Search

ਪੀਐੱਮਇੰਡੀਆਪੀਐੱਮਇੰਡੀਆ

ਸ੍ਰੀ ਗੁਲਜ਼ਾਰੀ ਲਾਲ ਨੰਦਾ

May 27, 1964 - June 9, 1964 | Congress

ਸ੍ਰੀ ਗੁਲਜ਼ਾਰੀ ਲਾਲ ਨੰਦਾ


ਸਿਆਲਕੋਟ (ਪੰਜਾਬ) ਵਿੱਚ 4 ਜੁਲਾਈ 1898 ਨੂੰ ਜਨਮ ਲੈਣ ਵਾਲੇ ਸ਼੍ਰੀ ਗੁਲਜ਼ਾਰੀ ਨੰਦਾ ਨੇ ਆਪਣੀ ਪੜ੍ਹਾਈ ਲਾਹੌਰ, ਆਗਰਾ ਤੇ ਇਲਾਹਾਬਾਦ ਤੋਂ ਪੂਰੀ ਕੀਤੀ। ਉਹ ਇਲਾਹਾਬਾਦ ਯੂਨੀਵਰਸਿਟੀ (1920-21) ਵਿੱਚ ਲੇਬਰ ਸਮੱਸਿਆਵਾਂ ਬਾਰੇ ਰਿਸਰਚ ਸਕਾਲਰ ਰਹੇ ਅਤੇ 1921 ਵਿੱਚ ਨੈਸ਼ਨਲ ਕਾਲਜ ਬੌਂਬੇ ‘ਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਬਣ ਗਏ। ਇਸੇ ਸਾਲ ਉਹ ਨਾਮਿਲਵਰਤਣ ਲਹਿਰ ‘ਚ ਸ਼ਾਮਲ ਹੋ ਗਏ। 1922 ਵਿੱਚ ਉਹ ਅਹਿਮਦਾਬਾਦ ਟੈਕਸਟਾਇਲ ਲੇਬਰ ਐਸੋਸੀਏਸ਼ਨ ਦੇ ਸਕੱਤਰ ਬਣ ਗਏ  ਜਿੱਥੇ ਉਨ੍ਹਾਂ ਨੇ 1946 ਤੱਕ ਕੰਮ ਕੀਤਾ। ਉਨ੍ਹਾਂ ਨੂੰ 1932 ‘ਚ ਸੱਤਿਆਗ੍ਰਹਿ ਲਈ ਜੇਲ੍ਹ ਹੋਈ ਅਤੇ ਇਸ ਤੋਂ ਬਾਅਦ 1942 ਤੋਂ 1944 ਤੱਕ ਉਹ ਫਿਰ ਜੇਲ੍ਹ ‘ਚ ਰਹੇ।

ਸ਼੍ਰੀ ਨੰਦਾ 1937 ਵਿੱਚ ਬੌਂਬੇ ਲੈਜੀਸਲੇਟਿਵ ਅਸੈਂਬਲੀ ਲਈ ਚੁਣੇ ਗਏ ਅਤੇ 1937 ਤੋਂ 1939 ਤੱਕ ਬੌਂਬੇ ਸਰਕਾਰ ‘ਚ ਸੰਸਦੀ ਸਕੱਤਰ (ਲੇਬਰ ਅਤੇ ਆਬਕਾਰੀ) ਰਹੇ। ਬਾਅਦ ਵਿੱਚ ਬੌਂਬੇ ਸਰਕਾਰ (1946-50) ਦੇ ਲੇਬਰ ਮੰਤਰੀ ਵਜੋਂ ਉਨ੍ਹਾਂ ਨੇ ਸੂਬਾਈ ਅਸੈਂਬਲੀ ‘ਚ ਲੇਬਰ ਡਿਸਪਿਊਟਸ ਬਿੱਲ ਸਫ਼ਲਤਾਪੂਰਵਕ ਪਾਸ ਕਰਵਾਇਆ। ਉਨ੍ਹਾਂ ਨੂੰ ਕਸਤੂਰਬਾ ਮੈਮੋਰੀਅਲ ਟਰੱਸਟ ਦੇ ਟਰੱਸਟੀ, ਹਿੰਦੋਸਤਾਨ ਮਜ਼ਦੂਰ ਸੇਵਕ ਸੰਘ ਦੇ ਸਕੱਤਰ ਅਤੇ ਬੰਬੇ ਹਾਊਸਿੰਗ ਬੋਰਡ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ। ਉਹ ਰਾਸ਼ਟਰੀ ਯੋਜਨਾ ਕਮੇਟੀ ਦੇ ਮੈਂਬਰ ਵੀ ਰਹੇ।ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਦੇ ਸੰਗਠਨ ‘ਚ ਉਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਈ ਅਤੇ ਬਾਅਦ ਵਿੱਚ ਉਸ ਦੇ ਪ੍ਰਧਾਨ ਵੀ ਰਹੇ।

