ਰਾਸ਼ਟਰੀ ਰੱਖਿਆ ਕੋਸ਼ ਦੀ ਸਥਾਪਨਾ; ਰਾਸ਼ਟਰੀ ਰੱਖਿਆ ਜਤਨਾਂ ਨੂੰ ਉਤਸ਼ਾਹਿਤ ਕਰਨ ਲਈ ਸਵੈ-ਇੱਛੁਕ ਤੌਰ ’ਤੇ ਨਕਦ ਤੇ ਜਿਨਸੀ ਰੂਪ ਵਿੱਚ ਕੀਤੀਆਂ ਜਾਣ ਵਾਲੀਆਂ ਦਾਨ ਦੀਆਂ ਰਕਮਾਂ ਦਾ ਚਾਰਜ ਸੰਭਾਲਣ ਤੇ ਇਨ੍ਹਾਂ ਰਕਮਾਂ ਦੀ ਉਪਯੋਗਤਾ ਬਾਰੇ ਫ਼ੈਸਲਾ ਕਰਨ ਲਈ ਕੀਤਾ ਗਿਆ ਸੀ। ਇਸ ਕੋ਼ਸ ਦੀ ਵਰਤੋਂ ਹਥਿਆਰਬੰਦ ਬਲਾਂ (ਨੀਮ ਫ਼ੌਜੀ ਬਲਾਂ ਸਮੇਤ) ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ। ਇਸ ਕੋਸ਼ ਦਾ ਸੰਚਾਲਨ ਇੱਕ ਕਾਰਜਕਾਰੀ ਕਮੇਟੀ ਵੱਲੋਂ ਕੀਤਾ ਜਾਂਦਾ ਹੈ, ਜਿਸ ਦੇ ਚੇਅਰਪਰਸਨ ਪ੍ਰਧਾਨ ਮੰਤਰੀ ਹੁੰਦੇ ਹਨ ਅਤੇ ਰੱਖਿਆ, ਵਿੱਤ ਤੇ ਗ੍ਰਹਿ ਵਿਭਾਗਾਂ ਦੇ ਮੰਤਰੀ ਇਸ ਦੇ ਮੈਂਬਰ ਹੁੰਦੇ ਹਨ। ਇਸ ਕੋਸ਼ ਦੇ ਖਾਤੇ ਭਾਰਤੀ ਰਿਜ਼ਰਵ ਬੈਂਕ ਵਿੱਚ ਰੱਖੇ ਜਾਂਦੇ ਹਨ। ਇਹ ਕੋਸ਼ ਪੂਰੀ ਤਰ੍ਹਾਂ ਜਨਤਾ ਵੱਲੋਂ ਆਪਣੀ ਮਰਜ਼ੀ ਨਾਲ ਦਿੱਤੇ ਅੰਸ਼ਦਾਨਾਂ ਉੱਤੇ ਨਿਰਭਰ ਹੈ ਅਤੇ ਇਸ ਨੂੰ ਬਜਟ ਦਾ ਕੋਈ ਸਮਰਥਨ ਨਹੀਂ ਮਿਲਦਾ। ਇਹ ਕੋਸ਼ ਆੱਨਲਾਈਨ ਅੰਸ਼ਦਾਨ ਪ੍ਰਵਾਨ ਕਰਦਾ ਹੈ। ਅਜਿਹੇ ਅੰਸ਼ਦਾਨ ਇਨ੍ਹਾਂ ਵੈੱਬਸਾਈਟਸ pmindia.nic.in, pmindia.gov.in ਅਤੇ ਸਟੇਟ ਬੈਂਕ ਆੱਫ਼ ਇੰਡੀਆ ਦੀ ਵੈੱਬਸਾਈਟ www.onlinesbi.com ਰਾਹੀਂ ਕੀਤੇ ਜਾ ਸਕਦੇ ਹਨ। ਕੁਲੈਕਸ਼ਨ ਅਕਾਊਂਟ ਨੰਬਰ ਹੈ 11084239799 ਹੈ ਜੋ ਸਟੇਟ ਬੈਂਕ ਆੱਫ਼ ਇੰਡੀਆ, ਇੰਸਟੀਚਿਊਸ਼ਨਲ ਡਿਵੀਜ਼ਨ, ਚੌਥੀ ਮੰਜਿ਼ਲ, ਸੰਸਦ ਮਾਰਗ, ਨਵੀਂ ਦਿੱਲੀ ਵਿੱਚ ਹੈ।
ਇਸ ਕੋਸ਼ ਨੂੰ ਇੱਕ ਸਥਾਈ ਖਾਤਾ ਨੰਬਰ (ਪੈਨ) AAAGN0009F ਵੀ ਅਲਾੱਟ ਕੀਤਾ ਗਿਆ ਹੈ।
ਪਿਛਲੇ ਪੰਜ ਸਾਲਾਂ ਲਈ ਰਾਸ਼ਟਰੀ ਰੱਖਿਆ ਕੋਸ਼ ਦੇ ਆਮਦਨ ਤੇ ਖ਼ਰਚਿਆਂ ਦੀ ਸਟੇਟਮੈਂਟ ਨਿਮਨਲਿਖਤ ਅਨੁਸਾਰ ਹੈ:-
