਦੀ ਤਾਕਤ ਦਿੰਦਾ ਹੈ।

ਮੰਨੋ ਉਸ ਨੇ ਟੈਕਸੀ ਲੈ ਲਈ ਤਾਂ ਉਸ ਦਾ ਮਨ ਕਰੇਗਾ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦਈਏ। ਉਹ ਅੱਗੇ ਵਧੇਗਾ। ਅਸੀਂ ਇੱਕ ਕੰਮ ਕੀਤਾ ਹੈ ਸਟੈਂਡ-ਅਪ ਇੰਡੀਆ। ਮੈਂ ਸਾਰੇ ਬੈਂਕਾਂ ਨੂੰ ਕਿਹਾ ਹੈ ਕਿ ਤੁਸੀਂ ਇੱਕ ਦਲਿਤ, ਇੱਕ ਆਦਿਵਾਸੀ ਅਤੇ ਇੱਕ ਔਰਤ ਨੂੰ ਹਰ ਬਰਾਂਚ ਇਨ੍ਹਾਂ ਨੂੰ ਆਰਥਕ ਮਦਦ ਕਰੇ। ਉਸਨੂੰ ਉੱਦਮੀ ਬਣਾਏ।
ਦੇਸ਼ ਵਿੱਚ 1.25 ਲੱਖ ਬੈਂਕ ਹਨ। ਜੇਕਰ ਅਜਿਹੇ ਤਿੰਨ-ਤਿੰਨ ਲੋਕਾਂ ਨੂੰ ਵੀ ਸਸ਼ਕਤ ਕਰ ਦੇਣ ਤਾਂ ਇਕੱਠੇ ਹੀ 4-5 ਪਰਿਵਾਰ ਜਿਨ੍ਹਾਂ ਕੋਲ ਪਹਿਲਾਂ ਕੋਈ ਇਸ ਪ੍ਰਕਾਰ ਦੀ ਤਾਕਤ ਨਹੀਂ ਸੀ, ਉਹ ਤਾਕਤ ਮਿਲੇਗੀ। ਉਹ ਕਿੰਨੀ ਵੱਡੀ ਆਰਥਕ ਤਾਕਤ ਬਣ ਜਾਣਗੇ। ਸਟਾਰਟ ਅੱਪ ਇੰਡੀਆ…ਨੌਜਵਾਨਾਂ ਨੂੰ ਤਾਕਤ ਦੇਣ ਲਈ ਸਟਾਰਟ ਅੱਪ ਇੰਡੀਆ ਪ੍ਰੋਗਰਾਮ ਚਲਾਇਆ ਹੈ। ਇਹ ਛੋਟੇ ਫ਼ੈਸਲੇ ਹਨ। ਮੈਂ ਰਾਜਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਤੁਸੀਂ ਵੀ ਇਸ ਦਿਸ਼ਾ ਵਿੱਚ ਅੱਗੇ ਵਧੋ।

ਸਾਡੇ ਦੇਸ਼ ਵਿੱਚ ਵੱਡੇ ਵੱਡੇ ਮਾਲ ਹਨ। ਇਨ੍ਹਾਂ ਦੇ ਨਿਰਮਾਣ ‘ਤੇ ਲੱਖਾਂ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਉਨ੍ਹਾਂ ਦਾ ਬੰਦ ਕਰਨ ਦਾ ਕੋਈ ਸਮਾਂ ਨਹੀਂ ਹੈ। ਉਹ ਰਾਤ ਨੂੰ 10 ਵਜੇ, 12 ਵਜੇ, ਸਵੇਰੇ 4 ਵਜੇ ਤੱਕ ਚਲਾ ਸਕਦੇ ਹਨ। ਪਰ ਇੱਕ ਛੋਟਾ ਦੁਕਾਨਦਾਰ ਹੋਏਗਾ ਤਾਂ ਸਰਕਾਰ ਦੇ ਆਦਮੀ ਹੱਥਾਂ ਵਿੱਚ ਡੰਡੇ ਲੈ ਕੇ ਦੁਕਾਨਦਾਰ ਨੂੰ ਦੁਕਾਨ ਬੰਦ ਕਰਨ ਲਈ ਕਹਿਣਗੇ…ਕਿਉਂ? ਅਸੀਂ ਕਹਿ ਦਿੱਤਾ ਕਿ ਇਹ ਛੋਟੇ ਵਪਾਰੀ ਲੋਕ ਹਨ, ਇਹ ਛੋਟਾ ਵਪਾਰ ਚਲਾ ਰਹੇ ਹਨ, ਉਨ੍ਹਾਂ ਨੂੰ 365 ਦਿਨ ਚਲਾਉਣ ਦੀ ਛੋਟ ਹੈ, 24/7 ਚਲਾਉਣ ਦੀ ਛੋਟ ਹੈ ਤਾਂ ਕਿ ਉਹ ਆਪਣਾ ਕਾਰੋਬਾਰ ਚਲਾ ਸਕਣ ਅਤੇ ਕੁਝ ਲੋਕਾਂ ਨੂੰ ਰੋਜ਼ਗਾਰ ਵੀ ਦੇਣ। ਅਤੇ ਇਹ ਉਹ ਲੋਕ ਹਨ ਜੋ ਸਾਡੇ ਦੇਸ਼ ਦੀ ਆਰਥਿਕਤਾ ਨੂੰ ਚਲਾ ਰਹੇ ਹਨ। ਅਸੀਂ ਇਨ੍ਹਾਂ ਸਾਰਿਆਂ ‘ਤੇ ਜ਼ੋਰ ਦੇਣ ਲਈ ਕੰਮ ਕਰ ਰਹੇ ਹਾਂ।

ਅਸੀਂ ਹੁਨਰ ਵਿਕਾਸ ‘ਤੇ ਬਹੁਤ ਜ਼ੋਰ ਦਿੱਤਾ ਹੈ। ਹੁਨਰ ਵਿਕਾਸ ਅੱਜ ਦੇ ਸਮੇਂ ਦੀ ਮੰਗ ਹੈ। ਅਸੀਂ ਪੂਰੀ ਵਿਵਸਥਾ ਨੂੰ ਬਦਲਿਆ ਹੈ। ਹੁਨਰ ਵਿਕਾਸ ਅਲੱਗ ਮੰਤਰਾਲਾ ਬਣਾਇਆ ਹੈ, ਅਲੱਗ ਬਜਟ ਬਣਾਇਆ ਹੈ ਅਤੇ ਬਹੁਤ ਵੱਡੀ ਸੰਖਿਆ ਸਰਕਾਰ ਵੱਲੋਂ ਹੁਨਰ ਵਿਕਾਸ, ਜਨਤਕ-ਨਿਜੀ ਭਾਈਵਾਲੀ ਰਾਹੀਂ ਹੁਨਰ ਵਿਕਾਸ, ਯੂਨੀਵਰਸਿਟੀਆਂ ਵੱਲੋਂ ਦੂਜੇ ਦੇਸ਼ਾਂ ਜਿਨ੍ਹਾਂ ਵੱਲੋਂ ਹੁਨਰ ਵਿਕਾਸ ਵਿੱਚ ਚੰਗਾ ਕੰਮ ਕੀਤਾ ਗਿਆ ਹੈ, ਉਨ੍ਹਾਂ ਦੇ ਸਹਿਯੋਗ ਨਾਲ ਹੁਨਰ ਵਿਕਾਸ ਕੀਤਾ ਜਾ ਰਿਹਾ ਹੈ। ਦੇਸ਼ ਕੋਲ 80 ਕਰੋੜ ਨੌਜਵਾਨ ਹਨ, 30 ਸਾਲ ਤੋਂ ਘੱਟ ਉਮਰ ਦੇ, ਜੇਕਰ ਇਨ੍ਹਾਂ ਨੌਜਵਾਨਾਂ ਦੇ ਹੱਥ ਵਿੱਚ ਹੁਨਰ ਹੈ ਤਾਂ ਇਹ ਦੇਸ਼ ਦਾ ਭਵਿੱਖ ਬਦਲ ਸਕਦੇ ਹਨ ਅਤੇ ਅਸੀਂ ਇਸ ਗੱਲ ‘ਤੇ ਜ਼ੋਰ ਦੇ ਰਹੇ ਹਾਂ। ਸਾਰੀਆਂ ਆਰਥਕ ਗਤੀਵਿਧੀਆਂ ਦੇ ਕੇਂਦਰ ਵਿੱਚ ਦੇਸ਼ ਦਾ ਨੌਜਵਾਨ ਹੈ, ਦੇਸ਼ ਦਾ ਰੋਜ਼ਗਾਰ ਹੈ। ਖੇਤੀਬਾੜੀ ਖੇਤਰ ਵਿੱਚ ਵੀ ਜੇ ਗੁਣਵੱਤਾ ਵਾਧੇ ਦੀ ਦਿਸ਼ਾ ਵਿੱਚ ਜਾਵਾਂਗੇ ਤਾਂ ਰੁਜ਼ਗਾਰ ਦੀ ਸੰਭਾਵਨਾ ਹੋਰ ਵਧੇਗੀ ਅਤੇ ਪਿੰਡ ਦੇ ਨੌਜਵਾਨ ਨੂੰ ਜਦੋਂ ਖੇਤੀ ਛੱਡਕੇ ਸ਼ਹਿਰ ਦੀ ਤਰਫ਼ ਮਜਬੂਰੀ ਵਸ ਜਾਣਾ ਪੈਂਦਾ ਹੈ ਤਾਂ ਉਸਨੂੰ ਵੀ ਜੇਕਰ ਗੁਣਵੱਤਾ ਵਾਧਾ ਅਤੇ ਖੇਤੀਬਾੜੀ ਅਧਾਰਤ ਪੇਂਡੂ ਉਦਯੋਗ ‘ਤੇ ਅਸੀਂ ਜ਼ੋਰ ਦੇਵਾਂਗੇ ਤਾਂ ਰੋਜ਼ਗਾਰ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਅਸੀਂ ਇਸ ‘ਤੇ ਜ਼ੋਰ ਦੇ ਰਹੇ ਹਾਂ ਅਤੇ ਇਸਦੇ ਚੰਗੇ ਨਤੀਜੇ ਨਜ਼ਰ ਆ ਰਹੇ ਹਨ।

ਪ੍ਰਸ਼ਨ. ਤੁਸੀਂ ਸ਼ਾਇਦ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹੋਵੋਗੇ ਜਿਨ੍ਹਾਂ ਨੇ ਵਿਦੇਸ਼ ਵਿੱਚ ਵਸੇ ਹੋਏ ਭਾਰਤੀਆਂ ਨਾਲ ਵਧੀਆ ਸੰਵਾਦ ਕੀਤਾ। ਇਸ ਦਾ ਦੇਸ਼ ਨੂੰ ਕੀ ਲਾਭ ਹੋਇਆ?

