”ਇੱਕ ਸਵੱਛ ਭਾਰਤ ਸਭ ਤੋਂ ਵਧੀਆ ਸ਼ਰਧਾਂਜਲੀ ਹੋਵੇਗੀ, ਜੋ ਭਾਰਤ ਸਾਲ 2019 ‘ਚ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 150ਵੀਂ ਵਰ੍ਹੇਗੰਢ ਮੌਕੇ ਭੇਟ ਕਰ ਸਕਦਾ ਹੈ।” ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਹ ਗੱਲ ਨਵੀਂ ਦਿੱਲੀ ਦੇ ਰਾਜਪਥ ‘ਤੇ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕਰਦਿਆਂ ਆਖੀ ਸੀ। ਦੋ ਅਕਤੂਬਰ, 2014 ਨੂੰ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਸਮੁੱਚੇ ਭਾਰਤ ਦੇ ਕੋਣੇ-ਕੋਣੇ ਵਿੱਚ ਇੱਕ ਰਾਸ਼ਟਰੀ ਲਹਿਰ ਵਜੋਂ ਕੀਤੀ ਗਈ ਸੀ।
ਸਫ਼ਾਈ ਲਈ ਲੋਕ-ਲਹਿਰ ਦੀ ਅਗਵਾਈ ਕਰਦਿਆਂ, ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦਾ ਇੱਕ ਸਾਫ਼ ਅਤੇ ਅਰੋਗ ਭਾਰਤ ਦਾ ਸੁਫ਼ਨਾ ਸਾਕਾਰ ਕਰਨ ਲਈ ਆਮ ਜਨਤਾ ਨੂੰ ਪ੍ਰੇਰਿਆ। ਸ੍ਰੀ ਨਰੇਂਦਰ ਮੋਦੀ ਨੇ ਮੰਦਿਰ ਮਾਰਗ ਪੁਲਿਸ ਥਾਣੇ ‘ਚ ਖ਼ੁਦ ਸਫ਼ਾਈ ਮੁਹਿੰਮ ਅਰੰਭ ਕੀਤੀ ਸੀ। ਗੰਦਗੀ ਸਾਫ਼ ਕਰਨ ਲਈ ਝਾੜੂ ਚੁੱਕ ਕੇ ਉਨ੍ਹਾਂ ਸਵੱਛ ਭਾਰਤ ਅਭਿਆਨ ਨੂੰ ਸਮੁੱਚੇ ਰਾਸ਼ਟਰ ਵਿੱਚ ਇੱਕ ਜਨਤਕ ਲਹਿਰ ਬਣਾ ਦਿੱਤਾ ਸੀ ਅਤੇ ਤਦ ਉਨ੍ਹਾਂ ਕਿਹਾ ਸੀ ਕਿ ਲੋਕਾਂ ਨੂੰ ਕੂੜਾ-ਕਰਕਟ ਨਾ ਤਾਂ ਆਪ ਕਿਤੇ ਇੱਧਰ-ਉੱਧਰ ਸੁੱਟਣਾ ਚਾਹੀਦਾ ਹੈ ਅਤੇ ਨਾ ਹੀ ਹੋਰਨਾਂ ਨੂੰ ਇੰਝ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ‘ਨਾ ਗੰਦਗੀ ਕਰੇਂਗੇ, ਨਾ ਕਰਨੇ ਦੇਂਗੇ’ ਦਾ ਮੰਤਰ ਦਿੱਤਾ ਸੀ। ਸ੍ਰੀ ਨਰੇਂਦਰ ਮੋਦੀ ਨੇ ਸਫ਼ਾਈ ਦੀ ਮੁਹਿੰਮ ਵਿੱਚ ਨੌਂ ਵਿਅਕਤੀਆਂ ਨੂੰ ਸ਼ਾਮਲ ਹੋਣ ਲਈ ਸੱਦਿਆ ਸੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸਾਰੇ ਅੱਗੇ ਆਪੋ-ਆਪਣੇ ਪੱਧਰ ‘ਤੇ ਨੌਂ-ਨੌਂ ਜਣਿਆਂ ਨੂੰ ਇਸ ਪਹਿਲਕਦਮੀ ਵਿੱਚ ਸ਼ਾਮਲ ਹੋਣ ਲਈ ਸੱਦਣ।
ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਆਮ ਲੋਕਾਂ ਨੂੰ ਸੱਦਣ ਕਰ ਕੇ ਸਵੱਛਤਾ ਅਭਿਆਨ ਹੁਣ ਇੱਕ ਰਾਸ਼ਟਰੀ ਲਹਿਰ ਵਿੱਚ ਤਬਦੀਲ ਹੋ ਚੁੱਕਾ ਹੈ। ਇਸ ਸਵੱਛ ਭਾਰਤ ਲਹਿਰ ਨੇ ਆਮ ਜਨਤਾ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਸਮੁੱਚੇ ਦੇਸ਼ ਵਿੱਚ ਹੀ ਹੁਣ ਆਮ ਨਾਗਰਿਕ ਸਰਗਰਮੀ ਨਾਲ ਸਫ਼ਾਈ-ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ, ਇੰਝ ਕਿਸੇ ਵੇਲੇ ਮਹਾਤਮਾ ਗਾਂਧੀ ਵੱਲੋਂ ਵੇਖਿਆ ‘ਸਵੱਛ ਭਾਰਤ’ ਦਾ ਸੁਫ਼ਨਾ ਹੁਣ ਇੱਕ ਸ਼ਕਲ ਅਖ਼ਤਿਆਰ ਕਰਨ ਲੱਗ ਪਿਆ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨਾਂ ਅਤੇ ਕਾਰਵਾਈਆਂ ਰਾਹੀਂ ਦੇਸ਼ ਦੀ ਜਨਤਾ ਤੱਕ ‘ਸਵੱਛ ਭਾਰਤ’ ਦਾ ਸੁਨੇਹਾ ਫੈਲਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਵਾਰਾਣਸੀ ‘ਚ ਵੀ ਸਫ਼ਾਈ ਮੁਹਿੰਮ ਅਰੰਭ ਕੀਤੀ ਸੀ। ਉਨ੍ਹਾਂ ਸਵੱਛ ਭਾਰਤ ਮਿਸ਼ਨ ਅਧੀਨ ਵਾਰਾਣਸੀ ਦੇ ਆਸੀ ਘਾਟ ‘ਤੇ ਗੰਗਾ ਨਦੀ ਨੇੜੇ ਖ਼ੁਦ ਕਹੀ ਲੈ ਕੇ ਕੰਮ ਕੀਤਾ ਸੀ। ਉਨ੍ਹਾਂ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਇਸ ਸਵੱਛਤਾ ਅਭਿਆਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਸੀ। ਸਫ਼ਾਈ ਦੇ ਮਹੱਤਵ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਦੇ ਨਾਲ ਹੀ ਉਨ੍ਹਾਂ ਸਿਹਤ ਸਮੱਸਿਆਵਾਂ ਦਾ ਵੀ ਹੱਲ ਲੱਭਿਆ ਸੀ, ਜਿਨ੍ਹਾਂ ਦਾ ਸਾਹਮਣਾ ਆਮ ਤੌਰ ਉੱਤੇ ਭਾਰਤੀ ਪਰਿਵਾਰਾਂ ਨੂੰ ਕੇਵਲ ਆਪਣੇ ਘਰਾਂ ਵਿੱਚ ਉਚਿਤ ਪਖਾਨਿਆਂ ਦੀ ਘਾਟ ਹੋਣ ਕਾਰਨ ਕਰਨਾ ਪੈਂਦਾ ਰਿਹਾ ਹੈ।
ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਅੱਗੇ ਆਏ ਹਨ ਅਤੇ ਸਫ਼ਾਈ ਦੀ ਇਸ ਸਮੂਹਕ ਲਹਿਰ ਵਿੱਚ ਆ ਕੇ ਸ਼ਾਮਲ ਹੋ ਗਏ ਹਨ। ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਜਵਾਨਾਂ ਤੱਕ, ਬਾੱਲੀਵੁੱਡ ਅਦਾਕਾਰਾਂ ਤੋਂ ਲੈ ਕੇ ਖਿਡਾਰੀਆਂ ਤੱਕ, ਉਦਯੋਗਪਤੀਆਂ ਤੋਂ ਲੈ ਕੇ ਅਧਿਆਤਮਕ ਆਗੂਆਂ ਤੱਕ; ਸਾਰੇ ਹੀ ਇਸ ਉੱਤਮ ਕਾਰਜ ਨਾਲ ਆ ਕੇ ਜੁੜੇ ਹਨ। ਸਮੁੱਚੇ ਦੇਸ਼ ਦੇ ਕਰੋੜਾਂ ਲੋਕ ਸਰਕਾਰੀ ਵਿਭਾਗਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਸਥਾਨਕ ਕਮਿਊਨਿਟੀ ਸੈਂਟਰਾਂ ਵੱਲੋਂ ਭਾਰਤ ਨੂੰ ਸਾਫ਼ ਰੱਖਣ ਲਈ ਸਫ਼ਾਈ ਹਿਤ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਵਿੱਚ ਰੋਜ਼ਾਨਾ ਆ ਕੇ ਸ਼ਾਮਲ ਹੋ ਰਹੇ ਹਨ। ਸਮੁੱਚੇ ਦੇਸ਼ ਵਿੱਚ ਲਗਾਤਾਰ ਨਾਟਕਾਂ ਅਤੇ ਸੰਗੀਤ ਰਾਹੀਂ ਜਾਗਰੂਕਤਾ ਫੈਲਾਉਣ ਲਈ ਸਫ਼ਾਈ ਮੁਹਿੰਮਾਂ ਦੇ ਆਯੋਜਨ ਕੀਤੇ ਜਾ ਰਹੇ ਹਨ।
ਬਾੱਲੀਵੁੱਡ ਦੇ ਅਦਾਕਾਰਾਂ ਤੋਂ ਲੈ ਕੇ ਟੈਲੀਵਿਜ਼ਨ ਕਲਾਕਾਰਾਂ ਤੱਕ ਸਰਗਰਮੀ ਨਾਲ ਇਸ ਪਹਿਲਕਦਮੀ ਵਿੱਚ ਸ਼ਾਮਲ ਹੋਣ ਲਈ ਅੱਗੇ ਆਏ ਹਨ। ਅਮਿਤਾਭ ਬੱਚਨ, ਆਮਿਰ ਖ਼ਾਨ, ਕੈਲਾਸ਼ ਖੇਰ, ਪ੍ਰਿਯੰਕਾ ਚੋਪੜਾ ਜਿਹੀਆਂ ਸ਼ਖ਼ਸੀਅਤਾਂ ਅਤੇ ਸਬ ਟੀ.ਵੀ. ਤੋਂ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸਾਰੇ ਕਾਲਾਕਾਰ ਤੇ ਅਮਲੇ ਦੇ ਮੈਂਬਰ ਵੀ ਸਵੱਛ ਭਾਰਤ ਅਭਿਆਨ ਨਾਲ ਆ ਕੇ ਜੁੜੇ ਹਨ। ਸਚਿਨ ਤੇਂਦੁਲਕਰ, ਸਾਨੀਆ ਮਿਰਜ਼ਾ, ਸਾਇਨਾ ਨੇਹਵਾਲ ਅਤੇ ਮੇਰੀ ਕੌਮ ਜਿਹੇ ਉੱਘੇ ਖਿਡਾਰੀਆਂ ਵੱਲੋਂ ਸਵੱਛ ਭਾਰਤ ਅਭਿਆਨ ਵਿੱਚ ਪਾਇਆ ਗਿਆ ਯੋਗਦਾਨ ਸ਼ਲਾਘਾਯੋਗ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਆਪਣੇ ਮਾਸਿਕ ਰੇਡੀਓ ਸੰਬੋਧਨ ‘ਮਨ ਕੀ ਬਾਤ’ ਵਿੱਚ ਕਈ ਵਾਰ ਸਮੁੱਚੇ ਦੇਸ਼ ਦੇ ਉਨ੍ਹਾਂ ਵਿਅਕਤੀਆਂ ਤੇ ਵੱਖ-ਵੱਖਸੰਗਠਨਾਂ ਦੇ ਜਤਨਾਂ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਸਵੱਛ ਭਾਰਤ ਅਭਿਆਨ ਨੂੰ ਵੱਡੀ ਸਫਲਤਾ ਦਿਵਾਉਣ ਵਿੱਚ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਦੇ ਸਰਕਾਰੀ ਅਧਿਕਾਰੀਆਂ ਦੀ ਟੀਮ ਨੂੰ ਸਵੱਛ ਭਾਰਤ ਵਿੱਚ ਨਿਭਾਈ ਉਸ ਦੀ ਭੂਮਿਕਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਸਨ। ਪ੍ਰਧਾਨ ਮੰਤਰੀ ਨੇ ਬੰਗਲੌਰ ਦੇ ਨਿਊ ਹੌਰਾਇਜ਼ਲ ਸਕੂਲ ਦੇ ਪੰਜ ਵਿਦਿਆਰਥੀਆਂ ਦੀ ਵੀ ਸ਼ਲਾਘਾ ਕੀਤੀ ਸੀ, ਜਿਨ੍ਹਾਂ ਨੇ ਕੁੜਾ-ਕਰਕਟ ਖ਼ਰੀਦਣ ਅਤੇ ਵੇਚਣ ਲਈ ਮੋਬਾਈਲ ਫ਼ੋਨ ਅਧਾਰਤ ਇੱਕ ਐਪਲੀਕੇਸ਼ਨ ਵਿਕਸਤ ਕੀਤੀ ਸੀ।
ਆਈ.ਸੀ.ਆਈ.ਸੀ.ਆਈ. ਬੈਂਕ, ਪੰਜਾਬ ਨੈਸ਼ਨਲ ਬੈਂਕ, ਐਕਸ.ਐੱਲ.ਆਰ.ਆਈ. ਜਮਸ਼ੇਦਪੁਰ ਅਤੇ ਆਈ.ਆਈ.ਐੱਮ.-ਬੰਗਲੌਰ ਜਿਹੇ ਸੰਗਠਨਾਂ ਨੇ ਵੀ ਆਮ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਲਈ ਸਮੂਹਕ ਸਫ਼ਾਈ ਮੁਹਿੰਮਾਂ ਅਰੰਭ ਕੀਤੀਆਂ ਹਨ।
ਸ੍ਰੀ ਨਰੇਂਦਰ ਮੋਦੀ ਨੇ ਆਮ ਜਨਤਾ ਦੀ ਸ਼ਮੂਲੀਅਤ ਦੀ ਦਾ ਸੋਸ਼ਲ ਮੀਡੀਆ ਰਾਹੀਂ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਸ੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ‘ਚ ਤੇਮਸੁਤੂਲਾ ਇਮਸੌਂਗ, ਦਰਸ਼ਿਕਾ ਸ਼ਾਹ ਦੇ ਜਤਨਾਂ ਅਤੇ ਸਵੈ-ਸੇਵਕਾਂ ਦੇ ਇੱਕ ਸਮੂਹ ਵੱਲੋਂ ‘ਮਿਸ਼ਨ ਪ੍ਰਭੂਘਾਟ’ ਪਹਿਲਕਦਮੀ ਦੀ ਤਾਰੀਫ਼ ਕੀਤੀ ਹੈ।
ਸਵੱਛ ਭਾਰਤ ਅਭਿਆਨ ਦੇ ਹਿੱਸੇ ਵਜੋਂ ਉਸ ਦੇ ਨਾਲ ਹੀ ਸਮੁੱਚੇ ਦੇਸ਼ ਦੇ ਨਾਗਰਿਕਾਂ ਵੱਲੋਂ ਕੀਤੇ ਜਾਣ ਵਾਲੇ ਸਫ਼ਾਈ ਦੇ ਕੰਮਾਂ ਨੂੰ ਉਜਾਗਰ ਕਰਨ ਲਈ ‘#MyCleanIndia’ ਵੀ ਅਰੰਭ ਕੀਤੀ ਗਈ ਸੀ।