ਸਾਲ | ਖ਼ਰਚਾ | ਪ੍ਰਾਪਤੀਆਂ | ਬਕਾਇਆ ਰਕਮ |
---|---|---|---|
31.03.2020 | 54.62 | 103.04 | 1249.96 |
31.03.2021 | 52.51 | 87.04 | 1284.49 |
31.03.2022 | 70.75 | 90.64 | 1304.38 |
31.03.2023 | 77.76 | 110.74 | 1337.36 |
31.03.2024 | 60.43 | 119.29 | 1396.22 |
ਰਾਸ਼ਟਰੀ ਰੱਖਿਆ ਕੋਸ਼ ਅਧੀਨ ਯੋਜਨਾਵਾਂ
1. ਹਥਿਆਰਬੰਦ ਬਲਾਂ ਤੇ ਨੀਮ ਫ਼ੌਜੀ ਬਲਾਂ ਦੀਆਂ ਵਿਧਵਾਵਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਤਕਨੀਕੀ ਤੇ ਪੋਸਟ ਗਰੈਜੂਏਸ਼ਨ ਸਿੱਖਿਆ ਲਈ ਉਤਸ਼ਾਹਿਤ ਕਰਨ ਵਾਸਤੇ ਇੱਕ ਵਜ਼ੀਫ਼ਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਹ ਯੋਜਨਾ ਹਥਿਆਰਬੰਦ ਬਲਾਂ ਦੇ ਲਈ ਰੱਖਿਆ ਮੰਤਰਾਲੇ ਦੇ ਸਾਬਕਾ-ਫ਼ੌਜੀਆਂ ਦੀ ਭਲਾਈ ਬਾਰੇ ਵਿਭਾਗ ਵੱਲੋਂ ਲਾਗੂ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਨੀਮ ਫ਼ੌਜੀ ਬਲਾਂ ਤੇ ਰੇਲਵੇ ਸੁਰੱਖਿਆ ਬਲ ਦੇ ਕਰਮਚਾਰੀਆਂ ਦਾ ਸਬੰਧ ਹੈ, ਉਨ੍ਹਾਂ ਲਈ ਇਹ ਯੋਜਨਾ ਕ੍ਰਮਵਾਰ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਵੱਲੋਂ ਲਾਗੂ ਕੀਤੀ ਜਾ ਰਹੀ ਹੈ।
ਰਾਸ਼ਟਰੀ ਰੱਖਿਆ ਕੋਸ਼ ਵਿੱਚੋਂ ਲਾਗੂ ਕੀਤੀ ਜਾ ਰਹੀ “ਪ੍ਰਧਾਨ ਮੰਤਰੀ ਦੀ ਵਜ਼ੀਫ਼ਾ ਯੋਜਨਾ’’ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ
1. ਇਹ ਯੋਜਨਾ ਹਥਿਆਰਬੰਦ ਬਲਾਂ (ਨੀਮ ਫ਼ੌਜੀ ਬਲਾਂ ਸਮੇਤ) ’ਤੇ ਲਾਗੂ ਹੁੰਦੀ ਹੈ। ਉਨ੍ਹਾਂ ਦੇ ਇਨ੍ਹਾਂ ਆਸ਼ਰਿਤਾਂ ਨੂੰ ਮਾਸਿਕ ਵਜ਼ੀਫ਼ੇ ਦਿੱਤੇ ਜਾਂਦੇ ਹਨ (ੳ) ਸਾਬਕਾ ਫ਼ੌਜੀ ਕਰਮਚਾਰੀ (ਕੇਵਲ ਆੱਫ਼ੀਸਰ ਰੈਂਕ ਤੋਂ ਹੇਠਾਂ ਦੇ), (ਅ) ਉਨ੍ਹਾਂ ਦੀਆਂ ਵਿਧਵਾਵਾਂ, (ੲ) ਫ਼ਰਜ਼ ਨਿਭਾਉਂਦੇ ਸਮੇਂ ਸੰਘਰਸ਼ ਦੌਰਾਨ ਮਾਰੇ ਗਏ ਕਰਮਚਾਰੀਆਂ ਦੀਆਂ ਵਿਧਵਾਵਾਂ ਅਤੇ (ਸ) ਨੀਮ ਫ਼ੌਜੀ ਬਲਾਂ ਤੇ ਰੇਲਵੇ ਸੁਰੱਖਿਆ ਬਲ ਦੇ ਸੇਵਾ-ਕਰਮਚਾਰੀਆਂ ਦੇ ਆਸ਼ਰਿਤਾਂ ਤੇ ਉਨ੍ਹਾਂ ਦੀਆਂ ਵਿਧਵਾਵਾਂ। ਇਹ ਵਜ਼ੀਫ਼ੇ ਇਨ੍ਹਾਂ ਤਕਨੀਕੀ ਸੰਸਥਾਨਾਂ (ਮੈਡੀਕਲ, ਡੈਂਟਲ, ਵੈਟਰਨਰੀ, ਇੰਜੀਨੀਅਰਿੰਗ, ਐੱਮ.ਬੀ.ਏ., ਐੱਮ.ਸੀ.ਏ. ਅਤੇ ਹੋਰ ਬਰਾਬਰ ਦੇ ਤਕਨੀਕੀ ਕਿੱਤਿਆਂ ਨਾਲ ਸਬੰਧਤ, ਵਾਜਬ ਏ.ਆਈ.ਸੀ.ਟੀ.ਈ./ਯੂ.ਜੀ.ਸੀ. ਮਨਜ਼ੂਰੀ ਨਾਲ) ’ਚ ਸਿੱਖਿਆ ਲਈ ਉਪਲਬਧ ਹਨ। ਉਪਰੋਕਤ (ਅ) ਅਤੇ (ੲ) ਵਿੱਚ ਦਰਸਾਏ ਕਾਰਣਾਂ ਕਰ ਕੇ ਸੰਘਰਸ਼ ਦੌਰਾਨ ਮਾਰੇ ਗਏ ਕਰਮਚਾਰੀਆਂ ਦੀਆਂ ਵਿਧਵਾਵਾਂ ਦੇ ਆਸ਼ਰਿਤਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ, ਇਸ ਮਾਮਲੇ ਵਿੱਚ ਰੈਂਕ ਦੀਆਂ ਕੋਈ ਪਾਬੰਦੀਆਂ ਨਹੀਂ ਹਨ। ਇਹ ਯੋਜਨਾ ਨੀਮ ਫ਼ੌਜੀ ਬਲਾਂ ਦੇ ਆਸ਼ਰਿਤਾਂ ਲਈ ਵੀ ਹੈ। ਇਸ ਯੋਜਨਾ ਅਧੀਨ ਹਰ ਸਾਲ 4000 ਨਵੇਂ ਵਜ਼ੀਫ਼ੇ ਰੱਖਿਆ ਮੰਤਰਾਲੇ ਦੇ ਨਿਯੰਤ੍ਰਣ ਅਧੀਨ ਬਲਾਂ ਦੇ ਸਾਬਕਾ ਕਰਮਚਾਰੀਆਂ ਦੇ ਆਸ਼ਰਿਤਾਂ ਲਈ, ਗ੍ਰਹਿ ਮੰਤਰਾਲੇ ਦੇ ਨਿਯੰਤ੍ਰਣ ਅਧੀਨ ਬਲਾਂ ਦੇ ਆਸ਼ਰਿਤਾਂ ਲਈ 910 ਨਵੇਂ ਵਜ਼ੀਫ਼ੇ ਅਤੇ ਰੇਲਵੇ ਮੰਤਰਾਲੇ ਦੇ ਨਿਯੰਤ੍ਰਣ ਅਧੀਨ ਬਲਾਂ ਦੇ ਆਸ਼ਰਿਤਾਂ ਲਈ 90 ਨਵੇਂ ਵਜ਼ੀਫ਼ੇ ਦਿੱਤੇ ਜਾਂਦੇ ਹਨ। ਉਂਝ, ਅਕਾਦਮਿਕ ਸਾਲ 2015-2016 ਤੋਂ ਇਨ੍ਹਾਂ ਵਜ਼ੀਫਿ਼ਆਂ ਦੀ ਗਿਣਤੀ ਰੱਖਿਆ ਮੰਤਰਾਲੇ ਦੇ ਨਿਯੰਤ੍ਰਣ ਅਧੀਨ ਸਾਬਕਾ ਫ਼ੌਜੀਆਂ ਦੇ ਆਸ਼ਰਿਤਾਂ ਲਈ ਵਧਾ ਕੇ 