ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਜ਼ਰੀਏ ਫਿਜੀ ਵਿੱਚ ਸ਼੍ਰੀ ਸ੍ਰੀ ਸੱਤਯ ਸਾਈਂ ਸੰਜੀਵਨੀ ਹਸਪਤਾਲ ਦੇ ਉਦਘਾਟਨ ਮੌਕੇ ਸੰਬੋਧਨ ਕੀਤਾ।
ਇਸ ਮੌਕੇ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਹਸਪਤਾਲ ਲਈ ਫਿਜੀ ਦੇ ਪ੍ਰਧਾਨ ਮੰਤਰੀ ਅਤੇ ਫਿਜੀ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਹਸਪਤਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਦਾ ਪ੍ਰਤੀਕ ਹੈ, ਜੋ ਭਾਰਤ ਅਤੇ ਫਿਜੀ ਦੀ ਸਾਂਝੀ ਯਾਤਰਾ ਦਾ ਇੱਕ ਹੋਰ ਅਧਿਆਏ ਹੈ। ਬੱਚਿਆਂ ਲਈ ਦਿਲ ਦੀਆਂ ਬਿਮਾਰੀਆਂ ਦਾ ਇਹ ਹਸਪਤਾਲ ਨਾ ਸਿਰਫ਼ ਫਿਜੀ ਵਿੱਚ ਬਲਕਿ ਪੂਰੇ ਦੱਖਣੀ ਪ੍ਰਸ਼ਾਂਤ ਖੇਤਰ ਵਿੱਚ ਆਪਣੀ ਕਿਸਮ ਦਾ ਇੱਕ ਵਿਲੱਖਣ ਹਸਪਤਾਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਇਸ ਖਿੱਤੇ ਲਈ, ਜਿੱਥੇ ਦਿਲ ਨਾਲ ਸਬੰਧਿਤ ਬਿਮਾਰੀਆਂ ਵੱਡੀ ਚੁਣੌਤੀ ਹਨ, ਇਹ ਹਸਪਤਾਲ ਹਜ਼ਾਰਾਂ ਬੱਚਿਆਂ ਨੂੰ ਨਵਾਂ ਜੀਵਨ ਦੇਣ ਦਾ ਇੱਕ ਜ਼ਰੀਆ ਹੋਵੇਗਾ।” ਉਨ੍ਹਾਂ ਇਸ ਗੱਲ ‘ਤੇ ਵੀ ਤਸੱਲੀ ਪ੍ਰਗਟਾਈ ਕਿ ਇੱਥੇ ਨਾ ਸਿਰਫ਼ ਬੱਚਿਆਂ ਦਾ ਆਲਮੀ ਪੱਧਰ ਦਾ ਇਲਾਜ ਹੋਵੇਗਾ ਬਲਕਿ ਸਾਰੀਆਂ ਸਰਜਰੀਆਂ ਮੁਫ਼ਤ ਕੀਤੀਆਂ ਜਾਣਗੀਆਂ ਅਤੇ ਇਸ ਲਈ ਉਨ੍ਹਾਂ ਨੇ ਸਾਈਂ ਪ੍ਰੇਮ ਫਾਊਂਡੇਸ਼ਨ, ਫਿਜੀ, ਫਿਜੀ ਸਰਕਾਰ ਅਤੇ ਭਾਰਤ ਦੇ ਸ਼੍ਰੀ ਸੱਤਯ ਸਾਈਂ ਸੰਜੀਵਨੀ ਚਿਲਡਰਨ ਹਾਰਟ ਹਸਪਤਾਲ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਬ੍ਰਹਮਲੀਨ ਸ਼੍ਰੀ ਸੱਤਯ ਸਾਈ ਬਾਬਾ ਨੂੰ ਨਮਨ ਕੀਤਾ, ਜਿਨ੍ਹਾਂ ਦੀ ਮਾਨਵ ਸੇਵਾ ਦਾ ਪੌਦਾ ਵੱਡਾ ਹੋ ਕੇ ਇੱਕ ਵਿਸ਼ਾਲ ਬਰਗਦ ਦਾ ਰੁੱਖ ਬਣ ਗਿਆ ਹੈ, ਜੋ ਸਮੁੱਚੀ ਮਾਨਵਤਾ ਦੀ ਸੇਵਾ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ “ਸ੍ਰੀ ਸੱਤਯ ਸਾਈਂ ਬਾਬਾ ਨੇ ਅਧਿਆਤਮਵਾਦ ਨੂੰ ਕਰਮਕਾਂਡਾਂ ਤੋਂ ਮੁਕਤ ਕੀਤਾ ਅਤੇ ਇਸ ਨੂੰ ਲੋਕ ਭਲਾਈ ਨਾਲ ਜੋੜਿਆ। ਗ਼ਰੀਬਾਂ ਅਤੇ ਵੰਚਿਤ ਲੋਕਾਂ ਲਈ ਸਿੱਖਿਆ, ਸਿਹਤ ਦੇ ਖੇਤਰਾਂ ਵਿੱਚ ਉਨ੍ਹਾਂ ਦਾ ਕੰਮ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।” ਸ਼੍ਰੀ ਮੋਦੀ ਨੇ ਗੁਜਰਾਤ ਭੂਚਾਲ ਸਮੇਂ ਸਾਈਂ ਭਗਤਾਂ ਦੀਆਂ ਸੇਵਾਵਾਂ ਨੂੰ ਵੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਇਸਨੂੰ ਆਪਣੀ ਖ਼ੁਸ਼ਕਿਸਮਤੀ ਸਮਝਦਾ ਹਾਂ ਕਿ ਮੈਨੂੰ ਸੱਤਯ ਸਾਈਂ ਬਾਬਾ ਦਾ ਨਿਰੰਤਰ ਅਸ਼ੀਰਵਾਦ ਮਿਲਿਆ ਅਤੇ ਅੱਜ ਵੀ ਮਿਲ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਫਿਜੀ ਸਬੰਧਾਂ ਦੀ ਸਾਂਝੀ ਵਿਰਾਸਤ ਮਾਨਵਤਾ ਦੀ ਸੇਵਾ ਦੀ ਭਾਵਨਾ ‘ਤੇ ਅਧਾਰਿਤ ਹੈ। ਭਾਰਤ ਇਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਮਹਾਮਾਰੀ ਦੌਰਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕਿਆ ਹੈ ਅਤੇ ਅਸੀਂ 150 ਦੇਸ਼ਾਂ ਨੂੰ ਦਵਾਈਆਂ ਅਤੇ ਤਕਰੀਬਨ 100 ਦੇਸ਼ਾਂ ਨੂੰ ਲਗਭਗ 100 ਮਿਲੀਅਨ ਟੀਕੇ ਪ੍ਰਦਾਨ ਕਰ ਸਕੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਯਤਨਾਂ ਵਿੱਚ ਫਿਜੀ ਨੂੰ ਹਮੇਸ਼ਾ ਪਹਿਲ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਗਹਿਰਾਈ ‘ਤੇ ਆਪਣੇ ਵਿਚਾਰ ਜਾਰੀ ਰੱਖੇ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਵੱਖ ਕਰਨ ਵਾਲੇ ਵਿਸ਼ਾਲ ਸਮੁੰਦਰ ਦੇ ਬਾਵਜੂਦ ਸਾਡੀ ਸੰਸਕ੍ਰਿਤੀ ਨੇ ਸਾਨੂੰ ਜੋੜ ਕੇ ਰੱਖਿਆ ਹੈ ਅਤੇ ਸਾਡੇ ਸਬੰਧ ਆਪਸੀ ਸਨਮਾਨ ਅਤੇ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ‘ਤੇ ਅਧਾਰਿਤ ਹਨ। ਉਨ੍ਹਾਂ ਨੇ ਭਾਰਤ ਨੂੰ ਫਿਜੀ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਮੌਕੇ ਮਿਲਣ ਨੂੰ ਇੱਕ ਸਨਮਾਨ ਵਜੋਂ ਸਵੀਕਾਰ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਫਿਜੀ ਦੇ ਪ੍ਰਧਾਨ ਮੰਤਰੀ ਫ੍ਰੈਂਕ ਬੈਨੀਮਾਰਾਮਾ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈਆਂ ਦਿੱਤੀਆਂ ਅਤੇ ਉਮੀਦ ਜ਼ਾਹਿਰ ਕੀਤੀ ਕਿ ਉਨ੍ਹਾਂ ਦੀ ਅਗਵਾਈ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸਬੰਧ ਮਜ਼ਬੂਤ ਹੁੰਦੇ ਰਹਿਣਗੇ।
My remarks at inauguration of children’s heart hospital in Fiji. https://t.co/ThQKuyNZz2
— Narendra Modi (@narendramodi) April 27, 2022
*********
ਡੀਐੱਸ
My remarks at inauguration of children's heart hospital in Fiji. https://t.co/ThQKuyNZz2
— Narendra Modi (@narendramodi) April 27, 2022