ਸਵੱਛ ਭਾਰਤ ਅਭਿਆਨ ਹੁਣ ਇੱਕ ‘ਜਨ ਅੰਦੋਲਨ’ ਦਾ ਰੂਪ ਧਾਰ ਚੁੱਕਾ ਹੈ ਅਤੇ ਆਮ ਜਨਤਾ ਤੋਂ ਇਸ ਨੂੰ ਵੱਡਾ ਸਹਿਯੋਗ ਮਿਲ ਰਿਹਾ ਹੈ। ਆਮ ਨਾਗਰਿਕ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਾਫ਼-ਸੁਥਰੇ ਭਾਰਤ ਲਈ ਸੰਕਲਪ ਲੈ ਰਹੇ ਹਨ। ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਮਗਰੋਂ ਗਲੀਆਂ ਵਿੱਚ ਝਾੜੂ ਲੈ ਕੇ ਸਫ਼ਾਈ ਕਰਨਾ, ਕੂੜਾ-ਕਰਕਟ ਸਾਫ਼ ਕਰਨਾ, ਸਫ਼ਾਈ ਉੱਤੇ ਧਿਆਨ ਕੇਂਦ੍ਰਿਤ ਕਰਨਾ ਅਤੇ ਅਰੋਗਤਾ ਭਰਪੂਰ ਮਾਹੌਲ ਕਾਇਮ ਰੱਖਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ। ਆਮ ਲੋਕ ਹੁਣ ‘ਸਾਫ਼ ਸਥਾਨ ‘ਤੇ ਹੀ ਰੱਬ ਦਾ ਵਾਸ ਹੁੰਦਾ ਹੈ’ ਦਾ ਸੁਨੇਹਾ ਫੈਲਾਉਣ ਵਿੱਚ ਮਦਦ ਕਰਨ ਲਈ ਇਨ੍ਹਾਂ ਮੁਹਿੰਮਾਂ ਵਿੱਚ ਭਾਗ ਲੈਣ ਲੱਗ ਪਏ ਹਨ।
ਸ਼ਹਿਰੀ ਇਲਾਕਿਆਂ ਵਿੱਚ ਸਵੱਛ ਭਾਰਤ ਮਿਸ਼ਨ ਅਧੀਨ ਵਿਅਕਤੀਗਤ ਪਖਾਨੇ, ਜਨਤਕ ਪਖਾਨੇ ਅਤੇ ਠੋਸ ਕੂੜਾ-ਕਰਕਟ ਦਾ ਪ੍ਰਬੰਧ ਕਰਨ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਦਿਹਾਤੀ ਇਲਾਕਿਆਂ ਵਿੱਚ, ਅੰਤਰ-ਨਿਜੀ ਸੰਚਾਰ, ਗ੍ਰਾਮ ਪੰਚਾਇਤ ਪੱਧਰ ਤੱਕ ਇਹ ਸਭ ਲਾਗੂ ਕਰਨ ਤੇ ਡਿਲੀਵਰੀ ਪ੍ਰਬੰਧ ਨੂੰ ਮਜ਼ਬੂਤ ਕਰਨ ਸਮੇਤ ਵਿਵਹਾਰਾਂ ਵਿੱਚ ਤਬਦੀਲੀ ਲਿਆਉਣ ਉੱਤੇ ਜ਼ੋਰ ਦਿੱਤਾ ਗਿਆ ਹੈ; ਇਸ ਸਾਰੀ ਪ੍ਰਕਿਰਿਆ ਦੌਰਾਨ ਸੂਬਿਆਂ ਨੂੰ ਆਪਣੇ ਸਥਾਨਕ ਸਭਿਆਚਾਰਾਂ, ਅਭਿਆਸਾਂ, ਸੂਖਮਤਾਵਾਂ ਤੇ ਮੰਗਾਂ ਅਨੁਸਾਰ ਡਿਲੀਵਰੀ ਪ੍ਰਬੰਧ ਡਿਜ਼ਾਇਨ ਕਰਨ ਤੇ ਉਸੇ ਅਨੁਸਾਰ ਅੱਗੇ ਵਧਣ ਦੀ ਲਚਕਤਾ ਸੂਬਿਆਂ ਨੂੰ ਦਿੱਤੀ ਗਈ ਹੈ। ਪਖਾਨੇ ਦੀ ਉਸਾਰੀ ਲਈ ਪ੍ਰੋਤਸਾਹਨ (ਇੰਸੈਂਟਿਵ) ਵਿੱਚ 2,000 ਰੁਪਏ ਦਾ ਵਾਧਾ ਕਰ ਕੇ ਇਸ ਨੂੰ 10,000 ਰੁਪਏ ਤੋਂ ਹੁਣ 12,000 ਰੁਪਏ ਕਰ ਦਿੱਤਾ ਗਿਆ ਹੈ। ਗ੍ਰਾਮ ਪੰਚਾਇਤਾਂ ਵਿੱਚ ਠੋਸ ਤੇ ਤਰਲ ਕੂੜਾ-ਕਰਕਟ ਤੇ ਰਹਿੰਦ-ਖੂਹੰਦ ਨੂੰ ਟਿਕਾਣੇ ਲਾਉਣ (ਐੱਸ.ਐੱਲ.ਡਬਲਿਊ.ਐੱਮ.) ਲਈ ਵੀ ਫੰਡ ਪ੍ਰਦਾਨ ਕੀਤੇ ਗਏ ਹਨ।