5500, ਗ੍ਰਹਿ ਮੰਤਰਾਲੇ ਦੇ ਨਿਯੰਤ੍ਰਣ ਅਧੀਨ ਬਲਾਂ ਦੇ ਆਸ਼ਰਿਤਾਂ ਲਈ 2000 ਅਤੇ ਰੇਲਵੇ ਮੰਤਰਾਲੇ ਦੇ ਨਿਯੰਤ੍ਰਣ ਅਧੀਨ ਬਲਾਂ ਦੇ ਆਸ਼ਰਿਤਾਂ ਲਈ 150 ਕਰ ਦਿੱਤੀ ਗਈ ਹੈ। ਪਹਿਲਾਂ, ਵਜ਼ੀਫ਼ਾ ਦਰ ਲੜਕਿਆਂ ਲਈ 1250 ਰੁਪਏ ਪ੍ਰਤੀ ਮਹੀਨਾ ਅਤੇ ਲੜਕੀਆਂ ਲਈ 1500 ਰੁਪਏ ਪ੍ਰਤੀ ਮਹੀਨਾ ਸੀ। ਹੁਣ ਸਾਲਾਨਾ ਵਜ਼ੀਫ਼ਾ ਦਰਾਂ ਸੋਧ ਕੇ ਲੜਕਿਆਂ ਲਈ 2000 ਰੁਪਏ ਪ੍ਰਤੀ ਮਹੀਨਾ ਅਤੇ ਲੜਕੀਆਂ ਲਈ 2250 ਰੁਪਏ ਪ੍ਰਤੀ ਮਹੀਨਾ ਕਰ ਦਿੱਤੀਆਂ ਗਈਆਂ ਹਨ।
2. ਰਾਸ਼ਟਰੀ ਰੱਖਿਆ ਕੋਸ਼ ਵਿੱਚੋਂ 15 ਲੱਖ ਰੁਪਏ ਦੀ ਸਾਲਾਨਾ ਗ੍ਰਾਂਟ ਐੱਸ.ਪੀ.ਜੀ. ਪਰਿਵਾਰ ਭਲਾਈ ਕੋਸ਼ ਨੂੰ ਇਸ ਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਾਭ ਲਈ ਵਿਭਿੰਨ ਭਲਾਈ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਸਤੇ ਜਾਰੀ ਕੀਤੀ ਜਾ ਰਹੀ ਹੈ।
3. ਤਿੰਨਾਂ ਰੱਖਿਆ ਸੇਵਾਵਾਂ (ਥਲ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ) ਅਤੇ ਕੋਸਟ ਗਾਰਡ ਦੇ ਅਮਲੇ (personnel) ਲਈ ਕਿਤਾਬਾਂ ਅਤੇ ਹੋਰ ਪੜ੍ਹਨ ਸਮੱਗਰੀ ਖਰੀਦਣ ਲਈ ਰੱਖਿਆ ਮੰਤਰਾਲੇ ਨੂੰ ਹਰ ਸਾਲ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਗ੍ਰਾਂਟ ਦਾ ਮੌਜੂਦਾ ਪੈਮਾਨਾ ਕੁੱਲ 126.50 ਲੱਖ ਰੁਪਏ ਹੈ, ਜਿਸ ਵਿੱਚ ਥਲ ਸੈਨਾ ਲਈ 55 ਲੱਖ ਰੁਪਏ, ਵਾਯੂ ਸੈਨਾ ਲਈ 37 ਲੱਖ ਰੁਪਏ, ਜਲ ਸੈਨਾ ਲਈ 32 ਲੱਖ ਰੁਪਏ ਅਤੇ ਕੋਸਟ ਗਾਰਡ ਲਈ 2.50 ਲੱਖ ਰੁਪਏ ਹਨ। ਵਿੱਤ ਵਰ੍ਹੇ 2017-18 ਲਈ ਨਵੀਨਤਮ ਗ੍ਰਾਂਟ 126.50 ਲੱਖ ਰੁਪਏ ਜਾਰੀ ਕੀਤੀ ਗਈ ਹੈ।
(ਜਿਵੇਂ ਕਿ 11.07.2024 ਨੂੰ ਅਪਡੇਟ ਕੀਤਾ ਗਿਆ)