Search

ਪੀਐੱਮਇੰਡੀਆਪੀਐੱਮਇੰਡੀਆ

ਡਾ. ਮਨਮੋਹਨ ਸਿੰਘ

May 22, 2004 - May 26, 2014 | Indian National Congress

ਡਾ. ਮਨਮੋਹਨ ਸਿੰਘ


Iਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਹੀ ਰੂਪ ਵਿੱਚ ਇੱਕ ਸਲਾਹੁਣਯੋਗ ਵਿਚਾਰਕ ਅਤੇ ਵਿਦਵਾਨ ਹਨ। ਉਹ ਆਪਣੀ ਯੋਗਤਾ ਅਤੇ ਕੰਮ ਪ੍ਰਤੀ ਵਿਦਿਅਕ ਨਜ਼ਰੀਏ ਲਈ ਤਾਂ ਸਲਾਹੇ ਹੀ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਦਾ ਸੁਲਭ, ਸਾਦਾ ਤੇ ਸਰਲ ਸੁਭਾਅ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਉੱਚਾ ਕਰ ਦਿੰਦਾ ਹੈ।

ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਪੰਜਾਬ ਪ੍ਰਾਂਤ ਦੇ ਇੱਕ ਪਿੰਡ ਵਿੱਚ 26 ਸਤੰਬਰ 1932 ਨੂੰ ਹੋਇਆ। ਉਨ੍ਹਾਂ ਆਪਣੀ ਮੈਟ੍ਰਿਕ ਦੀ ਪੜ੍ਹਾਈ 1948 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾਂ ਦਾ ਵਿਦਿਅਕ ਭਵਿੱਖ ਉਨ੍ਹਾਂ ਨੂੰ ਪੰਜਾਬ ਤੋਂ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਤੱਕ ਲੈ ਗਿਆ, ਜਿੱਥੇ ਉਨ੍ਹਾਂ 1957 ਵਿੱਚ ਅਰਥਸ਼ਾਸਤਰ ਵਿੱਚ ਪਹਿਲੇ ਦਰਜੇ ਵਿੱਚ ਆਨਰਸ ਦੀ ਡਿਗਰੀ ਹਾਸਲ ਕੀਤੀ। ਡਾਕਟਰ ਸਿੰਘ ਨੇ ਅਰਥ-ਸ਼ਾਸਤਰ ਵਿੱਚ ਹੀ ਆਕਸਫੋਰਡ ਯੂਨੀਵਰਸਿਟੀ ਦੇ ਨਫੀਲਡ ਕਾਲਜ ਤੋਂ 1962 ਵਿੱਚ ਡਾਕਟਰ ਆਵ੍ ਫਿਲਾਸਫੀ ਕੀਤੀ। ਉਨ੍ਹਾਂ ਦੀ ਕਿਤਾਬ ‘‘ਇੰਡੀਆ ਐਕਸਪੋਰਟ ਟ੍ਰੈਂਡਸ ਐਂਡ ਪ੍ਰਾਸਪੈਕਟਸ ਫਾਰ ਸੈਲਫ਼ ਸਸਟੇਨਡ ਗਰੋਥ’’ (ਕਲੀਅਰਡਨ ਪ੍ਰੈੱਸ, ਆਕਸਫੋਰਡ, 1964) ਭਾਰਤ ਦੀ ਅੰਦਰੂਨੀ ਟਰੇਡ ਪਾਲਿਸੀ ਦੀ ਇੱਕ ਮੁੱਢਲੀ ਅਲੋਚਨਾਤਮਕ ਕਿਤਾਬ ਸੀ।