1947 ਵਿੱਚ ਉਹ ਇੰਟਰਨੈਸ਼ਨਲ ਲੇਬਰ ਕਾਨਫਰੰਸ ਦੇ ਸਰਕਾਰੀ ਡੈਲੀਗੇਟ ਵਜੋਂ ਜੈਨੇਵਾ ਗਏ। ਉਨ੍ਹਾਂ ਨੇ ਕਾਨਫਰੰਸ ਵਲੋਂ ਸਥਾਪਤ ‘ਦਾ ਫਰੀਡਮ ਆਵ੍ ਐਸੋਸੀਏਸ਼ਨ’ ਕਮੇਟੀ ‘ਚ ਕੰਮ ਕੀਤਾ ਅਤੇ ਸਵੀਡਨ, ਫਰਾਂਸ, ਸਵਿਟਜ਼ਰਲੈਂਡ, ਬੈਲਜ਼ੀਅਮ ਅਤੇ ਇੰਗਲੈਂਡ ਦਾ ਦੌਰਾ ਕੀਤਾ ਤਾਂ ਜੋ ਇਨ੍ਹਾਂ ਦੇਸ਼ਾਂ ਦੀਆਂ ਲੇਬਰ ਅਤੇ ਰਿਹਾਇਸ਼ੀ ਹਾਲਾਤ ਦਾ ਅਧਿਐੱਨ ਕੀਤਾ ਜਾ ਸਕੇ।

ਮਾਰਚ 1950 ਵਿੱਚ ਉਨ੍ਹਾਂ ਨੇ ਯੋਜਨਾ ਕਮਿਸ਼ਨ ਦੇ ਵਾਈਸ ਚੇਅਰਮੈਨ ਦਾ ਆਹੁਦਾ ਸੰਭਾਲਿਆ। ਅਗਲੇ ਸਾਲ ਸਤੰਬਰ ਵਿੱਚ ਉਨ੍ਹਾਂ ਨੂੰ ਕੇਂਦਰ ਸਰਕਾਰ ਦਾ ਯੋਜਨਾ ਮੰਤਰੀ ਥਾਪਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿੰਚਾਈ ਅਤੇ ਬਿਜਲੀ ਦਾ ਵਾਧੂ ਚਾਰਜ ਵੀ ਦਿੱਤਾ ਗਿਆ। 1952 ਦੀਆਂ ਆਮ ਚੋਣਾਂ ਵਿਚ ਉਹ ਬੌਂਬੇ ਸੀਟ ਤੋਂ ਸੰਸਦ ਲਈ ਚੁਣੇ ਗਏ ਅਤੇ ਦੋਬਾਰਾ ਯੋਜਨਾ, ਸਿੰਚਾਈ ਅਤੇ ਬਿਜਲੀ ਮੰਤਰੀ ਬਣੇ। ਉਨ੍ਹਾਂ ਨੇ 1965 ‘ਚ ਸਿੰਘਾਪੁਰ ਵਿੱਚ ਆਯੋਜਿਤ ਹੋਈ ਪਲੈਨ ਕੰਸਲੇਟਿਵ ਕਮੇਟੀ ਅਤੇ 1959 ਵਿੱਚ ਜੈਨੇਵਾ ਵਿੱਚ ਹੋਈ ਇੰਟਰਨੈਸ਼ਨ ਲੇਬਰ ਕਾਨਫਰੰਸ ਵਿੱਚ ਭਾਰਤੀ ਡੇਲੀਗੇਸ਼ਨ ਦੀ ਅਗਵਾਈ ਕੀਤੀ।

1957 ਦੀਆਂ ਆਮ ਚੋਣਾਂ ਵਿੱਚ ਸ਼੍ਰੀ ਨੰਦਾ ਲੋਕ ਸਭਾ ਲਈ ਚੁਣੇ ਗਏ ਅਤੇ ਲੇਬਰ ਤੇ ਰੁਜ਼ਗਾਰ, ਯੋਜਨਾ ਮੰਤਰੀ ਬਣੇ। ਬਾਅਦ ਵਿੱਚ ਉਹ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਲੱਗੇ। ਉਨ੍ਹਾਂ ਨੇ 1959 ਵਿੱਚ ਫੈਡਰਲ ਰਿਪਬਲਿਕ  ਆਵ੍ ਜਰਮਨੀ, ਯੂਗੋਸਲਾਵੀਆ ਅਤੇ ਆਸਟਰੀਆ ਦਾ ਦੌਰਾ ਕੀਤਾ।

ਉਹ 1962 ਦੀਆਂ ਆਮ ਚੋਣਾਂ ਵਿੱਚ ਗੁਜਰਾਤ ਦੇ ਸਾਬਰਕੰਥਾ ਸੰਸਦੀ ਖੇਤਰ ਤੋਂ ਦੋਬਾਰਾ ਲੋਕ ਸਭਾ ਲਈ ਚੁਣੇ ਗਏ। ਉਨ੍ਹਾਂ ਨੇ 1962 ਵਿੱਚ ਸ਼ੋਸ਼ਲਿਸਟ ਐਕਸ਼ਨ ਲਈ ਕਾਂਗਰਸ ਫੋਰਮ ਦੀ ਸ਼ੁਰੂਆਤ ਕੀਤੀ। ਉਹ 1962 ਅਤੇ 1963 ਵਿੱਚ ਲੇਬਰ ਅਤੇ ਰੁਜ਼ਗਾਰ ਮੰਤਰੀ ਬਣੇ ਅਤੇ 1963 ਤੋਂ 1966 ਤੱਕ ਗ੍ਰਹਿ ਮੰਤਰੀ ਰਹੇ।

ਪੰਡਿਤ ਨਹਿਰੂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ 27 ਮਈ 1964 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਤਾਸ਼ਕੰਦ ਵਿੱਚ ਸ਼੍ਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ 11 ਜਨਵਰੀ 1966 ਵਿੱਚ ਫਿਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ।