ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ‘ਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਘਰ ਵਿਚ ਹੀ ਪ੍ਰਾਈਵੇਟ ਅਧਿਆਪਕਾਂ ਤੋਂ ਪ੍ਰਾਪਤ ਕੀਤੀ। 15 ਸਾਲ ਦੀ ਉਮਰ ‘ਚ ਉਹ ਇੰਗਲੈਂਡ ਚਲੇ ਗਏ ਅਤੇ ਦੋ ਸਾਲ ਹੈਰੋ ‘ਚ ਲਾਉਣ ਤੋਂ ਬਾਅਦ, ਕੈਂਬ੍ਰਿਜ ਯੂਨੀਵਰਸਿਟੀ ‘ਚ ਪੜ੍ਹਨ ਲੱਗੇ, ਜਿੱਥੇ ਉਨ੍ਹਾਂ ਨੇ ਕੁਦਰਤੀ ਵਿਗਿਆਨ ਦੀ ਪੜ੍ਹਾਈ ਕੀਤੀ। ਬਾਅਦ ‘ਚ ਉਨ੍ਹਾਂ ਨੂੰ ‘ਇਨਰ ਟੈਂਪਲ’ ਵਲੋਂ ਬਾਰ ‘ਚ ਬੁਲਾ ਲਿਆ ਗਿਆ। ਉਹ 1912 ‘ਚ ਭਾਰਤ ਵਾਪਸ ਆ ਗਏ ਅਤੇ ਸਿੱਧੇ ਸਿਆਸਤ ‘ਚ ਕੁੱਦ ਪਏ। ਇੱਕ ਵਿਦਿਆਰਥੀ ਵਜੋਂ ਵੀ ਉਹ ਉਨ੍ਹਾਂ ਦੇਸ਼ਾਂ ਦੇ ਸੰਘਰਸ਼ ‘ਚ ਗਹਿਰੀ ਦਿਲਚਸਪੀ ਰੱਖਦੇ ਸਨ ਜਿਹੜੇ ਵਿਦੇਸ਼ੀ ਤਾਕਤਾਂ ਹੇਠ ਸਨ। ਉਨ੍ਹਾਂ ਨੇ ਆਇਰਲੈਂਡ ‘ਚ ਚਲ ਰਹੀ ‘ਸਿਨ ਫਿਨ ਮੁਹਿੰਮ’ ‘ਚ ਡੂੰਘੀ ਦਿਲਚਸਪੀ ਲਈ। ਭਾਰਤ ‘ਚ ਉਹ ਆਖਿਰ ਅਜ਼ਾਦੀ ਸੰਘਰਸ਼ ‘ਚ ਸ਼ਾਮਲ ਹੋ ਗਏ।
ਉਨ੍ਹਾਂ ਨੇ 1912 ‘ਚ ਬਨਕੀਪੋਰ ਕਾਂਗਰਸ ‘ਚ ਡੈਲੀਗੋਟ ਵਜੋਂ ਹਿੱਸਾ ਲਿਆ ਅਤੇ 1919 ‘ਚ ਇਲਾਹਾਬਾਦ ‘ਚ ‘ਹੋਮ ਰੂਲ ਲੀਗ’ ਦੇ ਸਕੱਤਰ ਬਣ ਗਏ। ਉਹ ਮਹਾਤਮਾ ਗਾਂਧੀ ਨੂੰ 1916 ‘ਚ ਪਹਿਲੀ ਵਾਰ ਮਿਲੇ ਅਤੇ ਤੁਰੰਤ ਉਨ੍ਹਾਂ ਦਾ ਪ੍ਰਭਾਵ ਕਬੂਲਿਆ। ਉਨ੍ਹਾਂ ਨੇ 1920 ‘ਚ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ‘ਚ ਪਹਿਲੀ ਕਿਸਾਨ ਮਾਰਚ ਦਾ ਆਯੋਜਨ ਕੀਤਾ। ਉਨ੍ਹਾਂ ਨੂੰ 1920-22 ਦੀ ਨਾ-ਮਿਲਵਰਤਣ ਲਹਿਰ ਦੌਰਾਨ ਦੋ ਵਾਰ ਜੇਲ੍ਹ ਜਾਣਾ ਪਿਆ।