ਡਾਕਟਰ ਸਿੰਘ ਦੀ ਵਿਦਿਅਕ ਜਾਣ ਪਛਾਣ ਪੰਜਾਬ ਯੂਨੀਵਰਸਿਟੀ ਦੇ ਇੱਕ ਅਧਿਆਪਕ ਅਤੇ ਦਿੱਲੀ ਸਕੂਲ ਆਵ੍ ਇਕਨੋਮਿਕਸ ਵਿੱਚ ਕੰਮ ਕਰਨ ਦੌਰਾਨ ਉੱਭਰ ਕੇ ਸਾਹਮਣੇ ਆਈ । ਉਨ੍ਹਾਂ ਇਨ੍ਹਾਂ ਵਰ੍ਹਿਆਂ ਦੌਰਾਨ ਹੀ ਕੁਝ ਸਮਾਂ ਸੰਯੁਕਤ ਰਾਸ਼ਟਰ ਦੇ ਵਪਾਰ ਅਤੇ ਵਿਕਾਸ ਸਕੱਤਰੇਤ ਵਿੱਚ ਵੀ ਬਿਤਾਇਆ, ਜਿਸ ਮਗਰੋਂ ਉਨ੍ਹਾਂ ਨੂੰ 1987 ਅਤੇ 1990 ਦੇ ਵਰ੍ਹਿਆਂ ਵਿਚਾਲੇ ਜਨੇਵਾ ਵਿੱਚ ਦੱਖਣੀ ਕਮਿਸ਼ਨ ਦੇ ਸਕੱਤਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ।
1971 ਵਿੱਚ ਡਾਕਟਰ ਸਿੰਘ ਨੇ ਭਾਰਤ ਸਰਕਾਰ ਦੇ ਵਣਜ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਵਜੋਂ ਸ਼ਮੂਲੀਅਤ ਕੀਤੀ। ਛੇਤੀ ਹੀ ਉਨ੍ਹਾਂ ਨੂੰ 1972 ਵਿੱਚ ਵਿੱਤ ਮੰਤਰਾਲਾ ਦਾ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ। ਡਾਕਟਰ ਸਿੰਘ ਨੇ ਸਰਕਾਰ ਵਿੱਚ ਕਈ ਅਹੁਦਿਆਂ ਤੇ ਕੰਮ ਕੀਤਾ। ਜਿਨ੍ਹਾਂ ਵਿੱਚ ਉਹ ਵਿੱਤ ਮੰਤਰਾਲਾ ਦੇ ਸਕੱਤਰ ਵੀ ਰਹੇ, ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਵੀ ਉਨ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਈ। ਉਹ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਵੀ ਰਹੇ।

ਸੁਤੰਤਰ ਭਾਰਤ ਦੇ ਆਰਥਿਕ ਇਤਿਹਾਸ ਵਿੱਚ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਡਾਕਟਰ ਸਿੰਘ 1991 ਤੋਂ 1996 ਦੇ ਪੰਜ ਵਰ੍ਹਿਆਂ ਦੌਰਾਨ ਭਾਰਤ ਦੇ ਵਿੱਤ ਮੰਤਰੀ ਰਹੇ। ਆਰਥਿਕ ਸੁਧਾਰਾਂ ਬਾਰੇ ਘੜੀ ਗਈ ਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਨੇ ਮਹੱਤਵਪੂਰਨ ਰੋਲ ਨਿਭਾਇਆ ਅਤੇ ਅੱਜ ਉਨ੍ਹਾਂ ਦੀ ਇਸ ਨੀਤੀ ਨੂੰ ਸਮੁੱਚੇ ਵਿਸ਼ਵ ਵੱਲੋਂ ਸਲਾਹਿਆ ਜਾਂਦਾ ਹੈ। ਭਾਰਤ ਦੇ ਉਨ੍ਹਾਂ ਵਰ੍ਹਿਆਂ ਨੂੰ ਇੱਕ ਹਰਮਨਪਿਆਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਅਤੇ ਇਹ ਸਮਾਂ ਡਾਕਟਰ ਸਿੰਘ ਦੀ ਸ਼ਖ਼ਸੀਅਤ ਨਾਲ ਜੁੜਿਆ ਹੋਇਆ ਸੀ।