ਪ੍ਰਧਾਨ ਮੰਤਰੀ ਮੋਦੀ: ਹਰ ਚੀਜ਼ ਲਾਭ ਅਤੇ ਨੁਕਸਾਨ ਦੇ ਤਰਾਜ਼ੂ ਨਾਲ ਨਹੀਂ ਤੋਲਣੀ ਚਾਹੀਦੀ। ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜੋ ਹਿੰਦੁਸਤਾਨੀ ਹਨ ਕਿਸੇ ਵੀ ਅਹੁਦੇ ‘ਤੇ ਕਿਉਂ ਨਾ ਹੋਣ, ਉਨ੍ਹਾਂ ਦੇ ਦਿਲ ਵਿੱਚ ਇੱਕ ਚੀਜ਼ ਰਹਿੰਦੀ ਹੈ ਕਿ ਮੇਰਾ ਦੇਸ਼ ਅੱਗੇ ਵਧੇ। ਅਤੇ ਜੇਕਰ ਹਿੰਦੁਸਤਾਨ ਦੀ ਥੋੜ੍ਹੀ ਜਿਹੀ ਵੀ ਗ਼ਲਤ ਖ਼ਬਰ ਉਨ੍ਹਾਂ ਨੂੰ ਮਿਲਦੀ ਹੈ ਤਾਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਹੈ ਕਿਉਂਕਿ ਉਹ ਦੂਰ ਹਨ, ਇਹ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਚੁੱਭਦੀਆਂ ਹਨ। ਅਸੀਂ ਕਈ ਗੱਲਾਂ ਦੇ ਆਦੀ ਹੋ ਚੁੱਕੇ ਹਾਂ, ਉਹ ਨਹੀਂ ਹੁੰਦੇ। ਉਹ ਭਾਰਤ ਪ੍ਰਤੀ ਬਹੁਤ ਪਿਆਰ ਰੱਖਦੇ ਹਨ। ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਹੈ, ਚੈਨਲ ਨਹੀਂ ਮਿਲਦਾ ਹੈ। ਅਸੀਂ ਨੀਤੀ ਆਯੋਗ ਵਿੱਚ ਪ੍ਰਵਾਸੀਆਂ ਦੀ ਤਾਕਤ ਨੂੰ ਸਵੀਕਾਰ ਕੀਤਾ ਹੈ। ਦੁਨੀਆ ਵਿੱਚ ਇੰਨੀ ਵੱਡੀ ਤਾਕਤ ਹੈ। ਉਨ੍ਹਾਂ ਕੋਲ ਵਿਸ਼ਵ ਵਿਆਪੀ ਅਨੁਭਵ ਹੈ। ਉਨ੍ਹਾਂ ਕੋਲ ਅਕਾਦਮਿਕ ਗੁਣਵੱਤਾ ਅਤੇ ਯੋਗਤਾ ਹੈ…ਦੇਸ਼ ਲਈ ਕੁਝ ਨਾ ਕੁਝ ਕਰਨ ਦਾ ਇਰਾਦਾ ਹੈ। ਅਤੇ ਉਹ ਜਿਥੇ ਵੀ ਹਨ, ਉਨ੍ਹਾਂ ਦਾ ਭਾਰਤ ਪ੍ਰਤੀ ਪਿਆਰ ਜ਼ਰਾ ਵੀ ਘਟਿਆ ਨਹੀਂ ਹੈ। ਫਿਰ ਅਸੀਂ ਉਨ੍ਹਾਂ ਨੂੰ ਆਪਣੇ ਤੋਂ ਅਲੱਗ ਕਿਉਂ ਰੱਖੀਏ, ਉਨ੍ਹਾਂ ਨਾਲ ਰਿਸ਼ਤਾ ਜੋੜਨਾ ਚਾਹੀਦਾ ਹੈ ਅਤੇ ਉਹ ਕਦੇ ਨਾ ਕਦੇ ਭਾਰਤ ਦਾ ਸੱਚਾ ਅੰਬੈਸਡਰ ਬਣਨਗੇ ਅਤੇ ਮੈਂ ਦੇਖਿਆ ਹੈ ਕਿ ਸਰਕਾਰ ਦੇ ਮਿਸ਼ਨ ਤੋਂ ਜ਼ਿਆਦਾ ਸਾਡੇ ਭਾਰਤੀਆਂ ਦੇ ਵਿਵਹਾਰ ਕਾਰਨ ਅਤੇ ਉਨ੍ਹਾਂ ਦੇ ਸਬੰਧਾਂ ਕਾਰਨ ਭਾਰਤ ਦੀ ਪਛਾਣ ਦੀ ਤਾਕਤ ਜ਼ਿਆਦਾ ਉੱਭਰਦੀ ਹੈ। ਇਸ ਲਈ ਮਿਸ਼ਨ ਅਤੇ ਡਾਇਸਪੋਰਾ ਇਹ ਦੋਨੋਂ ਇਕੱਠੇ ਹੁੰਦੇ ਹਨ ਤਾਂ ਅਨੇਕ ਗੁਣਾ ਵੱਧ ਜਾਂਦੇ ਹਨ। ਇਸ ਲਈ ਮੇਰੀ ਇਹ ਭੂਮਿਕਾ ਰਹੀ ਹੈ ਅਤੇ ਇਸ ਦਾ ਬਹੁਤ ਲਾਭ ਮਿਲ ਰਿਹਾ ਹੈ।

ਪ੍ਰਸ਼ਨ. ਪੂਰੇ ਦੇਸ਼ ਦੀ ਨਜ਼ਰ ਅਗਲੇ ਸਾਲ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ‘ਤੇ ਲੱਗੀ ਹੋਈ ਹੈ, ਕਿਹਾ ਜਾ ਰਿਹਾ ਹੈ ਕਿ ਲਗਭਗ ਉਹ ਇੱਕ ਮਿੰਨੀਆਂ ਰਾਸ਼ਟਰੀ ਚੋਣਾਂ ਵਰਗੀਆਂ ਹੋਣਗੀਆਂ। ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀ ਪਾਰਟੀ ਲਈ ਕਿਹੜੇ ਮੁੱਦੇ ਅਹਿਮ ਹੋਣਗੇ ਅਤੇ ਤੁਸੀਂ ਆਪਣੀ ਜਿੱਤ ਦੀ ਕਿੰਨੀ ਸੰਭਾਵਨਾ ਸਮਝਦੇ ਹੋ।

ਪ੍ਰਧਾਨ ਮੰਤਰੀ ਮੋਦੀ: ਪਹਿਲੀ ਗੱਲ ਹੈ ਕਿ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਅਸੀਂ ਕੁਝ ਵੀ ਕਰੀਏ, ਕੁਝ ਵੀ ਕਹੀਏ, ਉਸਨੂੰ ਚੋਣਾਂ ਨਾਲ ਜੋੜ ਦਿੱਤਾ ਜਾਂਦਾ ਹੈ। ਯੂ.ਪੀ. ਚੋਣਾਂ ਅਜੇ ਦੂਰ ਹਨ, ਫਿਰ ਵੀ ਸਾਡੇ ਫ਼ੈਸਲਿਆਂ ਨੂੰ ਉਸ ਨਾਲ ਜੋੜ ਦਿੱਤਾ ਜਾਂਦਾ ਹੈ। ਸੁਪਰ ਰਾਜਨੀਤਕ ਪੰਡਤਾਂ ਦੇ ਦਿਮਾਗ਼ ਤੋਂ ਰਾਜਨੀਤੀ ਜਾਂਦੀ ਨਹੀਂ ਹੈ। ਏਸੀ ਕਮਰਿਆਂ ਵਿੱਚ ਬੈਠ ਕੇ ਉਨ੍ਹਾਂ ਦੀ ਰਾਜਨੀਤੀ ਜ਼ਿਆਦਾ ਚੱਲਦੀ ਹੈ। ਸਾਡੇ ਦੇਸ਼ ਵਿੱਚ ਬਦਕਿਸਮਤੀ ਨਾਲ ਚੋਣਾਂ ਹੁੰਦੀਆਂ ਰਹਿੰਦੀਆਂ ਹਲ। ਕਦੇ ਇੱਥੇ, ਕਦੇ ਉੱਥੇ…, ਚੋਣਾਂ, ਚੋਣਾਂ, ਚੋਣਾਂ। ਉਸ ਕਾਰਨ ਹਰ ਫੈਸਲੇ ਨੂੰ ਚੋਣਾਂ ਦੇ ਤਰਾਜ਼ੂ ਨਾਲ ਤੋਲਿਆ ਜਾਂਦਾ ਹੈ। ਹਰ ਗੱਲ ਨੂੰ, ਹਰ ਵਿਚਾਰ ਨੂੰ ਚੋਣਾਂ ਦੇ ਤਰਾਜ਼ੂ ਨਾਲ ਤੋਲਿਆ ਜਾਂਦਾ ਹੈ। ਜਦੋਂ ਤੱਕ ਅਸੀਂ ਫ਼ੈਸਲਿਆਂ ਨੂੰ ਚੋਣਾਂ ਦੇ ਨਾਲ ਜੋੜ ਕੇ ਰੱਖਿਆ ਹੈ, ਦੇਸ਼ ਦਾ ਬਹੁਤ ਨੁਕਸਾਨ ਹੋਇਆ ਹੈ। ਸਮੇਂ ਦੀ ਮੰਗ ਹੈ ਕਿ ਸਾਨੂੰ ਇਨ੍ਹਾਂ ਦੋਨਾਂ ਨੂੰ ਅਲੱਗ ਕਰਨਾ ਚਾਹੀਦਾ ਹੈ। ਚੋਣਾਂ ਦਾ ਜਦੋਂ ਐਲਾਨ ਹੋ ਜਾਵੇ, ਜਦੋਂ ਆਪਣਾ-ਆਪਣਾ ਚੋਣ ਘੋਸ਼ਣਾ ਪੱਤਰ ਲੈ ਕੇ ਆਉਣ ਤਾਂ ਚੋਣਾਂ ਨਾਲ ਜੋੜੋ, ਉਸ ਤੋਂ ਪਹਿਲਾਂ ਕਿਉਂ ਜੋੜਦੇ ਹੋ?

ਜਦੋਂ ਮੈਨੂੰ ਰਾਜਨੀਤਕ ਪਾਰਟੀਆਂ ਮਿਲਦੀਆਂ ਹਨ, ਜ਼ੋਰਦਾਰ ਢੰਗ ਨਾਲ ਕਹਿੰਦੀਆਂ ਹਨ ਕਿ ਚੋਣਾਂ ਦੇ ਚੱਕਰ ਤੋਂ ਸਾਨੂੰ ਬਾਹਰ ਕੱਢੋ। ਕਿਉਂ ਨਾ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੇ ਨਾਲ-ਨਾਲ ਹੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਹੋਣ। ਹਫ਼ਤੇ, 10 ਦਿਨ ਦੇ ਅੰਦਰ ਚੋਣਾਂ ਦਾ ਸਾਰਾ ਕੰਮ ਪੂਰਾ ਹੋ ਜਾਏ ਅਤੇ 5 ਸਾਲ ਦੇਸ਼ ਚੱਲਦਾ ਰਹੇ ਤਾਂ ਕੁਝ ਗਤੀ ਆਏਗੀ, ਫੈਸਲੇ ਹੋਣਗੇ, ਨੌਕਰਸ਼ਾਹੀ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗੀ। ਹਰ ਪਾਰਟੀ ਇਹ ਕਹਿ ਰਹੀ ਹੈ, ਪਰ ਕੋਈ ਇੱਕ ਪਾਰਟੀ ਇਹ ਫ਼ੈਸਲਾ ਨਹੀਂ ਕਰ ਸਕਦੀ। ਸਾਰੀਆਂ ਪਾਰਟੀਆਂ ਨੂੰ ਮਿਲ ਕੇ ਕਰਨਾ ਪਏਗਾ। ਇਹ ਕੰਮ ਸਰਕਾਰ ਨਹੀਂ ਕਰ ਸਕਦੀ। ਚੋਣ ਕਮਿਸ਼ਨ ਦੀ ਅਗਵਾਈ ਵਿੱਚ ਜਦੋਂ ਸਾਰੇ ਦਲ ਇਕਜੁੱਟ ਹੋ ਕੇ ਸੋਚਣਗੇ ਤਾਂ ਹੋ ਸਕਦਾ ਹੈ। ਮੇਰੇ ਵਿਚਾਰ ਕੁਝ ਵੀ ਹੋ ਸਕਦੇ ਹਨ ਪਰ ਮੈਂ ਉਸ ਨਾਲ ਕੁਝ ਕਰ ਨਹੀਂ ਸਕਦਾ ਹਾਂ। ਇਹ ਵਿਸ਼ਾ ਲੋਕਤੰਤਰੀ ਪ੍ਰਣਾਲੀ ਨਾਲ ਹੀ ਹੋਏਗਾ ਪਰ ਮੈਂ ਉਮੀਦ ਜ਼ਰੂਰ ਕਰਾਂਗਾ ਕਿ ਕਦੇ ਨਾ ਕਦੇ ਇਸ ਦੀ ਵਿਆਪਕ ਚਰਚਾ ਹੋਵੇ, ਬਹਿਸ ਹੋਵੇ।

ਆਉਣ ਵਾਲੇ ਦਿਨਾਂ ਵਿੱਚ ਪੰਜ ਰਾਜਾਂ ਵਿੱਚ ਚੋਣਾਂ ਹਨ। ਉੱਤਰ ਪ੍ਰਦੇਸ਼ ਉਨ੍ਹਾਂ ਵਿੱਚ ਇੱਕ ਹੈ। ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਸੁਆਲ ਹੈ, ਉਹ ਵਿਕਾਸ ਦੇ ਮੁੱਦੇ ‘ਤੇ ਹੀ ਚੋਣਾਂ ਲੜਦੀ ਹੈ, ਵਿਕਾਸ ਦੇ ਮੁੱਦੇ ‘ਤੇ ਹੀ ਲੜੇਗੀ। ਦੇਸ਼ ਦੇ ਕਿਸਾਨ ਦਾ ਭਲਾ ਹੋਵੇ, ਦੇਸ਼ ਦੇ ਪਿੰਡ ਦਾ ਭਲਾ ਹੋਵੇ, ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣ, ਦੇਸ਼ ਵਿੱਚ ਸ਼ਾਂਤੀ, ਏਕਤਾ, ਭਾਈਚਾਰਾ ਬਣਿਆ ਰਹੇ, ਸਮਾਜਿਕ ਨਿਆਂ ਪ੍ਰਤੀ ਸਾਡੀ ਜੋ ਵਚਨਬੱਧਤਾ ਹੈ, ਉਹ ਉਜਾਗਰ ਹੋਵੇ। ਅਸੀਂ ਇਸ ਸਬੰਧ ਵਿੱਚ ਕਦਮ ਉਠਾਵਾਂਗੇ ਅਤੇ ਅੱਗੇ ਵਧਾਂਗੇ।

ਪ੍ਰਸ਼ਨ. ਕੀ ਤੁਹਾਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਉੱਥੇ ਧਰੁਵੀਕਰਨ ਦਾ ਇੱਕ ਮਾਹੌਲ ਬਣ ਸਕਦਾ ਹੈ?

ਪ੍ਰਧਾਨ ਮੰਤਰੀ ਮੋਦੀ: ਸਾਡੇ ਦੇਸ਼ ਵਿੱਚ ਜਾਤੀਵਾਦ ਦੇ ਜ਼ਹਿਰ ਨੇ ਅਤੇ ਸੰਪਰਦਾਇਕ ਵੋਟ ਬੈਂਕ ਨੇ ਬਹੁਤ ਨੁਕਸਾਨ ਕੀਤਾ ਹੈ, ਲੋਕਤੰਤਰ ਨੂੰ ਮਜ਼ਬੂਤ ਹੋਣ ਵਿੱਚ ਜੇਕਰ ਸਭ ਤੋਂ ਵੱਡੀ ਕੋਈ ਰੁਕਾਵਟ ਹੈ ਤਾਂ ਉਹ ਵੋਟ ਬੈਂਕ ਦੀ ਰਾਜਨੀਤੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਬੈਂਕ ਦੀ ਰਾਜਨੀਤੀ ਦਾ ਮਾਹੌਲ ਨਹੀਂ ਸੀ, ਵਿਕਾਸ ਦੀ ਰਾਜਨੀਤੀ ਦਾ ਮਾਹੌਲ ਸੀ। ਸਮਾਜ ਦੇ ਹਰ ਤਬਕੇ ਨੇ ਮਿਲ ਕੇ 30 ਸਾਲ ਬਾਅਦ ਦੇਸ਼ ਵਿੱਚ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਈ। ਸਮਾਜ ਦਾ ਵੱਡਾ ਤਬਕਾ ਉਸ ਤਰਫ਼ ਮੁੜ ਚੁੱਕਿਆ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉੱਤਰ ਪ੍ਰਦੇਸ਼ ਵੀ ਉੱਤਰ ਪ੍ਰਦੇਸ਼ ਦੀ ਭਲਾਈ ਲਈ ਵਿਕਾਸ ਨੂੰ ਕੇਂਦਰ ਵਿੱਚ ਰੱਖਕੇ ਵੋਟ ਦੇਣ ਦੀ ਦਿਸ਼ਾ ਵਿੱਚ ਅੱਗੇ ਵਧੇਗਾ।
ਪ੍ਰਸ਼ਨ: ਇੱਕ ਬਹੁਤ ਵੱਡਾ ਮੁੱਦਾ ਹੈ ਜੰਮੂ-ਕਸ਼ਮੀਰ ਦਾ। ਅੱਜ ਜੰਮੂ-ਕਸ਼ਮੀਰ ਝੁਲਸ ਰਿਹਾ ਹੈ, ਤੁਹਾਡੀ ਪਾਰਟੀ ਵੀ ਉੱਥੇ ਸਰਕਾਰ ਵਿੱਚ ਸ਼ਾਮਲ ਹੈ ਅਤੇ ਸਥਿਤੀ ਕਾਫ਼ੀ ਖਰਾਬ ਹੁੰਦੀ ਜਾ ਰਹੀ ਹੈ। ਤੁਹਾਡੀ ਨਜ਼ਰ ਵਿੱਚ ਉਥੋਂ ਦੀ ਸਮੱਸਿਆ ਹੱਲ ਕਰਨ ਦਾ ਕੀ ਢੰਗ ਹੈ?

ਪ੍ਰਧਾਨ ਮੰਤਰੀ ਮੋਦੀ: ਇੱਕ ਤਾਂ ਜੰਮੂ-ਕਸ਼ਮੀਰ ਦੀ ਜਦੋਂ ਗੱਲ ਕਰਦੇ ਹਾਂ ਤਾਂ ਜੰਮੂ ਵੀ ਹੈ, ਲੱਦਾਖ ਵੀ ਹੈ, ਘਾਟੀ ਵੀ ਹੈ, ਸਾਨੂੰ ਇੱਕ ਪੂਰਾ ਚਿੱਤਰ ਲੈਣਾ ਚਾਹੀਦਾ ਹੈ। ਦੇਸ਼ ਆਜ਼ਾਦ ਹੋਇਆ, ਭਾਰਤ ਦੀ ਵੰਡ ਹੋਈ। ਉਸ ਦਿਨ ਹੀ ਇਸ ਸਮੱਸਿਆ ਦੇ ਬੀਜ ਬੀਜੇ ਗਏ। ਹਰ ਸਰਕਾਰ ਨੂੰ ਇਸ ਸਮੱਸਿਆ ਨਾਲ ਜੂਝਣਾ ਪਿਆ ਹੈ। ਤਾਂ ਇਹ ਸਮੱਸਿਆ ਨਵੀਂ ਨਹੀਂ ਹੈ, ਸਮੱਸਿਆ ਬਹੁਤ ਪੁਰਾਣੀ ਹੈ। ਮੈਨੂੰ ਵਿਸ਼ਵਾਸ ਹੈ ਕਿ ਕਸ਼ਮੀਰ ਦੇ ਨੌਜਵਾਨ ਗੁੰਮਰਾਹ ਨਹੀਂ ਹੋਣਗੇ। ਅਸੀਂ ਸਾਰੇ ਸ਼ਾਂਤੀ, ਏਕਤਾ, ਸਦਭਾਵਨਾ ਨਾਲ ਮਿਲਜੁਲ ਕੇ ਚੱਲਾਂਗੇ। ਇਸ ਲਈ ਜੰਨਤ ਕਿਹਾ ਜਾਣ ਵਾਲਾ ਕਸ਼ਮੀਰ, ਜੰਨਤ ਹੀ ਬਣਿਆ ਰਹੇਗਾ। ਸਮੱਸਿਆਵਾਂ ਦੇ ਹੱਲ ਵੀ ਹੋਣਗੇ ਅਤੇ ਇਸ ਲਈ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਕਸ਼ਮੀਰ ਨੂੰ ਵਿਕਾਸ ਵੀ ਚਾਹੀਦਾ ਹੈ, ਕਸ਼ਮੀਰ ਦੀ ਜਨਤਾ ਨੂੰ ਵਿਸ਼ਵਾਸ ਵੀ ਚਾਹੀਦਾ ਹੈ। ਅਤੇ ਸਵਾ ਸੌ ਕਰੋੜ ਦੇਸ਼ ਵਾਸੀ ਕਸ਼ਮੀਰ ਘਾਟੀ ਦੇ ਨਾਗਰਿਕਾਂ ਨੂੰ ਵਿਕਾਸ ਦੇਣ ਲਈ ਵੀ ਵਚਨਬੱਧ ਹਨ ਅਤੇ ਵਿਸ਼ਵਾਸ ਦੇਣ ਵਿੱਚ ਭਾਰਤ ਨੇ ਕਦੇ ਕਮੀ ਨਹੀਂ ਵਰਤੀ ਹੈ, ਉਹ ਵਿਸ਼ਵਾਸ ਅੱਜ ਵੀ ਹੈ ਅਤੇ ਵਿਸ਼ਵਾਸ ਅੱਗੇ ਵੀ ਵਧੇਗਾ। ਇਸ ਲਈ ਵਿਕਾਸ ਅਤੇ ਵਿਸ਼ਵਾਸ ਦੇ ਮਾਰਗ ‘ਤੇ ਅਸੀਂ ਅੱਗੇ ਵਧਣਾ ਹੈ ਅਤੇ ਅਸੀਂ ਸਫ਼ਲਤਾ ਪ੍ਰਾਪਤ ਕਰਾਂਗੇ।

modi_exclusive_9pm_1-750x500 [ PM India 65KB ]

ਪ੍ਰਸ਼ਨ: ਮੰਨਿਆ ਜਾ ਰਿਹਾ ਹੈ ਕਿ ਤੁਹਾਡੇ ਸ਼ਾਸਨ-ਕਾਲ ਵਿੱਚ ਉੱਚ ਪੱਧਰੀ ਭ੍ਰਿਸ਼ਟਾਚਾਰ ਕਾਫ਼ੀ ਘੱਟ ਹੋ ਗਿਆ ਹੈ ਪਰ ਹੇਠਲੇ ਪੱਧਰ ‘ਤੇ ਭ੍ਰਿਸ਼ਟਾਚਾਰ ਕਾਫ਼ੀ ਜ਼ਿਆਦਾ ਹੈ। ਇਸਨੂੰ ਤੁਸੀਂ ਕਿਵੇਂ ਖ਼ਤਮ ਕਰੋਗੇ?

ਪ੍ਰਧਾਨ ਮੰਤਰੀ ਮੋਦੀ: ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉੱਚ ਪੱਧਰੀ ਭ੍ਰਿਸ਼ਟਾਚਾਰ ਨਹੀਂ ਹੈ, ਜੇਕਰ ਗੌਮੁਖ ਵਿੱਚ ਗੰਗਾ ਸਾਫ਼ ਹੈ ਤਾਂ ਫਿਰ ਹੇਠ ਵੀ ਹੌਲੀ-ਹੌਲੀ ਗੰਗਾ ਸਾਫ਼ ਹੁੰਦੀ ਜਾਏਗੀ। ਤੁਸੀਂ ਦੇਖਿਆ ਹੋਏਗਾ ਬਹੁਤ ਸਾਰੇ ਅਜਿਹੇ ਫ਼ੈਸਲੇ ਲਏ ਗਏ ਹਨ ਜਿਨ੍ਹਾਂ ਨਾਲ ਭ੍ਰਿਸ਼ਟਾਚਾਰ ਦੀਆਂ ਸੰਭਾਵਨਾਵਾਂ ਨੂੰ ਨਾਕਾਮ ਕਰ ਦਿੱਤਾ ਹੈ। ਜਿਵੇਂ ਅਸੀਂ ਗੈਸ ਸਬਸਿਡੀ ਨੂੰ ਸਿੱਧਾ ਲਾਭ ਤਬਦੀਲ ਸਕੀਮ ਵਿੱਚ ਪਾ ਦਿੱਤਾ ਅਤੇ ਉਸ ਕਾਰਨ ਜੋ ਗਲਤ ਗਾਹਕ ਸੀ, ਜੋ ਗਲਤ ਸਬਸਿਡੀ ਦੀ ਵਰਤੋਂ ਕਰਦੇ ਸਨ, ਉਹ ਬੰਦ ਹੋ ਗਿਆ। ਚੰਡੀਗੜ੍ਹ ਵਿੱਚ 30 ਲੱਖ ਲਿਟਰ ਮਿੱਟੀ ਦਾ ਤੇਲ ਜਾਂਦਾ ਸੀ। ਅਸੀਂ ਤਕਨੀਕ ਦੀ ਵਰਤੋਂ ਕੀਤੀ, ਜਿਸ ਦੇ ਘਰ ਵਿੱਚ ਗੈਸ ਕੁਨੈਕਸ਼ਨ ਹੈ, ਜਿਸਦੇ ਘਰ ਵਿੱਚ ਬਿਜਲੀ ਹੈ, ਉਨ੍ਹਾਂ ਨੂੰ ਮਿੱਟੀ ਦੇ ਤੇਲ ਦੀ ਸਪਲਾਈ ਬੰਦ ਕਰ ਦਿੱਤੀ। ਅਤੇ ਅਸੀਂ ਉਨ੍ਹਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਜਿਨ੍ਹਾਂ ਕੋਲ ਪਹਿਲਾਂ ਨਹੀਂ ਸਨ। ਇਸ ਪ੍ਰਕਾਰ ਅਸੀਂ ਚੰਡੀਗੜ੍ਹ ਨੂੰ ਮਿੱਟੀ ਦੇ ਤੇਲ ਤੋਂ ਮੁਕਤ ਕਰ ਦਿੱਤਾ ਅਤੇ 30 ਲੱਖ ਲਿਟਰ ਮਿੱਟੀ ਦਾ ਤੇਲ ਜੋ ਕਾਲੇ ਬਜ਼ਾਰ ਵਿੱਚ ਵੇਚਿਆ ਜਾਂਦਾ ਸੀ, ਬੰਦ ਹੋ ਗਿਆ।

ਹਾਲ ਹੀ ਵਿੱਚ ਮੈਨੂੰ ਹਰਿਆਣਾ ਦੇ ਮੁੱਖ ਮੰਤਰੀ ਮਿਲੇ, ਉਹ ਕਹਿ ਰਹੇ ਸਨ ਕਿ ਨਵੰਬਰ ਤੱਕ ਉਹ ਅੱਠ ਜ਼ਿਲ੍ਹਿਆਂ ਨੂੰ ਮਿੱਟੀ ਦੇ ਤੇਲ ਤੋਂ ਮੁਕਤ ਕਰ ਦੇਣਗੇ। ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦਾ ਕਿਸਾਨ ਹਰ ਸਾਲ ਯੂਰੀਆ ਲਈ ਤੜਫ਼ਦਾ ਸੀ, ਕਾਲਾ ਬਜ਼ਾਰ ਕਰਨ ਵਾਲਿਆਂ ਤੋਂ ਲੈਣਾ ਪੈਂਦਾ ਸੀ ਅਤੇ ਕਾਲਾ ਬਜ਼ਾਰ ਕਰਨ ਵਾਲਿਆਂ ਦਾ ਰਾਜ ਸੀ। ਕਈ ਰਾਜਾਂ ਵਿੱਚ ਤਾਂ ਯੂਰੀਆ ਲੈਣ ਲਈ ਕਿਸਾਨ ਆਏ ਤਾਂ ਉਨ੍ਹਾਂ ‘ਤੇ ਲਾਠੀਚਾਰਜ ਹੋਇਆ। ਤੁਸੀਂ ਦੇਖਿਆ ਹੋਏਗਾ ਕਿ ਇਨ੍ਹਾਂ ਦਿਨਾਂ ਵਿੱਚ ਯੂਰੀਆ ਦੀ ਘਾਟ ਦੀ ਕੋਈ ਖ਼ਬਰ ਨਹੀਂ ਆਉਂਦੀ ਹੈ। ਕਿਧਰੇ ਕਿਸਾਨ ਕਤਾਰਾਂ ਵਿੱਚ ਲੱਗੇ ਨਜ਼ਰ ਨਹੀਂ ਆਉਂਦੇ। ਕਿਧਰੇ ਲਾਠੀਚਾਰਜ ਨਹੀਂ ਹੋ ਰਿਹਾ ਅਤੇ ਯੂਰੀਆ ਦੀ ਬਲੈਕ ਮਾਰਕੀਟਿੰਗ ਵੀ ਨਹੀਂ ਹੋ ਰਹੀ, ਕਿਉਂ ਨਹੀਂ ਹੋ ਰਹੀ? ਪਹਿਲਾਂ ਜੋ ਯੂਰੀਆ ਕਿਸਾਨਾਂ ਦੇ ਨਾਂ ‘ਤੇ ਨਿਕਲਦਾ ਸੀ, ਉਹ ਕੈਮੀਕਲ ਫ਼ੈਕਟਰੀਆਂ ਵਿੱਚ ਪਹੁੰਚ ਜਾਂਦਾ ਸੀ। ਕੈਮੀਕਲ ਫ਼ੈਕਟਰੀ ਵਾਲਿਆਂ ਦੇ ਇਹ ਕੱਚੇ ਮਾਲ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦਾ ਸੀ, ਉਹ ਇਸਨੂੰ ਪ੍ਰੋਸੈਸ ਕਰਕੇ ਇਸਤੋਂ ਉਤਪਾਦ ਬਣਾਉਂਦੇ ਸਨ। ਉਨ੍ਹਾਂ ਨੂੰ ਸਸਤਾ ਯੂਰੀਆ ਮਿਲ ਜਾਂਦਾ ਸੀ। ਕੈਮੀਕਲ ਫੈਕਟਰੀਆਂ ਵਾਲੇ ਅਤੇ ਵਿਚੋਲੀਏ ਮਲਾਈ ਖਾਂਦੇ ਸਨ । ਅਸੀਂ ਯੂਰੀਆ ‘ਤੇ ਨਿੰਮ ਦੀ ਪਰਤ ਚੜ੍ਹਾਉਣੀ ਸ਼ੁਰੂ ਕਰ ਦਿੱਤੀ। ਇਸਦੇ ਨਤੀਜੇ ਵਜੋਂ ਅੱਜ ਇੱਕ ਗ੍ਰਾਮ ਯੂਰੀਆ ਵੀ ਕੈਮੀਕਲ ਫ਼ੈਕਟਰੀਆਂ ਵਿੱਚ ਕੱਚੇ ਮਾਲ ਦੇ ਰੂਪ ਵਿੱਚ ਕੰਮ ਨਹੀਂ ਆ ਸਕਦਾ। ਇਸ ਕਾਰਨ ਜਿੰਨਾ ਯੂਰੀਆ ਪੈਦਾ ਹੁੰਦਾ ਹੈ, 100 ਫੀਸਦੀ ਖੇਤਾਂ ਵਿੱਚ ਹੀ ਵਰਤਿਆ ਜਾਂਦਾ ਹੈ। ਦੂਜਾ ਅਸੀਂ 20 ਲੱਖ ਟਨ ਯੂਰੀਆ ਦਾ ਉਤਪਾਦਨ ਵਧਾ ਦਿੱਤਾ। ਵਿਦੇਸ਼ ਤੋਂ ਆਉਣ ਵਾਲੇ ਯੂਰੀਆ ‘ਤੇ ਨਿੰਮ ਦੀ ਪਰਤ ਚੜ੍ਹਾ ਦਿੱਤੀ। ਇੰਨਾ ਹੀ ਨਹੀਂ ਗੁਜਰਾਤ ਵਿੱਚ ਇਸ ਕੰਮ ਲਈ ਨਿੰਮ ਦੀਆਂ ਫਲ਼ੀਆਂ ਇੱਕਠੀਆਂ ਕਰਨ ਲਈ ਲਾਏ ਆਦਿਵਾਸੀਆਂ ਨੇ ਨਿੰਮ ਦਾ ਤੇਲ ਵੀ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਅਸੀਂ ਇਸਤੋਂ 10-12 ਕਰੋੜ ਰੁਪਏ ਕਮਾਏ ਹਨ। ਇਸ ਲਈ ਇਹ ਸਭ ਕੁਝ ਵਧੀਆ-ਵਧੀਆ ਹੋਣ ਵਾਲੀ ਸਥਿਤੀ ਹੈ। ਇਸ ਨਾਲ ਭ੍ਰਿਸ਼ਟਾਚਾਰ ਅਤੇ ਮੁਸ਼ਕਲਾਂ ਦੋਨੋਂ ਗਈਆਂ। ਇਸ ਪ੍ਰਕਾਰ ਅਸੀਂ ਤਕਨਾਲੌਜੀ ਦੀ ਵਰਤੋਂ ਕਰਕੇ, ਨੀਤੀ ਅਧਾਰਤ ਕੰਮ ਕਰਕੇ ਹੇਠਲੇ ਭ੍ਰਿਸ਼ਟਾਚਾਰ ਨੂੰ ਵੀ ਦੂਰ ਕਰ ਸਕਦੇ ਹਾਂ। ਜੋ ਤੁਹਾਨੂੰ ਉੱਚ ਪੱਧਰ ‘ਤੇ ਚੰਗਾ ਲਗ ਰਿਹਾ ਹੈ, ਹੇਠਲੇ ਪੱਧਰ ‘ਤੇ ਵੀ ਲਗਣ ਲਗ ਜਾਏਗਾ।

ਪ੍ਰਸ਼ਨ. ਪ੍ਰਧਾਨ ਮੰਤਰੀ ਜੀ, ਲੋਕ ਕਹਿੰਦੇ ਹਨ ਕਿ ਲੁਟਿਅਨਜ਼ ਦਿੱਲੀ (Lutyens Delhi) ਨੂੰ ਸ਼ਾਇਦ ਤੁਸੀਂ ਰਾਸ ਨਹੀਂ ਆਏ, ਮੇਰਾ ਸੁਆਲ ਇਹ ਹੈ ਕਿ ਕੀ ਤੁਹਾਨੂੰ ਦਿੱਲੀ ਰਾਸ ਆ ਗਈ?