ਪੰਡਿਤ ਨਹਿਰੂ ਸਤੰਬਰ 1923 ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ। ਉਨ੍ਹਾਂ ਨੇ 1926 ‘ਚ ਇਟਲੀ, ਸਵਿਟਜ਼ਰਲੈਂਡ, ਇੰਗਲੈਂਡ, ਬੈਲਜੀਅਮ, ਜਰਮਨੀ ਅਤੇ ਰੂਸ ਦਾ ਦੌਰਾ ਕੀਤਾ। ਬੈਲਜੀਅਮ ‘ਚ ਉਨ੍ਹਾਂ ਨੇ ਬ੍ਰਸੇਲਜ਼ ‘ਚ ਇੰਡੀਅਨ ਨੈਸ਼ਨਨ ਕਾਂਗਰਸ ਦੇ ਕਾਰਕੁੰਨ ਵਜੋਂ ‘ਕਾਂਗਰਸ ਆਵ੍ ਔਪਰੇਸਡ ਨੈਸ਼ਨਲਟੀਜ਼’ ਦੀ ਮੀਟਿੰਗ ‘ਚ ਹਿੱਸਾ ਲਿਆ। ਉਨ੍ਹਾਂ ਨੇ 1927 ‘ਚ ਮਾਸਕੋ ‘ਚ ਅਕਤੂਬਰ ਸੋਵੀਅਤ ਕ੍ਰਾਂਤੀ ਦੀ 10ਵੀਂ ਵਰ੍ਹੇਗੰਢ ਦੇ ਜਸ਼ਨਾਂ ‘ਚ ਹਿੱਸਾ ਲਿਆ। ਸਾਈਮਨ ਕਮਿਸ਼ਨ ਵਿਰੁੱਧ ਇੱਕ ਜਲੂਸ ਦੀ ਅਗਵਾਈ ਕਰਦੇ ਉਨ੍ਹਾਂ ‘ਤੇ 1928 ‘ਚ ਲਖਨਊ ‘ਚ ਲਾਠੀਚਾਰਜ ਕੀਤਾ ਗਿਆ। 29 ਅਗਸਤ 1928 ਨੂੰ ਉਨ੍ਹਾਂ ਨੇ ਆਲ-ਪਾਰਟੀ ਕਾਂਗਰਸ ‘ਚ ਸ਼ਮੂਲੀਅਤ ਕੀਤੀ ਅਤੇ ਉਹ ਭਾਰਤੀ ਸੰਵਿਧਾਨਕ ਸੁਧਾਰਾਂ ਬਾਰੇ ਨਹਿਰੂ ਰਿਪੋਰਟ, ਜੋ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਮੋਤੀ ਲਾਲ ਨਹਿਰੂ ਦੇ ਨਾਂਅ ‘ਤੇ ਆਧਾਰਤ ਸੀ, ਉੱਤੇ ਦਸਤਖਤ ਕਰਨ ਵਾਲੇ ਵਿਅਕਤੀਆਂ ‘ਚੋਂ ਇੱਕ ਸਨ। ਇਸੇ ਸਾਲ ਉਨ੍ਹਾਂ ਨੇ ‘ਇੰਡੀਪੈਂਡੈਂਸ ਫਾਰ ਇੰਡੀਆ ਲੀਗ’ ਦੀ ਸਥਾਪਨਾ ਕੀਤੀ। ਜੋ ਕਿ ਬ੍ਰਿਟਿਸ਼ ਰਾਜ ਦੇ ਭਾਰਤ ਤੋਂ ਪੂਰੀ ਤਰ੍ਹਾਂ ਤੋੜ-ਵਿਛੋੜੇ ਦੀ ਵਕਾਲਤ ਕਰਦੀ ਸੀ। ਬਾਅਦ ‘ਚ ਉਹ ਇਸ ਦੇ ਜਨਰਲ ਸਕੱਤਰ ਬਣੇ।
ਉਹ 1929 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਲਾਹੌਰ ਸ਼ੈਸ਼ਨ ਦੇ ਪ੍ਰਧਾਨ ਚੁਣੇ ਗਏ, ਜਿੱਥੇ ਦੇਸ਼ ਲਈ ਸੰਪੂਰਨ ਅਜ਼ਾਦੀ ਦਾ ਟੀਚਾ ਮਿਥਿਆ ਗਿਆ। ਉਨ੍ਹਾਂ ਨੂੰ 1930-35 ਵਿੱਚ ਨਮਕ ਸੱਤਿਆਗ੍ਰਹਿ ਅਤੇ ਕਾਂਗਰਸ ਵਲੋਂ ਸ਼ੁਰੂ ਕੀਤੀਆਂ ਹੋਰ ਮੁਹਿੰਮਾਂ ਦੇ ਸਬੰਧ ‘ਚ ਕਈ ਵਾਰ ਜੇਲ੍ਹ ਜਾਣਾ ਪਿਆ। ਉਨ੍ਹਾਂ ਨੇ 14 ਫਰਵਰੀ 1935 ਨੂੰ ਅਲਮੋੜਾ ਜੇਲ੍ਹ ‘ਚ ਆਪਣੀ ਆਤਮਕਥਾ ਪੂਰੀ ਕੀਤੀ। ਰਿਹਾਅ ਹੋਣ ਤੋਂ ਬਾਅਦ ਉਹ ਆਪਣੀ ਬੀਮਾਰ ਪਤਨੀ ਨੂੰ ਮਿਲਣ ਸਵਿਟਜ਼ਰਲੈਂਡ ਚਲੇ ਗਏ। ਫਰਵਰੀ-ਮਾਰਚ 1936 ‘ਚ ਉਹ ਲੰਡਨ ਚਲੇ ਗਏ। ਜੁਲਾਈ 1938 ‘ਚ ਸਪੇਨ ਗਏ ਜਿੱਥੇ ਉਸ ਸਮੇਂ ਅੰਦਰੂਨੀ ਜੰਗ ਭਖੀ ਹੋਈ ਸੀ। ਦੂਜੀ ਸੰਸਾਰ ਜੰਗ ਛਿੜਨ ਤੋਂ ਪਹਿਲਾਂ ਉਹ ਚੀਨ ਵੀ ਗਏ।
ਪੰਡਿਤ ਨਹਿਰੂ ਨੂੰ 31 ਅਕਤੂਬਰ 1940 ਨੂੰ ਵਿਸ਼ਵ ਜੰਗ ‘ਚ ਭਾਰਤ ਦੀ ਧੱਕੇ ਨਾਲ ਸ਼ਮੂਲੀਅਤ ਵਿਰੁੱਧ ਸ਼ੁਰੂ ਕੀਤੇ ਸੱਤਿਆਗ੍ਰਹਿ ਕਾਰਨ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਦਸੰਬਰ 1941 ‘ਚ ਹੋਰਾਂ ਆਗੂਆਂ ਨਾਲ ਰਿਹਾਅ ਕਰ ਦਿੱਤਾ ਗਿਆ। ਪੰਡਿਤ ਨਹਿਰੂ ਨੇ ਏ.ਆਈ.ਸੀ.ਸੀ. ਦੇ ਬੌਂਬੇ ‘ਚ ਹੋਏ ਸ਼ੈਸ਼ਨ ‘ਚ ਇਤਿਹਾਸਕ ‘ਭਾਰਤ ਛੋੜੋ’ ਅੰਦੋਲਨ ਦਾ ਮਤਾ ਪੇਸ਼ ਕੀਤਾ। 8 ਅਗਸਤ 1942 ਨੂੰ ਉਨ੍ਹਾਂ ਨੂੰ ਦੂਜੇ ਆਗੂਆਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਹਿਮਦਨਗਰ ਕਿਲ੍ਹੇ ‘ਚ ਲਿਜਾਇਆ ਗਿਆ। ਇਹ ਉਨ੍ਹਾਂ ਦੀ ਸਭ ਤੋਂ ਲੰਮੀ ਅਤੇ ਆਖਿਰੀ ਜੇਲ ਸੀ। ਉਹ ਕੁੱਲ 9 ਵਾਰ ਜੇਲ ਗਏ। ਜਨਵਰੀ 1945 ‘ ਚ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਦੇਸ਼ਧਰੋਹੀ ਐਲਾਨੇ ਆਈ ਐੱਨਏ ਦੇ ਅਫ਼ਸਰਾਂ ਅਤੇ ਕਾਰਕੁੰਨਾਂ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕੀਤਾ। ਮਾਰਚ 1946 ਨੂੰ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆ ਦਾ ਦੌਰਾ ਕੀਤਾ। 6 ਜੁਲਾਈ 1946 ਨੂੰ ਉਨ੍ਹਾਂ ਨੂੰ ਚੌਥੀ ਵਾਰ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਬਾਅਦ 1951 ਤੋਂ 1954 ਤੱਕ ਉਹ ਤਿੰਨ ਵਾਰ ਹੋਰ ਕਾਂਗਰਸ ਦੇ ਪ੍ਰਧਾਨ ਬਣੇ।