ਡਾਕਟਰ ਸਿੰਘ ਨੂੰ ਉਨ੍ਹਾਂ ਦੇ ਜਨਤਕ ਜੀਵਨ ਵਿੱਚ ਕਈ ਐਵਾਰਡ ਤੇ ਮਾਨ-ਸਨਮਾਨ ਹਾਸਲ ਹੋਏ। ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਭਾਰਤ ਦਾ ਸਭ ਤੋਂ ਵੱਡਾ ਦੂਜਾ ਨਾਗਰਿਕ ਸਨਮਾਨ ਪਦਮ-ਵਿਭੂਸ਼ਣ ਸ਼ਾਮਲ ਹੈ, ਜੋ ਉਨ੍ਹਾਂ ਨੂੰ 1987 ਵਿੱਚ ਪ੍ਰਦਾਨ ਕੀਤਾ ਗਿਆ। 1995 ਵਿੱਚ ਉਨ੍ਹਾਂ ਨੂੰ ਭਾਰਤ ਵਿਗਿਆਨ ਕਾਂਗਰਸ ਦਾ ਜਵਾਹਰ ਲਾਲ ਨਹਿਰੂ ਬਰਥ ਸੈਂਟੀਨਰੀ ਐਵਾਰਡ ਦਿੱਤਾ ਗਿਆ। 1993 ਅਤੇ 1994 ਵਿੱਚ ਉਨ੍ਹਾਂ ਨੂੰ ਵਰ੍ਹੇ ਦੇ ਵਿੱਤ ਮੰਤਰੀ ਦਾ ਏਸ਼ੀਆ ਮਨੀ ਐਵਾਰਡ ਪ੍ਰਦਾਨ ਕੀਤਾ ਗਿਆ। 1993 ਵਿੱਚ ਵਰ੍ਹੇ ਦੇ ਵਿੱਤ ਮੰਤਰੀ ਦਾ ਯੂਰੋ ਮਨੀ ਐਵਾਰਡ ਪ੍ਰਦਾਨ ਕੀਤਾ ਗਿਆ। 1956 ਵਿੱਚ ਉਨ੍ਹਾਂ ਨੂੰ ਕੈਂਬ੍ਰਿਜ ਯੂਨੀਵਰਸਿਟੀ ਦੇ ਐਡਮ ਸਮਿੱਥ ਇਨਾਮ ਨਾਲ ਅਤੇ 1955 ਵਿੱਚ ਅਸਾਧਾਰਨ ਕਾਰਗੁਜ਼ਾਰੀ ਲਈ ਕੈਂਬ੍ਰਿਜ ਦੇ ਸੇਂਟ ਜਾਨਸ ਕਾਲਜ ਵਿੱਚ ਰਾਈਟਸ ਪ੍ਰਾਈਜ਼ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਐਵਾਰਡਾਂ ਤੇ ਸਨਮਾਨਾਂ ਤੋਂ ਇਲਾਵਾ ਡਾਕਟਰ ਸਿੰਘ ਨੂੰ ਜਪਾਨ ਦੀ ਨਿਹਾਨ ਕੀਜਾਈ ਸ਼ਿੰਬੂਨ ਸਮੇਤ ਕਈ ਹੋਰ ਐਸੋਸੀਏਸ਼ਨਾਂ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਡਾਕਟਰ ਸਿੰਘ ਨੂੰ ਕੈਂਬ੍ਰਿਜ ਅਤੇ ਆਕਸਫੋਰਡ ਯੂਨੀਵਰਸਿਟੀਆਂ ਸਮੇਤ ਕਈ ਯੂਨੀਵਰਸਿਟੀਆਂ ਨੇ ਆਨਰੇਰੀ ਡਿਗਰੀਆਂ ਨਾਲ ਸਨਮਾਨਤ ਕੀਤਾ।

ਡਾਕਟਰ ਸਿੰਘ ਨੇ ਕਈ ਕੌਮਾਂਤਰੀ ਕਾਨਫਰੰਸਾਂ ਅਤੇ ਕੌਮਾਂਤਰੀ ਸੰਗਠਨਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ 1993 ਵਿੱਚ ਸਾਈ ਪ੍ਰੈੱਸ ਵਿੱਚ ਹੋਏ ਰਾਸ਼ਟਰ ਮੁਖੀਆਂ ਦੇ ਸੰਮੇਲਨ ਅਤੇ ਉਸੇ ਹੀ ਵਰ੍ਹੇ ਵਿਆਨਾ ਵਿੱਚ ਮਨੁੱਖੀ ਅਧਿਕਾਰਾਂ ਸਬੰਧੀ ਵਿਸ਼ਵ ਕਾਨਫਰੰਸ ਵਿੱਚ ਭਾਰਤੀ ਡੈਲੀਗੇਸ਼ਨਾਂ ਦੀ ਨੁਮਾਇੰਦਗੀ ਕੀਤੀ।

ਆਪਣੇ ਸਿਆਸੀ ਜੀਵਨ ਵਿੱਚ ਡਾਕਟਰ ਸਿੰਘ 1991 ਤੋਂ ਰਾਜ ਸਭਾ ਦੇ ਮੈਂਬਰ ਹਨ, ਜਿੱਥੇ ਉਹ 1998 ਅਤੇ 2004 ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਡਾਕਟਰ ਮਨਮੋਹਨ ਸਿੰਘ ਨੂੰ 2004 ਵਿੱਚ ਹੋਈਆਂ ਦੇਸ਼ ਦੀਆਂ ਆਮ ਚੋਣਾਂ ਮਗਰੋਂ 22 ਮਈ 2004 ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ। ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਵੀ 22 ਮਈ 2009 ਤੋਂ ਸ਼ੁਰੂ ਕੀਤੀ ਅਤੇ 22 ਮਈ ਨੂੰ ਹੀ ਉਨ੍ਹਾਂ ਨੂੰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ਼ ਦਿਵਾਇਆ ਗਿਆ।

ਡਾਕਟਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਸ਼ਰਨ ਕੌਰ ਦੀਆਂ ਤਿੰਨ ਧੀਆਂ ਹਨ।