ਪ੍ਰਧਾਨ ਮੰਤਰੀ ਮੋਦੀ: ਤੁਸੀਂ ਜਾਣਦੇ ਹੋ, ਪ੍ਰਧਾਨ ਮੰਤਰੀ ਦੀ ਸਥਿਤੀ ਅਜਿਹੀ ਹੁੰਦੀ ਹੈ ਕਿ ਉਸਦਾ ਲੁਟਿਅਨਜ਼ ਦਿੱਲੀ ਨਾਲ ਮੇਲਜੋਲ ਦਾ ਮੌਕਾ ਹੀ ਨਹੀਂ ਆਉਂਦਾ ਹੈ। ਉਸ ‘ਤੇ ਵਿਚਾਰ ਕਰਨ ਦੀ ਲੋੜ ਨਹੀਂ ਹੈ। ਦਿੱਲੀ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਕੁਝ ਅਜਿਹੇ ਲੋਕਾਂ ਦਾ ਇਕੱਠ ਹੈ ਜਿਹੜੇ ਕੁਝ ਲੋਕਾਂ ਨੂੰ ਸਮਰਪਿਤ ਹਨ। ਹੋ ਸਕਦਾ ਹੈ ਉਨ੍ਹਾਂ ਦੇ ਨਿਜੀ ਫ਼ਾਇਦੇ ਲਈ ਹੋਣਗੇ, ਨਿੱਜੀ ਕਾਰਨਾਂ ਕਰਕੇ ਹੋਣਗੇ। ਇਹ ਸੁਆਲ ਮੋਦੀ ਦਾ ਨਹੀਂ ਹੈ। ਤੁਸੀਂ ਇਤਿਹਾਸ ਦੀ ਤਰਫ਼ ਹੀ ਦੇਖ ਲਓ। ਸਰਦਾਰ ਪਟੇਲ ਨਾਲ ਕੀ ਹੋਇਆ। ਇਸ ਹੀ ਜਮਾਤ ਨੇ ਸਰਦਾਰ ਨੂੰ ਇੱਕ ਪਿੰਡ ਦਾ ਸਧਾਰਨ ਬੁੱਧੀ ਦਾ ਮਾਲਕ ਦੱਸਿਆ। ਮੋਰਾਰਜੀ ਦੇਸਾਈ ਨਾਲ ਦੇਖੋ ਕੀ ਹੋਇਆ, ਇਸ ਹੀ ਜਮਾਤ ਨੇ ਕਦੇ ਉਨ੍ਹਾਂ ਦੀਆਂ ਸਮਰੱਥਾਵਾਂ ਅਤੇ ਉਪਲੱਬਧੀਆਂ ਸਾਹਮਣੇ ਨਹੀਂ ਆਉਣ ਦਿੱਤੀਆਂ। ਉਹ ਕੀ ਪੀਂਦੇ ਸਨ, ਇਸ ਦੀ ਹੀ ਚਰਚਾ ਕੀਤੀ। ਦੇਵੇਗੌੜਾ ਜੀ ਦਾ ਕੀ ਹੋਇਆ, ਇੱਕ ਕਿਸਾਨ ਦਾ ਬੇਟਾ ਪ੍ਰਧਾਨ ਮੰਤਰੀ ਬਣ ਗਿਆ ਸੀ। ਪਰ ਪਛਾਣ ਬਣਾ ਦਿੱਤੀ ਕਿ ਉਹ ਸੌਂਦੇ ਰਹਿੰਦੇ ਹਨ। ਅਤੇ ਅੰਬੇਡਕਰ ਜੀ ਨਾਲ ਕੀ ਹੋਇਆ, ਇੰਨੇ ਪ੍ਰਤਿਭਾਸ਼ਾਲੀ ਵਿਅਕਤੀ, ਭਾਰਤ ਵਿੱਚ ਅੱਜ ਅਸੀਂ ਸਾਰੇ ਜਿਸ ਅੰਬੇਡਕਰ ਜੀ ਦਾ ਇੰਨਾ ਮਾਣ ਕਰਦੇ ਹਾਂ, ਉਨ੍ਹਾਂ ਦੇ ਕਾਰਜਕਾਲ ਵਿੱਚ ਉਨ੍ਹਾਂ ਦਾ ਕੀ ਹਾਲ ਹੋਇਆ। ਮਜ਼ਾਕ ਉਡਾਇਆ ਜਾਂਦਾ ਸੀ। ਚੌਧਰੀ ਚਰਨ ਸਿੰਘ ਨਾਲ ਕੀ ਹੋਇਆ? ਉਨ੍ਹਾਂ ਨੇ ਉਨ੍ਹਾਂ ਦਾ ਵੀ ਮਜ਼ਾਕ ਉਡਾਇਆ। ਇਸ ਲਈ ਜਦੋਂ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ ਤਾਂ ਮੈਂ ਹੈਰਾਨ ਨਹੀਂ ਹੁੰਦਾ। ਇਹ ਜੋ ਕੁਝ ਲੋਕ ਹਨ, ਸ਼ਾਇਦ ਇਹ ਦੇਸ਼ ਦੀਆਂ ਜੜਾਂ ਨਾਲ ਜੁੜੇ ਹੋਏ ਇਨਸਾਨਾਂ ਨੂੰ ਸਵੀਕਾਰ ਨਹੀਂ ਕਰਨਗੇ। ਇਸ ਲਈ ਮੈਂ ਵੀ ਅਜਿਹੀ ਜਮਾਤ ਨਾਲ ਜੁੜ ਕੇ ਆਪਣਾ ਸਮਾਂ ਖ਼ਰਾਬ ਨਹੀਂ ਕਰਦਾ ਹਾਂ। ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਭਲਾਈ ਹੀ ਮੇਰੇ ਲਈ ਵੱਡਾ ਟੀਚਾ ਹੈ ਅਤੇ ਜੇਕਰ ਮੈਂ ਲੁਟਿਅਨਜ਼ ਦਿੱਲੀ ਨਾਲ ਨਹੀਂ ਜੁੜਦਾ ਤਾਂ ਮੇਰਾ ਕੋਈ ਨੁਕਸਾਨ ਨਹੀਂ ਹੁੰਦਾ। ਇਸ ਲਈ ਇਹ ਚੰਗਾ ਹੈ ਕਿ ਮੈਂ ਦੇਸ਼ ਦੇ ਗ਼ਰੀਬ ਲੋਕਾਂ ਨਾਲ ਜੁੜਾਂ ਜਿਹੜੇ ਮੈਨੂੰ ਪਸੰਦ ਕਰਦੇ ਹਨ।

ਪ੍ਰਸ਼ਨ. ਮੀਡੀਆ ਹਲਕੇ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡੀ ਟੀਆਰਪੀ ਰੇਟਿੰਗ ਹੇਠ ਹੈ ਤਾਂ ਸਿੱਧੇ ਮੋਦੀ ਦੀ ਰੈਲੀ ਵਿੱਚ ਚਲੇ ਜਾਓ। ਫਿਰ ਵੀ ਤੁਹਾਡਾ ਮੀਡੀਆ ਨਾਲ ਖੱਟਾ-ਮਿੱਠਾ ਸਬੰਧ ਰਿਹਾ ਹੈ। ਮੀਡੀਆ ਬਾਰੇ ਤੁਹਾਡੀ ਆਪਣੀ ਰਾਏ ਕੀ ਹੈ?

ਪ੍ਰਧਾਨ ਮੰਤਰੀ ਮੋਦੀ: ਮੈਂ ਅੱਜ ਜੋ ਕੁਝ ਵੀ ਹਾਂ, ਉਸ ਵਿੱਚ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਹਾਂ, ਮੈਂ ਚਲਦੇ ਫਿਰਦੇ ਗੱਲ ਨਹੀਂ ਕਰਦਾ। ਮੀਡੀਆ ਨੂੰ ਸ਼ਿਕਾਇਤ ਹੋ ਸਕਦੀ ਹੈ ਮੈਂ ਤਿੱਖੀਆਂ ਅਤੇ ਵਿਵਾਦਮਈ ਟਿੱਪਣੀਆਂ ਨਹੀਂ ਕਰਦਾ। ਇਹ ਸ਼ਿਕਾਇਤ ਸੁਭਾਵਕ ਹੈ। ਮੈਂ ਜ਼ਿਆਦਾਤਰ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ ਹਾਂ ਅਤੇ ਮੇਰਾ ਕੰਮ ਬੋਲਦਾ ਹੈ। ਮੈਂ ਲੰਬਾ ਸਮਾਂ ਸੰਗਠਨ ਦਾ ਕੰਮ ਕੀਤਾ ਹੈ। ਇਸ ਲਈ ਮੇਰੇ ਮੀਡੀਆ ਜਗਤ ਨਾਲ ਮਜ਼ਬੂਤ ਸਬੰਧ ਹਨ। ਮੀਡੀਆ ਵਿੱਚ ਸ਼ਾਇਦ ਕੋਈ ਅਜਿਹਾ ਨਾ ਹੋਵੇ ਜਿਸ ਨਾਲ ਮੈਂ ਚਾਹ ਨਾ ਪੀਤੀ ਹੋਵੇ ਜਾਂ ਹਾਸਾ-ਮਜ਼ਾਕ ਨਾ ਕੀਤਾ ਹੋਵੇ। ਮੈਂ ਕਈਆਂ ਨੂੰ ਉਨ੍ਹਾਂ ਦੇ ਨਾਂਅ ਨਾਲ ਜਾਣਦਾ ਹਾਂ। ਇਸ ਲਈ ਉਨ੍ਹਾਂ ਦੀਆਂ ਇਹ ਉਮੀਦਾਂ ਸੁਭਾਵਕ ਹਨ। ਜ਼ਿਆਦਾਤਰ ਮੀਡੀਆ ਨੇ ਵੱਡੀਆਂ ਸ਼ਖ਼ਸੀਅਤਾਂ ਨੂੰ ਪ੍ਰਧਾਨ ਮੰਤਰੀ ਬਣਦੇ ਦੇਖਿਆ ਹੈ। ਪਰ ਮੇਰੇ ਵਰਗਾ ਅਜਿਹਾ ਕੋਈ ਨਹੀਂ ਹੈ ਜਿਸ ਨੇ ਉਨ੍ਹਾਂ ਨਾਲ ਦੋਸਤਾਂ ਵਜੋਂ ਸਮਾਂ ਬਿਤਾਇਆ ਹੋਵੇ।

ਮੀਡੀਆ ਆਪਣਾ ਕੰਮ ਕਰ ਰਿਹਾ ਹੈ ਅਤੇ ਕਰਨਾ ਵੀ ਚਾਹੀਦਾ ਹੈ। ਮੇਰਾ ਇਹ ਸਪੱਸ਼ਟ ਮਤ ਹੈ ਕਿ ਮੀਡੀਆ ਨੂੰ ਸਖ਼ਤੀ ਨਾਲ ਸਰਕਾਰ ਦੀ ਆਲੋਚਨਾ ਕਰਨੀ ਚਾਹੀਦੀ ਹੈ। ਨਹੀਂ ਤਾਂ ਲੋਕਤੰਤਰ ਨਹੀਂ ਚਲ ਸਕਦਾ। ਪਰ ਬਦਕਿਸਮਤੀ ਨਾਲ ਟੀਆਰਪੀ ਦੀ ਆਪਾਧਾਪੀ ਵਿੱਚ ਮੀਡੀਆ ਕੋਲ ਰਿਸਰਚ ਕਰਨ ਲਈ ਇੰਨਾ ਸਮਾਂ ਨਹੀਂ ਹੈ। ਰਿਸਰਚ ਤੋਂ ਬਿਨਾਂ ਆਲੋਚਨਾ ਸੰਭਵ ਨਹੀਂ ਹੈ। 10 ਮਿੰਟ ਦੀ ਆਲੋਚਨਾ ਲਈ 10 ਘੰਟੇ ਦੀ ਰਿਸਰਚ ਦੀ ਲੋੜ ਹੁੰਦੀ ਹੈ। ਆਲੋਚਨਾ ਦੀ ਥਾਂ ਇਹ ਦੋਸ਼ ਲਾਉਣ ਦੀ ਤਰਫ਼ ਚਲਾ ਜਾਂਦਾ ਹੈ। ਉਸ ਕਾਰਨ ਲੋਕਤੰਤਰ ਦਾ ਵੀ ਨੁਕਸਾਨ ਹੁੰਦਾ ਹੈ। ਸਰਕਾਰਾਂ ਨੂੰ ਵੀ ਮੀਡੀਆ ਦੀ ਆਲੋਚਨਾ ਤੋਂ ਡਰਨਾ ਚਾਹੀਦਾ ਹੈ। ਪਰ ਇਹ ਡਰ ਵੀ ਖ਼ਤਮ ਹੋ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਮੀਡੀਆ ਤੱਥਾਂ ਦੇ ਅਧਾਰ ‘ਤੇ ਆਲੋਚਨਾ ਕਰੇ। ਦੇਸ਼ ਨੂੰ ਇਸਤੋਂ ਫ਼ਾਇਦਾ ਹੋਵੇ। ਇਹ ਵੀ ਸਹੀ ਹੈ ਕਿ ਮੀਡੀਆ ਦੀਆਂ ਵੀ ਮਜਬੂਰੀਆਂ ਹਨ। ਉਨ੍ਹਾਂ ਨੂੰ ਟੀਆਰਪੀ ਦੀ ਦੌੜ ਜਿੱਤਣੀ ਹੈ। ਇਸ ਲਈ ਮੈਂ ਖੁਸ਼ ਹਾਂ ਕਿ ਇਸ ਪੱਖੋਂ ਮੈਂ ਉਨ੍ਹਾਂ ਦੇ ਕੰਮ ਆਉਂਦਾ ਹਾਂ। ਮੇਰੀਆਂ ਰੈਲੀਆਂ ਤੋਂ ਜ਼ਿਆਦਾ ਉਹ ਟੀਆਰਪੀ ਵਧਾਉਣ ਲਈ ਮੈਨੂੰ ਗਾਲ਼ਾਂ ਦੇਣ ਵਾਲਿਆਂ ਨੂੰ ਲਿਆ ਰਹੇ ਹਨ।

ਪ੍ਰਸ਼ਨ. ਮੀਡੀਆ ਵਾਂਗ ਹੀ ਨਿਆਂਪਾਲਿਕਾ ਨਾਲ ਵੀ ਤੁਹਾਡੇ ਸਬੰਧ ਤਣਾਅਪੂਰਨ ਹਨ। ਅਜਿਹਾ ਕਿਉਂ?

ਪ੍ਰਧਾਨ ਮੰਤਰੀ ਮੋਦੀ: ਇਹ ਬਿਲਕੁਲ ਹੀ ਗ਼ਲਤ ਸੋਚ ਹੈ। ਇਹ ਸਰਕਾਰ ਅਜਿਹੀ ਹੈ ਜਿਸਨੂੰ ਨਿਯਮਾਂ ਨਾਲ ਚਲਣਾ ਹੈ, ਕਾਨੂੰਨ ਨਾਲ ਚਲਣਾ ਹੈ, ਸੰਵਿਧਾਨ ਤਹਿਤ ਚਲਣਾ ਹੈ। ਉਸਦੀ ਕਿਸੇ ਵੀ ਸੰਵਿਧਾਨਕ ਸੰਸਥਾ ਨਾਲ ਸੰਘਰਸ਼ ਦੀ ਸੰਭਾਵਨਾ ਨਹੀਂ ਹੈ, ਤਣਾਅ ਦੀ ਸੰਭਾਵਨਾ ਨਹੀਂ ਹੈ। ਸੰਵਿਧਾਨ ਦੀ ਮਰਿਆਦਾ ਵਿੱਚ ਨਿਆਂਪਾਲਿਕਾ ਨਾਲ ਜਿੰਨਾ ਨਿੱਘਾ ਸਬੰਧ ਹੋਣਾ ਚਾਹੀਦਾ ਹੈ, ਓਨਾ ਸਬੰਧ ਰਹਿੰਦਾ ਹੈ। ਮੇਰੇ ਵੱਲੋਂ ਜਿੰਨਾ ਸੰਭਵ ਹੋਵੇ ਓਨੀਆਂ ਮਰਿਆਦਾਵਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਹੁੰਦੀ ਹੈ।

2shot-43-750x500 [ PM India 93KB ]

ਪ੍ਰਸ਼ਨ. ਤੁਹਾਨੂੰ ਮੈਂ ਕੁਝ ਨਿੱਜੀ ਸੁਆਲ ਪੁੱਛਣਾ ਚਾਹੁੰਦਾ ਹਾਂ। ਤੁਹਾਡੀ ਪਛਾਣ ਇੱਕ ਮਜ਼ਬੂਤ ਨੇਤਾ ਦੀ ਹੈ। ਪਰ ਕਈ ਮੌਕਿਆਂ ‘ਤੇ ਤੁਹਾਡਾ ਭਾਵਨਾਤਮਕ ਰੂਪ ਵੀ ਉਜਾਗਰ ਹੋਇਆ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਨਰੇਂਦਰ ਮੋਦੀ ਅਸਲ ਵਿੱਚ ਕਿਸ ਪ੍ਰਕਾਰ ਦੇ ਹਨ? ਜਾਂ ਮੋਦੀ ਦੇ ਚਰਿੱਤਰ ਦੇ ਕਈ ਰੂਪ ਹਨ।

ਪ੍ਰਧਾਨ ਮੰਤਰੀ ਮੋਦੀ: ਇੱਕ ਫ਼ੌਜੀ ਜਿਹੜਾ ਸਰਹੱਦ ‘ਤੇ ਬਹਾਦਰੀ ਨਾਲ ਲੜਦਾ ਹੈ ਅਤੇ ਉਹ ਹੀ ਫ਼ੌਜੀ ਜਦੋਂ ਆਪਣੀ ਬੇਟੀ ਨਾਲ ਖੇਡਦਾ ਹੈ ਤਾਂ ਉਹ ਦੋਨੋਂ ਤਰਫ਼ ਇੱਕ ਪ੍ਰਕਾਰ ਦਾ ਵਿਵਹਾਰ ਨਹੀਂ ਕਰ ਸਕਦਾ। ਨਰੇਂਦਰ ਮੋਦੀ ਜੋ ਵੀ ਹੈ, ਆਖਿਰ ਹੈ ਤਾਂ ਉਹ ਵੀ ਇਨਸਾਨ। ਮੈਨੂੰ ਕਿਉਂ ਆਪਣੇ ਅੰਦਰ ਦੇ ਇਨਸਾਨ ਨੂੰ ਦਬਾ ਦੇਣਾ ਚਾਹੀਦਾ ਹੈ। ਛੁਪਾ ਦੇਣਾ ਚਾਹੀਦਾ ਹੈ। ਮੈਂ ਜਿਵੇਂ ਦਾ ਹਾਂ, ਉਵੇਂ ਦਾ ਹਾਂ। ਲੋਕ ਜਿਵੇਂ ਦੇਖਦੇ ਹਨ, ਦੇਖਣਾ ਚਾਹੀਦਾ ਹੈ। ਜਿਥੋਂ ਤੱਕ ਮੇਰੀਆਂ ਜ਼ਿੰਮੇਵਾਰੀਆਂ ਦਾ ਸਬੰਧ ਹੈ, ਤਾਂ ਮੈਂ ਉਨ੍ਹਾਂ ਨੂੰ ਆਪਣੀ ਸਮਰੱਥਾ ਮੁਤਾਬਕ ਪੂਰਾ ਕਰਨਾ ਹੈ। ਜੇਕਰ ਦੇਸ਼ ਹਿੱਤ ਵਿੱਚ ਸਖ਼ਤ ਫ਼ੈਸਲੇ ਕਰਨੇ ਪੈਂਦੇ ਹਨ ਤਾਂ ਮੈਂ ਉਹ ਫ਼ੈਸਲੇ ਕਰਾਂਗਾ। ਇਸ ਲਈ ਜੇਕਰ ਮੈਨੂੰ ਸਖ਼ਤ ਮਿਹਨਤ ਕਰਨੀ ਪਏਗੀ ਤਾਂ ਮੈਂ ਕਰਾਂਗਾ। ਜੇਕਰ ਮੈਨੂੰ ਝੁਕਣਾ ਪਿਆ ਤਾਂ ਮੈਂ ਝੁਕਾਗਾਂ। ਜੇਕਰ ਮੈਨੂੰ ਤੇਜ ਚੱਲਣਾ ਪਿਆ ਤਾਂ ਮੈਂ ਚੱਲਾਂਗਾ। ਪਰ ਇਹ ਮੇਰੇ ਵਿਅਕਤਿਤਵ ਦੇ ਪਹਿਲੂ ਨਹੀਂ ਹਨ, ਇਹ ਮੇਰੀਆਂ ਜ਼ਿੰਮੇਵਾਰੀਆਂ ਦਾ ਹਿੱਸਾ ਹਨ। ਅਸਲੀ ਨਕਲੀ ਮੋਦੀ ਵਰਗਾ ਕੁਝ ਵੀ ਨਹੀਂ ਹੈ। ਇਨਸਾਨ ਤਾਂ ਇਨਸਾਨ ਹੁੰਦਾ ਹੈ। ਜੇਕਰ ਤੁਸੀਂ ਰਾਜਨੀਤਕ ਚਸ਼ਮੇ ਉਤਾਰ ਕੇ ਦੇਖੋਗੇ ਤਾਂ ਤੁਹਾਨੂੰ ਅਸਲੀ ਮੋਦੀ ਦਿਖਾਈ ਦੇਏਗਾ। ਪਰ ਇਹ ਤੁਸੀਂ ਗਲਤੀ ਕਰੋਗੇ ਜਦੋਂ ਆਪਣੀਆਂ ਬਣਾਈਆਂ ਹੋਈਆਂ ਮਾਨਤਾਵਾਂ ਦੇ ਅਧਾਰ ‘ਤੇ ਉਸਦਾ ਮੁੱਲਾਂਕਣ ਕਰਨਾ ਜਾਰੀ ਰੱਖੋਗੇ।

ਪ੍ਰਸ਼ਨ. ਮੋਦੀ ਜੀ, ਮੈਂ ਤੁਹਾਨੂੰ ਮੁੱਖ ਮੰਤਰੀ ਹੁੰਦੇ ਹੋਏ ਗਾਂਧੀਨਗਰ ਵਿੱਚ ਕਈ ਵਾਰ ਮਿਲਿਆ ਹਾਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵੀ। ਮੈਂ ਤੁਹਾਡੇ ਮੇਜ਼ ‘ਤੇ ਕਦੇ ਕੋਈ ਫ਼ਾਈਲ, ਕਾਗਜ਼ ਜਾਂ ਇਥੋਂ ਤੱਕ ਕੇ ਫ਼ੋਨ ਵੀ ਨਹੀਂ ਦੇਖਿਆ। ਸਾਡੀਆਂ ਮੁਲਾਕਾਤਾਂ ਦੌਰਾਨ ਕਿਸੇ ਨੇ ਦਖ਼ਲ-ਅੰਦਾਜ਼ੀ ਵੀ ਨਹੀਂ ਕੀਤੀ। ਤੁਸੀਂ ਇੱਕ ਸੀਈਓ ਦੀ ਤਰ੍ਹਾਂ ਕੰਮ ਕਰਦੇ ਹੋ। ਕਈ ਕਹਿੰਦੇ ਹਨ ਕਿ ਤੁਸੀਂ ਜ਼ਿਆਦਾ ਸੁਣਦੇ ਹੋ ਅਤੇ ਬੋਲਦੇ ਘੱਟ ਹੋ। ਤੁਹਾਡਾ ਕੰਮ ਕਰਨ ਦਾ ਅੰਦਾਜ਼ ਕੀ ਹੈ?

ਪ੍ਰਧਾਨ ਮੰਤਰੀ ਮੋਦੀ: ਤੁਸੀਂ ਕਾਫ਼ੀ ਸਹੀ ਦੇਖਿਆ ਹੈ। ਮੇਰੀ ਪਛਾਣ ਅਜਿਹੀ ਬਣਾਈ ਗਈ ਹੈ ਕਿ ਮੈਂ ਕਿਸੇ ਦੀ ਸੁਣਦਾ ਨਹੀਂ ਬਲਕਿ ਬਹੁਤ ਬੋਲਦਾ ਹਾਂ। ਅਸਲ ਵਿੱਚ ਮੈਂ ਜ਼ਿਆਦਾ ਸੁਣਦਾ ਅਤੇ ਦੇਖਦਾ ਹਾਂ। ਇਸਦਾ ਮੈਨੂੰ ਕਾਫ਼ੀ ਫ਼ਾਇਦਾ ਮਿਲ ਰਿਹਾ ਹੈ। ਮੈਂ ਕੰਮ ਵਿੱਚ ਡੁੱਬਿਆ ਰਹਿਣ ਵਾਲਾ ਹਾਂ, ਪਰ ਅਸਲ ਗੱਲ ਹੈ ਕਿ ਮੈਂ ਵਰਤਮਾਨ ਵਿੱਚ ਜਿਊਣਾ ਪਸੰਦ ਕਰਦਾ ਹਾਂ। ਜੇਕਰ ਤੁਸੀਂ ਮੈਨੂੰ ਮਿਲਣ ਆਏ ਹੋ ਤਾਂ ਮੈਂ ਉਸ ਮੁਲਾਕਾਤ ਵਿੱਚ ਹੀ ਲੀਨ ਹੋ ਜਾਵਾਂਗਾ। ਮੈਂ ਨਾ ਤਾਂ ਫੋਨ ਨੂੰ ਹੱਥ ਲਾਵਾਂਗਾ ਜਾਂ ਨਾ ਹੀ ਕਾਗਜ਼ ਦੇਖਾਗਾਂ ਅਤੇ ਮੈਂ ਆਪਣਾ ਧਿਆਨ ਭੰਗ ਨਹੀਂ ਕਰਾਂਗਾ। ਇਸ ਪ੍ਰਕਾਰ ਹੀ ਜਦੋਂ ਮੈਂ ਫ਼ਾਈਲਾਂ ਦੇਖਦਾ ਹਾਂ ਤਾਂ ਉਨ੍ਹਾਂ ਵਿੱਚ ਹੀ ਖੁਭ ਜਾਂਦਾ ਹਾਂ ਅਤੇ ਫ਼ਾਈਲ ਤੋਂ ਆਪਣਾ ਧਿਆਨ ਪਾਸੇ ਨਹੀਂ ਹਟਾਉਂਦਾ। ਮੈਂ ਵਰਤਮਾਨ ਦੇ ਹਰ ਛਿਣ ਨੂੰ ਜਿਊਂਦਾ ਹਾਂ। ਜਿਹੜਾ ਇਨਸਾਨ ਮੈਨੂੰ ਮਿਲਦਾ ਹੈ, ਉਹ ਹਮੇਸ਼ਾ ਸੰਤੁਸ਼ਟ ਹੁੰਦਾ ਹੈ, ਇਸ ਲਈ ਮੈਂ ਉਨ੍ਹਾਂ ਨੂੰ ਗੁਣਵੱਤਾ ਭਰਪੂਰ ਸਮਾਂ ਦਿੰਦਾ ਹਾਂ।

ਦੂਜਾ, ਆਪਣੇ ਕੰਮ ਨਾਲ ਹਮੇਸ਼ਾ ਨਿਆਂ ਕਰਨਾ ਚਾਹੀਦਾ ਹੈ, ਇਹ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ। ਸਿੱਖਣਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ। ਪੁਰਾਣੇ ਵਿਚਾਰ ਜਿਹੜੇ ਅੱਜ ਦੇ ਸਮੇਂ ਮੁਤਾਬਕ ਢੁਕਵੇਂ ਨਹੀਂ ਹਨ, ਉਨ੍ਹਾਂ ਨੂੰ ਛੱਡਣ ਦੀ ਹਿੰਮਤ ਹੋਣੀ ਚਾਹੀਦੀ ਹੈ। ਖ਼ੁਦ ਨੂੰ ਬਦਲਣ ਦੀ ਹਿੰਮਤ ਹੋਣੀ ਚਾਹੀਦੀ ਹੈ। ਇਸ ਕਾਰਨ ਮੇਰਾ ਕੰਮ ਕਰਨ ਦਾ ਤਰੀਕਾ ਇਸ ਪ੍ਰਕਾਰ ਵਿਕਸਤ ਹੋਇਆ ਹੈ।

ਪ੍ਰਸ਼ਨ. ਤੁਸੀਂ 16-18 ਘੰਟੇ ਕੰਮ ਕਰਦੇ ਹੋ, ਇਹ ਬਹੁਤ ਥਕਾਊ ਪ੍ਰਕਿਰਿਆ ਹੈ, ਤੁਸੀਂ ਅਰਾਮ ਕਿਵੇਂ ਕਰਦੇ ਹੋ?

ਪ੍ਰਧਾਨ ਮੰਤਰੀ ਮੋਦੀ: ਮੈਂ ਸਿਰਫ਼ ਆਪਣੇ ਕੰਮ ਨਾਲ ਹੀ ਅਰਾਮ ਕਰਦਾ ਹਾਂ। ਮੈਂ ਕਦੇ ਵੀ ਕੰਮ ਕਰਦਾ ਥੱਕਿਆ ਨਹੀਂ। ਅਸਲ ਵਿੱਚ ਕੰਮ ਨਾ ਕਰਨਾ ਮੇਰੇ ਲਈ ਥੱਕਣਾ ਹੈ। ਜੇਕਰ ਤੁਹਾਨੂੰ 10 ਚਿੱਠੀਆਂ ਲਿਖਣੀਆਂ ਹਨ ਅਤੇ ਦੋ ਲਿਖਣ ਤੋਂ ਬਾਅਦ ਤੁਸੀਂ ਥਕਾਵਟ ਮਹਿਸੂਸ ਕਰਨ ਲੱਗੇ। ਪਰ ਤੁਹਾਨੂੰ ਸਾਰੀਆਂ 10 ਚਿੱਠੀਆਂ ਲਿਖ ਕੇ ਸੰਤੁਸ਼ਟੀ ਹੋਏਗੀ ਅਤੇ ਤੁਸੀਂ ਆਪਣਾ ਖਾਣਾ ਵੀ ਛੱਡ ਦਿੱਤਾ ਕਿਉਂਕਿ ਤੁਹਾਨੂੰ ਇਹ ਹੈ ਕਿ ਕੰਮ ਪੂਰਾ ਹੋ ਗਿਆ। ਅਸਲ ਵਿੱਚ ਸਾਨੂੰ ਕੰਮ ਨਾ ਕਰਨ ਨਾਲ ਥਕਾਵਟ ਹੁੰਦੀ ਹੈ ਅਤੇ ਕੰਮ ਤੁਹਾਨੂੰ ਸੰਤੁਸ਼ਟੀ ਦਿੰਦਾ ਹੈ। ਉਹ ਸੰਤੁਸ਼ਟੀ ਤੁਹਾਨੂੰ ਊਰਜਾ ਦਿੰਦੀ ਹੈ। ਮੈਂ ਇਸ ਨੂੰ ਮਹਿਸੂਸ ਕੀਤਾ ਹੈ ਅਤੇ ਮੈਂ ਹਮੇਸ਼ਾ ਆਪਣੇ ਨੌਜਵਾਨ ਦੋਸਤਾਂ ਨੂੰ ਕਹਿੰਦਾ ਹਾਂ। ਥਕਾਵਟ ਜ਼ਿਆਦਾ ਮਨੋਵਿਗਿਆਨਕ ਹੁੰਦੀ ਹੈ। ਇੱਕੋ ਜਿਹੇ ਕੰਮ ਲਈ ਜਿੰਨੀ ਊਰਜਾ ਚਾਹੀਦੀ ਹੈ, ਉਹ ਸਮਰੱਥਾ ਸਾਰਿਆਂ ਦੀ ਬਰਾਬਰ ਹੁੰਦੀ ਹੈ। ਤੁਸੀਂ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰੋ ਅਤੇ ਤੁਹਾਡੀ ਅੰਦਰੂਨੀ ਸ਼ਕਤੀ ਹਮੇਸ਼ਾ ਉੱਭਰੇਗੀ। ਇਹ ਤੁਹਾਡੇ ਅੰਦਰ ਖੁਦ-ਬ-ਖੁਦ ਹੁੰਦੀ ਹੈ।

ਪ੍ਰਸ਼ਨ. ਤੁਹਾਡੀ ਜ਼ਿੰਦਗੀ ‘ਤੇ ਕਿਸ ਦਾ ਜ਼ਿਆਦਾ ਪ੍ਰਭਾਵ ਰਿਹਾ ਹੈ?

ਪ੍ਰਧਾਨ ਮੰਤਰੀ ਮੋਦੀ: ਮੇਰਾ ਪਿੰਡ ਗਾਇਕਵਾੜ ਸਟੇਟ ਵਿੱਚ ਸੀ ਅਤੇ ਬਚਪਨ ਵਿੱਚ ਉਸ ਮਾਹੌਲ ਤੋਂ ਮੈਂ ਬਹੁਤ ਸਿੱਖਿਆ। ਗਾਇਕਵਾੜ ਮਹਾਰਾਜਾ ਦੀ ਇੱਕ ਵਿਸ਼ੇਸ਼ਤਾ ਸੀ ਕਿ ਉਹ ਹਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਅਤੇ ਲਾਇਬ੍ਰੇਰੀ ਬਣਾਉਂਦੇ ਸਨ। ਮੈਂ ਉਸ ਸਕੂਲ ਵਿੱਚ ਪੜ੍ਹਿਆ ਹਾਂ। ਮੇਰੀ ਕਿਤਾਬਾਂ ਪੜ੍ਹਨ ਵਿੱਚ ਦਿਲਚਸਪੀ ਪੈਦਾ ਹੋ ਗਈ। ਹੁਣ ਪੜ੍ਹਨ ਲਈ ਬਹੁਤ ਘੱਟ ਸਮਾਂ ਹੈ। ਉਨ੍ਹਾਂ ਕਿਤਾਬਾਂ ਦਾ ਮੇਰੇ ‘ਤੇ ਪ੍ਰਭਾਵ ਹੈ। 12 ਸਾਲ ਦੀ ਉਮਰ ਤੋਂ ਮੈਂ ਭਾਸ਼ਣ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਮੈਨੂੰ ਵਿਵੇਕਾਨੰਦ ਜੀ ਦੇ ਕਥਨ ਅਤੇ ਉਨ੍ਹਾਂ ਦਾ ਬੋਲਣ ਦਾ ਅੰਦਾਜ਼ ਬਹੁਤ ਪਸੰਦ ਸੀ। ਹਿੰਦੀ ਭਾਸ਼ਾ ਵਿੱਚ ਵੀ ਮੇਰੀ ਦਿਲਚਸਪੀ ਬਹੁਤ ਵਧਣ ਲੱਗੀ ਸੀ। ਮੈਂ ਕਹਿ ਸਕਦਾ ਹਾਂ ਕਿ ਵਿਵੇਕਾਨੰਦ ਦੇ ਵਿਚਾਰਾਂ ਦਾ ਕਾਫ਼ੀ ਪ੍ਰਭਾਵ ਮੇਰੇ ‘ਤੇ ਰਿਹਾ ਹੈ।

ਪ੍ਰਸ਼ਨ. ਭਾਰਤ ਦੇ ਇਤਿਹਾਸ ਵਿੱਚ ਨਰੇਂਦਰ ਮੋਦੀ ਖੁਦ ਨੂੰ ਕਿੱਥੇ ਦੇਖਦੇ ਹਨ?

ਪ੍ਰਧਾਨ ਮੰਤਰੀ ਮੋਦੀ: ਜੋ ਇਨਸਾਨ ਵਰਤਮਾਨ ਵਿੱਚ ਜਿਊਣ ਦਾ ਸ਼ੌਕੀਨ ਹੋਵੇ, ਉਹ ਇਤਿਹਾਸ ਦੀ ਚਿੰਤਾ ਕਿਉਂ ਕਰੇ? ਜੀਵਨ ਵਿੱਚ ਕਦੇ ਵੀ ਅਜਿਹੀ ਗ਼ਲਤੀ ਨਹੀਂ ਕਰਨੀ ਚਾਹੀਦੀ ਕਿ ਆਪਣੇ ਲਈ ਕੁਝ ਕਰੀਏ। ਬਦਕਿਸਮਤੀ ਨਾਲ ਸਾਡੇ ਦੇਸ਼ ਵਿੱਚ ਸਰਕਾਰਾਂ, ਰਾਜਨੀਤਕ ਪਾਰਟੀਆਂ, ਨੇਤਾ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਅਸੀਂ ਆਪਣੀ ਪਛਾਣ ਬਣਾਉਣ ਦੀ ਥਾਂ ਆਪਣੇ ਦੇਸ਼ ਦੀ ਪਛਾਣ ਬਣਾਉਣ ਲਈ ਸਮਰਪਿਤ ਕਰ ਦਈਏ? 1.25 ਕਰੋੜ ਦੇਸ਼ਵਾਸੀ, ਇਹ ਇਤਿਹਾਸ ਦੀ ਅਮਰ-ਕਥਾ ਹੈ। ਉਨ੍ਹਾਂ 1.25 ਕਰੋੜ ਦੇਸ਼ਵਾਸੀਆਂ ਵਿੱਚ ਇੱਕ ਮੋਦੀ ਹੋਏਗਾ, ਉਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਹੋਏਗਾ। ਮੋਦੀ ਦੀ ਪਛਾਣ ਇਨ੍ਹਾਂ 1.25 ਕਰੋੜ ਲੋਕਾਂ ਵਿੱਚ ਹੀ ਖੋ ਜਾਏਗੀ। ਮੋਦੀ ਨੂੰ ਇਤਿਹਾਸ ਦੇ ਕਿਸੇ ਪੰਨੇ ਵਿੱਚ ਖਤਮ ਹੋਣ ਤੋਂ ਜ਼ਿਆਦਾ ਅਨੰਦ ਇਨ੍ਹਾਂ ਲੋਕਾਂ ਨਾਲ ਖ਼ਤਮ ਹੋ ਕੇ ਆਏਗਾ।

ਮੋਦੀ ਜੀ ਮੈਨੂੰ ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਇਹ ਮੇਰੀ ਪਹਿਲੀ ਟੀਵੀ ਮੁਲਾਕਾਤ ਹੈ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਮੈਂ ਖ਼ੁਦ ਨੂੰ ਕਾਫ਼ੀ ਸਨਮਾਨਤ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।

ਨਰੇਂਦਰ ਮੋਦੀ-ਤੁਸੀਂ ਆਰਥਿਕ ਜਗਤ ਤੋਂ ਹੋ, ਇਸ ਦੇ ਬਾਵਜੂਦ ਤੁਸੀਂ ਰਾਜਨੀਤਕ ਮੁਲਾਕਾਤ ਕੀਤੀ। ਮੈਨੂੰ ਤੁਹਾਡਾ ਆਤਮ ਵਿਸ਼ਵਾਸ ਚੰਗਾ ਲੱਗਿਆ। ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਅਤੇ ਤੁਸੀਂ ਅੱਗੇ ਵੀ ਵਧੀਆ ਕੰਮ ਕਰਦੇ ਰਹੋਗੇ।

ਤੁਸੀਂ ਕ੍ਰਿਪਾ ਕਰਕੇ ਸਾਡੇ ਨਾਲ ਮੁਲਾਕਾਤ ਕਰਦੇ ਰਿਹੋ…
ਪ੍ਰਧਾਨ ਮੰਤਰੀ ਮੋਦੀ: ਕੇਵਲ ਸਿਆਸੀ ਨੇਤਾਵਾਂ ਨਾਲ ਹੀ ਮੁਲਾਕਾਤ ਕਿਉਂ, ਇੱਥੇ ਜੀਵਨ ਦੇ ਕਈ ਖੇਤਰਾਂ ਤੋਂ ਹੋਰ ਲੋਕ ਵੀ ਹਨ ਜਿਨ੍ਹਾਂ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ। ਚੋਣਾਂ ਦੌਰਾਨ ਰਿਪੋਰਟਰ ਤੁਹਾਡੇ ਬੈੱਡਰੂਮ ਤੋਂ ਸ਼ੂਟਿੰਗ ਸ਼ੁਰੂ ਕਰਦੇ ਹਨ ਅਤੇ ਨਾਸ਼ਤੇ ਬਾਰੇ ਪੁੱਛਦੇ ਹਨ। ਪਰ ਕਿਸੇ ਨੂੰ ਵੀ ਸਾਡੇ ਖਿਡਾਰੀਆਂ ਦੀ ਕੁਰਬਾਨੀ ਨਜ਼ਰ ਨਹੀਂ ਆਉਂਦੀ। ਸਿਆਸੀ ਨੇਤਾਵਾਂ ‘ਤੇ ਸਮਾਂ ਬਰਬਾਦ ਕਰਨ ਦੀ ਥਾਂ, ਸਾਨੂੰ ਆਪਣਾ ਜ਼ਿਆਦਾਤਰ ਸਮਾਂ ਖਿਡਾਰੀਆਂ ਨਾਲ ਬਿਤਾਉਣਾ ਚਾਹੀਦਾ ਹੈ। ਕਿਵੇਂ ਉਹ ਆਪਣਾ ਖਾਣ-ਪੀਣ ਅਤੇ ਸੌਣਾ ਕੰਟਰੋਲ ਕਰਦੇ ਹਨ? ਕਿਵੇਂ ਉਹ ਹਾਰਨ ਤੋਂ ਬਾਅਦ ਵੀ ਲਗੇ ਰਹਿੰਦੇ ਹਨ? ਸਾਡੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਵੀ ਦਿਖਾਈਆਂ ਜਾਣੀਆਂ ਚਾਹੀਦੀਆਂ ਹਨ। ਮੈਂ ਚਾਹਾਗਾਂ ਕਿ ਤੁਹਾਡਾ ਚੈਨਲ ਰੀਓ ਓਲੰਪਿਕ ਦੇ 30 ਖਿਡਾਰੀਆਂ ਦੀ ਚੋਣ ਕਰੇ ਅਤੇ ਉਨ੍ਹਾਂ ਦੀ ਜ਼ਿੰਦਗੀ ਦਿਖਾਏ। ਇਸ ਤਰ੍ਹਾਂ ਨਾਲ ਅਸੀਂ ਆਪਣੇ ਖਿਡਾਰੀਆਂ ਨੂੰ ਦੇਖਣ ਦਾ ਨਜ਼ਰੀਆ ਬਦਲ ਸਕਦੇ ਹਾਂ। ਇਸ ਤੋਂ ਇਲਾਵਾ ਮੈਨੂੰ ਲਗਦਾ ਹੈ ਕਿ ਰਾਜਨੀਤੀ ਤੋਂ ਇਲਾਵਾ ਹੋਰ ਵੀ ਕਈ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ।